
ਸੇਖੋਂ ਨੂੰ 24 ਤਰੀਕ ਤੱਕ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ
ਗ੍ਰਿਫਤਾਰੀ ਮਗਰੋਂ ਭ੍ਰਿਸ਼ਟਾਚਾਰ ਅਤੇ ਨਸ਼ਿਆਂ ਦਾ ਮਾਮਲਾ ਉੱਠਾ ਰਹੇ ਸੇਵਾ ਮੁਕਤ ਡੀ.ਐੱਸ.ਪੀ ਬਲਵਿੰਦਰ ਸੇਖੋਂ ਨੂੰ ਲੁਧਿਆਣਾ ਪੁਲਿਸ ਵੱਲੋਂ ਜਸਟਿਸ ਸੁਮਿਤ ਮੱਕੜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਨੇ ਬਲਵਿੰਦਰ 24 ਤਰੀਕ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।ਪੇਸ਼ੀ ਦੌਰਾਨ ਉਨ੍ਹਾਂ ਦੇ ਸਮਰਥਕ ਹੱਥਾਂ ਵਿੱਚ ਬੈਨਰ ਫੜ ਕੇ ਅਦਾਲਤ ਦੇ ਵਿੱਚ ਦਾਖਲ ਹੋ ਗਏ ਕਿ ਉਹ ਵੀ ਬਲਵਿੰਦਰ ਸੇਖੋਂ ਹੀ ਹਨ। ਇਸ ਮਾਮਲੇ ਸਬੰਧੀ ਬਲਵਿੰਦਰ ਸੇਖੋਂ ਨੇ ਕਚਹਿਰੀ ਤੋਂ ਬਾਹਰ ਆ ਕੇ ਨਿਆਂ ਪ੍ਰਣਾਲੀ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ। ਬਲਵਿੰਦਰ ਸੇਖੋਂ ਨੇ ਕਿਹਾ ਸਾਡੀ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਨਸ਼ੇ ਦੀਆਂ ਬੰਦ ਪਈਆਂ ਫਾਈਲਾਂ ਖੁੱਲ੍ਹ ਨਹੀਂ ਜਾਂਦੀ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਜੇਕਰ ਮੇਰੀ ਲਾਸ਼ ਉੱਠਦੀ ਹੈ ਜਾਂ ਮੈਨੂੰ ਜੇਲ੍ਹ ਭੇਜਿਆ ਜਾਂਦਾ ਹੈ ਤਾਂ ਮੇਰਾ ਪੁੱਤਰ ਵੀ ਅੱਗੇ ਆਵੇਗਾ। ਮੇਰੀ ਧੀ ਹੁਣ ਇਸ ਲੜਾਈ ਨੂੰ ਅੱਗੇ ਜਾਰੀ ਰੱਖੇਗੀ। ਸਭ ਤੋਂ ਬਾਅਦ ਮੇਰੀ ਪਤਨੀ ਦੀ ਲਾਸ਼ ਉੱਠੇਗੀ। ਸੇਖੋਂ ਨੇ ਕਿਹਾ ਕਿ ਜੇਕਰ ਪੰਜਾਬ ਨੂੰ ਨਸ਼ੇ ਦੀ ਦਲਦਲ ਤੋਂ ਬਚਾਉਣਾ ਹੈ ਤਾਂ ਐੱਨ.ਆਰ.ਆਈ ਭਰਾਵਾਂ ਨੂੰ ਅੱਗੇ ਆਉਣਾ ਪਵੇਗਾ । ਉਨ੍ਹਾਂ ਇੱਥੋਂ ਤੱਕ ਆਖ ਦਿੱਤਾ ਕਿ ਸਾਨੂੰ ਐੱਨ.ਆਰ.ਆਈ ਭਰਾਵਾਂ ਦੇ ਪੈਸੇ ਦੀ ਲੋੜ ਨਹੀਂ ਬਲਕਿ ਉਨ੍ਹਾਂ ਦੇ ਇੱਥੇ ਆ ਕੇ ਨਾਲ ਖੜ੍ਹਨ ਦੀ ਲੋੜ ਹੈ, ਕਿਉਂਕਿ ਪੰਜਾਬ ਨੂੰ ਹੁਣ ਕੋਈ ਬਚਾ ਸਕਦਾ ਹੈ ਤਾਂ ਉਹ ਸਿਰਫ਼ ਤੇ ਸਿਰਫ਼ ਐੱਨ.ਆਰ.ਆਈ. ਹਨ। ਉਨ੍ਹਾਂ ਇੱਥੋਂ ਤੱਕ ਆਖਿਆ ਕਿ ਪੰਜਾਬ ਦੇ ਬੁੱਧੀਜੀਵੀ ਤਾਂ ਮੂੰਹ ਬੰਦ ਕਰਕੇ ਬੈਠ ਗਏ ਹਨ, ਉਨ੍ਹਾਂ ਤੋਂ ਹੁਣ ਕੋਈ ਉਮੀਦ ਨਹੀਂ ਰਹੀ। ਮੀਡੀਆ ਬਾਰੇ ਬੋਲਦੇ ਕਿਹਾ ਕਿ ਜੇਕਰ ਮੀਡੀਆ ਨੇ ਹੁਣ ਵੀ ਇਨ੍ਹਾਂ ਲੋਕਾਂ ਖਿਲਾਫ਼ ਆਵਾਜ਼ ਬੁਲੰਦ ਨਾ ਕੀਤੀ ਤਾਂ ਲੋਕਾਂ ਨੂੰ ਮੀਡੀਆ ਦਾ ਵੀ ਬਾਇਕਾਟ ਕਰਨਾ ਚਾਹੀਦਾ ਹੈ, ਕਿਉਂਕਿ ਪੰਜਾਬ ਦੀ ਬਰਬਾਦੀ ਲਈ ਫਿਰ ਮੀਡੀਆ ਵੀ ਜ਼ਿੰਮੇਵਾਰ ਹੋਵੇਗਾ। ਇਸ ਤੋਂ ਇਲਾਵਾ ਉਨ੍ਹਾਂ ਆਖਿਆ ਕਿ ਆਮ ਲੋਕਾਂ ਦੀ ਆਵਾਜ਼ ਨੂੰ ਕੋਈ ਵੀ ਦਬਾ ਨਹੀਂ ਸਕਦਾ। ਬਲਵਿੰਦਰ ਸੇਖੋਂ ਨੇ ਆਖਿਆ ਕਿ ਮੇਰੀ ਲੜਾਈ ਮੇਰੀ ਬੇਟੀ ਲੜੇਗੀ । ਉਹ ਸਿਰਫ਼ ਅਦਾਲਤੀ ਸਿਸਟਮ ਦੇ ਖਿਲਾਫ਼ ਹੀ ਨਹੀਂ ਬਲਕਿ ਨਸ਼ੇ ਅਤੇ ਨਸ਼ਾ ਵੇਚਣ ਵਾਲੇ ਤਸਕਰਾਂ ਦੇ ਖਿਲਾਫ਼ ਵੀ ਆਪਣੀ ਆਵਾਜ਼ ਬੁਲੰਦ ਕਰੇਗੀ।
















