
ਸ੍ਰੀ ਮੁਕਤਸਰ ਸਾਹਿਬ 11ਫਰਵਰੀ ( ਕੁਲਦੀਪ ਸਿੰਘ ਘੁਮਾਣ ) “ਜਿੱਥੇ ਹੋਰਨਾਂ ਮੁਲਖਾਂ ਵਿੱਚ ਆਪਣੀ ਮਾਂ ਬੋਲੀ ਨੂੰ ਬੋਲ ਲਿਖ ਤੇ ਪੜ੍ਹ ਕੇ ਮਾਣ ਮਹਿਸੂਸ ਕੀਤਾ ਜਾਂਦਾ ਹੈ ਉੱਥੇ ਸਾਡੇ ਸੂਬੇ ਵਿੱਚ ਸਾਡੀ ਮਾਂ- ਬੋਲੀ ਪੰਜਾਬੀ ਦੀ ਹੋਂਦ ਨੂੰ ਬਚਾਕੇ ਰੱਖਣ ਲਈ ਸਰਕਾਰਾਂ ਨੂੰ ਮੁਹਿੰਮਾਂ ਸ਼ੁਰੂ ਕਰਨੀਆਂ ਪੈ ਰਹੀਆਂ ਹਨ ਜੋ ਡੂੰਘੀ ਚਿੰਤਾ ਦਾ ਵਿਸ਼ਾ ਹੈ।ਇਸ ਲਈ ਸਾਨੂੰ ਖ਼ੁਦ ਮਾਂ ਬੋਲੀ ਪੰਜਾਬੀ ਦੇ ਸਨਮਾਨ ਨੂੰ ਬਹਾਲ ਰੱਖਣ ਲਈ ਖ਼ੁਦ ਵੀ ਅੱਗੇ ਆਉਣ ਦੀ ਸਖ਼ਤ ਲੋੜ ਹੈ।“ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ “ਸੰਕਲਪ ਐਜ਼ੂਕੇਸ਼ਨਲ ਵੈਲਫੇਅਰ ਸੁਸਾਇਟੀ (ਰਜਿ.)” ਦੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਕੀਤਾ । ਉਨ੍ਹਾਂ ਕਿਹਾ ਕਿ ਬੇਸ਼ੱਕ ਸਾਡੇ ਲਈ ਦੂਸਰੀਆਂ ਜ਼ੁਬਾਨਾਂ ਸਿੱਖਣਾ, ਬੋਲਣਾ ਤੇ ਲਿਖਣਾ ਸਮੇਂ ਤੇ ਸਾਡੇ ਹਰ ਪੱਖੋਂ ਵਾਧੇ ਵਿਕਾਸ ਲਈ ਬੇਹੱਦ ਜ਼ਰੂਰੀ ਹਨ ਪਰ ਸਾਨੂੰ ਆਪਣੀ ਮਾਂ-ਬੋਲੀ ਪੰਜਾਬੀ ਨੂੰ ਬੋਲਣ ਲਿਖਣ ਤੇ ਪੜ੍ਹਨ ਵਿੱਚ ਮਾਣ ਮਹਿਸੂਸ ਹੋਣਾ ਚਾਹੀਦਾ ਹੈ।ਉਹਨਾਂ ਚਿੰਤਾ ਜ਼ਾਹਿਰ ਕਰਦਿਆਂ ਆਖਿਆ ਕਿ ਸਾਡੇ ਪੰਜਾਬੀ ਆਪਣੇ ਜੁਆਕਾਂ ਨੂੰ ਅੰਗਰੇਜ਼ੀ ਮਾਧਿਅਮ ਸਕੂਲਾਂ ਵਿੱਚ ਪੜ੍ਹਾ ਰਹੇ ਹਨ ਜੋ ਕਿ ਓਹਨਾਂ ਦੀ ਆਪਣੀ ਮਰਜ਼ੀ ਹੈ, ਪਰ ਚਿੰਤਾ ਇਸ ਗੱਲ ਦੀ ਹੈ ਕਿ ਸਕੂਲ ਤੋਂ ਬੱਚੇ ਘਰ ਆਕੇ ਵੀ ਗ਼ੈਰ ਭਾਸ਼ਾ ਵਿਚ ਆਪਣੇ ਮਾਂ- ਬਾਪ ਤੇ ਦਾਦਾ-ਦਾਦੀ ਨਾਲ ਗਲ ਕਰਦੇ ਹਨ ਤਾਂ ਵੱਡੇ ਵਡੇਰੇ ਖੁਸ਼ੀ ਨਾਲ ਫੁੱਲੇ ਨਹੀਂ ਸਮਾਉਂਦੇ ਭਾਵੇਂ ਓਹਨਾ ਨੂੰ ਖ਼ੁਦ ਓਸ ਭਾਸ਼ਾ ਦਾ ਭੋਰਾ ਗਿਆਨ ਨਾਂ ਹੋਵੇ । ਇਸ ਲਈ ਘਰ ਵਿੱਚ ਆਪਣੇ ਬੱਚਿਆਂ ਨੂੰ ਆਪਣੀ ਮਾਂ-ਬੋਲੀ ਪੰਜਾਬੀ ਨਾਲ ਜੋੜੀ ਰੱਖਣ ਲਈ ਮਾਪਿਆਂ ਨੂੰ ਵੀ ਵਚਨਬੱਧ ਹੋਣਾ ਪਵੇਗਾ।ਓਹਨਾ ਦੱਸਿਆ ਕਿ ਓਹਨਾਂ ਦੀ ਸੰਸਥਾ ਪਿਛਲੇ ਕਰੀਬ ਦਸ ਸਾਲ ਤੋਂ ਪੰਜਾਬੀ ਭਾਸ਼ਾ ਦੀ ਹੋਂਦ ਦੇ ਮਾਣ ਸਨਮਾਨ ਨੂੰ ਬਹਾਲ ਰੱਖਣ ਲਈ ਆਪਣੇ ਪੱਧਰ ਤੇ ਉਪਰਾਲੇ ਕਰਦੀ ਆ ਰਹੀ ਹੈ। ਓਹਨਾਂ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਾਡੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਵਿੱਚ ਜ਼ਿਲਾ ਭਾਸ਼ਾ ਦਫ਼ਤਰ ਤੇ ਅਫ਼ਸਰ ਦੀ ਨਿਯੁਕਤੀ ਮਾਣ ਦੀ ਗੱਲ ਹੈ ਕਿ ਜੋ ਬਹੁਤ ਸਮਾਂ ਪਹਿਲਾਂ ਖੁੱਲ ਜਾਣਾ ਚਾਹੀਦਾ ਸੀ। ਪੰਜਾਬੀ ਭਾਸ਼ਾ ਦੇ ਮਾਣ ਸਨਮਾਨ ਨੂੰ ਦੁਬਾਰਾ ਬੁਲੰਦੀਆਂ ਵੱਲ ਲਿਜਾਣ ਲਈ ਇਹ ਦਫਤਰ ਆਪਣਾ ਅਹਿਮ ਯੋਗਦਾਨ ਅਦਾ ਕਰਦੇ ਨਜ਼ਰ ਆ ਰਹੇ ਹਨ।ਇਸ ਲਈ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਕਿ ਭਾਸ਼ਾ ਵਿਭਾਗ ਨੂੰ ਸਹਿਯੋਗ ਦੇਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਦੇ ਆਦਰ ਸਤਿਕਾਰ ਨੂੰ ਬਹਾਲ ਕਰਨ ਕਰਵਾਉਂਣ ਲਈ ਹਰ ਸੰਭਵ ਯਤਨ ਕਰੀਏ।