
ਭਾਰਤ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਕਿਹਾ ਕਿ ਉਸ ਨੇ ਅਡਾਨੀ ਸਮੂਹ ਦੀਆਂ ਕੰਪਨੀਆਂ ਨੂੰ ਲਗਭਗ 27,000 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਹੈ, ਜੋ ਕੁੱਲ ਐਕਸਪੋਜ਼ਰ ਦਾ ਸਿਰਫ 0.88 ਫੀਸਦੀ ਹੈ। ਐਸਬੀਆਈ ਦੇ ਚੇਅਰਮੈਨ ਦਿਨੇਸ਼ ਖਾਰਾ ਨੇ ਕਿਹਾ ਕਿ ਬੈਂਕ ਦਾ ਇਹ ਵਿਚਾਰ ਨਹੀਂ ਹੈ ਕਿ ਅਡਾਨੀ ਸਮੂਹ ਆਪਣੇ ਕਰਜ਼ੇ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਵਿਚ ਕਿਸੇ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਐਸਬੀਆਈ ਨੇ ਸ਼ੇਅਰਾਂ ਦੇ ਬਦਲੇ ਇਸ ਗਰੁੱਪ ਨੂੰ ਕੋਈ ਕਰਜ਼ਾ ਨਹੀਂ ਦਿੱਤਾ ਹੈ। ਖਾਰਾ ਨੇ ਕਿਹਾ ਕਿ ਅਡਾਨੀ ਗਰੁੱਪ ਦੇ ਪ੍ਰਾਜੈਕਟਾਂ ਨੂੰ ਕਰਜ਼ਾ ਦਿੰਦੇ ਸਮੇਂ ਭੌਤਿਕ ਸੰਪਤੀਆਂ ਅਤੇ ਸਹੀ ਨਕਦੀ ਪ੍ਰਵਾਹ ਨੂੰ ਧਿਆਨ ਵਿਚ ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਇਸ ਗਰੁੱਪ ਦਾ ਬਕਾਇਆ ਕਰਜ਼ਾ ਮੋੜਨ ਦਾ ਰਿਕਾਰਡ ਬਹੁਤ ਵਧੀਆ ਰਿਹਾ ਹੈ। ਪਿਛਲੇ ਕੁਝ ਦਿਨਾਂ ਵਿਚ ਅਡਾਨੀ ਸਮੂਹ ਦੇ ਸ਼ੇਅਰਾਂ ਵਿਚ ਆਈ ਗਿਰਾਵਟ ਦੌਰਾਨ ਉਧਾਰ ਦੇਣ ਵਾਲੀਆਂ ਸੰਸਥਾਵਾਂ ਦੇ ਪ੍ਰਭਾਵਿਤ ਹੋਣ ਦੇ ਖਦਸ਼ੇ ਦੇ ਵਿਚਕਾਰ ਐਸਬੀਆਈ ਦੇ ਮੁਖੀ ਨੇ ਕਿਹਾ ਕਿ ਸਮੂਹ ਨੇ ਕਰਜ਼ੇ ਨੂੰ ਮੁੜ ਵਿੱਤ ਕਰਨ ਲਈ ਕੋਈ ਬੇਨਤੀ ਨਹੀਂ ਕੀਤੀ ਹੈ।



















