
ਗੋ ਫਸਟ ਏਅਰਵੇਅਜ਼ ਦਾ ਜਹਾਜ਼ ਸੋਮਵਾਰ ਨੂੰ 55 ਯਾਤਰੀਆਂ ਨੂੰ ਭਾਰਤ ਦੇ ਬੰਗਲੁਰੂ ਹਵਾਈ ਅੱਡੇ ’ਤੇ ਹੀ ਕਥਿਤ ਤੌਰ ’ਤੇ ਛੱਡ ਕੇ ਦਿੱਲੀ ਲਈ ਰਵਾਨਾ ਹੋ ਗਿਆ। ਸ਼ਹਿਰੀ ਹਵਾਬਾਜ਼ੀ ਬਾਰੇ ਡਾਇਰੈਕਟੋਰੇਟ ਜਨਰਲ (ਡੀਜੀਸੀਏ) ਨੇ ਇਸ ਘਟਨਾ ਬਾਰੇ ਵਿਸਥਾਰਤ ਰਿਪੋਰਟ ਮੰਗ ਲਈ ਹੈ। ਡੀਜੀਸੀਏ ਦੇ ਇਕ ਅਧਿਕਾਰੀ ਨੇ ਕਿਹਾ ਕਿ ਰਿਪੋਰਟ ਮਿਲਣ ਮਗਰੋਂ ਜੋ ਕੋਈ ਵੀ ਜ਼ਿੰਮੇਵਾਰ ਹੋਵੇਗਾ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡੀਜੀਸੀਏ ਦੇ ਅਧਿਕਾਰੀਆਂ ਦੀ ਟੀਮ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਕਈ ਯਾਤਰੀਆਂ ਨੇ ਟਵਿੱਟਰ ’ਤੇ ਗੋ ਫਸਟ ਏਅਰਲਾਈਨਜ਼ ਖ਼ਿਲਾਫ਼ ਆਪਣੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਵੇਰੇ ਕਰੀਬ ਸਾਢੇ 6 ਵਜੇ ਜਦੋਂ ਉਹ ਬੰਗਲੂਰੂ ਦੇ ਕੇਂਪੇਗੌੜਾ ਕੌਮਾਂਤਰੀ ਹਵਾਈ ਅੱਡੇ ’ਤੇ ਸ਼ਟਲ ਬੱਸ ਵਿੱਚ ਉਡੀਕ ਕਰ ਰਹੇ ਸਨ ਤਾਂ ਜਹਾਜ਼ ਉਨ੍ਹਾਂ ਨੂੰ ਲੲੇ ਬਿਨਾਂ ਹੀ ਦਿੱਲੀ ਲਈ ਉਡਾਣ ਭਰ ਗਿਆ। ਏਅਰਲਾਈਨ ਨੇ ਘਟਨਾ ’ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੰਪਨੀ ਨੇ ਯਾਤਰੀਆਂ ਨੂੰ ਵੇਰਵੇ ਸਾਂਝੇ ਕਰਨ ਦੀ ਅਪੀਲ ਕਰਦਿਆਂ ਉਨ੍ਹਾਂ ਨੂੰ ਹੋਈ ਪ੍ਰੇਸ਼ਾਨੀ ਲਈ ਅਫ਼ਸੋਸ ਜ਼ਾਹਿਰ ਕੀਤਾ ਹੈ। ਯਾਤਰੀਆਂ ਨੂੰ ਚਾਰ ਘੰਟਿਆਂ ਬਾਅਦ ਸਵੇਰੇ 10 ਵਜੇ ਦੇ ਕਰੀਬ ਦੂਜੇ ਜਹਾਜ਼ ਰਾਹੀਂ ਦਿੱਲੀ ਭੇਜਿਆ ਗਿਆ।



















