
ਭੂ ਮਾਫੀਆ ਹੁਣ ਸਸਤੀਆਂ ਜ਼ਮੀਨਾਂ ਦੀ ਭਾਲ ‘ਚ ਨਿਕਲਿਆ
ਸ੍ਰੀ ਮੁਕਤਸਰ ਸਾਹਿਬ 2 ਜਨਵਰੀ ( ਘੁਮਾਣ ) ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਹੋਏ ਘਾਗ ਵਪਾਰੀਆਂ ਨੇ ਡੇਢ ਦਹਾਕਾ ਪਹਿਲਾਂ ਆਈ ਮੰਦੀ ਤੋਂ ਸਬਕ ਲੈਂਦਿਆਂ , ਸ਼ਹਿਰੀ ਪ੍ਰਾਪਰਟੀ ਤੋਂ ਹੱਥ ਪਿਛਾਂਹ ਖਿੱਚ ਕੇ ਵਾਹੀਯੋਗ ਜ਼ਮੀਨਾਂ ਦੀ ਖਰੀਦ ਵੱਲ ਰੁੱਖ ਕਰ ਲਿਆ ਹੈ ।ਜਿਸ ਦੇ ਨਤੀਜੇ ਵਜੋਂ ਪਿਛਲੇ ਸਾਲ ਵਿੱਚ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਉਛਾਲ ਆਇਆ ਹੈ। ਅਸਲ ਵਿੱਚ ਸਾਲ 2008 ਦੀ ਮੰਦੀ ਅਤੇ 2020 ਦੇ ਕਰੋਨਾ ਕਾਲ ਦੇ ਸਮੇਂ ਨੇ ਪ੍ਰਾਪਰਟੀ ਕਾਰੋਬਾਰ ਨਾਲ ਜੁੜੇ ਲੋਕਾਂ ਦੇ ਹੱਥਾਂ ‘ਤੇ ਸਰੋਂ ਜਮਾਅ ਦਿੱਤੀ ਸੀ ਕਿ ਮੰਦੀ ਅਤੇ ਮਾੜੇ ਸਮਿਆਂ ਵਿੱਚ ਜੇਕਰ ਕੋਈ ਪੱਕੀ ਆਮਦਨੀ ਦੇ ਸਕਦੀ ਹੈ ਤਾਂ ਉਹ ਸਿਰਫ ਜ਼ਮੀਨਾਂ ਹੀ ਹਨ। ਜਿੰਨ੍ਹਾਂ ਦੀਆਂ ਕੀਮਤਾਂ ਅਤੇ ਫ਼ਸਲਾਂ ਉੱਤੇ ਮੰਦੀ ਦਾ ਅਸਰ ਨਹੀਂ ਹੁੰਦਾ। ਕਿਉਂਕਿ 2008 ਅਤੇ 2020 ਵੇਲੇ ਵੀ ਕੇਵਲ ਖੇਤੀ ਸੈਕਟਰ ਨੇ ਹੀ ਲੋਕਾਂ ਦੀ ਬਾਂਹ ਫੜੀ ਸੀ। ਜਿਸ ਤੋਂ ਵਪਾਰੀ ਵਰਗ ਨੇ ਆਮਦਨ ਵੀ ਹਾਸਲ ਕੀਤੀ ਅਤੇ ਮੰਦੀ ਦਾ ਸਮਾਂ ਗੁਜ਼ਰ ਜਾਣ ਤੋਂ ਬਾਅਦ 2017-18 ਵਿੱਚ ਜ਼ਮੀਨਾਂ ਵੇਚ ਕੇ ਮੋਟਾ ਮੁਨਾਫ਼ਾ ਵੀ ਕਮਾਇਆ। ਭੂ ਮਾਫੀਏ ਦੇ ਦੋਹੀਂ ਹੱਥੀਂ ਲੱਡੂ ਸਨ 2007 ਦੀ ਤੇਜ਼ੀ ਸਮੇਂ ਸ਼ਹਿਰੀ ਪ੍ਰਾਪਰਟੀ ‘ਚੋਂ ਕਮਾਈ ਰਕਮ ਨਾਲ ਜ਼ਮੀਨਾਂ ਖਰੀਦ ਕੇ 2017-18 ਵਿੱਚ ਜ਼ਮੀਨਾਂ ਵੇਚ ਕੇ ਰਕਮ ਵੀ ਇੱਕ ਨੰਬਰ ਵਿੱਚ ਕਰ ਲਈ ਅਤੇ ਦੁਬਾਰਾ ਫੇਰ ਮੰਦੀ ਨਾਲ ਜੂਝਦੀ ਹੋਈ ਸ਼ਹਿਰੀ ਜਾਇਦਾਦ ਦੀ 2017-18 ਵਿੱਚ ਖਰੀਦ ਕਰ ਲਈ । ਵਪਾਰੀ ਵਰਗ ਨੇ ਸ਼ਹਿਰਾਂ ਵਿੱਚ ਸੁਰਤ ਸੰਭਾਲਦੇ ਸੜਕਾਂ ‘ਤੇ ਖਾਲੀ ਪਏ ਪਲਾਟਾਂ ਨੂੰ ਖਰੀਦ , ‘ ਸੋ ਰੂਮਾਂ ‘ ਦਾ ਨਾਮ ਦੇ ਕੇ ਫੇਰ ਮੋਟੀ ਕਮਾਈ ਕੀਤੀ। ਭੂ ਮਾਫੀਏ ਨੇ ਸ਼ਹਿਰ ਦੇ ਨੇੜੇ ਲੱਗਦੀਆਂ ਜ਼ਮੀਨਾਂ ਖਰੀਦ ਕੇ ਕਲੋਨੀਆਂ ਕੱਟ ਦਿੱਤੀਆਂ । ਹੁਣ ਓਹੀ ਸ਼ਹਿਰੀ ‘ਕਲੋਨੀਆਂ ਤੇ ਸੋ ਰੂਮ ਵੇਚਣ ਵਾਲੇ ਘਾਗ ਵਪਾਰੀ ਵਰਗ’ ਨੇ ਫੇਰ ‘ਜ਼ਮੀਨਾਂ ਦੀ ਖਰੀਦ ਵੱਲ ਰੁੱਖ ਕਰ ਲਿਆ’ ਹੈ ਅਤੇ ਘੱਟ ਕੀਮਤ ਵਾਲੀਆਂ ਜ਼ਮੀਨਾਂ ਖਰੀਦਣ ਲਈ ਪਿੰਡਾਂ ਵਿੱਚ ਭਲਵਾਨੀ ਗੇੜੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਮੁਲਕ ਭਰ ਵਿੱਚ ਨੈਸ਼ਨਲ ਹਾਈ ਵੇਅ ਦੇ ਵਿਛ ਰਹੇ ਜਾਲ ਵਿੱਚ ਐਕੁਆਇਰ ਹੋਈਆਂ ਜ਼ਮੀਨਾਂ ਤੋਂ ਮੋਟੀ ਰਕਮ ਪ੍ਰਾਪਤ ਕਰਨ ਵਾਲੇ ਲੋਕਾਂ ਨੇ ਸਰਕਾਰ ਤੋਂ ਕਈ ਗੁਣਾਂ ਕੀਮਤਾਂ ਵਸੂਲ ਕੇ , ਅੱਗੇ ਜ਼ਮੀਨਾਂ ਖਰੀਦਣ ਵੱਲ ਰੁੱਖ ਕਰ ਲਿਆ ਹੈ। ਜਿਸ ਕਰਕੇ ਝੋਨੇ ਵਾਲੀਆਂ ਜ਼ਮੀਨਾਂ ਦੀਆਂ ਕੀਮਤਾਂ ਵਿੱਚ ਚਾਰ ਸਾਢੇ ਚਾਰ ਲੱਖ ਰੁਪਏ ਤੱਕ ਦਾ ਵਾਧਾ ਹੋ ਗਿਆ ਹੈ। ਰੇਤਲੀਆਂ ਜਮੀਨਾਂ ਵਿੱਚ ਦੋ ਢਾਈ ਲੱਖ ਰੁਪੈ ਦਾ ਵਾਧਾ ਹੋਇਆ ਹੈ। ਇਸ ਵਾਰ ਚੰਗੀਆਂ ਬਰਸਾਤਾਂ ਹੋਣ ਕਰਕੇ ਝੋਨੇ ਦੇ ਝਾੜ ਵਿੱਚ ਦਸ ਪੰਦਰਾਂ ਮਣ ਦਾ ਵਾਧਾ ਹੋਇਆ ਹੈ ਅਤੇ ਹੁਣ ਕਣਕਾਂ ਵੀ 2700 ਰੁਪੈ ਤੋਂ ਲੈ ਕੇ 3000 ਰੁਪੈ ਵਿਕ ਰਹੀਆਂ ਹਨ। ਸਰਕਾਰ ਨੇ ਛੇ ਫਸਲਾਂ ਦੀ ਐਮ ਐਸ ਪੀ ਵਿੱਚ ਵਾਧਾ ਕਰ ਦਿੱਤਾ ਹੈ। ਜਿਸ ਦੇ ਨਤੀਜੇ ਵਜੋਂ ਇਸ ਵਾਰ ਅਗੇਤੀਆਂ ਹੀ ਜ਼ਮੀਨਾਂ ਠੇਕੇ ਉੱਤੇ ਚੜ੍ਹ ਗਈਆਂ ਹਨ। ਨਹਿਰਾਂ ਦੇ ਨੇੜਲੇ ਪਿੰਡਾਂ ਦੀਆਂ ਝੋਨੇ ਵਾਲੀਆਂ ਜ਼ਮੀਨਾਂ ਦਾ ਪੰਜ ਤੋਂ ਲੈ ਕੇ ਸੱਤ ਹਜਾਰ ਰੁਪੈ ਤੱਕ ਠੇਕਾ ਵਧ ਗਿਆ ਹੈ। ਹਿਠਾੜ ਦੇ ਪਿੰਡਾਂ ਦੀਆਂ ਰੇਤਲੀਆਂ ਜ਼ਮੀਨਾਂ ਦਾ ਠੇਕਾ ਵੀ ਚਾਰ ਤੋਂ ਲੈ ਕੇ ਪੰਜ ਹਜ਼ਾਰ ਰੁਪੈ ਤੱਕ ਵਧ ਗਿਆ ਹੈ।
ਖ਼ਬਰਾਂ ਤਾਂ ਇਹ ਵੀ ਹਨ ਕਿ ਰੂਸ ਅਤੇ ਯੂਕਰੇਨ ਦੀ ਜੰਗ ਦੇ ਚੱਲਦਿਆਂ ਵਿਸ਼ਵ ਪੱਧਰ ਤੇ ਸਪਲਾਈ ਕੀਤੀ ਜਾਣ ਵਾਲੀ ਕਣਕ ਦੀ ਕਮੀ ਤੋਂ ਬਾਅਦ , ਕਣਕ ਦੀਆਂ ਕੀਮਤਾਂ ਵਿੱਚ ਵਾਧਾ ਹੋਣਾ ਯਕੀਨੀ ਹੈ। ਜਿਸਦੇ ਨਤੀਜੇ ਵਜੋਂ ਐਮ ਐਸ ਪੀ ਤੋਂ ਵੱਧ ਕੀਮਤ ‘ਤੇ ਵੀ ਪ੍ਰਾਈਵੇਟ ਵਪਾਰੀਆਂ ਵੱਲੋਂ ਕਣਕ ਦੀ ਖਰੀਦ ਕੀਤੇ ਜਾਣ ਦੀਆਂ ਸੰਭਾਵਨਾਵਾਂ ਹਨ। ਵੱਡੀਆਂ ਫਲੋਰ ਮਿੱਲਾਂ ਅਤੇ ਆਟਾ ਚੱਕੀਆਂ ਵੱਲੋਂ ਪਿਛਲੇ ਸਾਲ ਅਪ੍ਰੈਲ 2022 ਵਿੱਚ ਵੀ ਕਣਕ ਦੀ , ਐਮ ਐਸ ਪੀ ਤੋਂ ਵੱਧ ਕੀਮਤ ‘ਤੇ ਖਰੀਦ ਕੀਤੀ ਗਈ ਸੀ ਜਦੋਂ ਕਿ ਹੁਣ ਸ਼ਹਿਰਾਂ ਵਿੱਚ 10 ਕਿਲੋ ਆਟੇ ਦੀ ਥੈਲੀ 300 ਰੁਪੈ ਦੀ ਵਿਕ ਰਹੀ ਹੈ। ਸਾਲ 2023 ਵਿੱਚ ਆਉਂਣ ਵਾਲੀ ਕਣਕ ਦੀ ਵੀ ਫਲੋਰ ਮਿੱਲਾਂ ਵਾਲਿਆਂ ਤੇ ਹੋਰ ਪ੍ਰਾਈਵੇਟ ਵਪਾਰੀਆਂ ਵੱਲੋਂ ਵੱਡੇ ਪੱਧਰ ‘ਤੇ ਐਮ ਐਸ ਪੀ ਤੋਂ ਵੱਧ ਕੀਮਤ ‘ਤੇ ਖਰੀਦ ਕੀਤੇ ਜਾਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਮੁਕਤਸਰ ਦੇ ਨੇੜਲੇ ਪਿੰਡਾਂ ਵਧਾਈ, ਸੋਹਣੇ ਵਾਲਾ , ਮੌੜਾਂ , ਰਾਮਗੜ੍ਹ ਚੂੰਘਾਂ , ਬਲਮਗੜ੍ਹ , ਚੱਕ ਜਾਨੀਸਰ , ਅਟਾਰੀ , ਗੁਲਾਬੇ ਵਾਲਾ , ਲੰਡੇ ਰੋਡੇ , ਕਾਨਿਆਂ ਵਾਲੀ , ਕੁੱਕਰੀਆਂ ਅਤੇ ਨੂਰਪੁਰ ਕ੍ਰਿਪਾਲਕੇ ਆਦਿ ਵਿੱਚ ਕਿੱਧਰੇ ਵੀ 16 ਤੋਂ 18 ਲੱਖ ਰੁਪੈ ਪ੍ਰਤੀ ਏਕੜ ਤੋਂ ਘੱਟ ਜ਼ਮੀਨ ਨਹੀਂ ਰਹੀ।
ਸੋ ਮੰਦੀ ਦੀ ਆਮਦ ਦੀ ਆਹਟ ਦੇ ਚੱਲਦਿਆਂ ਹੁਣ ਤੋਂ ਹੀ ‘ਮੱਥੇ ਵਿੱਚ ਜਗਦੀ ਤੀਜੀ ਅੱਖ’ ਵਾਲੇ ਲੋਕਾਂ ਨੇ , ਜ਼ਮੀਨਾਂ ਦੀ ਖਰੀਦ ਵੱਲ ਰੁੱਖ ਕਰ ਲਿਆ ਹੈ ਅਤੇ ਪਿੰਡਾਂ ਵਿੱਚ ਬੈਠੇ ਹਰ ਚੌਥੇ ਚਿੱਟਕੱਪੜੀਏ ਦਲਾਲ ਅਖਵਾਉਂਦੇ ਲੋਕਾਂ ਤੋਂ ਸਸਤੀਆਂ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾਉਣੀ ਸ਼ੁਰੂ ਕਰ ਦਿੱਤੀ ਹੈ ‘ਜੋ’ ਅਜੇ ਵੀ ਹਨੇਰੀਆਂ ਖੁੱਡਾਂ ਵਿੱਚ ਟੱਕਰਾਂ ਮਾਰਦੇ ਫਿਰਦੇ ਹਨ। ਜਦੋਂ ਕਿ ਸਸਤੀਆਂ ਜ਼ਮੀਨਾਂ ਤਾਂ ਓਦੋਂ ਸਨ ਜਦੋਂ ਸ਼ਹਿਰਾਂ ਵਿੱਚ ਰਾਤੋ ਰਾਤੋ ਭਾਅ ਦੂਣੇ ਤੀਣੇ ਹੋ ਰਹੇ ਸਨ। ਹੁਣ ਜਦੋਂ ਕਿ ਸ਼ਹਿਰਾਂ ਵਿੱਚ ਤਿੰਨ ਚਾਰ ਸਾਲਾਂ ਵਿੱਚ ਹੀ ਭਾਅ ਤਿੰਨ ਗੁਣਾਂ ਵਧ ਗਏ ਹਨ ਤਾਂ ਭੂ ਮਾਫੀਏ ਨੇ ਜ਼ਮੀਨਾਂ ਦੀ ਖਰੀਦ ਵੱਲ ਖਾਸੀ ਭੱਜ ਦੌੜ ਕਰਨੀ ਸ਼ੁਰੂ ਕਰ ਦਿੱਤੀ ਹੈ।
ਵਿਸ਼ਵ ਵਿੱਚ ਆ ਰਹੀਆਂ ਮੰਦੀ ਦੀਆਂ ਖਬਰਾਂ ਤੋਂ ਬਾਅਦ , ਭੂ ਮਾਫੀਏ ਦੀ ਤੀਜੀ ਅੱਖ ਹੁਣ ਜ਼ਮੀਨਾਂ ‘ਤੇ’
Total Views: 257 ,
Real Estate



















