
ਕੈਨੇਡਾ ਵਿਚ ਸਿਰਫ਼ 2 ਹਫ਼ਤਿਆਂ ਵਿਚ ਵੱਖ-ਵੱਖ ਘਟਨਾਵਾਂ ਵਿਚ 6 ਪੰਜਾਬੀਆਂ ਦੀਆਂ ਮੌਤਾਂ ਹੋਈਆਂ ਹਨ। 24 ਨਵੰਬਰ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਵਿਚ ਇਕ 18 ਸਾਲਾ ਪੰਜਾਬੀ ਮੂਲ ਦੇ ਨੌਜਵਾਨ ਮਹਿਕਪ੍ਰੀਤ ਸੇਠੀ ਹਾਈ ਸਕੂਲ ਦੀ ਪਾਰਕਿੰਗ ਵਿਚ ਇਕ ਨੌਜਵਾਨ ਵੱਲੋਂ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਇਹ ਪਰਿਵਾਰ 8 ਸਾਲ ਪਹਿਲਾਂ ਦੁਬਈ ਤੋਂ ਕੈਨੇਡਾ ਆਇਆ ਸੀ ਅਤੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਨਾਲ ਸਬੰਧਤ ਹੈ। ਮਹਿਕਪ੍ਰੀਤ ਦੇ ਪਿਤਾ ਹਰਸ਼ਪ੍ਰੀਤ ਨੇ ਕਿਹਾ, “ਮੈਂ ਇਸ ਉਮੀਦ ਨਾਲ ਕੈਨੇਡਾ ਆਇਆ ਸੀ ਕਿ ਮੇਰੇ ਬੱਚਿਆਂ ਦਾ ਭਵਿੱਖ ਬਿਹਤਰ ਹੋਵੇਗਾ, ਉਹ ਸੁਰੱਖਿਅਤ ਰਹਿਣਗੇ… ਹੁਣ ਮੈਨੂੰ ਪਛਤਾਵਾ ਹੋ ਰਿਹਾ ਹੈ ਕਿ ਮੈਂ ਆਪਣੇ ਬੱਚਿਆਂ ਸਮੇਤ ਇਸ ਦੇਸ਼ ਵਿੱਚ ਕਿਉਂ ਆਇਆ ਹਾਂ।”
3 ਦਸੰਬਰ ਦੀ ਰਾਤ ਓਨਟਾਰੀਓ ਸੂਬੇ ਦੇ ਮਿਸੀਸਾਗਾ ਸ਼ਹਿਰ ਵਿੱਚ ਇੱਕ ਪੈਟਰੋ-ਕੈਨੇਡਾ ਗੈਸ ਸਟੇਸ਼ਨ ‘ਤੇ ਇੱਕ ਅਣਪਛਾਤੇ ਹਮਲਾਵਰ ਨੇ ਪਵਨਪ੍ਰੀਤ ਕੌਰ ਨੂੰ ਗੋਲੀਆਂ ਮਾਰ ਦਿੱਤੀਆਂ ਸਨ, ਜਿੱਥੇ ਉਹ ਰਾਤ ਭਰ ਕੰਮ ਕਰ ਰਹੀ ਸੀ। ਪਵਨਪ੍ਰੀਤ ਦੀ ਮਾਂ ਜਸਵੀਰ ਕੌਰ ਨੇ ਕਿਹਾ, ‘ਸਾਨੂੰ ਉਸ ਨੂੰ ਕੈਨੇਡਾ ਭੇਜਣ ਦਾ ਅਫ਼ਸੋਸ ਹੈ। ਸਾਨੂੰ ਉਸ ਨੂੰ ਇੱਥੇ ਆਪਣੇ ਕੋਲ ਰੱਖਣਾ ਚਾਹੀਦਾ ਸੀ।’ 3 ਦਸੰਬਰ ਨੂੰ ਇਕ ਹੋਰ ਘਟਨਾ ਸਾਹਮਣੇ ਆਈ ਸੀ, ਜਿਸ ਵਿਚ ਐਡਮਿੰਟਨ ਵਿਚ 24 ਸਾਲਾ ਨੌਜਵਾਨ ਸਨਰਾਜ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਰਾਤ ਕਰੀਬ 8:40 ਵਜੇ ਪੁਲਸ ਨੂੰ ਸਾਕਾਵ ਦੇ ਨੇੜੇ 51ਵੀਂ ਸਟਰੀਟ ਅਤੇ 13ਵੀਂ ਐਵੇਨਿਊ ਦੇ ਖੇਤਰ ਵਿੱਚ ਬੁਲਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਗੋਲੀਬਾਰੀ ਦੀ ਸੂਚਨਾ ਮਿਲੀ। ਪੁਲਸ ਜਿਵੇਂ ਹੀ ਮੌਕੇ ‘ਤੇ ਪਹੁੰਚੀ ਤਾਂ ਉਨ੍ਹਾਂ ਨੇ ਸਨਰਾਜ ਨੂੰ ਜ਼ਖ਼ਮੀ ਹਾਲਤ ‘ਚ ਦੇਖਿਆ। ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਮਾਂਟਰੀਅਲ ਵਿਚ ਰਹਿੰਦੀ ਪੰਜਾਬਣ ਗਗਨਦੀਪ ਕੌਰ 5 ਦਸੰਬਰ ਦੀ ਸਵੇਰ ਨੂੰ ਕੰਮ ‘ਤੇ ਜਾ ਰਹੀ ਸੀ ਅਤੇ ਸੜਕ ਪਾਰ ਕਰਦੇ ਸਮੇਂ ਇਕ ਟਰੱਕ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਗਗਨ ਆਪਣੇ ਪਿੱਛੇ ਆਪਣੇ ਪਤੀ ਅਤੇ 6 ਸਾਲ ਦੀ ਧੀ ਨੂੰ ਛੱਡ ਗਈ ਹੈ। ਇਸੇ ਤਰ੍ਹਾਂ ਸਰੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਸ ਨੂੰ 29 ਨਵੰਬਰ 2022 ਨੂੰ ਪੱਛਮੀ ਵੈਨਕੂਵਰ ਵਿਚ ਇਕ ਕੁੜੀ ਦੀ ਮ੍ਰਿਤਕ ਦੇਹ ਮਿਲੀ ਸੀ, ਜਿਸ ਦੀ ਬਾਅਦ ਵਿਚ ਪਛਾਣ ਸਰੀ ਤੋਂ ਕਈ ਦਿਨਾਂ ਤੋਂ ਲਾਪਤਾ ਹੋਈ ਜਸਵੀਰ ਪਰਮਾਰ ਵਜੋਂ ਹੋਈ ਸੀ। ਜਸਵੀਰ ਪਰਮਾਰ ਸਰੀ ਦੀ ਰਹਿਣ ਵਾਲੀ ਸੀ ਅਤੇ ਉਸ ਨੇ ਆਖਰੀ ਵਾਰ 22 ਨਵੰਬਰ ਨੂੰ ਆਪਣੇ ਪਰਿਵਾਰ ਨਾਲ ਸੰਪਰਕ ਕੀਤਾ ਸੀ। ਫਿਰ 10 ਦਸੰਬਰ ਨੂੰ 40 ਸਾਲਾ ਹਰਪ੍ਰੀਤ ਕੌਰ ਦਾ ਕੈਨੇਡਾ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਥਿਤ ਆਪਣੇ ਘਰ ਵਿੱਚ ਕਈ ਵਾਰ ਚਾਕੂ ਮਾਰ ਕੇ ਕਤਲ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ।
















