
ਪ੍ਰਧਾਨ ਮੰਤਰੀ ਦੇ ਅਹੁਦੇ ਦੀ UK ‘ਚ ਫਿਰ ਦੌੜ ਫਿਰ ਤੋਂ ਲੱਗ ਗਈ ਹੈ . ਸਾਬਕਾ ਬਰਤਾਨਵੀ ਵਿੱਤ ਮੰਤਰੀ ਰਿਸ਼ੀ ਸੂਨਕ ਨੇ ਬਰਤਾਨੀਆ ਦੇ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਲਈ ਉਮੀਦਵਾਰ ਵਜੋਂ ਆਪਣੇ ਦਾਅਵੇ ਦਾ ਰਸਮੀ ਐਲਾਨ ਕਰਦਿਆਂ ਦੇਸ਼ ਦੇ ਅਰਥਚਾਰੇ ’ਚ ਸੁਧਾਰ ਪ੍ਰਤੀ ਵੱਚਨਬੱਧਤਾ ਜ਼ਾਹਿਰ ਕੀਤੀ ਹੈ। ਸੂਨਕ (42) ਸੰਸਦ ’ਚ ਘੱਟ ਤੋਂ ਘੱਟ 128 ਟੋਰੀ ਮੈਂਬਰਾਂ ਦੀ ਹਮਾਇਤ ਨਾਲ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਦੌੜ ’ਚ ਸਭ ਤੋਂ ਅੱਗੇ ਮੰਨੇ ਜਾ ਰਹੇ ਹਨ। ਦੂਜੇ ਪਾਸੇ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਦੇ ਹਮਾਇਤੀਆਂ ਦਾ ਦਾਅਵਾ ਹੈ ਕਿ ਜੌਹਨਸਨ ਨੂੰ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਦੌੜ ’ਚ ਸ਼ਾਮਲ ਹੋਣ ਲਈ ਚਾਹੀਦੇ ਲੋੜੀਂਦੇ 100 ਸੰਸਦ ਮੈਂਬਰਾਂ ਦੀ ਹਮਾਇਤ ਹਾਸਲ ਹੈ। ਜੌਹਨਸਨ ਨੇ ਖੁਦ ਨੂੰ ਉਮੀਦਵਾਰ ਵਜੋਂ ਪੇਸ਼ ਕੀਤੇ ਜਾਣ ਦਾ ਅਜੇ ਰਸਮੀ ਐਲਾਨ ਨਹੀਂ ਕੀਤਾ ਪਰ ਮੰਨਿਆ ਜਾ ਰਿਹਾ ਹੈ ਕਿ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਤੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਤਿਕੋਣਾ ਮੁਕਾਬਲਾ ਹੋ ਸਕਦਾ ਹੈ ਜਿਸ ’ਚ ਸੂਨਕ, ਜੌਹਨਸਨ ਤੇ ਪੈਨੀ ਮਾਰਡੌਂਟ ਸ਼ਾਮਲ ਹੋ ਸਕਦੇ ਹਨ।
ਸੂਨਕ ਨੇ ਟਵੀਟ ਕੀਤਾ, ‘ਬਰਤਾਨੀਆ ਇੱਕ ਮਹਾਨ ਦੇਸ਼ ਹੈ ਪਰ ਸਾਡੇ ਸਾਹਮਣੇ ਵੱਡਾ ਆਰਥਿਕ ਸੰਕਟ ਹੈ। ਇਸ ਲਈ ਮੈਂ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਅਤੇ ਆਪਣੇ ਅਗਲੇ ਪ੍ਰਧਾਨ ਮੰਤਰੀ ਲਈ ਦੌੜ ’ਚ ਸ਼ਾਮਲ ਹੋ ਰਿਹਾ ਹਾਂ। ਮੈਂ ਆਪਣੇ ਅਰਥਚਾਰੇ ਨੂੰ ਦਰੁਸਤ ਕਰਨਾ ਚਾਹੁੰਦਾ ਹਾਂ, ਆਪਣੀ ਪਾਰਟੀ ਨੂੰ ਇਕਜੁੱਟ ਕਰਨਾ ਚਾਹੁੰਦਾ ਹਾਂ ਅਤੇ ਆਪਣੇ ਦੇਸ਼ ਲਈ ਕੰਮ ਕਰਨਾ ਚਾਹੁੰਦਾ ਹਾਂ।’ ਉਨ੍ਹਾਂ ਆਪਣੇ ਵਿੱਤ ਮੰਤਰੀ ਵਜੋਂ ਕੀਤੇ ਕੰਮਕਾਰ ਦਾ ਲੇਖਾ ਜੋਖਾ ਵੀ ਪੇਸ਼ ਕੀਤਾ। ਉਨ੍ਹਾਂ ਟਵੀਟ ਕੀਤਾ, ‘ਸਾਡੇ ਸਾਹਮਣੇ ਹੋਰ ਵੱਡੀਆਂ ਚੁਣੌਤੀਆਂ ਹਨ ਪਰ ਜੇਕਰ ਅਸੀਂ ਸਹੀ ਚੋਣ ਕਰਦੇ ਹਾਂ ਤਾਂ ਕਈ ਮੌਕੇ ਹਨ। ਮੇਰਾ ਕੰਮ ਕਰਨ ਦਾ ਟਰੈਕ ਰਿਕਾਰਡ ਰਿਹਾ ਹੈ। ਸਾਡੇ ਸਾਹਮਣੇ ਜੋ ਸਮੱਸਿਆਵਾਂ ਹਨ ਉਨ੍ਹਾਂ ਨਾਲ ਨਜਿੱਠਣ ਦੀ ਸਪੱਸ਼ਟ ਯੋਜਨਾ ਹੈ ਅਤੇ ਮੈਂ 2019 ਦੇ ਐਲਾਨਨਾਮੇ ’ਚ ਕੀਤੇ ਵਾਅਦਿਆਂ ’ਤੇ ਕੰਮ ਕਰਾਂਗਾ।’
ਬਰਤਾਨੀਆ ਦੇ ਵਿਦੇਸ਼ ਸਕੱਤਰ ਜੇਮਸ ਕਲੈਵਰਲੀ ਨੇ ਦੇਸ਼ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਬੋਰਿਸ ਜੌਹਨਸਨ ਦੀ ਹਮਾਇਤ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ‘ਮੈਨੂੰ ਪਤਾ ਹੈ ਕਿ ਬੋਰਿਸ ਨੇ ਆਪਣੇ ਪਿਛਲੇ ਸਮੇਂ ਤੋਂ ਸਬਕ ਸਿੱਖਿਆ ਹੈ ਅਤੇ ਉਹ ਪਹਿਲੇ ਦਿਨ ਤੋਂ ਹੀ ਦੇਸ਼ ਦੀਆਂ ਜ਼ਰੂਰਤਾਂ ਵੱਲ ਧਿਆਨ ਦੇਣਗੇ।’ ਉਨ੍ਹਾਂ ਕਿਹਾ, ‘ਮੈਂ ਉਨ੍ਹਾਂ ਦੇ ਮੁੜ ਪ੍ਰਧਾਨ ਮੰਤਰੀ ਬਣਨ ਲਈ ਹਮਾਇਤ ਕਰਦਾ ਹਾਂ।’
















