ਗੁਰੁ ਗੋਬਿੰਦ ਸਿੰਘ ਮਾਰਗ ‘ਤੇ ਬਣੇ ਯਾਦਗਾਰੀ ਦਸ਼ਮੇਸ਼ ਪਿਲਰ ਦੀ ਹਾਲਤ ਤਰਸਯੋਗ।

ਸ੍ਰੀ ਮੁਕਤਸਰ ਸਾਹਿਬ 20 ਅਗਸਤ (ਕੁਲਦੀਪ ਸਿੰਘ ਘੁਮਾਣ) ਪੰਜਾਬ ਸਰਕਾਰ ਵੱਲੋਂ ਸਾਲ 1973 ਵਿਚ ਦਸਵੀਂ ਪਾਤਸ਼ਾਹੀ ਸ੍ਰੀ ਗੁਰੁ ਗੋਬਿੰਦ ਸਿੰਘ ਮਹਾਰਾਜ ਦੀ ਯਾਦ ਵਿੱਚ ਸ੍ਰੀ ਅਨੰਦਪੁਰ ਸਾਹਿਬ ਤੋਂ, ਤਲਵੰਡੀ ਸਾਬੋ (ਸ੍ਰੀ ਦਮਦਮਾ ਸਾਹਿਬ) 577 ਕਿਲੋਮੀਟਰ ਲੰਬਾ ਇਤਿਹਾਸਿਕ ਰਸਤਾ , ਗੁਰੂ ਗੋਬਿੰਦ ਸਿੰਘ ਮਾਰਗ ਬਣਾਇਆ ਗਿਆ ਸੀ ਅਤੇ ਇਸ ਨੂੰ ਹਾਈਵੇ ਮਾਰਗ ਘੋਸ਼ਿਤ ਕੀਤਾ ਗਿਆ ਸੀ। ਇਸ ਮਾਰਗ ਉੱਪਰ ਸਾਹਿਬ-ਏ-ਕਮਾਲ ਸ੍ਰੀ ਗੁਰੁ ਜੀ ਦੇ ਪਵਿੱਤਰ ਲਿਖੇ ਸ਼ਲੋਕਾਂ ਨਾਲ , ਇਸ ਮਾਰਗ ਉੱਪਰ ਕੁੱਲ 20 ਦਸਮੇਸ਼ ਪਿਲਰ (ਦਸ਼ਮੇਸ਼ ਸਤੰਬ ) ਸਥਾਪਤ ਕੀਤੇ ਗਏ ਸਨ ਜਿੰਨ੍ਹਾਂ ਵਿਚੋਂ ਇਕ ਸਤੰਭ , ਸ੍ਰੀ ਮੁਕਤਸਰ ਸਾਹਿਬ ਵਿਖੇ ਵੀ ਬਣਾਇਆ ਗਿਆ ਸੀ ਕਿਉਂਕਿ ਗੁਰੂ ਗੋਬਿੰਦ ਸਿੰਘ ਮਾਰਗ ਦਾ ਕੁੱਝ ਹਿੱਸਾ ਨਗਰ ਪ੍ਰੀਸ਼ਦ ਸ੍ਰੀ ਮੁਕਤਸਰ ਸਾਹਿਬ ਦੀ ਹੱਦ ਵਿਚੋਂ ਲੰਘਦਾ ਸੀ।
     ਸ੍ਰੀ ਮੁਕਤਸਰ ਸ਼ਹਿਰ ਵਿਖੇ ਦਸ਼ਮੇਸ਼ ਪਿਲਰ ਦੀ ਸਥਾਪਨਾ ਰੈਡ ਕਰਾਸ ਭਵਨ ਵਿੱਚ ਕੀਤੀ ਗਈ ਸੀ। ਪਿਛਲੇ ਕੁੱਝ ਸਾਲਾਂ ਤੋਂ ਇਸ ਦਸ਼ਮੇਸ਼ ਪਿਲਰ ਦੇ ਆਲੇ-ਦੁਆਲੇ ਨਜਾਇਜ ਕਬਜਾ ਕਰਕੇ ਜਿੰਮ ਚਲਾਈ ਜਾ ਰਹੀ ਸੀ ਅਤੇ ਕਥਿਤ ਜਿੰਮ ਮਾਲਕਾਂ ਨੇ ਇਸ ਦਸ਼ਮੇਸ਼ ਪਿਲਰ ਚਾਰੇ ਪਾਸੇ ਲੱਗੀਆਂ ਵੱਡੀਆਂ ਗਰਿੱਲਾਂ ਪੁੱਟ ਦਿਤੀਆਂ ਅਤੇ ਇਸ ਦੇ ਨਾਲ-ਨਾਲ ਇਸ ਨੂੰ ਈ-ਰਿਕਸ਼ਾ ਪਾਰਕਿੰਗ ਪਲੇਸ ਦੇ ਵਿੱਚ ਬਦਲ ਦਿਤਾ। ਮੌਜੂਦਾ ਸਥਿਤੀ ਵਿੱਚ ਇਸ ਇਤਹਾਸਿਕ ਮਾਰਗ ‘ਤੇ ਬਣੇ ਦਸ਼ਮੇਸ਼ ਪਿਲਰ ਦੇ ਰੱਖ-ਰਖਾਵ ਵੱਲ ਪੰਜਾਬ ਸਰਕਾਰ ਦੇ ਜਿੰਮੇਵਾਰ ਅਧਿਕਾਰੀਆਂ ਵੱਲੋਂ ਬਹੁਤ ਹੀ ਲਾਪਰਵਾਹੀ ਵਰਤੀ ਜਾ ਰਹੀ ਹੈ। ਨੈਸ਼ਨਲ ਕੰਜਿਉਮਰ ਅਵੇਅਰਨੈਸ ਗਰੁੱਪ ਦੇ ਜਿਲ੍ਹਾ ਪ੍ਰਧਾਨ ਸ਼ਾਮ ਲਾਲ ਗੋਇਲ, ਜਨਰਲ ਸੱਕਤਰ ਗੋਬਿੰਦ ਸਿੰਘ ਦਾਬੜਾ, ਸੰਗਠਨ ਸੱਕਤਰ ਜਸਵੰਤ ਸਿੰਘ ਬਰਾੜ, ਮੀਤ ਪ੍ਰਧਾਨ ਭਵਰ ਲਾਲ ਸ਼ਰਮਾ ਅਤੇ ਬਲਜੀਤ ਸਿੰਘ ਵਿੱਤ ਸੱਕਤਰ ਸੁਭਾਸ਼ ਚਗਤੀ ਅਤੇ ਕਾਲਾ ਸਿੰਘ ਬੇਦੀ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਯਾਦਗਾਰੀ ਦਸ਼ਮੇਸ਼ ਪਿਲਰ ਨੰ ਕਾਇਮ ਰੱਖਿਆ ਜਾਵੇ ਅਤੇ ਗੁੰਮ ਹੋਈਆਂ ਗਰਿੱਲਾਂ ਅਤੇ ਉੱਖੜੇ ਹੋਏ ਪੱਥਰ ਦੀ ਮੁਰੰਮਤ ਕਰਕੇ ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾਵੇ।       
Total Views: 367 ,
Real Estate