ਰਾਹੁਲ ਗਾਂਧੀ ਖਿਲਾਫ ਝੂਠੀ ਵੀਡੀਓ ਚਲਾਉਣ ਵਾਲੇ ਟੀਵੀ ਐਂਕਰ ਵੱਲੋਂ ਸੁਪਰੀਮ ਕੋਰਟ ਨੂੰ ਕੇਸ ਦੀ ਫੌਰੀ ਸੁਣਵਾਈ ਦੀ ਅਪੀਲ

ਕਾਂਗਰਸ ਆਗੂ ਰਾਹੁਲ ਗਾਂਧੀ ਦੇ ਬਿਆਨ ਨੂੰ ਗਲਤ ਦਿਖਾਉਣ ਦੇ ਦੋਸ਼ ਹੇਠ ਕੁਝ ਸੂਬਿਆਂ ’ਚ ਐੱਫਆਈਆਰਜ਼ ਦਾ ਸਾਹਮਣਾ ਕਰ ਰਹੇ ਇਕ ਟੀਵੀ ਚੈਨਲ ਦੇ ਐਂਕਰ ਰੋਹਿਤ ਰੰਜਨ ਨੇ ਸੁਪਰੀਮ ਕੋਰਟ ਨੂੰ ਆਪਣੀ ਅਰਜ਼ੀ ’ਤੇ ਫੌਰੀ ਸੁਣਵਾਈ ਦੀ ਮੁੜ ਬੇਨਤੀ ਕੀਤੀ ਹੈ। ਰੰਜਨ ਨੇ ਅਰਜ਼ੀ ’ਚ ਕਥਿਤ ਜੁਰਮ ਲਈ ਸਖ਼ਤ ਕਾਰਵਾਈ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ। ਜਸਟਿਸ ਇੰਦਰਾ ਬੈਨਰਜੀ ਦੀ ਅਗਵਾਈ ਹੇਠਲੇ ਬੈਂਚ ਨੇ ਕਿਹਾ ਕਿ ਅਰਜ਼ੀ ਨੂੰ ਚੀਫ਼ ਜਸਟਿਸ ਵੱਲੋਂ ਸੂਚੀਬੱਧ ਕੀਤੇ ਜਾਣ ਦੀ ਉਡੀਕ ਕੀਤੀ ਜਾ ਰਹੀ ਹੈ। ਬੈਂਚ ਨੇ ਬੁੱਧਵਾਰ ਨੂੰ ਪੱਤਰਕਾਰ ਦੀ ਅਰਜ਼ੀ ਸੁਣਵਾਈ ਲਈ ਅੱਜ ਸੂਚੀਬੱਧ ਕਰਨ ਦਾ ਹੁਕਮ ਦਿੱਤਾ ਸੀ। ਬੈਂਚ ਨੇ ਕਿਹਾ,‘‘ਚੀਫ਼ ਜਸਟਿਸ ਵੱਲੋਂ ਅਰਜ਼ੀ ਸੂਚੀਬੱਧ ਕੀਤੇ ਜਾਣ ਦੀ ਉਡੀਕ ਹੈ। ਹੋ ਸਕਦਾ ਹੈ ਕਿ ਇਹ ਮਾਮਲਾ ਸੁਣਵਾਈ ਲਈ ਸਾਨੂੰ ਨਾ ਦਿੱਤਾ ਜਾਵੇ।’’ ਟੀਵੀ ਐਂਕਰ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਸਿਧਾਰਥ ਲੂਥਰਾ ਨੇ ਕਿਹਾ ਕਿ ਪਟੀਸ਼ਨ ਸੁਣਵਾਈ ਲਈ ਸੂਚੀਬੱਧ ਕੀਤੇ ਜਾਣ ਦੇ ਨਿਰਦੇਸ਼ ਦਿੱਤੇ ਗਏ ਸਨ ਪਰ ਇਸ ਨੂੰ ਤੈਅ ਕੰਮਕਾਜ ਦੀ ਸੂਚੀ ’ਚ ਨਹੀਂ ਰੱਖਿਆ ਗਿਆ। ਮੰਗਲਵਾਰ ਨੂੰ ਛੱਤੀਸਗੜ੍ਹ ਪੁਲੀਸ ਦੀ ਇਕ ਟੀਮ ਰੋਹਿਤ ਰੰਜਨ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕਰਨ ਲਈ ਗਾਜ਼ੀਆਬਾਦ ਪਹੁੰਚੀ ਸੀ ਪਰ ਉਸ ਤੋਂ ਪਹਿਲਾਂ ਹੀ ਨੌਇਡਾ ਪੁਲੀਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਰਾਤ ਵੇਲੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਸੀ।

Total Views: 566 ,
Real Estate