
ਪਾਕਿਸਤਾਨ ਦੁਨੀਆਂ ਦਾ ਸਭ ਤੋਂ ਵੱਡਾ ਚਾਹ ਦਰਾਮਦਕਾਰ ਦੇਸ਼ ਹੈ । ਪਾਕਿਸਤਾਨ ਵਾਸੀਆਂ ਨੂੰ ਕਿਹਾ ਗਿਆ ਹੈ ਕਿ ਉਹ ਦੇਸ਼ ਦੀ ਆਰਥਿਕਤਾ ਨੂੰ ਬਚਾਈ ਰੱਖਣ ਲਈ ਚਾਹ ਪੀਣੀ ਘੱਟ ਕਰ ਦੇਣ। ਪਾਕਿਸਤਾਨ ਦੇ ਸੀਨੀਅਰ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ ਕਿ ਰੋਜ਼ਾਨਾ ਚਾਹ ਦੀ ਖਪਤ ਘੱਟ ਕਰਨ ਨਾਲ ਪਾਕਿਸਤਾਨ ਦੇ ਉੱਚ ਦਰਾਮਦ ਬਿਲਾਂ ਵਿੱਚ ਕਟੌਤੀ ਹੋਵੇਗੀ। ਦੇਸ਼ ਕੋਲ ਵਿਦੇਸ਼ੀ ਮੁਦਰਾ ਦੇ ਭੰਡਾਰ ਕਾਫ਼ੀ ਘੱਟ ਹਨ। ਪਾਕਿਸਤਾਨ ਆਪਣੇ ਮੌਜੂਦਾ ਵਿਦੇਸ਼ੀ ਭੰਡਾਰ ਦੇ ਨਾਲ ਸਿਰਫ਼ ਦੋ ਮਹੀਨੇ ਹੀ ਬਾਹਰੋਂ ਵਸਤਾਂ ਮੰਗਵਾ ਸਕਦਾ ਹੈ। ਦੁਨੀਆਂ ਵਿੱਚ ਸਭ ਤੋਂ ਜ਼ਿਆਦਾ ਚਾਹ ਦੀ ਦਰਾਮਦ ਪਾਕਿਸਤਾਨ ਕਰਦਾ ਹੈ। ਪਾਕਿਸਤਾਨ ਵਿੱਚ ਪਿਛਲੇ ਸਾਲ 60 ਕਰੋੜ ਡਾਲਰ ਦੀ ਚਾਹ ਪੀਤੀ ਗਈ। ਪਾਕਿਸਤਾਨੀ ਮੀਡੀਆ ਦੇ ਅਨੁਸਾਰ, ਅਹਿਸਾਨ ਇਕਬਾਲ ਨੇ ਕਿਹਾ, “ਮੈਂ ਦੇਸ਼ ਨੂੰ ਚਾਹ ਦੀ ਖ਼ਪਤ ਨੂੰ ਇੱਕ ਤੋਂ ਦੋ ਕੱਪ ਤੱਕ ਸੀਮਤ ਕਰਨ ਦੀ ਅਪੀਲ ਕਰਦਾ ਹਾਂ ਕਿਉਂਕਿ ਅਸੀਂ ਕਰਜ਼ੇ ‘ਤੇ ਚਾਹ ਮੰਗਾਉਂਦੇ ਹਾਂ।” ਉਨ੍ਹਾਂ ਨੇ ਸੁਝਾਅ ਦਿੱਤਾ ਕਿ ਵਪਾਰੀ ਵੀ ਬਿਜਲੀ ਦੀ ਬੱਚਤ ਕਰਨ ਲਈ ਆਪਣੀਆਂ ਦੁਕਾਨਾਂ ਰਾਤ ਸਾਢੇ ਅੱਠ ਵਜੇ ਬੰਦ ਕਰ ਸਕਦੇ ਹਨ। ਪਾਕਿਸਤਾਨ ਦੇ ਵਿਦੇਸ਼ੀ ਮੁਦਰਾ ਭੰਡਾਰ ਨੂੰ ਤੇਜ਼ੀ ਨਾਲ ਖੋਰਾ ਲੱਗ ਰਿਹਾ ਹੈ। ਸਰਕਾਰ ‘ਤੇ ਉੱਚ ਦਰਾਮਦ ਖਰਚਿਆਂ ਨੂੰ ਘਟਾਉਣ ਅਤੇ ਦੇਸ਼ ਵਿੱਚ ਫੰਡ ਰੱਖਣ ਲਈ ਦਬਾਅ ਵਧ ਰਿਹਾ ਹੈ।
ਪਾਕਿਸਤਾਨ ਦੀ ਨਵੀਂ ਸਰਕਾਰ ਲਈ ਦੇਸ਼ ਦੀ ਆਰਥਿਕਤਾ ਨੂੰ ਲੀਹ ਤੇ ਲਿਆਉਣਾ ਇੱਕ ਵੱਡੀ ਚੁਣੌਤੀ ਹੈ । ਚਾਹ ਪੀਣੀ ਘਟਾਉਣ ਦੀ ਬੇਨਤੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ, ਬਹੁਤ ਸਾਰੇ ਲੋਕਾਂ ਨੂੰ ਲਗਦਾ ਹੈ ਕਿ ਕੈਫੀਨ ਵਾਲੇ ਉਤਪਾਦਾਂ ਦੀ ਖ਼ਪਤ ਵਿੱਚ ਕਟੌਤੀ ਕਰਕੇ ਦੇਸ਼ ਦੀਆਂ ਗੰਭੀਰ ਵਿੱਤੀ ਸਮੱਸਿਆਵਾਂ ਨੂੰ ਹੱਲ ਕੀਤਾ ਜਾ ਸਕਦਾ ਹੈ।
















