ਮਾਡਰਨ ਜ਼ਮਾਨੇ ਦਾ ਸੱਤਵਾਂ ਅਜੂਬਾ- ਨਹਿਰ ਪਨਾਮਾ

ਹਰਜੀਤ ਅਟਵਾਲ
ਜੇ ਤੁਸੀਂ ਭੂਗੋਲ ਵਿੱਚ ਦਿਲਚਸਪੀ ਰੱਖਦੇ ਹੋ ਤਾਂ ਜ਼ਰੂਰ ਜਾਣਦੇ ਹੋਵੋਂਗੇ ਕਿ ਦੱਖਣੀ-ਅਮਰੀਕਾ ਮਹਾਂਦੀਪ ਦੇ ਉਪਰਲੇ ਪਾਸੇ ਐਟਲਾਂਟਿਕ-ਮਹਾਂਸਾਗਰ ਪੈਂਦਾ ਹੈ ਤੇ ਹੇਠਾਂ ਪੈਸਫਿਕ (ਪ੍ਰਸ਼ਾਂਤ-ਮਹਾਂਸਾਗਰ)। ਵੈਸੇ ਤਾਂ ਦੋਵੇਂ ਮਹਾਂਸਾਗਰਾਂ ਵਿੱਚ ਹਜ਼ਾਰਾਂ ਮੀਲਾਂ ਦਾ ਫਰਕ ਹੈ ਪਰ ਇਕ ਅਜਿਹੀ ਜਗਾਹ ਵੀ ਹੈ ਜਿਥੋਂ ਦੋਵਾਂ ਦੀ ਦੂਰੀ ਸਿਰਫ ਪੰਜਾਹ ਮੀਲ ਰਹਿ ਜਾਂਦੀ ਹੈ। ਇਹ ਜਗਾਹ ਪਨਾਮਾ ਵਿੱਚ ਹੈ। ਪਨਾਮਾ ਜਿਥੇ ਇਕ ਮੁਲਕ ਹੈ ਉਸਦੀ ਰਾਜਧਾਨੀ ਦਾ ਨਾਂ ਵੀ ਪਨਾਮਾ ਹੀ ਹੈ। ਇਥੋਂ ਜੇ ਤੁਸੀਂ ਇਕ ਸਾਗਰ ਤੋਂ ਦੂਜੇ ਸਾਗਰ ਤੱਕ ਜ਼ਮੀਨੀ ਸਫਰ ਕਰਨਾ ਹੋਵੇ ਤਾਂ ਕਿਸੇ ਵਾਹਨ ਰਾਹੀਂ ਸ਼ਾਇਦ ਘੰਟਾ ਵੀ ਨਾ ਲੱਗੇ ਪਰ ਜੇ ਸਮੁੰਦਰ ਰਾਹੀਂ ਇਹੋ ਸਫਰ ਤੈਅ ਕਰਨਾ ਹੋਵੇ ਤਾਂ ਇਹ ਅੱਠ ਹਜ਼ਾਰ ਮੀਲ ਪੈਂਦਾ ਹੈ ਤੇ ਵੈਰੀ-ਜਹਾਜ਼ ਰਾਹੀ ਇਸ ਸਫਰ ਨੂੰ ਸਰ ਕਰਨ ਵਿੱਚ ਪੰਦਰਾਂ-ਵੀਹ ਦਿਨ ਲੱਗ ਜਾਂਦੇ ਹਨ। ਜਦੋਂ ਪੁਰਤਗਾਲੀਆਂ ਤੇ ਸਪੇਨੀਆਂ ਨੇ ਇਹਨਾਂ ਮੁਲਕਾਂ ਨੂੰ ਕਲੋਨੀਆਂ ਬਣਾਉਣਾ ਸ਼ੁਰੂ ਕੀਤਾ ਤਾਂ ਉਦੋਂ ਹੀ ਤੋਂ ਹੀ ਇਸ ਖਾਸੀਅਤ ਦਾ ਪਤਾ ਚੱਲ ਗਿਆ ਸੀ ਤੇ ਉਦੋਂ ਤੋਂ ਹੀ ਅੱਠ-ਹਜ਼ਾਰ ਦੇ ਸਫਰ ਨੂੰ ਪੰਜਾਹ-ਮੀਲ ਵਿੱਚ ਬਦਲਣ ਦੀਆਂ ਸਕੀਮਾਂ ਬਣਨ ਲੱਗੀਆਂ ਸਨ। ਸਤਾਰਵੀਂ-ਸਦੀ ਦੇ ਸ਼ੁਰੂ ਵਿੱਚ ਸਪੇਨੀ ਰਾਜੇ ਤੇ ਰੋਮਨ ਰਾਜੇ ਚਾਰਲਸ ਪੰਜਵੇਂ ਨੇ ਧਰਤੀ ਦੇ ਇਸ ਟੁਕੜੇ ਦਾ ਸਰਵੇ ਕਰਨ ਲਈ ਇਕ ਟੀਮ ਭੇਜੀ ਸੀ ਤਾਂ ਜੋ ਸਪੇਨ ਤੋਂ ਪੀਰੂ ਜਾਣ ਵਾਲੇ ਜਹਾਜ਼ਾਂ ਨੂੰ ਘੱਟ ਵਕਤ ਲੱਗੇ। ਇਸ ਇਲਾਕੇ ਵਿੱਚ ਸਪੇਨ ਨੇ ਪੁਰਤਗਾਲੀਆਂ ਉਪਰ ਬੜੌਤਰੀ ਵੀ ਹਾਸਲ ਕਰਨੀ ਸੀ। 1668 ਵਿੱਚ ਇਕ ਅੰਗਰੇਜ਼ ਫਿਲੌਸਫਰ ਸਰ ਥੌਮਸ ਬਰਾਉਨ ਨੇ ਇਸ ਜਗਾਹ ਨੂੰ ਕੱਟਕੇ ਦੋਨਾਂ ਸਮੁੰਦਰਾਂ ਨੂੰ ਜੋੜੇ ਜਾਣ ਦੀ ਮਹੱਤਤਾ ਬਾਰੇ ਬਹੁਤ ਕੁਝ ਲਿਖਿਆ। 1788 ਵਿੱਚ ਥੌਮਸ ਜੈਫਰਸਨ ਨਾਂ ਦੇ ਅਮਰੀਕਨ ਨੇ ਸਪੇਨ ਸਰਕਾਰ ਕੋਲ ਪਨਾਮਾ ਵਿੱਚ ਨਹਿਰ ਬਣਾਉਣ ਦੀ ਸਿਫਾਰਸ਼ ਕੀਤੀ ਕਿਉਂਕਿ ਇਹ ਇਲਾਕਾ ਉਸਦੇ ਅਧੀਨ ਪੈਂਦਾ ਸੀ ਪਰ ਸਪੇਨ ਏਨੇ ਪੈਸੇ ਖਰਚਣ ਦੇ ਹੱਕ ਵਿੱਚ ਨਹੀਂ ਸੀ। 1788 ਵਿੱਚ ਅਲੈਸੈਂਡਰੋ ਮੈਲਾਸਪੀਨਾ ਨੇ ਇਸਦਾ ਸਰਵੇ ਕੀਤਾ ਤੇ 1793 ਵਿੱਚ ਇਸਥਮਸ ਦਾ ਭਾਵ ਦੋ ਸਮੁੰਦਰਾਂ ਵਿੱਚਕਾਰ ਪੈਂਦੀ ਧਰਤੀ ਦਾ ਤੇ ਇਸ ਉਪਰ ਬਣਾਈ ਜਾਣ ਵਾਲੀ ਨਹਿਰ ਦਾ ਨਕਸ਼ਾ ਤਿਆਰ ਕਰ ਲਿਆ ਸੀ। ਇਸਤੋਂ ਪਹਿਲਾਂ 1698 ਵਿੱਚ ਸਕੌਟਲੈਂਡ ਦੇ ਰਾਜੇ ਨੇ ਵੀ ਡੈਰੀਅਨ-ਸਕੀਮ ਨਾਂ ਦੇ ਪਰੋਜੈਕਟ ਹੇਠ ਜਗਾਹ ਦਾ ਸਰਵੇ ਕਰਾਇਆ ਸੀ। ਨਹਿਰ ਬਣਾਏ ਜਾਣ ਬਾਰੇ ਸਲਾਹਾਂ ਤਾਂ ਬਹੁਤ ਹੁੰਦੀਆਂ ਪਰ ਇਹ ਪਰੋਜੈਕਟ ਬਹੁਤ ਖਰਚੀਲਾ ਸੀ ਤੇ ਸਪੇਨ ਹੇਠ ਪੈਂਦੇ ਹੋਣ ਕਰਕੇ ਇਸ ਉਪਰ ਪੈਸੇ ਖਰਚਣ ਲਈ ਕੋਈ ਹੋਰ ਮੁਲਕ ਤਿਆਰ ਨਹੀਂ ਸੀ ਹੁੰਦਾ। 1821 ਵਿੱਚ ਜਦ ਪਨਾਮਾ ਨੂੰ ਸਪੇਨ ਤੋਂ ਅਜ਼ਾਦੀ ਮਿਲੀ ਤਾਂ ਇਸ ਨਹਿਰ ਨੂੰ ਬਣਾਏ ਜਾਣ ਵਿੱਚ ਕਈ ਮੁਲਕ ਦਿਲਚਸਪੀ ਦਿਖਾਉਣ ਲੱਗ ਪਏ। ਜਦ ਫਰਾਂਸ ਨੂੰ ਸੁਏਜ਼-ਨਹਿਰ ਬਣਾਉਣ ਵਿੱਚ ਕਾਮਯਾਬੀ ਮਿਲੀ ਤਾਂ ਉਸਨੇ ਨਹਿਰ-ਪਨਾਮਾ ਬਣਾਉਣ ਦਾ ਫੈਸਲਾ ਕਰ ਲਿਆ।
ਫਰਾਂਸੀਸੀਆਂ ਨੇ ਇਸ ਪੂਰੇ ਇਲਾਕੇ ਦਾ ਸਰਵੇ ਕੀਤਾ। ਪਰ ਇਹ ਧਰਤੀ ਮਿਸਰ ਦੀ ਉਸ ਧਰਤੀ ਤੋਂ ਬਿਲਕੁਲ ਭਿੰਨ ਹੈ ਜਿਥੇ ਨਹਿਰ-ਸੁਏਜ਼ ਬਣੀ ਹੋਈ ਹੈ। ਇਥੋਂ ਪਨਾਮਾ ਦਾ ਇਹ ਇਲਾਕਾ ਸਮੁੰਦਰ ਦੇ ਤਲ ਤੋਂ 85 ਫੁੱਟ ਉੱਚਾ ਹੈ ਤੇ ਹੈ ਵੀ ਚਟਾਨੀ। ਪਹਿਲੀ ਸਕੀਮ ਅਨੁਸਾਰ ਚਟਾਨਾਂ ਕੱਟਕੇ ਨਹਿਰ ਕੱਢੇ ਜਾਣ ਦੀ ਸੀ। ਪਰ ਇਹ ਕੰਮ ਅਸੰਭਵ ਵਰਗਾ ਸੀ ਤੇ ਦੂਜੇ ਪੈਸਫਿਕ ਦਾ ਤਲ ਐਟਲਾਂਟਿਕ ਦੇ ਤੱਲ ਤੋਂ ਤਕਰੀਬਨ ਵੀਹ ਸੈਂਟੀਮੀਟਰ ਉੱਚਾ ਹੈ ਸੋ ਪੈਸਫਿਕ ਦੇ ਪਾਣੀ ਦਾ ਐਟਲਾਂਟਿਕ ਵੱਲ ਹੜ੍ਹ ਲਿਆ ਸਕਦਾ ਸੀ। ਦੂਜੀ ਸਕੀਮ ਮੁਤਾਬਕ ਨਹਿਰ ਕੱਢਕੇ ਜਹਾਜ਼ਾਂ ਨੂੰ 85 ਫੁੱਟ ਉਪਰ ਲੈ ਜਾਕੇ ਇਸ ਵਿੱਚ ਵਾੜਨ ਦੀ ਸੀ। ਇਸ ਇਲਾਕੇ ਵਿੱਚ ਗੈਟਨ-ਝੀਲ ਪੈਂਦੀ ਹੈ। ਇਹ ਝੀਲ ਚੈਗਰਜ਼-ਦਰਿਆ ਉਪਰ ਬਣੇ ਗੈਟਨ-ਡੈਮ ਕਰਕੇ ਬਣੀ ਹੋਈ ਹੈ। ਇਸਦੇ ਨਾਲ ਹੀ ਮੈਡਨ-ਲੇਕ ਹੈ ਜੋ ਮੈਡਨ-ਡੈਮ ਕਰਕੇ ਬਣਦੀ ਹੈ। ਇਸ ਝੀਲ ਨੂੰ ਜਹਾਜ਼ਰਾਨੀ ਯੋਗ ਬਣਾਇਆ ਜਾ ਸਕਦਾ ਸੀ। ਸੋ ਲੋੜ ਸੀ ਦੋਨਾਂ ਪਾਸਿਆਂ ਤੋਂ ਨਹਿਰ ਕੱਢ ਕੇ ਝੀਲ ਤੱਕ ਲਿਆਉਣ ਦੀ। ਤੇ ਨਾਲ ਦੀ ਨਾਲ ਜਹਾਜ਼ਾਂ ਨੂੰ 85 ਫੁੱਟ ਉਪਰ ਚੁੱਕਣ ਦੀ ਤੇ ਦੂਜੇ ਪਾਸੇ ਹੇਠਾਂ ਲਾਹੁਣ ਦੀ। ਪੂਰੀ ਤਿਆਰੀ ਕਰਕੇ ਫਰਾਂਸ ਨੇ 1881 ਵਿੱਚ ਇਸ ਪਰੋਜੈਕਟ ਉਪਰ ਕੰਮ ਸ਼ੁਰੂ ਕਰ ਦਿੱਤਾ। ਫਰਾਂਸੀਸੀਆਂ ਨੂੰ ਜਲਦੀ ਹੀ ਪਤਾ ਚੱਲ ਗਿਆ ਕਿ ਇਹ ਪਰੋਜੈਕਟ ਉਹਨਾਂ ਦੀ ਸੋਚ ਤੋਂ ਕਿਤੇ ਵੱਧ ਔਖਾ ਤੇ ਖਰਚੀਲਾ ਸੀ। ਇਕ ਤਾਂ ਇਥੇ ਦਾ ਮੌਸਮ ਵੀ ਬਹੁਤ ਖਰਾਬ ਸੀ, ਮੱਖੀ-ਮੱਛਰ ਦੀ ਬਹੁਤਾਤ ਸੀ ਜਿਸ ਕਾਰਨ ਬਿਮਾਰੀਆਂ ਬਹੁਤ ਫੈਲ ਜਾਂਦੀਆਂ। ਪੁੱਟ-ਪੁਟਾਈ ਦਾ ਕੰਮ ਔਖਾ ਹੋਣ ਕਰਕੇ ਹਾਦਸੇ ਬਹੁਤ ਹੁੰਦੇ, ਮੌਤਾਂ ਹੋ ਜਾਂਦੀਆਂ। ਉਪਰੋਂ ਦੀ ਮਲੇਰੀਆ ਤੇ ਪੀਲਾ-ਬੁਖਾਰ ਫੈਲ ਜਾਣ ਕਰਕੇ ਵੀ ਕਰਮਚਾਰੀਆਂ ਦੀਆਂ ਭਾਰੀ ਗਿਣਤੀ ਵਿੱਚ ਮੌਤਾਂ ਹੋ ਜਾਂਦੀਆਂ। ਉਹਨਾਂ ਨੂੰ ਕੋਈ ਅਜਿਹਾ ਇਨਵੈਸਟਰ ਵੀ ਨਹੀਂ ਸੀ ਮਿਲਿਆ ਜੋ ਇਸ ਉਪਰ ਪੈਸੇ ਖਰਚ ਸਕੇ। ਉਹਨਾਂ ਨੂੰ ਕੰਮ ਵਿਚਾਕਰ ਹੀ ਛੱਡਣਾ ਪਿਆ।
1904 ਵਿੱਚ ਇਹ ਪਰੋਜੈਕਟ ਅਮਰੀਕਾ ਨੇ ਸੰਭਾਲ ਲਿਆ। ਇਸ ਦਾ ਸਭ ਤੋਂ ਵੱਧ ਫਾਇਦਾ ਵੀ ਅਮਰੀਕਾ ਨੂੰ ਹੀ ਹੋਣਾ ਸੀ। ਉਹਨਾਂ ਨੇ ਪਨਾਮਾ ਨਾਲ ਇਕ ਟਰੀਟੀ ਕੀਤੀ ਕਿ ਇਕ ਨਿਸ਼ਚਤ ਸਮੇਂ ਤੱਕ ਨਹਿਰ-ਪਨਾਮਾ ਤੇ ਉਸ ਦੇ ਨਾਲ ਲਗਦੇ ਇਲਾਕਿਆਂ ਉਪਰ ਅਮਰੀਕਾ ਦਾ ਕੰਟਰੋਲ ਰਹੇਗਾ। ਨਹਿਰ ਬਣਾਉਣ ਦੇ ਇਵਜ਼ ਵਜੋਂ ਏਨੇ ਸਾਲ ਨਹਿਰ ਦੀ ਸਾਰੀ ਆਮਦਨ ਅਮਰੀਕਾ ਰੱਖੇਗਾ। ਇਵੇਂ ਅਮਰੀਕਾ ਨੇ ਪਨਾਮਾ-ਨਹਿਰ ਦਸ ਸਾਲ ਵਿੱਚ ਤਿਆਰ ਕਰਕੇ 1914 ਵਿੱਚ ਆਵਾਜਾਈ ਲਈ ਖੋਹਲ ਦਿੱਤੀ। ਇਸ ਨਹਿਰ ਨੂੰ ਬਣਾਉਣ ਉਪਰ ਬੇਹਿਸਾਬ ਖਰਚ ਆਇਆ ਤੇ ਬਹੁਤ ਸਾਰੀਆਂ ਜਾਨਾਂ ਵੀ ਗਈਆਂ। ਇਕ ਅੰਦਾਜ਼ੇ ਮੁਤਾਬਕ ਦੋ ਦੇਸ਼ਾਂ ਦੀ ਸਖਤ ਲੜਾਈ ਵਿੱਚ ਕੰਮ ਆਉਣ ਵਾਲੇ ਲੋਕਾਂ ਤੋਂ ਵੱਧ ਲੋਕ ਨਹਿਰ ਪਨਾਮਾ ਨੂੰ ਬਣਾਉਂਦੇ ਸਮੇਂ ਮਰੇ।
ਇਸਦੀ ਬਣਤਰ ਨੂੰ ਦੇਖਣਾ ਵੀ ਬਹੁਤ ਦਿਲਚਸਪ ਹੈ। ਲੌਕ ਸਿਸਟਮ ਰਾਹੀਂ ਵੱਡੇ ਤੋਂ ਵੱਡੇ ਜਹਾਜ਼ ਨੂੰ ਉਪਰ ਹੇਠਾਂ ਕੀਤਾ ਜਾ ਸਕਦਾ ਹੈ। ਲੌਕ ਵਿੱਚ ਜਹਾਜ਼ ਦੇ ਸਾਈਜ਼ ਦਾ ਚੈਂਬਰ ਹੁੰਦਾ ਹੈ ਜਿਸ ਵਿੱਚ ਜਹਾਜ਼ ਨੂੰ ਵਾੜਕੇ ਚੈਂਬਰ ਵਿੱਚ ਪਾਣੀ ਭਰਕੇ ਨੂੰ ਉਪਰ ਚੁੱਕਿਆ ਜਾਂਦਾ ਹੈ ਤੇ ਪਾਣੀ ਕੱਢ ਕੇ ਹੇਠਾਂ ਲਿਆਂਦਾ ਜਾਂਦਾ ਹੈ। ਚੈਂਬਰ ਆਮ ਤੌਰ ‘ਤੇ ਹਜ਼ਾਰ ਫੁੱਟ ਲੰਮੇ, ਸੌ ਫੁੱਟ ਤੋਂ ਵੱਧ ਚੌੜੇ ਤੇ ਚਾਲੀ ਫੁੱਟ ਡੂੰਘੇ ਹੁੰਦੇ ਹਨ। ਹਰ ਚੈਂਬਰ ਨੂੰ ਵੱਡੇ-ਵੱਡੇ ਦੋ ਦਰਵਾਜ਼ੇ ਲੱਗੇ ਹੁੰਦੇ ਹਨ। ਇਹ ਦਰਵਾਜ਼ੇ 65 ਫੁੱਟ ਚੌੜੇ, ਸਾਢੇ ਛੇ ਫੁੱਟ ਮੋਟੇ ਤੇ 46 ਫੁੱਟ ਤੋਂ ਲੈ ਕੇ 82 ਫੁੱਟ ਤੱਕ ਉਚੇ ਹੁੰਦੇ ਹਨ। ਇਹ ਦਰਵਾਜ਼ੇ ਬਿਜਲੀ ਨਾਲ ਖੁੱਲ੍ਹਦੇ-ਬੰਦੇ ਹੁੰਦੇ ਹਨ। ਕਿਉਂਕਿ ਯੌਰਪ ਉਚਾ-ਨੀਵਾਂ ਇਲਾਕਾ ਹੈ ਇਸ ਲਈ ਕਿਸ਼ਤੀਆਂ-ਜਹਾਜ਼ਾਂ ਨੂੰ ਉਪਰ ਹੇਠਾਂ ਕਰਨ ਦਾ ਇਹ ਤਰੀਕਾ ਸਦੀਆਂ ਤੋਂ ਵਰਤਿਆ ਜਾਂਦਾ ਹੈ। ਸਮੇਂ ਨਾਲ ਲੌਕਾਂ ਦਾ ਸਿਸਟਮ ਬਦਲ ਦਿੱਤਾ ਜਾਂਦਾ ਹੈ। ਪਨਾਮਾ ਨਹਿਰ ਵਾਲੇ ਲੌਕਾਂ ਦਾ ਸਿਸਟਮ ਬਰੈਂਡਰੈਕਟ-ਲੌਕ ਵਾਲਾ ਹੈ ਜੋ ਬੈਲਜੀਅਮ ਦੇ ਸ਼ਹਿਰ ਐਂਟਵਰਪ ਵਿੱਚ ਸਥਿਤ ਹੈ। ਇਹਨਾਂ ਵਿੱਚ ਵਾਟਰ-ਸੇਵਿੰਗ ਬੇਸਿਨ ਜਰਮਨੀ ਦੀਆਂ ਨਹਿਰਾਂ ਵਾਲਾ ਹੈ। ਜੇ ਐਟਲਾਂਟਿਕ ਵਲੋਂ ਦੇਖੀਏ ਤਾਂ ਜਹਾਜ਼ ਮਹਾਂਸਾਗਰ ਤੋਂ ਲੈਮਨ-ਖਾੜੀ ਵਿੱਚ ਆਉਂਦਾ ਹੈ। ਲੈਮਨ-ਖਾੜੀ ਇਵੇਂ ਤਿਆਰ ਕੀਤੀ ਗਈ ਹੈ ਕਿ ਮਹਾਂਸਾਗਰ ਦੇ ਜਵਾਰ-ਭਾਟਾ ਦਾ ਅਸਰ ਨਾ ਰਹੇ। ਲੈਮਨ-ਖਾੜੀ ਦੋ ਹਿੱਸਿਆਂ ਵਿੱਚ ਵੰਡੀ ਜਾਂਦੀ ਹੈ ਤੇ ਉਹਨਾਂ ਵਿੱਚੋਂ ਹੀ ਪਨਾਮਾ-ਨਹਿਰ ਦੋ ਹਿੱਸਿਆਂ ਵਿੱਚ ਬਣਦੀ ਜਾਂਦੀ ਹੈ। ਇਹਨਾਂ ਦੋਨਾਂ ਨਹਿਰਾਂ ਉਪਰ ਲੌਕ ਬਣੇ ਹੋਏ ਹਨ। ਖੱਬੇ ਪਾਸੇ ਵਾਲੇ ਹਿੱਸੇ ਉਪਰ ਐਗਿਊ-ਕਲਾਰਾ ਲੌਕਸ ਪੈਂਦੇ ਹਨ ਤੇ ਸੱਜੇ ਪਾਸੇ ਵੱਲ ਗੈਟਨ ਲੌਕਸ। ਇਹਨਾਂ ਲੌਕਾਂ ਵਿੱਚ ਤਿੰਨ ਪੜ੍ਹਾਵਾਂ ਵਿੱਚ ਜਹਾਜ਼ ਨੂੰ ਉਪਰ ਹੇਠਾਂ ਕੀਤਾ ਜਾਂਦਾ ਹੈ। ਇਥੋਂ ਜਹਾਜ਼ ਨੂੰ 85 ਫਟ ਚੁੱਕ ਕੇ ਗੈਟਨ-ਝੀਲ ਵਿੱਚ ਵਾੜਿਆ ਜਾਂਦਾ ਹੈ। ਝੀਲ ਵਿੱਚੋਂ ਦੀ ਜਹਾਜ਼ ਲੰਘਾਉਣ ਲਈ ਝੀਲ ਨੂੰ 46 ਫੁੱਟ ਤੋਂ ਲੈਕੇ 85 ਫੁੱਟ ਤੱਕ ਡੂੰਘੇ ਕੀਤਾ ਗਿਆ ਹੈ, ਹੁਣ ਜਹਾਜ਼ ਵੱਡੇ-ਵੱਡੇ ਆ ਜਾਣ ਕਾਰਨ ਗੈਟਨ-ਝੀਲ ਹੋਰ ਵੀ ਡੂੰਘੀ ਕੀਤੀ ਜਾ ਰਹੀ ਹੈ। ਇਸ ਝੀਲ ਵਿੱਚ 23 ਮੀਲ ਜਹਾਜ਼ ਚੱਲਕੇ ਗੈਂਬੋਆ ਤੱਕ ਆਉਂਦਾ ਹੈ ਜਿਥੋਂ ਫਿਰ ਨਹਿਰ ਸ਼ੁਰੂ ਹੁੰਦੀ ਹੈ। ਇਥੋਂ ਅੱਠ-ਮੀਲ ਦਾ ਅੱਗੇ ਹੋਰ ਸਫਰ ਕਰਕੇ ਜਹਾਜ਼ ਲੌਕਾਂ ਵੱਲਨੂੰ ਵਧਦਾ ਹੈ। ਇਥੋਂ ਨਹਿਰ ਫਿਰ ਦੋ ਸ਼ਾਖਾਵਾਂ ਵਿੱਚ ਵੰਡੀ ਜਾਂਦੀ ਹੈ। ਖੱਬੇ ਪਾਸੇ ਪੈਡਰੋ-ਮਗੀਲ ਲੌਕ ਪੈਂਦਾ ਹੈ। ਉਥੋਂ ਲੰਘਕੇ ਮੀਰਾਫਲੋਰਜ਼-ਝੀਲ ਪੈਂਦੀ ਹੈ ਤੇ ਝੀਲ ਤੋਂ ਬਾਅਦ ਮੀਰਾਫਲੋਰਜ਼-ਲੌਕਸ ਹਨ। ਸੱਜੇ ਪਾਸੇ ਵਾਲੀ ਸ਼ਾਖ ‘ਤੇ ਕੋਕੋਲੀ-ਲੌਕਸ ਹਨ। ਲੋਕਾਂ ਵਿੱਚ ਜਹਾਜ਼ਾਂ ਨੂੰ ਬਹੁਤ ਹਿਸਾਬ ਨਾਲ ਟੋਅ ਕਰਕੇ ਲੰਘਾਇਆ ਜਾਂਦਾ ਹੈ। ਇਹਨਾਂ ਨੂੰ ਵਿਸ਼ੇਸ਼ ਚੇਨਾਂ ਨਾਲ ਕਾਬੂ ਵੀ ਕੀਤਾ ਹੁੰਦਾ ਹੈਕਿ ਇਹ ਜਹਾਜ਼ ਬੇਕਾਬੂ ਨਾ ਹੋ ਜਾਵੇ। ਹਰ ਲੌਕ ਉਪਰ ਕੰਟਰੋਲ ਟਾਵਰ ਬਣੇ ਹੁੰਦੇ ਹਨ ਜਿਥੋਂ ਜਹਾਜ਼ ਨੂੰ ਸੰਭਾਲ ਰਹੇ ਸਟਾਫ ਨੂੰ ਹਿਦਾਇਤਾਂ ਮਿਲਦੀਆਂ ਰਹਿੰਦੀਆਂ ਹਨ। ਇਹਨਾਂ ਲੌਕਾਂ ਰਾਹੀਂ ਹੀ ਜਹਾਜ਼ ਹੇਠਾਂ ਉਤਰਦਾ ਹੈ। ਉਵੇਂ ਹੀ ਚੈਂਬਰਾਂ ਵਿੱਚੋਂ ਪਾਣੀ ਕੱਢ ਕੇ ਜਹਾਜ਼ ਨੂੰ ਹੇਠਾਂ ਲਿਆਂਦਾ ਜਾਂਦਾ ਹੈ ਤੇ ਉਹ ਪੈਸਫਿਕ ਦੇ ਤਲ ਦੇ ਬਰਾਬਰ ਆ ਜਾਂਦਾ ਹੈ। ਇਥੋਂ ਅੱਗੇ ਸੱਤ ਮੀਲ ਜਹਾਜ਼ ਹੋਰ ਚੱਲ ਕੇ ਜਹਾਜ਼ ਪਨਾਮਾ-ਖਾੜੀ ਵਿੱਚ ਪੁੱਜ ਜਾਂਦਾ ਹੈ। ਜਹਾਜ਼ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਲਿਆਉਣ ਦੀ ਪ੍ਰਕਿਰਿਆ ਏਨੀ ਆਸਾਨ ਨਹੀਂ ਹੈ। ਇਕ ਜਹਾਜ਼ ਨੂੰ ਲੰਘਾਉਣ ਲਈ ਗਿਆਰਾਂ ਤੋਂ ਬਾਰਾਂ ਘੰਟੇ ਲੱਗ ਜਾਂਦੇ ਹਨ ਪਰ ਅੱਠ-ਹਜ਼ਾਰ ਮੀਲ ਜਾਂ ਪੰਦਰਾਂ ਤੋਂ ਵੀਹ ਦਿਨ ਬਚ ਜਾਂਦੇ ਹਨ।
ਇਹਨਾਂ ਲੌਕਾਂ ਵਿੱਚ ਗੇਟਨ, ਮੇਡਨ ਤੇ ਮੀਰਾਫਲੋਰਜ਼ ਝੀਲਾਂ ਦਾ ਮਿੱਠਾ ਪਾਣੀ ਵਰਤਿਆ ਜਾਂਦਾ ਹੈ ਤੇ ਇਸਨੂੰ ਸਮੁੰਦਰ ਦੇ ਖਾਰੇ ਪਾਣੀ ਨਾਲ ਰਲ਼ਣ ਤੋਂ ਬਚਾਇਆ ਜਾਂਦਾ ਹੈ ਕਿਉਂਕਿ ਸਮੁੰਦਰ ਦੇ ਪਾਣੀ ਵਿੱਚ ਵਖਰਾ ਕਰੰਟ ਹੁੰਦਾ ਹੈ ਜੋ ਲੌਕਾਂ ਲਈ ਢੁਕਵਾਂ ਨਹੀਂ। ਲੌਕ ਦੇ ਸਾਰੇ ਚੈਨਲ ਅੰਦਰੋਂ ਪਾਈਪਾਂ ਰਾਹੀਂ ਜੋੜੇ ਹੁੰਦੇ ਹਨ ਤੇ ਲੌਕਾਂ ਦੁਆਲੇ ਪਾਣੀ ਨਾਲ ਭਰੇ ਵੱਡੇ ਹੌਜ਼ ਹਨ। ਇਕ ਲੌਕ ਵਿੱਚ ਗਿਆਰਾਂ-ਹਜ਼ਾਰ ਟਨ ਪਾਣੀ ਵਰਤਿਆ ਜਾਂਦਾ ਹੈ। ਇਸ ਪਾਣੀ ਵਿੱਚੋਂ 40% ਪਾਣੀ ਜ਼ਾਇਆ ਹੋ ਜਾਂਦਾ ਹੈ ਤੇ 60% ਨੂੰ ਦੁਬਾਰਾ ਵਰਤ ਲਿਆ ਜਾਂਦਾ ਹੈ। ਪਨਾਮਾ-ਨਹਿਰ ਨੂੰ ਚਲਾਉਣ ਲਈ ਬਹੁਤ ਖਰਚਾ ਹੁੰਦਾ ਹੈ ਪਰ ਇਸਤੋਂ ਆਮਦਨ ਵੀ ਬਹੁਤ ਹੈ। ਹੁਣ ਇਸ ਨਹਿਰ ਦੀ ਮਲਕੀਅਤ ‘ਪਨਾਮਾ ਕੈਨਾਲ ਅਥੌਰਟੀ’ ਕੋਲ ਹੈ ਜੋ ਪਨਾਮਾ-ਸਰਕਾਰ ਦੀ ਸੰਸਥਾ ਹੈ। ਪਨਾਮਾ ਦੇਸ਼ ਦੀ ਸਾਰੀ ਇਕੌਨੌਮੀ ਹੁਣ ਪਨਾਮਾ-ਨਹਿਰ ਉਪਰ ਹੀ ਨਿਰਭਰ ਕਰਦੀ ਹੈ। ਟਰੀਟੀ ਮੁਤਾਬਕ 1977 ਵਿੱਚ ਪਨਾਮਾ ਸਰਕਾਰ ਨਹਿਰ ਵਿੱਚ ਅਮਰੀਕਾ ਨਾਲ ਬਰਾਬਰ ਦੀ ਹਿੱਸੇਦਾਰ ਬਣ ਗਈ ਸੀ ਤੇ 1999 ਵਿੱਚ ਸਾਰਾ ਕੰਟਰੋਲ ਪਨਾਮਾ ਸਰਕਾਰ ਨੂੰ ਦੇ ਦਿੱਤਾ ਗਿਆ।
ਨਹਿਰ ਕਾਰਨ ਜਹਾਜ਼ਾਂ ਦੀਆਂ ਕੰਪਨੀਆਂ ਦਾ ਬਹੁਤ ਸਾਰਾ ਸਮਾਂ ਤੇ ਪੈਸਾ ਬਚਦਾ ਹੈ ਉਥੇ ਇਸ ਨਹਿਰ ਰਾਹੀਂ ਲੰਘਣਾ ਵੀ ਸਸਤਾ ਨਹੀਂ ਹੈ। ਇਸ ਵਿੱਚ ਲੰਘਣ ਲਈ ਭਾੜਾ ਭਾਰ ਦੇ ਹਿਸਾਬ ਨਾਲ ਜਾਂ ਹਰ ਵਿਅਕਤੀ ਮਗਰ ਲਿਆ ਜਾਂਦਾ ਹੈ। ਮਿਸਾਲ ਦੇ ਤੌਰ ‘ਤੇ ਪਿਛਲੇ ਸਾਲਾਂ ਵਿੱਚ ਇਕ ਕੰਟੇਨਰ ਦੇ 90 ਡਾਲਰ ਲਏ ਜਾਂਦੇ ਸਨ ਤੇ ਸਵਾਰੀਆਂ ਵਾਲੇ ਜਹਾਜ਼ ਭਾਵ ਕਰੂਜ਼ ਵਿੱਚ ਇਕ ਬੰਦੇ ਮਗਰ 150 ਡਾਲਰ ਸਨ। ਇਕ ਜਹਾਜ਼ ਵਿੱਚ ਪੰਜ-ਹਜ਼ਾਰ ਕੰਟੇਨਰ ਲੱਦੇ ਹੁੰਦੇ ਹਨ ਸੋ ਇਕ ਜਹਾਜ਼ ਦੇ ਲੰਘਣ ਦਾ ਭਾੜਾ ਸਾਢੇ ਚਾਰ ਲੱਖ ਡਾਲਰ। ਘੱਟੋ-ਘੱਟ ਚਾਲੀ ਜਹਾਜ਼ ਰੋਜ਼ਾਨਾ ਲੰਘਦੇ ਹਨ। ਹੁਣ ਤਾਂ ਦਸ ਤੋਂ ਪੰਦਰਾਂ ਹਜ਼ਾਰ ਕੰਟੇਨਰਾਂ ਵਾਲੇ ਜਹਾਜ਼ ਵੀ ਆ ਗਏ। ਦੇਖੋ ਜ਼ਰਾ ਹਿਸਾਬ ਕਿਥੇ ਜਾਂਦਾ ਹੈ। ਇਵੇਂ ਹੀ ਇਕ ਕਰੂਜ਼ ਵਿੱਚ ਚਾਰ-ਹਜ਼ਾਰ ਯਾਤਰੀ ਹੁੰਦੇ ਹਨ ਇਵੇਂ ਇਕ ਕਰੂਜ਼ ਨੂੰ ਪਨਾਮਾ-ਨਹਿਰ ਪਾਰ ਕਰਨ ਦੇ ਛੇ-ਲੱਖ ਡਾਲਰ ਦੇਣੇ ਪੈਂਦੇ ਹਨ। ਹਾਂ, ਪਨਾਮਾ-ਨਹਿਰ ਦੇ ਨਾਲ-ਨਾਲ ਰੇਲਵੇ-ਲਾਈਨ ਵੀ ਜਾਂਦੀ ਹੈ ਤੇ ਹਾਈ-ਵੇ ਵੀ।
ਪਨਾਮਾ-ਨਹਿਰ ਦੀ ਸਾਂਭ-ਸੰਭਾਲ ਵੀ ਕੋਈ ਸੌਖਾ ਕੰਮ ਨਹੀਂ ਹੈ। ਇਸਨੂੰ ਸਮੇਂ-ਸਮੇਂ ਨਵਿਆਇਆ ਜਾਂਦਾ ਹੈ। ਵਕਤ ਨਾਲ ਜਹਾਜ਼ ਵੱਡੇ ਬਣਨ ਲੱਗੇ ਹਨ ਤੇ ਉਹਨਾਂ ਦੀ ਲੋੜ ਅਨੁਸਾਰ ਨਹਿਰ ਨੂੰ ਵੀ ਨਵੀਨ ਕਰਨ ਦੀ ਵਿਸ਼ੇਸ਼ ਲੋੜ ਪੈਂਦੀ ਰਹਿੰਦੀ ਹੈ। ਇਸਦੀ ਸੁਰੱਖਿਆ ਉਪਰ ਵੀ ਵਾਹਵਾ ਖਰਚ ਆਉਂਦਾ ਹੈ। ਪਨਾਮਾ-ਨਹਿਰ ਨੂੰ ਕਈ ਕਿਸਮ ਦੀਆਂ ਚਣੌਤੀਆਂ ਦਾ ਸਾਹਮਣਾ ਵੀ ਹੈ। ਮੀਂਹ ਜ਼ਿਆਦਾ ਪੈਣ ਕਾਰਨ ਕਈ ਵਾਰ ਜ਼ਮੀਨ ਦੇ ਖਿਸਕਣ ਕਰਕੇ ਨਹਿਰ ਮਿੱਟੀ ਨਾਲ ਭਰ ਜਾਂਦੀ ਹੈ ਤੇ ਇਸਦੀ ਜਲਦੀ-ਜਲਦੀ ਸਫਾਈ ਕਰਨੀ ਪੈਂਦੀ ਹੈ। ਨਹਿਰ ਕਾਰਨ ਵਾਤਾਵਰਣ ਉਪਰ ਵੀ ਬਹੁਤ ਅਸਰ ਪੈਂਦਾ ਹੈ। ਪਨਾਮਾ-ਨਹਿਰ ਦੇ ਆਲੇ-ਦੁਆਲੇ ਦੇ ਜੰਗਲਾਂ ਵਿੱਚ ਵਸਦੇ ਲੋਕਾਂ ਦੇ ਜੀਵਨ ਉਪਰ ਨਹਿਰ ਦਾ ਨਾਂਹ-ਵਾਚਕ ਅਸਰ ਪੈਂਦਾ ਹੈ। ਹੁਣ ਗਵਾਂਢੀ ਮੁਲਕ ਨਿਕਰਾਗੂਆ ਵਲੋਂ ਵੀ ਅਜਿਹੀ ਹੀ ਇਕ ਨਹਿਰ ਕੱਢਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਨਿਕਰਾਗੂਆ ਵਿੱਚ ਦੋਵਾਂ ਸਮੁੰਦਰਾਂ ਵਿੱਚਕਾਰਲੀ ਧਰਤੀ ਕੁਝ ਲੰਮੇਰੀ ਹੈ ਪਰ ਉਥੇ ਵੀ ਇਕ ਝੀਲ ਪੈਂਦੀ ਹੈ ਜਿਸਦਾ ਸਹਾਰਾ ਲਿਆ ਜਾ ਸਕਦਾ ਹੈ। ਪਰ ਹਾਲੇ ਇਹ ਪਰੋਜੈਕਟ ਬਹੁਤ ਦੂਰ ਹੈ।
ਨਹਿਰ-ਪਨਾਮਾ ਨੂੰ ਬਣਾਉਣ ਦੀਆਂ ਬਹੁਤ ਸਾਰੀਆਂ ਤਸਵੀਰਾਂ ਇੰਟਰਨੈੱਟ ‘ਤੇ ਮਿਲਦੀਆਂ ਹਨ ਜਿਹਨਾਂ ਨੂੰ ਦੇਖਕੇ ਤੁਸੀਂ ਮਨੁੱਖ ਦੀ ਇੰਜੀਨੀਅਰਿੰਗ ਕਾਬਲੀਅਤ ‘ਤੇ ਹੈਰਾਨ ਰਹਿ ਜਾਵੋਂਗੇ। ਬਹੁਤ ਸਾਰੀਆਂ ਵੀਡੀਓ ਵੀ ਯੂਟਿਊਬ ‘ਤੇ ਦੇਖੀਆਂ ਜਾ ਸਕਦੀਆਂ ਹਨ। ਇਸ ਨਹਿਰ ਵਿੱਚ ਦੀ ਲੰਘਣ ਦਾ ਅਨੁਭਵ ਵੀ ਬਹੁਤ ਅਨੋਖਾ ਹੈ। ‘ਅਮਰੀਕਨ ਸੁਸਾਇਟੀ ਆਫ ਸਿਵਿਲ ਇੰਜੀਨੀਅਰ’ ਨੇ ਪਨਾਮਾ-ਨਹਿਰ ਨੂੰ ਮਾਡਰਨ-ਦੁਨੀਆ ਦਾ ਸਤਵਾਂ ਅਜੂਬਾ ਕਿਹਾ ਹੈ।
Total Views: 21 ,
Real Estate