ਗਨੀਵ ਕੌਰ ਮਜੀਠੀਆ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ,


ਅਕਾਲੀ ਦਲ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿਚ ਜਾਨੋਂ ਮਾਰਨ ਦਾ ਖਦਸ਼ਾ

ਸ਼੍ਰੋਮਣੀ ਅਕਾਲੀ ਦਲ (ਬਾਦਲ)ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੁੰ ਦੱਸਿਆ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੁੰ ਜੇਲ੍ਹ ਵਿਚ ਖ਼ਤਰਾ ਹੈ ਤੇ ਇਸਦੇ ਨਾਲ ਹੀ ਉਹਨਾਂ ’ਤੇ ਕੋਈ ਵੀ ਬਰਾਮਦਗੀ ਪਾ ਕੇ ਉਹਨਾਂ ਨੁੰ ਇਕ ਹੋਰ ਝੂਠੇ ਮੁਕੱਦਮੇ ਵਿਚ ਫਸਾਇਆ ਜਾ ਸਕਦਾ ਹੈ। ਹਰਸਿਮਰਤ ਕੌਰ ਬਾਦਲ, ਸਾਬਕਾ ਮੰਤਰੀ ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਯਾਲੀ ਤੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਸਮੇਤ ਅਕਾਲੀ ਦਲ ਦੇ ਇਕ ਵਫਦ ਨੇ ਰਾਜਪਾਲ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਨੂੰ ਆਖਿਆ ਕਿ ਉਹ ਹਰਪ੍ਰੀਤ ਸਿੱਧੂ ਨੁੰ ਏ ਡੀ ਜੀ ਪੀ ਜੇਲ੍ਹਾਂ ਦੇ ਦਿੱਤੇ ਐਡੀਸ਼ਨ ਚਾਰਜ ਨੂੰ ਵਾਪਸ ਲੈਣ ਲਈ ਤੁਰੰਤ ਹਦਾਇਤਾਂ ਜਾਰੀ ਕਰਨ।
ਵਫਦ ਨੇ ਰਾਜਪਾਲ ਦੇ ਧਿਆਨ ਵਿਚ ਲਿਆਂਦਾ ਕਿ ਪਿਛਲੀ ਸਰਕਾਰ ਵਾਂਗੂ ਮੌਜੂਦਾ ਆਮ ਆਦਮੀ ਪਾਰਟੀ ਸਰਕਾਰ ਵੀ ਹਰਪ੍ਰੀਤ ਸਿੱਧੂ ਦੇ ਹੱਥਾਂ ਵਿਚ ਖੇਡ ਰਹੀ ਹੈ। ਉਹਨਾਂ ਕਿਹਾ ਕਿ ਪੁਲਿਸ ਅਫਸਰ ਜੋ ਨਸ਼ਿਆਂ ਨੁੰ ਖ਼ਤਮ ਕਰਨ ਲਈ ਸਪੈਸ਼ਲ ਟਾਸਕ ਫੋਰਸ ਦੇ ਮੁਖੀ ਵਜੋਂ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਏ ਹਨ, ਨੂੰ ਏ ਡੀ ਜੀ ਪੀ ਜੇਲ੍ਹਾਂ ਦਾ ਐਡੀਸ਼ਨਲ ਚਾਰਜ ਸਿਰਫ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਨਿੱਜੀ ਕਿੜਾਂ ਕੱਢਣ ਵਾਸਤੇ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਅਜਿਹਾ ਕਰਨਾ ਆਮ ਆਦਮੀ ਪਾਰਟੀ ਵਾਸਤੇ ਸਿਆਸੀ ਤੌਰ ’ਤੇ ਲਾਹੇਵੰਦ ਹੈ ਕਿਉਂਕਿ ਇਸਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪਹਿਲਾਂ ਹੀ ਮਜੀਠੀਆ ਨਾਲ ਲੱਗਦੇ ਹਨ ਕਿਉਂਕਿ ਉਹਨਾਂ ਨੂੰ ਨਸ਼ਿਆਂ ਦੇ ਮਾਮਲੇ ਵਿਚ ਉਹਨਾਂ ਖਿਲਾਫ ਲਾਏ ਦੋਸ਼ਾਂ ਲਈ ਉਹਨਾਂ ਤੋਂ ਮੁਆਫੀ ਮੰਗਣੀ ਪਈ ਹੈ।
ਰਾਜ ਭਵਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਜਦੋਂ ਤੱਕ ਹਰਪ੍ਰੀਤ ਸਿੰਘ ਸਿੱਧੂ ਏ ਡੀ ਜੀ ਪੀ ਜੇਲ੍ਹਾਂ ਰਹੇਗਾ, ਮੇਰੇ ਭਰਾ ਦੀ ਜੇਲ੍ਹ ਵਿਚ ਜਾਨ ਸੁਰੱਖਿਅਤ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਅਫਸਰ ਉਹਨਾਂ ਦੇ ਭਰਾ ਦਾ ਨੁਕਸਾਨ ਕਰਨ ਵਾਸਤੇ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੇਲ੍ਹ ਵਿਚ ਬਿਕਰਮ ਸਿੰਘ ਮਜੀਠੀਆ ਨੁੰ ਖ਼ਤਮ ਕੀਤਾ ਜਾ ਸਕਦਾ ਹੈ ਜਾਂ ਫਿਰ ਉਹਨਾਂ ਨੁੰ ਇਕ ਹੋਰ ਝੂਠੇ ਕੇਸ ਵਿਚ ਸਫਾਇਆ ਜਾ ਸਕਦਾ ਹੈ।
ਗਨੀਵ ਕੌਰ ਮਜੀਠੀਆ ਨੇ ਮੀਡੀਆ ਨੂੰ ਦੱਸਿਆ ਕਿ ਪਰਿਵਾਰ ਨੁੰ ਡਰ ਹੈ ਕਿ ਹਰਪ੍ਰੀਤ ਸਿੱਧੂ ਉਹਨਾਂ ਦੇ ਪਤੀ ਖਿਲਾਫ ਇਕ ਹੋਰ ਝੁਠੀ ਐਫ ਆਈ ਆਰ ਦਰਜ ਕਰ ਦੇਵੇਗਾ। ਉਹਨਾਂ ਦੱਸਿਆ ਕਿ ਉਹਨਾਂ ਨੇ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਮਾਮਲੇ ਵਿਚ ਦਖਲ ਦੇਣ ਅਤੇ ਉਹਨਾਂ ਦੇ ਪਰਿਵਾਰ ਨੁੰ ਨਿਆਂ ਦੇਣ ਕਿਉਂਕਿ ਪਰਿਵਾਰ ਬਦਲਾਖੋਰੀ ਤੋਂ ਪੀੜਤ ਹੈ।
ਇਸ ਤੋਂ ਪਹਿਲਾਂ ਅਕਾਲੀ ਦਲ ਦੇ ਵਫਦ ਨੇ ਰਾਜਪਾਲ ਨੁੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਸਿੱਧੂ ਜਿਸਦੀ ਮਜੀਠੀਆ ਪਰਿਵਾਰ ਨਾਲ ਦੁਸ਼ਮਣੀ ਹੈ, ਨੁੰ ਸੁਪਰ ਡੀ ਜੀ ਪੀ ਵਜੋਂ ਕੰਮ ਨਹੀਂ ਕਰਨ ਦੇਣਾ ਚਾਹੀਦਾ। ਵਫਦ ਨੇ ਦੱਸਿਆ ਕਿ ਪੁਲਿਸ ਅਫਸਰ ਨਾ ਸਿਰਫ ਐਸ ਟੀ ਐਫ ਦੇ ਮੁਖੀ ਵਜੋਂ ਮਜੀਠੀਆ ਦੇ ਖਿਲਾਫ ਦੋਸ਼ਾਂ ਦੀ ਜਾਂਚ ਲਈ ਐਸ ਟੀ ਐਫ ਗਠਿਤ ਕਰਵਾਉਣ ਲਈ ਜ਼ਿੰਮੇਵਾਰ ਹਨ ਬਲਕਿ ਉਹ ਇਸ ਨੁੰ ਕੰਟਰੋਲ ਕਰ ਰਿਹਾ ਹੈ। ਉਹਨਾਂ ਕਿਹਾ ਕਿ ਹੁਣ ਸਿੱਧੂ ਨੁੰ ਜੇਲ੍ਹ ਵਿਭਾਗ ਦਾ ਐਡੀਸ਼ਨਲ ਚਾਰਜ ਦਿੱਤਾ ਗਿਆ ਹੈ ਤਾਂ ਜੋ ਉਹ ਮਜੀਠੀਆ ਦੇ ਖਿਲਾਫ ਹੋਰ ਝੂਠੇ ਸਬੂਤ ਜੁਟਾ ਸਕਣ।

Total Views: 89 ,
Real Estate