ਹਮਲਾਵਰਾਂ ਦੀ ਗਿਣਤੀ ਵੱਧ ਹੋਣ ਕਾਰਨ ਤੇ ਗੱਡੀ ਨੂੰ ਤਿੰਨ ਪਾਸਿਉਂ ਘੇਰਨ ਕਰ ਕੇ ਨਹੀਂ ਹੋ ਸਕਿਆ ਮੂਸੇ ਵਾਲੇ ਦਾ ਬਚਾਅ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ’ਤੇ ਬੀਤੀ ਸ਼ਾਮ ਜਦੋਂ ਹਮਲਾ ਹੋਇਆ ਤਾਂ ਉਸ ਨਾਲ ਜੀਪ ਵਿਚ ਬੈਠੇ ਦੋਸਤ ਗੁਰਵਿੰਦਰ ਸਿੰਘ ਨੇ ਵੀ ਹਮਲਾਵਰ ਰੁਖ਼ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਪੁਲੀਸ ਨੂੰ ਦੱਸਿਆ ਕਿ ਜਦੋਂ ਕਾਰ ’ਤੇ ਗੋਲੀਆਂ ਚਲਾਈਆਂ ਗਈਆਂ ਤਾਂ ਉਸ ਨੇ ਹਮਲਾਵਰਾਂ ’ਤੇ ਦੋ ਗੋਲੀਆਂ ਚਲਾਈਆਂ ਪਰ ਹਮਲਾਵਰਾਂ ਨੇ ਥਾਰ ਨੂੰ ਤਿੰਨ ਪਾਸਿਉਂ ਘੇਰ ਲਿਆ ਅਤੇ ਗੋਲੀਆਂ ਚਲਾਉਂਦੇ ਰਹੇ। ਇਕ ਹਮਲਾਵਰ ਨੇ ਅਸਾਲਟ ਰਾਈਫਲ ਨਾਲ ਸਾਹਮਣੇ ਤੋਂ ਗੋਲੀਆਂ ਚਲਾਈਆਂ ਜਦਕਿ ਬਾਕੀ ਦੋਵਾਂ ਪਾਸਿਆਂ ਤੋਂ ਗੋਲੀਆਂ ਵਰ੍ਹਾਉਂਦੇ ਰਹੇ। ਹਮਲਾਵਰਾਂ ਦਾ ਧਿਆਨ ਸਿਰਫ਼ ਮੂਸੇਵਾਲਾ ’ਤੇ ਹੀ ਸੀ। ਲੁਧਿਆਣਾ ਦੇ ਡੀਐਮਸੀ ਹਸਪਤਾਲ ਤੋਂ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਉਸ ਨੇ ਕਿਹਾ ਕਿ ਜਦੋਂ ਹਮਲਾ ਹੋਇਆ ਤਾਂ ਮੂਸੇਵਾਲਾ ਆਪਣੀ ਮਾਸੀ ਦੇ ਘਰ ਜਾ ਰਿਹਾ ਸੀ। ਉਹ ਆਪਣੇ ਸੁਰੱਖਿਆ ਕਰਮੀ ਇਸ ਕਰ ਕੇ ਨਹੀਂ ਲੈ ਗਏ ਕਿਉਂਕਿ ਮਾਸੀ ਦਾ ਘਰ ਨੇੜੇ ਹੀ ਸੀ ਅਤੇ ਥਾਰ ਵਿਚ ਹੋਰ ਜਣਿਆਂ ਦੇ ਬੈਠਣ ਦੀ ਥਾਂ ਵੀ ਨਹੀਂ ਸੀ। ਮੂਸੇਵਾਲਾ ਦੇ ਦੋ ਦੋਸਤ ਗੁਰਵਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਲੁਧਿਆਣਾ ਦੇ ਦਿਆਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਗੁਰਵਿੰਦਰ ਸਿੰਘ (26) ਦੇ ਸੱਜੇ ਹੱਥ ਵਿੱਚ ਗੋਲੀ ਲੱਗੀ ਹੈ ਜਦਕਿ ਗੁਰਪ੍ਰੀਤ ਸਿੰਘ (32) ਦੀ ਖੱਬੀ ਬਾਂਹ ਅਤੇ ਪੱਟ ਵਿੱਚ ਗੋਲੀ ਲੱਗੀ ਹੈ।

Total Views: 42 ,
Real Estate