
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੀਟਿੰਗ ਗੱਦ ਹੋਣ ਤੋਂ ਬਾਅਦ, ਆਪਣੀਆਂ ਮੰਗਾਂ ਲਈ ਕਿਸਾਨਾਂ ਨੇ ਮੋਹਾਲੀ-ਚੰਡੀਗੜ੍ਹ ਬਾਰਡਰ ‘ਤੇ ਪੱਕਾ ਮੋਰਚੇ ਲਗਾ ਲਿਆ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਕਿਸਾਨ ਆਪਣੇ ਮੁੱਦੇ ਦੱਸ ਦੇਣ ਉਹ ਗੱਲਬਾਤ ਲਈ ਤਿਆਰ ਹਨ। ਕਿਸਾਨ ਯੂਨੀਅਨਾਂ ਵੱਲੋਂ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ-ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਸੀ। ਇਸ ਰੋਸ-ਪ੍ਰਦਰਸ਼ਨ ਵਿੱਚ 16 ਕਿਸਾਨ ਜਥੇਬੰਦੀਆਂ ਸ਼ਾਮਿਲ ਹਨ। ਕਿਸਾਨ ਆਗੂਆਂ ਨੇ ਇੱਕ ਬੈਠਕ ਕੀਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਚੰਡਿਗੜ੍ਹ ਵੱਲ ਮਾਰਚ ਕਰਨਾ ਸ਼ੁਰੂ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨ ਯੂਨੀਅਨਾਂ ਦੇ ਇਸ ਪ੍ਰਰਦਰਸ਼ਨ ‘ਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਗੱਲਬਾਤ ਦਾ ਦੌਰ ਖੁੱਲ੍ਹਾ ਹੈ। ਧਰਨਾ ਦੇਣਾ ਉਨ੍ਹਾਂ ਦਾ ਸੰਵਿਧਾਨਕ ਹੱਕ ਹੈ ਪਰ ਉਹ ਮੁੱਦੇ ਤਾਂ ਦੱਸ ਦੇਣ। ‘ਮੇਰਾ ਸਾਥ ਦੇ ਕੇ ਦੇਖ ਲਓ, ਜੇ ਘਾਟਾ ਪੈ ਗਿਆ ਤਾਂ ਮੈਂ ਪੂਰਾ ਕਰ ਦਿਆਂਗਾ’ ਉਨ੍ਹਾਂ ਨੇ ਕਿਹਾ, “ਮੈਂ ਤਾਂ ਆਪਣੇ ਵੱਲੋਂ ਧਰਤੀ ਦਾ ਪਾਣੀ, ਹਵਾ ਅਤੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ।” “ਮੁਲਾਕਾਤ ਕਰਨ ਲਈ ਜਦੋਂ ਮਰਜ਼ੀ ਆਉਣ, ਮੈਂ ਪਹਿਲਾਂ ਵੀ ਬੁਲਾਉਂਦਾ ਰਿਹਾ, ਮੈਂ ਆਪ ਕਿਸਾਨ ਦਾ ਬੇਟਾ, 18 ਜੂਨ ਤੇ 10 ਜੂਨ ਵਿੱਚ ਕੀ ਫਰਕ ਹੈ। ਜਦੋਂ ਮੈਂ ਕਹਿ ਰਿਹਾ ਹਾਂ ਕਿ ਐੱਮਐੱਸਪੀ ਮੂੰਗੀ ‘ਤੇ ਵੀ ਅਤੇ ਬਾਸਮਤੀ ‘ਤੇ ਵੀ ਹੋਵੇਗੀ, ਭਾਵੇਂ ਜਿੰਨੀ ਮਰਜ਼ੀ ਸਿਲ ਵਾਲੀ ਲੈਣ ਆਉਣ ਪਰ ਇੱਕ ਵਾਰ ਕੋਸ਼ਿਸ਼ ਤਾਂ ਕਰ ਕੇ ਦੇਖ ਲਓ।” ਭਗਵੰਤ ਮਾਨ ਨੇ ਕਿਹਾ, “ਮੈਂ ਜਥੇਬੰਦੀਆਂ ਕੋਲੋਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਮੈਨੂੰ ਇਹ ਦੱਸ ਦੇਣ ਕਿ ਮੈਂ ਧਰਤੀ ਲਈ ਗ਼ਲਤ ਕੀ ਕਰ ਰਿਹਾ ਹਾਂ। ਮੈਂ ਸਹਿਯੋਗ ਮੰਗ ਰਿਹਾ ਪਰ ਇੱਕ ਸਾਲ ਮੇਰਾ ਸਾਥ ਦੇ ਕੇ ਦੇਖ ਲਓ, ਜੇ ਘਾਟਾ ਪੈ ਗਿਆ ਤਾਂ ਮੈਂ ਸਰਕਾਰ ‘ਚ ਹਾਂ ਪੂਰਾ ਕਰ ਦਿਆਂਗਾ।”
















