ਮਾਲਵੇ ਵਿੱਚ ਫਸਲਾਂ ਦੇ ਝਾੜ ਘਟਣ ਨਾਲ ਕਿਸਾਨਾਂ ਦਾ ਮਹਿੰਗੇ ਮੁੱਲ ਦੀਆਂ ਜ਼ਮੀਨਾਂ ਤੋਂ ਮੋਹ ਭੰਗ ਹੋਣ ਲੱਗਾ

ਸਸਤੇ ਮੁੱਲ ਦੀਆਂ ਜ਼ਮੀਨਾਂ ਦੀ ਪੁੱਛ ਪੜਤਾਲ ਵਧੀ
ਸ੍ਰੀ ਮੁਕਤਸਰ ਸਾਹਿਬ 21 ਅਪ੍ਰੈਲ (ਕੁਲਦੀਪ ਸਿੰਘ ਘੁਮਾਣ) ਵਕਤ ਦੇ ਬਦਲਦੇ ਹੋਏ ਰੰਗਾਂ ਦੀ ਹੀ ਖੇਡ ਹੈ ਕਿ  ਪੱਕੀਆਂ ਜ਼ਮੀਨਾਂ ਵਿੱਚੋਂ ਕਣਕ ਦੇ ਪੱਚੀ ਤੀਹ ਮਣ ਰਹਿ ਗਏ ਝਾੜ ਅਤੇ ਰੇਤਲੀਆਂ ਜ਼ਮੀਨਾਂ ਵਿੱਚੋਂ ਪੰਤਾਲੀ ਪੰਜਾਹ ਮਣ ਨਿਕਲੇ ਝਾੜ ਤੋਂ ਇਲਾਵਾ ਪੱਕੀਆਂ ਜ਼ਮੀਨਾਂ ਵਿੱਚੋਂ ਦਸ ਪੰਦਰਾਂ ਮਣ ਝੋਨੇ ਦੇ ਘਟੇ ਝਾੜ ਅਤੇ ਮਾਲਵੇ ਦੀਆਂ ਰੇਤਲੀਆਂ ਜ਼ਮੀਨਾਂ ਵਿੱਚੋਂ ਗਿਆਰਾਂ , ਬਾਰਾਂ ਹਜ਼ਾਰ ਰੁਪਏ ਪ੍ਰਤੀ ਕੁਇੰਟਲ ਵਿਕੇ ਨਰਮੇ ਅਤੇ ਸੱਤ , ਸਾਢੇ ਸੱਤ ਹਜ਼ਾਰ ਰੁਪਏ ਨੂੰ ਵਿਕੀ ਸਰੋਂ ਨੇ, ਲੋਕਾਂ ਦਾ ਮਹਿੰਗੇ ਮੁੱਲ ਦੀਆਂ ਜ਼ਮੀਨਾਂ ਤੋਂ ਮੂੰਹ ਮੋੜ ਦਿੱਤਾ ਹੈ। ਕਿਉਂਕਿ ਇਨ੍ਹਾਂ ਜ਼ਮੀਨਾਂ ਦਾ ਸੱਠ ਸੱਤਰ ਹਜ਼ਾਰ ਦਿੱਤਾ ਗਿਆ ਠੇਕਾ ਵੀ , ਖਰਚੇ ਕੱਢ ਕੇ ਪੂਰਾ ਨਹੀਂ ਹੋਇਆ।  ਜਦੋਂ ਕਿ ਸਸਤੇ ਮੁੱਲ ਦੀਆਂ ਜ਼ਮੀਨਾਂ ਦੇ ਘੱਟ ਭਰੇ ਗਏ ਠੇਕੇ ਤੋਂ ਬਾਅਦ , ਇਨ੍ਹਾਂ ਜ਼ਮੀਨਾਂ ਵਿੱਚੋਂ ਹੋਈ ਚੰਗੀ ਕਮਾਈ ਨੇ ਕਿਸਾਨਾਂ ਦੇ ਹੌਂਸਲੇ ਬੁਲੰਦ ਕੀਤੇ ਹਨ। ਇਨ੍ਹਾਂ ਸਸਤੀਆਂ ਜ਼ਮੀਨਾਂ ਦੇ ਮਾਲਕਾਂ ਦੀ ਵੀ ਠੁੱਕ ਬਣ ਗਈ ਹੈ ਉਹ ਪੂਰੇ ਹੌਂਸਲੇ ਵਿੱਚ ਹਨ। ਇਹਨਾਂ ਜ਼ਮੀਨਾਂ ਨੂੰ ਠੇਕੇ ‘ਤੇ ਲੈਣ ਵਾਲੇ ਕਿਸਾਨ ਅਤੇ ਮਾਲਕ ਵੀ ਆਰਥਿਕ ਪੱਖੋਂ ਰਾਹਤ ਮਹਿਸੂਸ ਕਰ ਰਹੇ ਹਨ । ਕਾਰਣ ਭਾਵੇਂ ਹੋਰ ਵੀ ਕਈ ਹਨ ਪਰ ਉਪ੍ਰੋਕਤ ਮੁੱਖ ਕਾਰਨਾਂ ਦੇ ਨਤੀਜੇ ਵਜੋਂ ਮਹਿੰਗੀਆਂ ਜ਼ਮੀਨਾਂ ਦੇ ਮੁਕਾਬਲਤਨ , ਸਸਤੇ ਮੁੱਲ ਦੀ ਡੇਢ ਗੁਣਾਂ ਬਣਦੀ ਜ਼ਮੀਨ ਅਤੇ ਜ਼ਿਆਦਾ ਕਮਾਈ ਨੇ , ਲੋਕਾਂ ਦਾ ਮਹਿੰਗੀਆਂ ਜ਼ਮੀਨਾਂ ਤੋਂ ਮੋਹ ਭੰਗ ਕਰ ਦਿੱਤਾ ਹੈ ਅਤੇ ਸਸਤੇ ਮੁੱਲ ਦੀਆਂ ਜ਼ਮੀਨਾਂ ਵੱਲ ਜ਼ਿਮੀਂਦਾਰਾਂ ਦਾ ਚਾਅ ਡੁੱਲ੍ਹ ਡੁੱਲ੍ਹ ਪੈਣ ਲੱਗਾ ਹੈ। ਜਿਸਦੇ ਨਤੀਜੇ ਵਜੋਂ ਸਸਤੇ ਮੁੱਲ ਦੀਆਂ ਜ਼ਮੀਨਾਂ ਦੀ ਖਰੀਦ ਵੇਚ ਵਿੱਚ ਚੋਖਾ ਵਾਧਾ ਹੋਣ ਦੇ ਅਸਾਰ ਹਨ ।
ਇਸ ਵਾਰ ਪੱਕੀਆਂ ਜ਼ਮੀਨਾਂ ਵਿੱਚੋਂ ਦਸ ਪੰਦਰਾਂ ਮਣ ਪ੍ਰਤੀ ਕਿੱਲਾ ਝੋਨੇ ਦੇ ਘਟੇ ਝਾੜ ਦਾ ਗਮ ਅਜੇ ਕਿਸਾਨਾਂ ਨੂੰ ਭੁੱਲਿਆ ਨਹੀਂ ਸੀ ਕਿ ਹੁਣ ਹਾੜੀ ਦੀ ਫਸਲ  ਦੇ ਪ੍ਰਤੀ ਕਿੱਲਾ , ਦਸ ਪੰਦਰਾਂ ਮਣ ਘਟ ਗਏ  ਝਾੜ ਨੇ ਕਿਸਾਨਾਂ ਦੇ ਜ਼ਖਮਾਂ ‘ਤੇ ਨਮਕ ਛਿੜਕ ਦਿੱਤਾ ਹੈ।
          ਕਿਸਾਨਾਂ ਦਾ ਤਰਕ ਹੈ ਕਿ ਝੋਨੇ ਵਾਲੀਆਂ ਜ਼ਮੀਨਾਂ ਦਾ 60 , 70 ਹਜ਼ਾਰ ਠੇਕਾ ਭਰਕੇ ਪੱਲੇ ਤਾਂ ਕੁਝ ਪੈਂਦਾ ਨਹੀਂ , ਕਿਸਾਨ ਘਰ ਕਿਵੇਂ ਤੋਰੂ ……? ਐਤਕੀਂ ਲਗਾਤਾਰ ਪੈਂਦੇ ਮੀਂਹ ਕਰਕੇ , ਪੱਕੀਆਂ ਜ਼ਮੀਨਾਂ ਵਿੱਚ ਤਾਂ ਪਾਣੀ ਖੜ੍ਹ ਗਿਆ ਅਤੇ ਕਣਕਾਂ ਪੀਲੀਆਂ ਪੈ ਗਈਆਂ। ਫੇਰ ਅਚਾਨਕ ਪਈ ਗਰਮੀ ਨਾਲ ਦੋਧੇ ਦਾਣੇ ਸੁੱਕ ਗਏ , ਕਣਕ ਦੀ ਕੁਆਲਿਟੀ ਨੀਵੇਂ ਪੱਧਰ ਦੀ ਰਹਿ ਗਈ ਅਤੇ ਝਾੜ ਵੀ ਬਹੁਤ ਘਟ ਗਿਆ। ਜਦੋਂ ਕਿ ਰੇਤਲੀਆਂ ਜ਼ਮੀਨਾਂ ਵਿੱਚ ਪਾਣੀ ਲਗਾਤਾਰ ਜੀਰਦਾ ਰਿਹਾ ਅਤੇ ਕਣਕ ਦੀ ਫ਼ਸਲ ਨੂੰ ਘਿਓ ਵਾਂਗ ਲੱਗਿਆ । ਜਿਸ ਕਰਕੇ ਘੱਟ ਭਰੇ ਠੇਕੇ , ਨਰਮੇਂ , ਸਰੋਂ ਦੇ ਚੰਗੇ ਭਾਅ ਅਤੇ ਝਾੜ ਉੱਤੇ ਬਹੁਤਾ ਫ਼ਰਕ ਨਾਂ ਪੈਣ ਦੇ ਨਤੀਜੇ ਵਜੋਂ ਰੇਤਲੀਆਂ ਜ਼ਮੀਨਾਂ ਜ਼ਿਆਦਾ ਲਾਹੇਵੰਦੀਆਂ ਹਨ ।
                  ਇਸ ਸਬੰਧੀ ਕਿਸਾਨਾਂ ਤੋਂ ਇਕੱਤਰ ਕੀਤੇ ਗਏ ਵੇਰਵਿਆਂ ਅਨੁਸਾਰ ਇਹ ਗੱਲ ਪ੍ਰਮੁੱਖ ਰੂਪ ਵਿੱਚ ਸਾਹਮਣੇ ਆਈ ਕਿ ਛਾਲਾਂ ਮਾਰ ਕੇ ਵਧ ਰਹੀ ਮਹਿੰਗਾਈ ਨੇ ਕਿਸਾਨਾਂ ਦੇ ਮੱਥੇ ਵਿੱਚ ਜਗਦੀ ਜਾਗਰੂਕਤਾ ਦੀ ਤੀਜੀ ਅੱਖ ਖੋਲ੍ਹ ਦਿੱਤੀ ਹੈ । ਲੰਬੇ ਸਮੇਂ ਤੋਂ ਖੇਤੀ ਕਰ ਰਹੇ ਕਿਸਾਨ ਜਸਬੀਰ ਸਿੰਘ , ਬਲਵਿੰਦਰ ਸਿੰਘ ਅਤੇ ਗੁਰਸੇਵਕ ਸਿੰਘ  ਨੇ ਦੱਸਿਆ ਕਿ ਧਰਤੀ ਹੇਠਲੇ ਡੂੰਘੇ ਹੁੰਦੇ ਜਾ ਰਹੇ ਪਾਣੀ , ਬਿਜਲੀ ਦੀ ਕਿੱਲਤ , ਮਹਿੰਗੇ ਡੀਜ਼ਲ ਅਤੇ ਨਹਿਰੀ ਪਾਣੀ ਦੀ ਕਮੀਂ ਨੇ ਝੋਨੇ ਤੋਂ ਮੋਹ ਭੰਗ ਕਰ ਦਿੱਤਾ ਹੈ। ਲੋਕ ਘੱਟ ਪਾਣੀ ਵਾਲੀਆਂ ਫ਼ਸਲਾਂ ਵੱਲ ਉਤਸਾਹਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸੌਖੀ ਫਸਲ ਤੋਂ ਕੀ ਲੈਣਾ ਹੈ ਜੇਕਰ ਘਰ ਦਾ ਗੁਜ਼ਾਰਾ ਹੀ ਨਾਂ ਹੋਵੇ ਤਾਂ। ਨਰਮਾ , ਸਰੋਂ , ਛੋਲੇ , ਮੂੰਗਫਲੀ ਅਤੇ ਬਾਗਬਾਨੀ ਆਦਿ ਕਰਕੇ ਚੋਖਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
             ਮਹਿੰਗੇ ਮੁੱਲ ਵਾਲੀਆਂ ਪੱਕੀਆਂ ਜ਼ਮੀਨਾਂ , ਕਣਕ ਦੀ ਵਾਢੀ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਤਾਂ ਠੇਕੇ ਚੜ੍ਹ ਗਈਆਂ ਸੀ , ਉਹ ਚੜ੍ਹ ਗਈਆਂ । ਉਸ ਤੋਂ ਬਾਅਦ ਅਜੇ ਜ਼ਮੀਨਾਂ ਠੇਕੇ ‘ਤੇ ਲੈਣ ਵਾਲੇ ਚੁੱਪ ਹਨ।
          ਕੁਝ ਹੋਰ ਵੀ ਪ੍ਰਮੁੱਖ ਕਾਰਨ ਹਨ ਜਿਨ੍ਹਾਂ ਸਦਕਾ ਰੇਤਲੀਆਂ , ਸਸਤੀਆਂ ਅਤੇ ਉੱਚੀਆਂ ਜ਼ਮੀਨਾਂ ਦੀ ਖਰੀਦੋ ਫਰੋਖਤ ਵਧੀ ਹੈ। ਸ਼ਹਿਰਾਂ ਦੇ ਨੇੜਿਓਂ ਭਰਤ ਪਾਉਂਣ ਵਾਲੀ ਮਿੱਟੀ ਖਤਮ ਹੋਣ ਕਰਕੇ, ਭਰਤ ਪਾਉਂਣ ਵਾਲੀਆਂ ਟਰਾਲੀਆਂ ਨੇ ਦੂਰ ਦੁਰਾਡੇ ਦੇ ਕਿਸਾਨਾਂ ਕੋਲ ਪਹੁੰਚ ਕਰਨੀ ਸ਼ੁਰੂ ਕਰ ਦਿੱਤੀ ਹੈ। ਜਿਹੜੀ ਮਿੱਟੀ ਚੁਕਵਾਉਣ ਲਈ ਕਿਸਾਨਾਂ ਨੂੰ ਖਰਚ ਕਰਨਾ ਪੈਂਦਾ ਸੀ , ਉਹ ਹੁਣ ਮੁਫ਼ਤ ਵਿੱਚ ਚੁੱਕੀ ਜਾਣ ਲੱਗੀ ਹੈ। ਕੁਝ ਕਿਸਾਨ ਤਾਂ ਚਹੁੰਮਾਰਗੀ ਸੜਕਾਂ ਦੇ ਚੌੜੀਆਂ ਤੇ ਉੱਚੀਆਂ ਹੋਣ ਦੀ ਉਡੀਕ ਵਿੱਚ ਜ਼ਮੀਨਾਂ ਵਿੱਚ ਲਗਾਏ ਹੋਏ ਮਿੱਟੀ ਦੇ ਧੋੜਿਆਂ ਦਾ ਮੁੱਲ ਵੀ ਮੰਗਣ ਲੱਗ ਪਏ ਹਨ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਵਿਕਾਸ ਯੋਜਨਾ ਦੇ ਅਧੀਨ ਬਣ ਰਹੀਆਂ ਪੇਂਡੂ ਅਤੇ ਕਸਬਿਆਂ ਨੂੰ ਜਾਂਦੀਆਂ ਸੜਕਾਂ ਉੱਤੇ ਵੀ ਮਿੱਟੀ ਦੀ ਖਪਤ ਹੋਣ ਲੱਗੀ ਹੈ‌। ਨਹਿਰਾਂ ਨੇੜਲੀਆਂ ਸੇਮ ਕੱਢਦੀਆਂ ਜ਼ਮੀਨਾਂ ਦੇ ਮਾਲਕ ਵੀ ਭਾਂਪ ਗਏ ਹਨ ਕਿ ਮਿੱਟੀ ਖਤਮ ਹੋਣ ਦੇ ਨਾਲ ਨਾਲ ਮਹਿੰਗੀ ਵੀ ਹੋ ਰਹੀ ਹੈ ਜਿਸ ਕਰਕੇ ਉਨ੍ਹਾਂ ਨੇ ਵੀ ਜ਼ਮੀਨਾਂ ਵਿੱਚ ਮਿੱਟੀ ਪੁਆਉਂਣ ਲਈ ਤੇਜੀ ਫੜ ਲਈ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਦੂਜੇ ਸ਼ਹਿਰਾਂ ਨੂੰ ਜਾਂਦੀਆਂ ਸੜਕਾਂ ਦੇ ਉੱਚੀਆਂ ਅਤੇ  ਚਹੁੰਮਾਰਗੀ ਹੋਣ ਦੇ ਸ਼ੁਰੂ ਹੋਣ ਜਾ ਰਹੇ ਕੰਮ ਤੋਂ ਬਾਅਦ ਲੋਕ ਹੁਣ ਮਹਿਸੂਸ ਕਰਨ ਲੱਗੇ ਹਨ ਕਿ ਆਉਂਣ ਵਾਲੇ ਸਾਲ ਖੰਡ ਤੋਂ ਬਾਅਦ ਕਿੱਧਰੇ ਵੀ ਸੌਖੀ ਮਿੱਟੀ ਨਹੀਂ ਮਿਲਣੀ ।
           ਜਿਸ ਕਰਕੇ ਵਪਾਰੀਆਂ ਅਤੇ ਆਮ ਲੋਕਾਂ ਨੇ ਮੁਕਤਸਰ ਦੇ ਹਿਠਾੜ ਏਰੀਏ ਦੇ ਪਿੰਡਾਂ ਵਿੱਚ ਚਹਿਲ ਪਹਿਲ ਕਰਨੀ ਸ਼ੁਰੂ ਕਰ ਦਿੱਤੀ ਹੈ। ਪੰਜਾਬੀ ਕਹਾਵਤ ਹੈ ” ਕਦੇ ਬਾਬੇ ਦੀਆਂ , ਕਦੇ ਪੋਤੇ ਦੀਆਂ “। ਝੋਨੇ ਵਾਲੀਆਂ ਜ਼ਮੀਨਾਂ ਦੇ ਚਾਅ ਅਤੇ ਸੌਖਿਆਈਆਂ ਨੇ ਕਿਸਾਨਾਂ ਨੂੰ ਮਿਹਨਤ ਕਰਨ ਤੋਂ ਵਿਰਵਿਆਂ ਕਰ ਦਿੱਤਾ ਸੀ। ਪਰ ਹੁਣ ਕੁਦਰਤੀ ਖੇਤੀ , ਮਿਲਾਵਟ ਰਹਿਤ ਖੁਰਾਕਾਂ , ਦੇਸੀ ਅਨਾਜ਼ ਦੀ ਖਪਤ ਅਤੇ ਦੇਸੀ ਖੁਰਾਕਾਂ ਦੇ ਫਾਇਦਿਆਂ ਨੇ ਕਿਸਾਨਾਂ ਨੂੰ ਚੋਖੀ ਕਮਾਈ ਅਤੇ ਮਿਹਨਤ ਵੱਲ ਪ੍ਰੇਰਿਤ ਕੀਤਾ ਹੈ ਜਿਸ ਦੇ ਨਤੀਜੇ ਵਜੋਂ ਲੋਕ ਗੰਨਾ ਬੀਜਣ ਲੱਗੇ ਹਨ, ਰਵਾਇਤੀ ਅਤੇ ਦੇਸੀ ਗੁੜ ਬਨਾਉਂਣ ਲੱਗੇ ਹਨ ਜਿਸਨੂੰ ਕਿਸਾਨ 80 ਰੁਪਏ ਤੋਂ 120/- ਰੁਪਏ ਪ੍ਰਤੀ ਕਿੱਲੋ ਵੇਚਣ ਲੱਗਾ ਹੈ , ਨਰਮੇ ਬੀਜਣ ਲੱਗੇ ਹਨ , ਸਰੋਂ ਦੇ ਤੇਲ ਦੇ ਭਾਅ ਅਸਮਾਨੀ ਚੜ੍ਹਣ ਤੋਂ ਬਾਅਦ ਸਰੋਆਂ ਬੀਜਣ ਲੱਗੇ ਹਨ।
         “ਦੇਰ ਆਏ,ਦਰੁਸਤ ਆਏ” ਦੀ ਕਹਾਵਤ ਅਨੁਸਾਰ ਸ਼ੁਕਰ ਐ ਪੰਜਾਬੀ ਕਿਸਾਨ ਵੀ ਆਪਣੇ ਵਿਰਸੇ , ਪੁਰਾਣੀਆਂ ਖੁਰਾਕਾਂ ਅਤੇ ਮਿਹਨਤ ਵੱਲ ਬਹੁੜਿਆ ਹੈ।
ਜਿਸ ਦੇ ਨਤੀਜੇ ਵਜੋਂ ਸਸਤੀਆਂ ਜ਼ਮੀਨਾਂ ਰੱਜਵੀਂ ਰੋਟੀ ਦੇਣ ਲੱਗੀਆਂ ਹਨ । ਖਰਚੇ ਘਟਾ ਕੇ ਮੁਨਾਫ਼ੇ ਵੱਲ ਪਰਤਣ ਦਾ ਰੁਝਾਨ, ਪੰਜਾਬੀ ਕਿਸਾਨ ਦੇ ਆਉਂਣ ਵਾਲੇ ਉੱਜਲੇ ਭਵਿੱਖ ਦਾ ਪ੍ਰਤੀਕ ਹੈ।
Total Views: 114 ,
Real Estate