ਅਮਰੀਕਾ ‘ਚ ਲੱਖਾਂ ਨਸ਼ੀਲੀਆਂ ਗੋਲੀਆਂ ਜ਼ਬਤ ਹੋਣ ਦੇ ਨਾਲ ਹੋਈਆਂ 800 ਤੋਂ ਵੱਧ ਗ੍ਰਿਫਤਾਰੀਆਂ

ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ
ਫਰਿਜ਼ਨੋ (ਕੈਲੀਫੋਰਨੀਆ)
ਅਮਰੀਕੀ ਡਰੱਗ ਇਨਫੋਰਸਮੈਂਟ ਏਜੰਸੀ (ਡੀ ਈ ਏ) ਨੇ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ। ਇਸ ਏਜੰਸੀ ਨੇ ਵੀਰਵਾਰ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਡੀ ਈ ਏ ਨੇ ਤਕਰੀਬਨ 1.8 ਮਿਲੀਅਨ ਫੈਂਟਾਨਾਈਲ ਦੀਆਂ ਗੋਲੀਆਂ ਅਤੇ ਲਗਭਗ 1,570 ਪੌਂਡ ਫੈਂਟਾਨਾਈਲ ਪਾਊਡਰ ਜ਼ਬਤ ਕੀਤਾ ਹੈ ਜੋ ਕਿ 700,000 ਤੋਂ ਵੱਧ ਲੋਕਾਂ ਨੂੰ ਮਾਰਨ ਅਤੇ ਲੱਖਾਂ ਹੋਰ ਨਸ਼ੀਲੀਆਂ ਗੋਲੀਆਂ ਬਣਾਉਣ ਲਈ ਕਾਫੀ ਹੈ। ਇਹ ਸਫਲਤਾ ਏਜੰਸੀ ਦੁਆਰਾ ਦੇਸ਼ ਭਰ ਵਿੱਚ ਅਪਰਾਧਿਕ ਡਰੱਗ ਨੈਟਵਰਕਾਂ ਨੂੰ ਨਿਸ਼ਾਨਾ ਬਣਾਉਣ ਲਈ ਦੋ ਮਹੀਨਿਆਂ ਦੀ ਕੋਸ਼ਿਸ਼ ਦਾ ਹਿੱਸਾ ਹੈ। ਨਿਆਂ ਵਿਭਾਗ ਦੇ ਅਨੁਸਾਰ, ਇਸ ਮੁਹਿੰਮ ਦੇ ਨਤੀਜੇ ਵਜੋਂ 810 ਲੋਕਾਂ ਨੂੰ ਗ੍ਰਿਫਤਾਰ ਕੀਤਾ ਵੀ ਕੀਤਾ ਗਿਆ ਹੈ ਅਤੇ ਲਗਭਗ 8,843 ਪੌਂਡ ਮੈਥਮਫੇਟਾਮਾਈਨ, 1,440 ਪੌਂਡ ਕੋਕੀਨ ਅਤੇ 158 ਹਥਿਆਰ ਵੀ ਜ਼ਬਤ ਕੀਤੇ ਗਏ ਹਨ। ਇਸ ਮਾਮਲੇ ਵਿੱਚ ਵਿਭਾਗ ਵੱਲੋਂ ਅਗਲੀ ਕਾਰਵਾਈ ਵੀ ਜਾਰੀ ਹੈ। ਡੀ ਈ ਏ ਦੇ ਅਧਿਕਾਰੀ ਐਨ ਮਿਲਗਰਾਮ ਨੇ ਦੱਸਿਆ ਕਿ ਏਜੰਸੀ ਨੇ 3 ਅਗਸਤ ਨੂੰ ਦੇਸ਼ ਭਰ ਵਿੱਚ ਨਸ਼ਿਆਂ ਦੀ ਭਾਲ ਸ਼ੁਰੂ ਕੀਤੀ ਸੀ, ਜੋ ਕਿ ਨਸ਼ੇ ਦੀ ਓਵਰਡੋਜ਼ ਕਾਰਨ ਹੁੰਦੀਆਂ ਮੌਤਾਂ ਅਤੇ ਨਸ਼ੀਲੇ ਪਦਾਰਥਾਂ ਦੀ ਵਜ੍ਹਾ ਨਾਲ ਹਿੰਸਾ ਵਿੱਚ ਵਾਧੇ ਕਾਰਨ ਸ਼ੁਰੂ ਹੋਈ ਸੀ। ਡੀ ਈ ਏ ਦੀ ਇਸ ਕਾਰਵਾਈ ਕਾਰਨ ਲੱਖਾਂ ਨਸ਼ੀਲੀਆਂ ਗੋਲੀਆਂ ਅਮਰੀਕੀ ਦੀਆਂ ਗਲੀਆਂ ਵਿੱਚ ਜਾਣ ਤੋਂ ਰੋਕੀਆਂ ਗਈਆਂ ਹਨ, ਜੋ ਕਿ ਨਾਗਰਿਕਾਂ ਲਈ ਮਾਰੂ ਸਾਬਤ ਹੋ ਸਕਦੀਆਂ ਸਨ।

Total Views: 303 ,
Real Estate