ਬਠਿੰਡਾ, 24 ਅਗਸਤ, ਬਲਵਿੰਦਰ ਸਿੰਘ ਭੁੱਲਰ
ਮਨੁੱਖੀ ਅਧਿਕਾਰਾਂ ਲਈ ਸਮਰਪਿਤ ਹੋ ਕੇ ਕੰਮ ਕਰਨ ਵਾਲੀ ਪੰਜਾਬੀ ਮੂਲ ਦੀ ਪਗੜੀਧਾਰੀ ਗੁਰਸਿੱਖ ਲੜਕੀ ਪਲਵਿੰਦਰ ਕੌਰ ਸੇਰਗਿੱਲ ਨੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਦੀ ਸੁਪਰੀਮ ਕੋਰਟ ਦੀ ਪਹਿਲੀ ਅਮ੍ਰਿਤਧਾਰੀ ਜੱਜ ਬਣ ਕੇ ਸਿੱਖ ਕੌਮ ਅਤੇ ਪੰਜਾਬ ਦਾ ਮਾਣ ਨਾਲ ਸਿਰ ਉਚਾ ਕੀਤਾ ਹੈ। ਪੰਜਾਬ ਨਾਲ ਸਬੰਧਤ ਜਿਲ੍ਹਾ ਜ¦ਧਰ ਦੇ ਪਿੰਡ ਰੁੜਕਾ ਕਲਾਂ ਵਿੱਚ ਜਨਮੀ ਪਲਵਿੰਦਰ ਚਾਰ ਕੁ ਸਾਲ ਦੀ ਉਮਰ ਵਿੱਚ ਹੀ ਆਪਣੇ ਮਾਪਿਆਂ ਨਾਲ ਬ੍ਰਿਟਿਸ਼ ਕੋਲੰਬੀਆ ਕੈਨੇਡਾ ਵਿਖੇ ਚਲੀ ਗਈ। ਉਥੇ ਹੀ ਉਸਨੇ ਆਪਣੀ ਮੁਢਲੀ ਪੜ੍ਹਾਈ ਕੀਤੀ। ਇਸ ਉਪਰੰਤ ਵਿਲੀਅਮ ਲੇਕ ਪ੍ਰਾਂਤ ਦੀ ਸਸਕੇਚੁਆਨ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਹਾਸਲ ਕਰਕੇ ਵਕਾਲਤ ਦਾ ਪੇਸ਼ਾ ਅਪਣਾਇਆ। ਅਮ੍ਰਿਤਧਾਰੀ ਬੀਬੀ ਪਲਵਿੰਦਰ ਕੌਰ ਨੇ ਵਕਾਲਤ ਕਰਦਿਆਂ ਸਿੱਖਾਂ ਨਾਲ ਸਬੰਧਤ ਕਈ ਮਾਮਲਿਆਂ ਦੀ ਪੈਰਵੀ ਕੀਤੀ। ਸਿੱਖ ਬੱਚਿਆਂ ਨੂੰ ਕ੍ਰਿਪਾਨ ਪਹਿਨਣ ਦਾ ਅਧਿਕਾਰ ਦਿਵਾਉਣ ਲਈ ਉਸਨੇ ਲੰਬੀ ਕਾਨੂੰਨੀ ਲੜੀ ਤੇ ਜਿੱਤ ਹਾਸਲ ਕੀਤੀ। ਉਸਨੇ ਆਪਣੀ ਕਾਨੂੰਨੀ ਕੰਪਨੀ ‘‘ਸੇਰਗਿੱਲ ਐਂਡ ਕੰਪਨੀ, ਟ੍ਰਾਇਲ ਲਾਇਰਜ਼’’ ਬਣਾ ਕੇ ਮਨੁੱਖੀ ਅਧਿਕਾਰਾਂ ਲਈ ਸਾਲਾਂ ਬੱਧੀ ਕਾਨੂੰਨੀ ਲੜਾਈ ਜਾਰੀ ਰੱਖੀ ਤੇ ਲੋਕਾਂ ਨੂੰ ਹੱਕ ਤੇ ਇਨਸਾਫ ਦਿਵਾਇਆ।
ਸਾਲ 2012 ਵਿੱਚ ਉਸ ਦੀਆਂ ਸੇਵਾਵਾਂ ਨੂੰ ਮੁੱਖ ਰਖਦਿਆਂ ਕੁਈਨਜ ਕੌਂਸਲਰ ਵਜੋਂ ਨਿਯੁਕਤ ਕੀਤਾ ਗਿਆ ਅਤੇ ਕੁਈਨਜ ਗੋਲਡਨ ਜੁਬਲੀ ਮੈਡਲ ਫਾਰ ਕਮਿਉਨਿਟੀ ਸਰਵਿਸ ਨਾਲ ਸਨਮਾਨਿਤ ਕੀਤਾ ਗਿਆ ਸੀ। ਹੁਣ ਪਲਵਿੰਦਰ ਕੌਰ
ਸੇਰਗਿੱਲ ਨੂੰ ਨਿਆਂਇਕ ਪ੍ਰਕਿਰਿਆ ਪੂਰੀ ਕਰਦਿਆਂ ਤੁਰੰਤ ਪ੍ਰਭਾਵ ਨਾਲ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੀ ਜੱਜ ਨਿਯੁਕਤ ਕੀਤਾ ਗਿਆ ਹੈ, ਕਿਉਂਕਿ ਉੱਥੋਂ ਦੇ ਮੌਜੂਦਾ ਇੱਕ ਜੱਜ ਈ ਏ ਅਰਨੌਲਡ ਬੈਲੇ ਦਾ ਕਾਰਜ ਕਾਲ ਬੀਤੇ 31 ਮਈ ਨੂੰ ਖਤਮ ਹੋ ਗਿਆ ਸੀ। ਇਸ ਨਿਯੁਕਤੀ ਦਾ ਐਲਾਨਕੈਨੇਡਾ ਦੇ ਨਿਆਂ ਮੰਤਰੀ ਤੇ ਅਟਾਰਨੀ ਜਨਰਲ ਜੇਡੀ ਵਿਲਸਨ ਰੇਬੋਲਡ ਨੇ ਕੀਤਾ।
ਪਲਵਿੰਦਰ ਕੌਰ ਸੇਰਗਿੱਲ ਦੀ ਇਸ ਨਿਯੁਕਤੀ ਦਾ ਵਰਲਡ ਸਿੱਖ ਆਰਗੇਨਾਈਜੇਸਨ ਨੇ ਭਰਵਾਂ ਸੁਆਗਤ ਕੀਤਾ ਹੈ। ਪੰਜਾਬ ਵਾਸੀਆਂ ਵੱਲੋਂ ਵੀ ਬੀਬੀ ਸੇਰਗਿੱਲ ਦੀ ਨਿਯੁਕਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਕਿਉਂਕਿ ਇਸ ਨਾਲ ਪੰਜਾਬ ਅਤੇ ਸਿੱਖ ਕੌਮ ਦਾ ਸਿਰ ਉੱਚਾ ਹੋਇਆ ਹੈ। ਹੁਣ ਉਹ ਆਪਣੇ ਪਤੀ, ਪੁੱਤਰੀ ਅਤੇ ਦੋ ਪੁੱਤਰਾਂ ਸਮੇਤ ਸਰੀ ਕੈਨੇਡਾ ਵਿਖੇ ਰਹਿ ਰਹੀ ਹੈ। ਬੀਬੀ ਸੇਰਗਿੱਲ ਦੀ ਨਿਯੁਕਤੀ ਨਾਲ ਕੈਨੇਡਾ ਦੀ ਧਰਤੀ ਤੇ ਰਹਿੰਦੇ ਪੰਜਾਬੀਆਂ ਨੂੰ ਹੌਂਸਲਾ ਮਿਲਿਆ ਹੈ ਤੇ ਇਨਸਾਫ ਮਿਲਣ ਦੀ ਆਸ ਬੱਝੀ ਹੈ।