ਗਿੱਧਾ ਭੂਤਾਂ ਦਾ

ਪਿੰਡ ਤੋਂ ਕਾਲਿਆਂਵਾਲੀ ਨੂੰ ਜਾਂਦੇ ਕੱਚੇ ਰਸਤੇ ਤੇ ਦੋ ਕੁ ਫਰਲਾਂਗ ਦੂਰ ਇੱਕ ਛੋਟੀ ਜਿਹੀ ਛੱਪੜੀ ਹੈ, ਜਿਸਨੂੰ ਬਾਬਾ ਦਾਨੇ ਦੀ ਛੱਪੜੀ ਕਹਿੰਦੇ ਹਨ। ਕਈ ਦਹਾਕੇ ਪਹਿਲਾਂ ਇਸ ਛੱਪੜੀ ਦੇ ਕਿਨਾਰੇ ਖੜੇ ਪੁਰਾਣੇ ਬੋਹੜ ਥੱਲੇ ਇੱਕ ਸਾਧ ਆ ਕੇ ਬੈਠ ਗਿਆ ਸੀ, ਜਿਸਦਾ ਨਾਂ ਬਾਬਾ ਦਾਨਾ ਸੀ। ਉਹ ਜਟਾਂਧਾਰੀ ਸਾਧ ਸੀ। ਉਸਦਾ ਰੰਗ ਕਾਲਾ, ਕੱਦ ਮਧਰਾ, ਅੱਖਾਂ ਡਰਾਉਣੀਆਂ ਸਨ। ਸਨ੍ਹ ਵਰਗੀਆਂ ਜਟਾਂ ਲਮਕਦੀਆਂ ਰਹਿੰਦੀਆਂ। ਉਸਦੇ ਕੰਨਾਂ ਵਿੱਚ ਚਿੱਟੀਆਂ ਕੁੰਡਲ ਰੂਪੀ ਮੁੰਦਰਾਂ, ਗਲ ਵਿੱਚ ਕਈ ਰੰਗਾਂ ਦੀਆਂ ਮਾਲਾਵਾਂ ਹੁੰਦੀਆਂ। ਉਹ ਸਰੀਰ ਤੇ ਇੱਕ ਲਾਲ ਰੰਗਾ ਕੱਪੜਾ ਲਪੇਟ ਕੇ ਰਖਦਾ ਅਤੇ ਹੱਥ ਵਿੱਚ ਵਿੰਗ ਤੜਿੰਗੀ ਸੋਟੀ ਫੜੀ ਹੁੰਦੀ। ਬੋਹੜ ਹੇਠ ਉਸਨੇ ਕਾਨਿਆਂ ਦੀ ਇੱਕ ਕੁਟੀਆ ਬਣਾ ਲਈ, ਜਿਸ ਵਿੱਚ ਭੁੰਜੇ ਹੀ ਉਸਨੇ ਆਪਣਾ ਅਰਾਮ ਕਰਨ ਵਾਲਾ ਆਸਣ ਲਾ ਲਿਆ।
ਕੁਟੀਆ ਤੋਂ ਬਾਹਰ ਇੱਕ ਛੋਟੀ ਜਿਹੀ ਹੋਰ ਝੌਪੜੀ ਬਣਾ ਕੇ ਉਸ ਵਿੱਚ ਦੇਵੀ ਦੇਵਤਿਆਂ ਦੀਆਂ ਤਸਵੀਰਾਂ ਰੱਖ ਲਈਆਂ। ਕੋਲ ਹੀ ਇੱਕ ਤ੍ਰਿਸੂਲ ਗੱਡ ਕੇ ਉਸਤੇ ਲਾਲ ਲੀਰ ਬੰਨ੍ਹ ਦਿੱਤੀ। ਬਾਹਰ ਖੁਲ੍ਹੇ ਥਾਂ ਤੇ ਧੂਣੀ ਲਾ ਕੇ ਉਸ ਕੋਲ ਦੋ ਚਿਮਟੇ ਰੱਖ ਦਿੱਤੇ। ਪਾਠ ਬਗੈਰਾ ਕਰਨ ਤਾਂ ਉਹ ਸ਼ਾਇਦ ਜਾਣਦਾ ਹੀ ਨਹੀਂ ਸੀ, ਪਰ ਦੇਵਤਿਆਂ ਦੀਆਂ ਤਸਵੀਰਾਂ ਕੋਲ ਧੂਫ਼ ਨਾ ਬੁਝਣ ਦਿੰਦਾ। ਦਿਨ ਸਮੇਂ ਉਹ ਧੂਣੀ ਕੋਲ ਬੈਠਾ ਚਿਲਮ ਪੀਂਦਾ ਰਹਿੰਦਾ। ਰੋਟੀ ਵੇਲੇ ਉਹ ਪਿੰਡ ਵਿੱਚ ਜਾਂਦਾ ਤੇ ਪੰਜ ਚਾਰ ਘਰਾਂ ਤੋਂ ਰੋਟੀ ਦਾਲ ਤੇ ਦੁੱਧ ਦੀ ਡਾਲੀ ਕਰਕੇ ਵਾਪਸ ਆ ਜਾਂਦਾ। ਛਪੜੀ ਦਾ ਆਲਾ ਦੁਆਲਾ ਵੀ ਸੁੰਨ ਸਾਨ ਸੀ ਤੇ ਸਾਧ ਦਾ ਚਿਹਰਾ ਮੋਹਰਾ ਵੀ ਡਰਾਉਣਾ ਸੀ। ਉਸ ਪਾਸੇ ਜਾਣ ਦੀ ਕੁੜੀ ਕੱਤਰੀ ਤਾਂ ਕੀ ਕਿਸੇ ਵੱਡੀ ਉਮਰ ਵਾਲੀ ਔਰਤ ਦੀ ਵੀ ਹਿੰਮਤ ਨਾ ਪੈਂਦੀ। ਫੇਰ ਉਸ ਕੋਲ ਪਿੰਡ ਦੇ ਕੁੱਝ ਨੌਜਵਾਨ ਜਾਣ ਲੱਗ ਪਏ। ਉਹ ਆਪਣੇ ਮਾਪਿਆਂ ਤੋਂ ਚੋਰੀ ਉੱਥੇ ਬੈਠ ਕੇ ਮਾੜਾ ਮੋਟਾ ਨਸ਼ਾ ਪੱਤਾ ਕਰ ਲੈਂਦੇ ਤੇ ਦਿਨ ਲੰਘਾ ਲੈਂਦੇ। ਇਹ ਸਾਧ ਕਰੀਬ ਪੰਦਰਾਂ ਕੁ ਸਾਲ ਇੱਥੇ ਰਿਹਾ ਤੇ ਇੱਕ ਰਾਤ ਉਸਦਾ ਕਿਸੇ ਨੇ ਕਤਲ ਕਰ ਦਿੱਤਾ ਸੀ। ਜਿਸ ਦਾ ਅੱਜ ਤੱਕ ਪਤਾ ਨਹੀਂ ਲੱਗਾ ਕਿ ਇਹ ਕਤਲ ਕਿਸਨੇ ਕੀਤਾ ਤੇ ਕਿਉਂ ਕੀਤਾ? ਉਸਤੋਂ ਬਾਅਦ ਹੀ ਇਸ ਛੱਪੜੀ ਦਾ ਨਾਂ ਬਾਬੇ ਦਾਨੇ ਵਾਲੀ ਛੱਪੜੀ ਪਿਆ। ਛੱਪੜੀ ਵੱਲ ਜਾਂਦਾ ਰਾਹ ਕੱਚਾ ਰੇਤਲਾ ਸੀ। ਇਸਦੇ ਦੋਵੇਂ ਪਾਸੀਂ ਉੱਚੀਆਂ ਉੱਚੀਆਂ ਭੜ੍ਹੀਂਆਂ ਸਨ। ਗਰਮੀ ਰੁੱਤ ’ਚ ਦੁਪਹਿਰ ਸਮੇਂ ਤਾਂ ਇਸ ਰਾਹ ਵਿੱਚ ਤੁਰਨਾ ਵੀ ਔਖਾ ਹੋ ਜਾਂਦਾ ਸੀ। ਸਾਂ ਸਾਂ ਦੀ ਅਵਾਜ ਸੁਣਾਈ ਦਿੰਦੀ ਤੇ ਭੈਅ ਆਉਂਦਾ ਸੀ। ਬਾਬਾ ਦਾਨੇ ਦੇ ਕਤਲ ਤੋਂ ਬਾਅਦ ਤਾਂ ਇਹ ਡਰ ਹੋਰ ਵਧ ਗਿਆ ਸੀ, ਬੱਸ ਜਾਂ ਤਾਂ ਸੁਭਾ ਕੋਈ ਜੰਗਲ ਪਾਣੀ ਜਾਣ ਵਾਲਾ ਉੱਥੋਂ ਤੱਕ ਅੱਪੜਦਾ ਜਾਂ ਅਵਾਰਾ ਪਸੂ ਪਾਣੀ ਪੀਣ ਲਈ। ਛੱਪੜੀ ਕੋਲ ਪੰਚਾਇਤੀ ਜ਼ਮੀਨ ’ਚ ਸਰਕੜਾ ਹੋ ਗਿਆ ਸੀ, ਜਿਸਨੇ ਡਰ ਭੈਅ ਵਿੱਚ ਹੋਰ ਵਾਧਾ ਕਰ ਦਿੱਤਾ ਸੀ।
ਛੱਪੜੀ ਵਾਲੇ ਰਸਤੇ, ਅੱਗੇ ਜਾ ਕੇ ਬੰਤੇ ਕਾਲੇ ਦਾ ਖੇਤ ਸੀ। ਗਰਮੀ ਦੀ ਰੁੱਤ ਸੀ, ਹਾੜੀ ਤੋਂ ਵਿਹਲੇ ਹੋਏ ਬੰਤੇ ਨੇ ਪਸੂਆਂ ਲਈ ਚਾਰਾ ਬੀਜਣ ਵਾਸਤੇ ਪਾਣੀ ਲਾ ਦਿੱਤਾ ਸੀ। ਬੱਤਰ ਹੋਣ ਤੇ ਉਹ ਅੱਜ ਸੁਭਾ ਤਾਰੇ ਚੜਦੇ ਨਾਲ ਹੀ ਬਲਦ ਲੈ ਕੇ ਖੇਤ ਪਹੁੰਚ ਗਿਆ ਤੇ ਹਲ ਜੋੜ ਲਿਆ। ਰੋਟੀ ਵੇਲਾ ਹੋਇਆ ਤਾਂ ਬੰਤੇ ਦੇ ਘਰਵਾਲੀ ਸੀਤੋ ਨੇ ਆਪਣੇ ਮੁੰਡੇ ਸਿੰਦਰਪਾਲ, ਜਿਹੜਾ ਐਤਵਾਰ ਹੋਣ ਕਰਕੇ ਅੱਜ ਕਾਲਜ ਨਹੀਂ ਗਿਆ ਸੀ ਨੂੰ ਕਿਹਾ, ‘‘ਵੇ ਸਿੰਦੇ ਜਾਹ ਆਬਦੇ ਬਾਪੂ ਨੂੰ ਖੇਤ ਰੋਟੀ ਫੜਾ ਆ, ਕਿਹੜੇ ਵੇਲੇ ਦਾ ਗਿਐ ਭੁੱਖ ਨਾਲ ਕੋਕੜਾਂ ਹੁੰਦੀਆਂ ਹੋਣਗੀਆਂ।’’ ਸਿੰਦੇ ਨੇ ਰੋਟੀਆਂ ਬੰਨ੍ਹੀਆਂ ਵਾਲਾ ਪੋਣਾ ਤੇ ਲੱਸੀ ਵਾਲਾ ਡੋਲੂ ਚੁੱਕਿਆ ਤੇ ਤੁਰਨ ਲੱਗਾ, ਤਾਂ ਸੀਤੋ ਨੇ ਫਿਰ ਕਿਹਾ, ‘‘ਪੁੱਤ ਰੋਟੀ ਫੜਾ ਕੇ ਛੇਤੀ ਮੁੜ ਆਈਂ, ਜੇ ਟੈਮ ਬਾਹਲਾ ਲੱਗ ਗਿਆ ਤਾਂ ਦੁਪਹਿਰਾ ਢਾਲ ਕੇ ਆਈਂ। ਦੁਪਹਿਰੇ ਨਾ ਆਈਂ ਕਹਿੰਦੇ ਬਾਬਾ ਦਾਨੇ ਦੀ ਛੱਪੜੀ ਵਾਲੇ ਬੋਹੜ ਤੇ ਭੂਤਾਂ ਦਾ ਵਸੇਬਾ ਹੈ। ਐਵੇਂ ਕੋਈ ਭੂਤ ਚਿੰਬੜ ਜੂ।’’ ‘‘ਬੇਬੇ ਤੈਨੂੰ ਕੌਣ ਕਹਿੰਦਾ ਹੈ ਵੀ ਓਥੇ ਭੂਤਾਂ ਰਹਿੰਦੀਆਂ ਨੇ।’’
ਸਿੰਦੇ ਨੇ ਸਵਾਲ ਕੀਤਾ। ‘‘ਵੇ ਪੁੱਤ! ਜੈਲਦਾਰਾਂ ਦਾ ਪਿੰਦਰ ਦਸਦਾ ਸੀ, ਇੱਕ ਦਿਨ ਦੁਪਹਿਰੇ ਉਹ ਆਬਦੇ ਖੇਤ ਜਾਂਦਾ ਸੀ, ਜਦੋਂ ਉਹ ਛੱਪੜੀ ਕੋਲੋਂ ਲੰਘਣ ਲੱਗਾ ਤਾਂ ਬੋਹੜ ਤੋਂ ਉਸਨੂੰ ਕਿਸੇ ਜਨਾਨੀ ਨੇ ਬੋਲ ਮਾਰਿਆ। ਜਦ ਉਹ ਨਾ ਰੁਕਿਆ ਤਾਂ ਉਹ ਭੂਤ ਓਹਦੇ ਮਗਰ ਮਗਰ ਤੁਰ ਪਈ। ਉਹ ਦਸਦਾ ਸੀ ਜਦੋਂ ਉਸਨੂੰ ਭੂਤ ਦੀਆਂ ਝਾਂਜਰਾਂ ਦੀ ਅਵਾਜ ਸੁਣੀ ਤਾਂ ਉਸਨੇ ਮੁੜ ਕੇ ਵੇਖਿਆ, ਉਸਦੇ ਲਾਲ ਸੂਟ ਪਾਇਆ ਸੀ ਲੰਬੀ ਲੰਝੀ ਮੁਟਿਆਰ ਸੀ ਤੇ ਹਾਰ ਸਿੰਗਾਰ ਕੀਤਾ ਹੋਇਆ ਸੀ। ਜਦੋਂ ਉਹ ਖੜ ਜਾਵੇ ਤਾਂ ਭੂਤ ਦਿਸਣੋਂ ਹਟ ਜਾਵੇ ਜਦ ਉਹ ਤੁਰ ਪਵੇ ਤਾਂ ਮਗਰ ਮਗਰ ਝਾਂਜਰ ਛਣਕਾਉਂਦੀ ਤੁਰ ਪਵੇ। ਡਰਦਾ ਡਰਦਾ ਉਹ ਖੇਤ ਤਾਂ ਪੁੱਜ ਗਿਆ, ਮੁੜ ਕੇ ਕਦੇ ਉਹ ਦੁਪਹਿਰੇ ਓਸ ਰਸਤੇ ਨੀ ਗਿਆ।’’ ਸੀਤੋ ਨੇ ਸੁਣੀ ਸੁਣਾਈ ਸਾਰੀ ਕਥਾ ਸੁਣਾ ਦਿੱਤੀ।
‘‘ਬੇਬੇ ਸਾਡਾ ਪ੍ਰੋਫੈਸਰ ਤਾਂ ਕਹਿੰਦਾ ਸੀ, ਭੂਤ ਪ੍ਰੇਤ ਕੁੱਝ ਨਹੀਂ ਹੁੰਦਾ। ਇਹ ਤਾਂ ਮਨ ਦੇ ਵਹਿਮ ਤੇ ਭਰਮ ਭੁਲੇਖੇ ਹੀ ਹੁੰਦੇ ਨੇ।’’ ਸਿੰਦੇ ਨੇ ਤਰਕ ਦਿੱਤਾ।
‘‘ਨਹੀਂ ਵੇ ਸਿੰਦੇ, ਹੁੰਦੇ ਕਿਉਂ ਨੀ ਭੂਤ ਪ੍ਰੇਤ। ਇਕ ਵਾਰ ਤਲਵੰਡੀ ਵਾਲੇ ਡੇਰੇ ’ਚ ਬਾਬਾ ਕਥਾ ਕਰਦਾ ਸੀ, ਉਸਨੇ ਦੱਸਿਆ ਸੀ ਕਿ ਜਿਹੜਾ ਬੰਦਾ ਜਾਂ ਬੁੜੀ ਆਪਣੀ ਪੂਰੀ ਉਮਰ ਤੋਂ ਪਹਿਲਾਂ ਮਰਜੇ ਉਹ ਭੂਤ ਬਣ ਜਾਂਦੈ। ਜਿਨੀ ਉਹਦੀ ਉਮਰ ਰਹਿੰਦੀ ਹੁੰਦੀ ਐ ਨਾ, ਓਨਾ ਚਿਰ ਉਹ ਭੂਤ ਪ੍ਰੇਤ ਵਾਲਾ ਜੀਵਨ ਬਤੀਤ ਕਰਦੈ। ਉਹ ਦਸਦਾ ਸੀ ਕਿ ਜਿਹਨਾਂ ਨੂੰ ਇਸ ਬਾਰੇ ਸਮਝ ਹੈ ਉਹ ਕਿਸੇ ਦੇ ਮਰ ਜਾਣ ਤੇ ਜਦੋਂ ਹਰਦੁਆਰ ਫੁੱਲ ਪਾਉਣ ਜਾਂਦੇ ਨੇ, ਤਾਂ ਮਰਨ ਵਾਲੇ ਦੀ ਗਤੀ ਕਰਵਾ
ਕੇ ਆਉਂਦੇ ਨੇ। ਗਤੀ ਕਰਾਉਣ ਨਾਲ ਉਹ ਭੂਤ ਦੀ ਜਿੰਦਗੀ ਤੋਂ ਛੁਟਕਾਰਾ ਪਾ ਲੈਂਦਾ ਹੈ।’’ ਸੀਤੋ ਨੇ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ।
‘‘ਮਾਂ! ਇਹ ਸਰੀਰ ਤਾਂ ਮਸ਼ੀਨ ਵਰਗਾ ਹੀ ਹੁੰਦਾ ਹੈ। ਜਦੋਂ ਮਸ਼ੀਨ ਵਾਂਗ ਇਹ ਕੰਮ ਕਰਨਾ ਛੱਡ ਦੇਵੇ ਤਾਂ ਕਹਿ ਦਿੰਦੇ ਨੇ ਮਰ ਗਿਆ। ਸਰੀਰ ਖਰਾਬ ਹੋਣ ਦੇ ਡਰੋਂ ਉਸਦਾ ਸਸਕਾਰ ਕਰ ਦਿੰਦੇ ਨੇ, ਹੋਰ ਕੁੱਝ ਨਹੀਂ ਹੈ। ਐਵੇਂ ਚਤੁਰ ਤੇ ਸ਼ਾਤਰ ਲੋਕ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਲਈ ਵਹਿਮਾਂ ਭਰਮਾਂ ਵਿੱਚ ਪਾ ਦਿੰਦੇ ਨੇ’’ ਸਿੰਦੇ ਨੇ ਮਾਂ ਨੂੰ ਸਮਝਾਉਣ ਲਈ ਯਤਨ ਕੀਤਾ।
‘‘ਵੇ ਨਹੀਂ ਪੁੱਤ! ਐਂ ਨਹੀਂ, ਸਭ ਕੁਛ ਹੁੰਦਾ ਐ! ਕਹਿੰਦੇ ਟਿਕੀ ਰਾਤ ਤਾਂ ਛੱਪੜੀ ਆਲੇ ਬੋਹੜ ਤੇ ਕਦੇ ਕਦੇ ਭੂਤਾਂ ਗਿੱਧਾ ਵੀ ਪਾਉਂਦੀਆਂ ਨੇ। ਉੱਥੋਂ ਲੰਘਣ ਵਾਲੇ ਨੂੰ ਸੁਣਦੈ, ਪਰ ਉਹ ਦਿਸਦੀਆਂ ਨਈਂ।’’ ਸੀਤੋ ਨੇ ਵਿਸਵਾਸ ਨਾਲ ਕਿਹਾ।
‘‘ਬੇਬੇ ਇਹ ਗਿੱਧਾ ਫੇਰ ਕੀਹਨੇ ਸੁਣਿਐ।’’ ਸਿੰਦੇ ਨੇ ਅਗਲਾ ਸੁਆਲ ਕੀਤਾ।
‘‘ਪੁੱਤ ਪਿੰਦਰ ਈ ਦਸਦਾ ਸੀ, ਵੀ ਗਿੱਧਾ ਉਸਨੇ ਆਪ ਸੁਣਿਆ ਸੀ। ਇੱਕ ਰਾਤ ਜਦੋਂ ਉਹ ਖੇਤੋਂ ਪਾਣੀ ਵਢਾ ਕੇ ਆ ਰਿਹਾ ਸੀ। ਉਸਨੇ ਛੱਪੜੀ ਕੋਲ ਸਰਕੜੇ ਚੋਂ ਅਵਾਜਾਂ ਤੇ ਚੀਕਾਂ ਵੀ ਸੁਣੀਆਂ ਸਨ। ਉਹ ਰਾਹ ਛੱਡ ਕੇ ਖੇਤਾਂ ਵਿਚਦੀ ਘਰ ਆਇਆ ਸੀ।’’ ਸੀਤੋ ਇਹ ਵਾਰਤਾ ਸੁਣਾਉਂਦੀ ਵੀ ਡਰ ਨਾਲ ਚਿਹਰੇ ਦਾ ਹਾਵ ਭਾਵ ਬਦਲ ਰਹੀ ਸੀ, ਜਿਵੇਂ ਉਸਦਾ ਦਿਲ ਡਰ ਰਿਹਾ ਹੋਵੇ।
‘‘ਬੇਬੇ ਹੋਰ ਵੀ ਕਿਸੇ ਨੇ ਓਥੇ ਭੂਤਾਂ ਵੇਖੀਆਂ ਜਾਂ ਉਹਨਾਂ ਦੀਆਂ ਅਵਾਜਾਂ ਸੁਣੀਆਂ ਹਨ।’’ ਸਿੰਦੇ ਨੇ ਪੜਤਾਲੀਆ ਸਵਾਲ ਕੀਤਾ।
‘‘ਪੁੱਤ ਹੋਰ ਕੌਣ ਸੁਣੂ। ਹੁਣ ਤਾਂ ਵੇਲੇ ਕੁਵੇਲੇ ਓਧਰ ਕੋਈ ਜਾਂਦਾ ਈ ਨਈਂ। ਰਾਤ ਬਰਾਤੇ ਪਾਣੀ ਲਾਉਣ ਜਾਣ ਵਾਲੇ ਵੀ ਖੇਤਾਂ ਵਿਚਦੀ ਲੰਘਦੇ ਨੇ ਛੱਪੜੀ ਵਾਲੇ ਰਾਹ ਤੋਂ ਦੂਰ ਦੀ।’’ ਸੀਤੋ ਨੇ ਸਪਸ਼ਟ ਕੀਤਾ।
ਸਿੰਦੇ ਨੇ ਦੂਜੇ ਦਿਨ ਕਾਲਜ ਜਾ ਕੇ ਆਪਣੇ ਪ੍ਰੋਫੈਸਰ ਰਾਜਿੰਦਰ ਸਰਮਾਂ ਨਾਲ ਗੱਲ ਕੀਤੀ ਤੇ ਆਪਣੀ ਮਾਂ ਨਾਲ ਭੂਤਾਂ ਸਬੰਧੀ ਹੋਈ ਸਾਰੀ ਵਾਰਤਾ ਕਹਿ ਸੁਣਾਈ। ਸਾਰੀ ਰਾਮ ਕਹਾਣੀ ਸੁਣ ਕੇ ਪ੍ਰੋ: ਸਰਮਾਂ ਨੇ ਕਿਹਾ, ‘‘ਕਾਕਾ ਭੂਤ
ਪ੍ਰੇਤ ਕੁੱਝ ਨਹੀਂ ਹੁੰਦੇ, ਛੱਪੜੀ ਕੋਲ ਰਹਿੰਦੀਆਂ ਭੂਤਾਂ ਦਾ ਗਿੱਧਾ, ਅਵਾਜਾਂ ਇਕੱਲੇ ਪਿੰਦਰ ਨੇ ਹੀ ਸੁਣੀਆਂ ਹਨ। ਉਸਨੇ ਲੋਕਾਂ ’ਚ ਡਰ ਤੇ ਸਹਿਮ ਪਾ ਦਿੱਤਾ ਹੈ, ਜਿਹਨਾਂ ਉਹ ਰਸਤਾ ਛੱਡ ਦਿੱਤਾ। ਇਸ ਵਿੱਚ ਜਾਂ ਤਾਂ ਪਿੰਦਰ ਦੇ ਮਨ ਦਾ ਡਰ ਹੈ ਜਿਸਨੇ ਭੂਤਾਂ ਨੂੰ ਚਿਤਵ ਲਿਆ ਜਾਂ ਫੇਰ ਉਸਦੀ ਕੋਈ ਗਿਣੀ ਮਿਥੀ ਚਾਲ ਹੈ। ਜੇ ਉ¤ਥੇ ਭੂਤਾਂ ਹੁੰਦੀਆਂ ਤਾਂ ਉਹ ਹੋਰ ਵੀ ਕਿਸੇ ਨੂੰ ਦਿਖਾਈ ਦਿੰਦੀਆਂ। ਲਗਦੈ ਇਹ ਪਿੰਦਰ ਨੇ ਹੀ ਭੂਤਾਂ ਸਿਰਜ ਲਈਆਂ ਹਨ। ਤੁਸੀਂ ਪੜ੍ਹੇ ਲਿਖੇ ਹੋ ਤੁਹਾਨੂੰ ਅਜਿਹੀਆਂ ਗੱਲਾਂ ਤੇ ਵਿਸਵਾਸ ਨਹੀਂ ਕਰਨਾ ਚਾਹੀਦਾ, ਸਗੋਂ ਲੋਕਾਂ ਦੇ ਦਿਲਾਂ ਵਿੱਚੋਂ ਇਹ ਡਰ ਦੂਰ ਕਰਨਾ ਚਾਹੀਦਾ ਹੈ। ਇਹ ਸੁਣ ਕੇ ਸਿੰਦੇ ਨੇ ਇਸ ਮਾਮਲੇ ਦੀ ਤਹਿ ਤੱਕ ਜਾ ਕੇ ਪਰਦਾਫਾਸ ਕਰਨ ਦਾ ਮਨ ਬਣਾ ਲਿਆ ਤਾਂ ਜੋ ਲੋਕਾਂ ਦਾ ਡਰ ਤੇ ਸਹਿਮ ਦੂਰ ਕੀਤਾ ਜਾ ਸਕੇ। ਉਹ ਟਿਕੀ ਰਾਤ ਛੱਪੜੀ ਵਾਲੇ ਰਾਹ ਵੱਲ ਜਾ ਬੈਠਦਾ ਤੇ ਭੂਤਾਂ ਦੇ ਗਿੱਧੇ, ਝਾਂਜਰਾਂ ਦੀ ਛਣਕਾਰ ਜਾਂ ਚੀਕਾਂ ਸੁਣਨ ਦੀ ਉਡੀਕ ਕਰਦਾ। ਕਈ ਦਿਨ ਲੰਘ ਗਏ ਤਾਂ ਇੱਕ ਚੰਦ ਚਾਨਣੀ ਰਾਤ ’ਚ ਉਸਨੂੰ ਛਪੜੀ ਤੋਂ ਕੁੱਝ ਦੂਰੀ ਤੇ ਪਿੰਡ ਦੇ ਨਜਦੀਕ ਤੂਤ ਹੇਠ ਦੋ ਇਨਸਾਨੀ ਪ੍ਰਛਾਵੇਂ ਦਿਸੇ। ਇਹ ਦੇਖਦਿਆਂ ਉਸਦੇ ਮਨ ’ਚ ਡਰ ਵੀ ਪੈਦਾ ਹੋਇਆ, ਉਸਨੂੰ ਲੱਗਿਆ ਇਹ ਭੂਤਾਂ ਹੀ ਹਨ। ਪਰ ਉਹ ਹੌਂਸਲਾ ਕਰਕੇ ਬੈਠਾ ਦੇਖਦਾ ਰਿਹਾ। ਕੁੱਝ ਮਿੰਟਾਂ ਬਾਅਦ ਉਹ ਪਰਛਾਵੇਂ ਇੱਕ ਮਰਦ ਤੇ ਇੱਕ ਔਰਤ ਦੇ ਰੂਪ ਵਿੱਚ ਤੂਤ ਹੇਠੋਂ ਬਾਹਰ ਆਏ ਤੇ ਛੱਪੜੀ ਵੱਲ ਤੁਰ ਪਏ। ਸਿੰਦਾ ਸਾਹ ਰੋਕ ਕੇ ਵੇਖਦਾ ਰਿਹਾ। ਉਹ ਦੋਵੇਂ ਛਪੜੀ ਦੇ ਨੇੜੇ ਪਹੁੰਚ ਗਏ। ਫੇਰ ਇੱਕ ਚੀਕ ਦੀ ਅਵਾਜ ਸੁਣਾਈ ਦਿੱਤੀ, ਫੇਰ ਝਾਂਜਰ ਛਣਕੀ ਤੇ ਚੁਪ ਵਰਤ ਗਈ। ਕੁੱਝ ਚਿਰ ਸਿੰਦਾ ਓਥੇ ਬੈਠਾ ਰਿਹਾ ਤੇ ਫਿਰ ਘਰ ਆ ਗਿਆ। ਦੂਜੇ ਦਿਨ ਉਸਨੇ ਆਪਣੇ ਇੱਕ ਹੋਰ ਮਿੱਤਰ ਦੀਪੇ ਨੂੰ ਹੱਡ ਬੀਤੀ ਦੱਸੀ ਤੇ ਉਸਨੂੰ ਆਪਣੇ ਨਾਲ ਜਾਣ ਲਈ ਮਨਾ ਲਿਆ। ਉਹ ਦੋਵੇਂ ਅਗਲੇ ਦਿਨ ਫੇਰ ਉਸ ਰਸਤੇ ਕੋਲ ਜਾ ਬੈਠੇ। ਰਾਤ ਟਿਕ ਗਈ……ਚੁਫੇਰੇ ਸੁੰਨ ਸਾਨ ਫੈਲ ਗਈ……ਤੂਤ ਹੇਠ ਦੋ ਪਰਛਾਵੇਂ ਦਿਸੇ……ਉਹ ਤੁਰੇ……ਛਪੜੀ ਕੋਲ ਗਏ……ਚੀਕ ਸੁਣੀ……ਝਾਂਜਰ ਛਣਕੀ ਤੇ ਚੁੱਪ ਪਸਰ ਗਈ। ਸਿੰਦਾ ਤੇ ਦੀਪਾ ਬੈਠੇ ਰਹੇ ਤੇ ਹੋਰ ਕੋਈ ਹਿੱਲ ਜੁੱਲ ਦੀ ਉਡੀਕ ਕਰਦੇ ਰਹੇ। ਕਰੀਬ ਇੱਕ ਘੰਟਾ ਸਮਾਂ ਲੰਘ ਗਿਆ, ਉਹ ਪਰਛਾਵੇਂ ਰੂਪੀ ਜੋੜੀ ਸਰਕੜੇ ਚੋਂ ਨਿਕਲੀ ਤੇ ਰਸਤੇ ਕੋਲ ਆਈ। ਸਿੰਦਾ ਤੇ ਦੀਪਾ ਹੌਂਸਲਾ ਕਰਕੇ ਉਹਨਾਂ ਦੇ ਮੂਹਰੇ ਜਾ
ਖੜੇ। ਫਿਰ ਗਹੁ ਨਾਲ ਦੇਖਦਿਆਂ ਸਿੰਦੇ ਨੇ ਕਿਹਾ, ‘‘ਓਏ ਪਿੰਦਰ ਤੂੰ! ਜੀਤੀ ਨੂੰ ਐਸ ਵੇਲੇ ਕਿੱਧਰ ਲਈ ਫਿਰਦੈਂ।’’ ਜੀਤੀ ਉਹਨਾਂ ਦੇ ਗੁਆਂਢੀਆਂ ਦੀ ਕੁੜੀ ਸੀ ਤੇ ਬਾਰ੍ਹਵੀ ਕਰਕੇ ਹਟ ਗਈ ਸੀ, ਉਸਦੇ ਬਾਪ ਦੀ ਕਈ ਸਾਲ ਪਹਿਲਾਂ ਮੌਤ ਹੋ ਚੁੱਕੀ ਸੀ ਤੇ ਮਾਂ ਬੜੀ ਮਿਹਨਤ ਮੁਸੱਕਤ ਕਰਕੇ ਉਸਨੂੰ ਪਾਲ ਰਹੀ ਸੀ। ਜੀਤੀ ਦੰਦਾਂ ’ਚ ਚੁੰਨੀ ਫੜੀ ਨੀਵੀਂ ਪਾਈ ਖੜੀ ਸੀ, ਉਸਦੇ ਪੈਰ ਗੱਡੇ ਗਏ ਸਨ, ਜ਼ੁਬਾਨ ਠਾਕੀ ਗਈ ਸੀ। ਉਹ ਕਦੇ ਛਾਤੀ ਤੋਂ ਹੇਠਾਂ ਵੱਲ ਚੁੰਨੀ ਖਿਚਦੀ ਤੇ ਕਦੇ ਕਮੀਜ ਦਾ ਪੱਲਾ ਫੜ ਕੇ ਸੂਤ ਕਰਦੀ। ਉਸਨੂੰ ਨਾ ਕੋਈ ਸੁਆਲ ਸੁਝ ਰਿਹਾ ਸੀ ਅਤੇ ਨਾ ਹੀ ਕਿਸੇ ਸੁਆਲ ਦਾ ਜੁਆਬ ਔੜਦਾ ਸੀ।ਸਿੰਦੇ ਦੀਪੇ ਵੱਲ ਅੱਖ ਚੁੱਕ ਕੇ ਝਾਕਣ ਦੀ ਵੀ ਉਸ ਵਿੱਚ ਹਿੰਮਤ ਨਹੀਂ ਸੀ ਰਹੀ।
‘‘ਅਸੀਂ ਤਾਂ ਯਾਰ ਰੋਜ ਈ ਆਉਂਦੇ ਆਂ, ਤੁਸੀਂ ਇੱਥੇ ਕੀ ਕਰਦੇ ਹੋ ਅੱਜ ਅੱਧੀ ਰਾਤ।’’ ਪਿੰਦਰ ਨੇ ਮੋੜਵਾਂ ਸੁਆਲ ਕੀਤਾ। ‘‘ਓ ਅਸੀਂ ਤਾਂ ਯਾਰ ਭੂਤਾਂ ਦਾ ਗਿੱਧਾ ਵੇਖਣ ਬੈਠੇ ਸੀ। ਕਹਿੰਦੇ ਨੇ ਇੱਥੇ ਰਾਤ ਨੂੰ ਗਿੱਧਾ ਪੈਂਦੈ, ਛਾਜਰਾਂ ਛਣਕਦੀਆਂ ਨੇ’’ ਸਿੰਦੇ ਨੇ ਉੱਤਰ ਦਿੱਤਾ।
‘‘ਭਰਾਵੋ ਥੋਡੇ ਮੂਹਰੇ ਹੱਥ ਬੰਨੇ। ਗੱਲ ਬਾਹਰ ਨਾ ਕੱਢਿਓ, ਢਕੀ ਹੀ ਰਹਿਣ ਦਿਓ। ਇਹ ਗਿੱਧਾ, ਭੂਤਾਂ, ਅਵਾਜਾਂ ਤਾਂ ਮੇਰੀ ਹੀ ਕਲਪਨਾ ਹੈ। ਯਾਰ ਲੋਕ ਏਸ ਪਾਸੇ ਆਉਣੋਂ ਹਟ ਗਏ। ਸਾਨੂੰ ਡਰ ਨਾ ਰਿਹਾ ਤੇ ਖੁਲ੍ਹ ਮਿਲ ਗਈ।’’ ਪਿੰਦਰ
ਨੇ ਸਪਸ਼ਟ ਕਰਦਿਆਂ ਮਿੰਨਤ ਕੀਤੀ। ਸਿੰਦਾ ਤੇ ਦੀਪਾ ਪਿੰਡ ਵੱਲ ਤੁਰ ਪਏ।

ਬਲਵਿੰਦਰ ਸਿੰਘ ਭੁੱਲਰ ਮੋਬਾ: 098882 75913
ਬਲਵਿੰਦਰ ਸਿੰਘ ਭੁੱਲਰ
ਮੋਬਾ: 098882 75913

 

Total Views: 248 ,
Real Estate