ਪਾਕਿਸਤਾਨੀ ਲੂਣ ਜਾਂ ਸੇਂਧਾ ਲੂਣ

ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ

ਬੈਂਸ ਹੈਲਥ ਸੈਂਟਰ ਮੋਗਾ 94630-38229,94654-12596

ਦੇਸੀ ਲੂਣ ਜਾਂ ਪਾਕਿਸਤਾਨੀ ਲੂਣ ਨੂੰ ਸੇਂਧਾ ਲੂਣ ਵੀ ਕਹਿੰਦੇ ਹਨ। ਇਹਨੂੰ ਰੌਕ ਸਾਲਟ ਵੀ ਕਿਹਾ ਜਾਂਦਾ ਹੈ। ਅਸਲ ਵਿੱਚ ਇਹ ਹਿਮਾਲੀਅਨ ਕਰਿਸਟਲ ਸਾਲਟ ਹੁੰਦਾ ਹੈ।

ਇਹ ਵੀ ਸਿਹਤਵਰਧਕ ਤੱਤਾਂ ਨਾਲ ਭਰਪੂਰ ਹੈ। ਇਹ ਲੂਣਾ ਘੱਟ ਹੋਣ ਕਾਰਨ ਜ਼ਿਆਦਾ ਮਾਤਰਾ ਵਿੱਚ ਪਾਉਣਾ ਪੈਂਦਾ ਹੈ। ਦੂਸਰਾ ਆਮ ਕਮੱਰਸ਼ਲ ਨਮਕ ਕੈਮੀਕਲੀ ਪ੍ਰਸੈੱਸਡ ਹੁੰਦਾ ਹੈ। ਜਿਸ ਕਾਰਨ ਉਹ ਜ਼ਿਆਦਾ ਲੂਣਾ ਹੁੰਦਾ ਹੈ। ਉਹਦੇ ਨਾਲ ਬੀਪੀ ਵਧਣਾ, ਅੱਖਾਂ ਥੱਲੇ ਮਾਸ ਦਾ ਲਮਕਣਾ, ਮੋਟਾਪਾ ਜਲਦੀ ਹੋਣਾ, ਭੁੱਖ ਵਾਰ ਵਾਰ ਲੱਗਣੀ, ਸਰੀਰ ਦਾ ਥੁਲਥੁਲਾਪਨ ਆਦਿ ਬਣ ਸਕਦਾ ਹੈ।

ਪ੍ਰੰਤੂ ਇਹ ਦੇਸੀ ਲੂਣ ਦਿਲ, ਜਿਗਰ, ਗੁਰਦੇ, ਖੂਨ, ਚਮੜੀ ਆਦਿ ਵਾਸਤੇ ਬਹੁਤ ਈ ਵਧੀਆ ਹੈ। ਸਰੀਰ ਨੂੰ ਰੋਜ਼ਾਨਾ 84 ਅਲੱਗ ਅਲੱਗ ਤਰਾਂ ਦੇ ਮਿਨਰਲਜ਼ ਚਾਹੀਦੇ ਹਨ। ਤੁਸੀਂ ਹੈਰਾਨ ਹੋਵੋਗੇ ਦੇਸੀ ਲੂਣ ਚ 82 ਮਿਨਰਲਜ਼ ਥੋੜ੍ਹੀ ਥੋੜ੍ਹੀ ਮਾਤਰਾ ਵਿੱਚ ਮਿਲਦੇ ਹਨ।

ਇਹ ਹਾਜ਼ਮੇਦਾਰ, ਖੂਨ ਦੀ ਸਫਾਈ ਕਰਨ ਵਾਲਾ, ਜ਼ਹਿਰੀਲੇ ਪਦਾਰਥਾਂ ਨੂੰ ਸਰੀਰ ਚੋਂ ਬਾਹਰ ਕੱਢਣ ਵਾਲਾ ਹੈ। ਇਹ ਦੇਸੀ ਲੂਣ ਖ਼ੂਨ ਦੀ ਪੀ ਐਚ ਵੈਲਿਊ ਨੂੰ ਸਹੀ ਰੱਖਣ ਚ ਮਦਦ ਕਰਦਾ ਹੈ ਜਦੋਂ ਕਿ ਆਮ ਲੂਣ ਵਿਗਾੜਦਾ ਹੈ।

ਇਹ ਗਠੀਆ, ਜੋੜ ਸੋਜ਼, ਹਾਈ ਬੀਪੀ, ਕਮਜ਼ੋਰ ਯਾਦਾਸ਼ਤ, ਚਮੜੀ ਰੋਗ ਆਦਿ ਚ ਬਹੁਤ ਲਾਭਦਾਇਕ ਹੈ। ਇਹ ਖਾਣ ਚ ਵੀ ਸੁਆਦੀ ਹੁੰਦਾ ਹੈ। ਇਹ ਹਰਤਰਾਂ ਦੇ ਖਾਣੇ, ਸੂਪ, ਚਟਣੀ ਆਦਿ ਚ ਵਰਤਣਾ ਜ਼ਿਆਦਾ ਲਾਭਦਾਇਕ ਹੈ।

ਦੇਸੀ ਲੂਣ ਵਾਲੇ ਪਾਣੀ ਨਾਲ ਗਰਾਰੇ ਕਰਨ ਨਾਲ ਗਲੇ, ਸੰਘ, ਮਸੂੜਿਆਂ ਅਤੇ ਜੀਭ ਸੰਬੰਧੀ ਨੁਕਸ ਨਹੀਂ ਬਣਦੇ। ਸੁੱਕੀ ਖੰਘ, ਗਲੇ ਦੀ ਖਰਾਸ਼ ਅਤੇ ਮਸੂੜਿਆਂ ਦੀ ਸੋਜ਼ ਇਸਦੇ ਗਰਾਰੇ ਕਰਨ ਨਾਲ ਠੀਕ ਹੋ ਜਾਂਦੀ ਹੈ।

ਸਦੀਆਂ ਤੋਂ ਈ ਪੰਜਾਬੀ ਇਹੋ ਨਮਕ ਖਾ ਰਹੇ ਸਨ। ਪਾਕਿਸਤਾਨੀ ਪੰਜਾਬੀ ਅੱਜ ਵੀ ਇਹੋ ਲੂਣ ਜ਼ਿਆਦਾ ਵਰਤਦੇ ਹਨ। ਅਸਲ ਵਿੱਚ ਇਸਦੀਆਂ ਖਾਨਾਂ ਪਾਕਿਸਤਾਨ ਵਿੱਚ ਹੀ ਹਨ। ਪਾਕਿਸਤਾਨ ਦੇ ਭਾਰਤ ਨਾਲ ਸੰਬੰਧ ਵਿਗੜਨ ਕਾਰਨ ਹੁਣ ਪਾਕਿਸਤਾਨ ਭਾਰਤ ਨੂੰ ਇਹ ਲੂਣ ਨਹੀਂ ਦੇ ਰਿਹਾ।

ਇਸੇ ਕਾਰਨ ਥੋੜ੍ਹੇ ਸਾਲਾਂ ਤੋਂ ਸਮੁੰਦਰੀ ਲੂਣ ਪੰਜਾਬੀਆਂ ਨੇ ਖਾਣਾ ਸ਼ੁਰੂ ਕੀਤਾ ਹੋਇਆ ਹੈ। ਇਸ ਵਕਤ ਪਾਕਿਸਤਾਨੀ ਪੰਜਾਬੀਆਂ ਅਤੇ ਭਾਰਤੀ ਪੰਜਾਬੀਆਂ ਦੀ ਸਿਹਤ ਅਤੇ ਕੱਦ ਕਾਠ ਚ ਕਾਫ਼ੀ ਫ਼ਰਕ ਆ ਗਿਆ ਹੈ। ਭਾਰਤੀ ਪੰਜਾਬੀਆਂ ਨੂੰ ਸ਼ੂਗਰ, ਸਫ਼ੈਦ ਵਾਲ, ਗੰਜਾਪਨ, ਬਾਂਝਪਨ, ਬੇਔਲਾਦ, ਜੋੜ ਦਰਦ, ਹਾਈ ਬੀਪੀ ਅਤੇ ਮੋਟਾਪਾ ਆਦਿ ਰੋਗ ਜ਼ਿਆਦਾ ਹਨ ਜਦੋਂ ਕਿ ਇਹ ਰੋਗ ਪਾਕਿਸਤਾਨ ਪੰਜਾਬੀਆਂ ਦੇ ਬਹੁਤ ਹੀ ਘੱਟ ਹਨ।

ਪਾਕਿਸਤਾਨੀ ਪੰਜਾਬੀ ਜ਼ਿਆਦਾ ਮਾਸਾਹਾਰੀ ਹੋਣ ਕਾਰਨ ਭਾਰਤੀ ਪੰਜਾਬੀਆਂ ਨਾਲੋਂ ਪ੍ਰੋਟੀਨ ਵੀ ਵੱਧ ਖਾਂਦੇ ਹਨ ਤੇ ਧਰਤੀ ਹੇਠਲਾ ਪਾਣੀ ਵੀ ਜ਼ਿਆਦਾ ਪੀਂਦੇ ਹਨ। ਲੇਕਿਨ ਇਹਨਾਂ ਦੇ ਨਾਲ ਉਹਨਾਂ ਦਾ ਦੇਸੀ ਲੂਣ ਵਰਤਣਾ ਵੀ ਉਹਨਾਂ ਦੀ ਚੰਗੀ ਸਿਹਤ ਲਈ ਜ਼ਿੰਮੇਵਾਰ ਹੈ।

ਭਾਰਤ ਵਿੱਚ ਇਸਦੀ ਮੰਗ ਬਹੁਤ ਜ਼ਿਆਦਾ ਹੈ। ਇਹ ਅਨੇਕਾਂ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਬਹੁਤ ਲੋਕ ਇਸ ਦੇਸੀ ਲੂਣ ਨੂੰ ਰੋਜ਼ਾਨਾ ਖਾਣਾ ਪਸੰਦ ਕਰਦੇ ਹਨ। ਇਸੇ ਕਾਰਨ ਦੇਸੀ ਲੂਣ ਵੱਡੇ ਪੱਧਰ ਤੇ ਭਾਰਤ ਵਿੱਚ ਨਕਲੀ ਬਣਾਇਆ ਜਾ ਰਿਹਾ ਹੈ। ਇਹ ਦੂਜੇ ਲੂਣ ਵਿੱਚ ਰੰਗ ਪਾ ਕੇ ਅਤੇ ਕੁੱਝ ਪਹਾੜੀ ਮਿੱਟੀਆਂ ਮਿਲਾਕੇ ਇਸਨੂੰ ਘੱਟ ਨਮਕੀਨ ਬਣਾਇਆ ਜਾਂਦਾ ਹੈ। ਰਾਜਸਥਾਨ, ਮਹਾਰਾਸ਼ਟਰ, ਯੂ ਪੀ ਅਤੇ ਮੱਧ ਪ੍ਰਦੇਸ਼ ਵਿੱਚ ਅਨੇਕਾਂ ਥਾਵਾਂ ਤੇ ਨਕਲੀ ਪਾਕਿਸਤਾਨੀ ਲੂਣ ਬਣਾਇਆ ਜਾ ਰਿਹਾ ਹੈ।

ਬਹੁਤ ਲੋਕਾਂ ਨੂੰ ਅਸਲੀ ਨਕਲੀ ਲੂਣ ਦੀ ਪਹਿਚਾਣ ਬਿਲਕੁਲ ਨਹੀਂ ਹੈ। ਨਕਲੀ ਲੂਣ ਸਮੁੰਦਰੀ ਲੂਣ ਤੋਂ ਕਿਤੇ ਜ਼ਿਆਦਾ ਰੋਗ ਬਣਾਉਣ ਵਾਲਾ ਹੁੰਦਾ ਹੈ। ਨਕਲ਼ੀ ਲੂਣ ਗੁਰਦੇ ਫੇਲ੍ਹ ਜਾਂ ਜਿਗਰ ਖ਼ਰਾਬ ਕਰ ਸਕਦਾ ਹੈ। ਇਹ ਅੰਨਾਪਨ ਵੀ ਬਣਾ ਸਕਦਾ ਹੈ ਤੇ ਇਹ ਚਮੜੀ ਰੋਗ ਵੀ ਬਣਾ ਸਕਦਾ ਹੈ। ਇਸ ਲਈ ਜੇ ਤੁਹਾਨੂੰ ਅਸਲੀ ਨਕਲੀ ਦੀ ਪਹਿਚਾਣ ਨਹੀਂ ਹੈ ਤਾਂ ਸਮੁੰਦਰੀ ਲੂਣ ਖਾਣਾ ਹੀ ਠੀਕ ਹੈ।

ਅਸਲੀ ਪਾਕਿਸਤਾਨੀ ਲੂਣ ਵਿੱਚ ਰੰਗ ਬਹੁਤ ਹੀ ਥੋੜਾ ਹੁੰਦਾ ਹੈ। ਇਹ ਪੀਸਣ ਬਾਅਦ ਸਫ਼ੈਦ ਹੀ ਹੋ ਜਾਂਦਾ ਹੈ। ਜਦੋਂ ਕਿ ਨਕਲੀ ਲੂਣ ਪੀਸਣ ਬਾਅਦ ਥੋੜਾ ਪਿੰਕ ਰਹਿੰਦਾ ਹੈ।

ਇਸੇ ਤਰ੍ਹਾਂ ਅਸਲੀ ਲੂਣ ਮੂੰਹ ਚ ਪਾਉਣ ਤੇ ਕੁੜੱਤਣ ਵਾਲਾ ਨਹੀਂ ਮਹਿਸੂਸ ਹੁੰਦਾ ਜਦੋਂ ਕਿ ਨਕਲੀ ਮੂੰਹ ਦਾ ਟੇਸਟ ਹਲਕਾ ਜਿਹਾ ਕੁੜੱਤਣ ਵਾਲਾ ਬਣਾ ਦਿੰਦਾ ਹੈ। ਅਸਲ ਲੂਣ ਪਾਣੀ ਚ ਘੋਲਣ ਬਾਅਦ ਪਾਣੀ ਦੂਧੀਆ ਨਹੀਂ ਹੁੰਦਾ ਜਦ ਕਿ ਨਕਲੀ ਲੂਣ ਪਾਣੀ ਚ ਖੋਰਨ ਬਾਅਦ ਪਾਣੀ ਹਲਕਾ ਜਿਹਾ ਧੁੰਦਲਾ ਜਾਂ ਦੂਧੀਆ ਹੋ ਜਾਂਦਾ ਹੈ।

Total Views: 387 ,
Real Estate