ਬਗ਼ਦਾਦ ਦਾ ਸੌਦਾਗਰ : ਅਲਿਫ਼ ਲੈਲਾ

ਬੜੇ ਚਿਰਾਂ ਦੀ ਗੱਲ ਹੈ ਕਿ ਅਰਬ ਦੇਸ ਵਿਚ ਇਕ ਅਮੀਰ ਸੌਦਾਗਰ ਰਹਿੰਦਾ ਸੀ । ਉਹਦਾ ਚੰਗਾ ਵੱਡਾ ਪਰਵਾਰ ਸੀ ਅਤੇ ਨੌਕਰ ਚਾਕਰ ਵੀ ਬਹੁਤੇ ਸਨ । ਉਹ ਜੀਵਨ ਦੇ ਦਿਨ ਬੜੀ ਖੁਸ਼ੀ ਵਿਚ ਬਿਤਾ ਰਿਹਾ ਸੀ।

ਉਹਦੇ ਕੋਲ ਬਹੁਤ ਸਾਰੇ ਪਸੂ ਵੀ ਸਨ । ਉਹਨੂੰ ਰਬ ਵਲੋਂ ਪਸੂਆਂ ਅਤੇ ਪੰਛੀਆਂ ਦੀ ਬੋਲੀ ਸਮਝਣ ਦੀ ਸ਼ਕਤੀ ਮਿਲੀ ਹੋਈ ਸੀ । ਪਰ ਇਸ ਬਾਰੇ ਉਹ ਕਿਸੇ ਨੂੰ ਦੱਸ ਨਹੀਂ ਸੀ ਸਕਦਾ ਕਿਉਂਕਿ ਇਸ ਭੇਤ ਦੇ ਖੋਲ੍ਹਣ ਦੀ ਸਜ਼ਾ ਮੌਤ ਸੀ।

ਪਸੂਆਂ ਵਿਚ ਉਹਦੇ ਕੋਲ ਇਕ ਢੱਗਾ ਅਤੇ ਇਕ ਖੋਤਾ ਵੀ ਸਨ । ਦੋਹਾਂ ਦੀ ਖੁਰਲੀ ਕੋਲ ਕੋਲ ਹੀ ਸੀ । ਕਈ ਵਾਰ ਜਦੋਂ ਉਹਨਾਂ ਨੂੰ ਇਕੱਠਿਆਂ ਪੱਠੇ ਖਾਣ ਦਾ ਮੌਕਾ ਮਿਲਦਾ ਤਾਂ ਉਹ ਇਕ ਦੂਜੇ ਨਾਲ ਆਪਣੇ ਦੁਖ ਸੁਖ ਫੋਲ ਲੈਂਦੇ।

ਇਕ ਦਿਨ ਤਰਕਾਲਾਂ ਵੇਲੇ ਸੌਦਾਗਰ ਆਪਣੇ ਨੌਕਰਾਂ ਅਤੇ ਬਾਲ ਬੱਚਿਆਂ ਨਾਲ ਬੈਠਾ ਹੱਸ ਖੇਡ ਰਿਹਾ ਸੀ ਕਿ ਅਚਾਨਕ ਉਹਨੇ ਢੱਗੇ ਅਤੇ ਖੋਤੇ ਨੂੰ ਆਪਸ ਵਿਚ ਘੁਸਰ ਮੁਸਰ ਕਰਦਿਆਂ ਸੁਣਿਆ ।
ਢੱਗਾ ਕਹਿ ਰਿਹਾ ਸੀ, “ਤੂੰ ਤਾਂ ਮੋਤੀ ਮਣਸ ਕੇ ਇਹ ਜਨਮ ਲਿਆ ਜਾਪਦਾ ਦੇ ! ਬੁੱਲੇ ਲੁਟਦਾ ਏਂ, ਮਿੱਤਰਾ ! ਤੇਰੀਆਂ ਖ਼ਾਤਰਾਂ ਦੀਆਂ ਰੀਸਾਂ ਨਹੀਂ। ਟਹਿਲੀਏ ਤੇਰੇ ਅੱਗੇ ਪਿੱਛੇ ਪਏ ਫਿਰਦੇ ਨੇ । ਐਨ ਵੇਲੇ ਸਿਰ ਤੈਨੂੰ ਤਾਜ਼ੇ ਪੱਠੇ ਪਾਉਂਦੇ ਨੇ । ਪੀਣ ਨੂੰ ਚਸ਼ਮੇ ਦਾ ਠੰਡਾ ਠਾਰ ਪਾਣੀ ਲਿਆ ਦਿੰਦੇ ਨੇ ਤੇ ਤੇਰੀ ਥਾਂ ਸ਼ੀਸ਼ੇ ਵਾਂਙ ਸਾਫ਼ ਰਖਦੇ ਨੇ ! ਪਰ, ਯਾਰ, ਰਤੀ ਮੇਰੇ ਵੱਲ ਵੇਖ । ਅੱਧੀ ਅੱਧੀ ਰਾਤ ਤਕ ਪੰਜਾਲੀ ਵਿਚ ਜਕੜੀ ਮੇਰੀ ਧੌਣ ਵੀ ਆਕੜ ਜਾਂਦੀ ਏ । ਹਲ ਵਾਹੁੰਦਿਆਂ ਮੇਰੀਆਂ ਖੁੱਚਾਂ ਰਹਿ ਜਾਂਦੀਆਂ ਨੇ । ਕਈ ਕਈ ਦਿਨ ਮੇਰੇ ਪਿੰਡੇ ਤੋਂ ਸੋਟੀ ਦੀਆਂ ਲਾਸ਼ਾਂ ਨਹੀਂ ਜਾਂਦੀਆਂ ।
ਦਿਨ ਚੜ੍ਹਨ ਤੋਂ ਰਾਤ ਪੈਣ ਤਕ ਅੰਨ੍ਹੇ ਵਾਹ ਮੈਨੂੰ ਰਗੜਿਆ ਜਾਂਦਾ ਏ। ਕੋਈ ਵੀ ਕੰਮ ਹੋਵੇ ਸਾਰਿਆਂ ਦੇ ਮੂੰਹ ਤੇ ਮੇਰਾ ਈ ਨਾਂ ਚੜ੍ਹਿਆ ਹੋਇਆ ਏ, ਜਿੱਦਾਂ ਹੋਰ ਸਾਰੇ ਪਸੂ ਮਰ ਗਏ ਹੁੰਦੇ ਨੇ ! ਤੇ ਫੇਰ, ਜਦੋਂ ਮੈਨੂੰ ਟੁੱਟੇ ਭੱਜੇ ਨੂੰ ਰਾਤ ਵੇਲੇ ਖੁਰਲੀ ਲਾਗ ਲਿਅ ਬੰਨ੍ਹਦੇ ਨੇ ਤਾਂ ਮੇਰੇ ਵਿਚ ਖੜ੍ਹਨ ਜੋਗੀ ਵੀ ਹਿੰਮਤ ਨਹੀਂ ਹੁੰਦੀ । ਪੱਠਿਆਂ ਵਲ ਮੂੰਹ ਕਰਦਾ ਆਂ ਤਾਂ ਨਿਰੀ ਖੋਹ ਈ ਖੋਹ ਹੁੰਦੀ ਏ ! ਤੇ ਮੇਰੀ ਥਾਂ ਵਲ ਵੇਖ ਲੈ। ਸਾਰੀ ਸਾਰੀ ਰਾਤ ਗੋਹੇ ਤੇ ਚਿੱਕੜ ਨਾਲ ਈ ਲਿਬੜਿਆ ਰਹਿੰਦਾ ਆਂ ਤੇ ਦਿਨੇ ਧੁਪ ਵਿਚ ਗੋਹੇ ਦੇ ਸੁੱਕਣ ਨਾਲ ਮੇਰਾ ਪਿੰਡਾ ਹੋਰ ਆਕੜ ਜਾਂਦਾ ਏ ਤੇ ਡੰਡਿਆਂ ਦੀ ਮਾਰ ਨਾਲ ਸੁੱਕੀਆਂ ਪਾਥੀਆਂ ਵਾਂਝ ਝੜ ਝੜ ਡਿਗਦਾ ਏ ।
ਪਰ ਤੂੰ ਏਂ ! ਕਦੀ ਕੱਖ ਭੰਨ ਕੇ ਵੀ ਦੂਹਰਾ ਨਹੀਂ ਕੀਤਾ ! ਹੋਇਆ, ਜੋ ਕਦੀ ਮਾਲਕ ਨੇ ਸ਼ਹਿਰ ਵਿਚ ਜਾਣਾ ਹੋਇਆ ਤਾਂ ਤੇਰੀ ਵਾਰੀ ਆ ਗਈ । ਤੇ ਉਹ ਵੀ ਤੇਰੀ ਸੈਰ ਹੋ ਜਾਂਦੀ ਹੈ । ਰੇਸ਼ਮੀ ਤੇਰੇ ਤੇ ਕਾਠੀ ਹੁੰਦੀ ਏ, ਲਾਲ ਫੁੰਮਣ ਤੇਰੇ ਕੰਨਾਂ ਵਿਚਕਾਰ ਕਲਗੀ ਵਾਙ ਸੱਜ ਰਿਹਾ ਹੁੰਦਾ ਏ: ਮਣਕਿਆਂ ਤੇ ਘੁੰਗਰੂਆਂ ਦੇ ਹਾਰ ਤੇਰੇ ਗਲ ਵਿਚ, ਲਿਸ਼ਕਾਂ ਪਏ ਮਾਰਦੇ ਨੇ। ਤੇ ਫੇਰ, ਸੋਹਣਿਆਂ, ਜਿਹੜਾ ਤੂੰ ਵਿੰਗਾ ਹੋ ਹੋ ਕੇ ਤੁਰਦਾ ਏਂ! ਤੇਰੀ ਟਹੁਰ ਵੇਖਣ ਵਾਲੀ ਹੁੰਦੀ ਏ ! ਜੋ ਤੂੰ ਮੌਜਾਂ ਮਾਣਦਾ ਏਂ ਤੇ ਮੈਂ ਦਿਨ ਰਾਤ ਸੜਿਆ ਬਲਿਆ ਰਹਿੰਦਾ ਆਂ । ਤੂੰ ਘਰਾੜੇ ਮਾਰਦਾ ਏਂ ਤੇ ਨੀਂਦ ਮੇਰੇ ਲਾਗੇ ਨਹੀਂ ਫੜਕਦੀ । ਮੈਂ ਭੁੱਖਾ ਭਾਣਾ ਉਬਾਸੀਆਂ ਲੈਂਦਾ ਆਂ ਤੇ ਤੂੰ ਗੁਲਛੱਰੇ ਉਡਾਉਂਦਾ ਏਂ। ਤੇਰੀਆਂ ਖ਼ਾਤਰਾਂ ਸਾਹ ਨਹੀਂ ਲੈਂਦੀਆਂ ਤੇ ਮੇਰੇ ਹੱਡ ਸੁੱਕੇ ਜਾਂਦੇ ਨੇ !”

ਜਦੋਂ ਖੋਤੇ ਨੇ ਢੱਗੇ ਦੀਆਂ ਇਹ ਗੱਲਾਂ ਸੁਣੀਆਂ ਤਾਂ ਉਹ ਬੜੀ ਉੱਚੀ ਸਾਰੀ ਹੱਸਿਆ ਅਤੇ ਆਖਣ ਲੱਗਾ, “ਪਾਜੀਆ, ਤੇਰੀਆਂ ਗੱਲਾਂ ਸੁਣ ਕੇ ਮੇਰਾ ਬਦੋਬਦੀ ਹਾਸਾ ਨਿਕਲਦਾ ਜਾ ਰਿਹਾ ਏ ! ਤੂੰ ਨਿਰਾ ਅਕਲ ਦਾ ਅੰਨ੍ਹਾਂ ਏਂ ! ਮੂਰਖਾ, ਤੇ ਦੂਜਿਆਂ ਲਈ ਜੁ ਜਾਨ ਮਾਰਦਾ ਏਂ, ਇਹ ਕਿੱਥੋਂ ਦੀ ਅਕਲ ਏ ! ਸਵੇਰੇ ਘਰੋਂ ਨਿਕਲਿਆ ਤੇ ਨਖਿੱਧਾਂ ਵਾਂਝ ਸਾਰਾ ਦਿਨ ਹੱਡ ਗੋਡੇ ਰਗੜੇ ਤੇ ਕਿਧਰੇ ਜਾ ਕੇ ਰਾਤ ਪੈਣ ਤੇ ਮੁੜ ਆਪਣੀ ਖੁਰਲੀ ਦਾ ਮੂੰਹ ਵੇਖਿਆ !
ਨਕਾਰਿਆ, ਸੁਣ ਧਿਆਨ ਨਾਲ ! ਕਦੀ ਕਦੀ ਥੋੜੀ ਬਹੁਤ ਚਲਾਕੀ ਵੀ ਵਰਤ ਲਈਦੀ ਏ । ਜਦੋਂ ਉਹ ਤੈਨੂੰ ਮੇਰੇ ਲਾਗੇ ਆ ਬੰਨ੍ਹਦੇ ਨੇ, ਤੂੰ ਚੁਪ ਚਾਪ ਆ ਕੇ ਖੜ੍ਹ ਜਾਂਦਾ ਏਂ । ਉਹ ਸਮਝਦੇ ਨੇ ਕਿ ਤੂੰ ਖ਼ੁਸ਼ ਏਂ । ਜਦੋਂ ਪੱਠੇ ਤੇਰੇ ਅੱਗੇ ਸੁਟਦੇ ਨੇ ਤਾਂ ਤੂੰ ਹਾਬੜਿਆਂ ਵਾਂਝ ਉਹਨਾਂ ਤੇ ਪੈਂਦਾ ਏਂ ਤੇ ਉਹ ਸਮਝਦੇ ਨੇ ਕਿ ਤੂੰ ਬੜਾ ਪ੍ਰਸੰਨ ਏਂ! ਪਰ ਜੇ ਤੂੰ ਮੇਰੀ ਗੱਲ ਮੰਨੇਂ ਤਾਂ ਜਿੱਦਾਂ ਮੈਂ ਤੈਨੂੰ ਦੱਸਦਾ ਆਂ, ਉੱਦਾਂ ਈ ਕਰ ।
ਜਦੋਂ ਤੂੰ ਹਲ ਵਾਹੁਣ ਲਈ ਜਾਏਂ, ਤੂੰ ਖੇਤ ਵਿਚ ਜਾ ਕੇ ਲਿਟਣ ਲਗ ਜਾਇਆ ਕਰ । ਤੇ ਫੇਰ ਤੈਨੂੰ ਉਹ ਭਾਵੇਂ ਕੁੱਟ ਕੁੱਟ ਕੇ ਝੰਬ ਦੇਣ, ਤੂੰ ਬਿਲਕੁਲ ਉਠਣਾ ਨੀ । ਜੇ ਉੱਠ ਵੀ ਖੜ੍ਹੇਂ ਤਾਂ ਫੇਰ ਲੇਟ ਜਾਈਂ।”
ਅੰਤ ਨੂੰ ਜਦੋਂ ਉਹ ਤੈਨੂੰ ਪੱਠੇ ਪਾਉਣ, ਤੂੰ ਉਹਨਾਂ ਨੂੰ ਮੂੰਹ ਤਕ ਨ ਲਾਈਂ । ਪੱਠਿਆਂ ਵਲ ਵੇਖ ਕੇ ਫੂਕਾਂ ਮਾਰੀ ਜਾਈਂ । ਉਹ ਸਮਝਣਗੇ ਕਿ ਤੂੰ ਬਿਮਾਰ ਏਂ। ਦੋ, ਚਾਰ ਦਿਨ ਇਸ ਤਰ੍ਹਾਂ ਕਰੀਂ, ਫੇਰ ਵੇਖੀ ਕਿਦਾਂ ਤੇਰੇ ਅੱਗੇ ਪਿਛੇ ਫਿਰਦੇ ਨੇ !”

ਜਦੋਂ ਢੱਗੇ ਨੇ ਇਹ ਸੁਣਿਆ ਤਾਂ ਉਹਨੇ ਖੋਤੇ ਦਾ ਦਿਲੋਂ ਧੰਨਵਾਦ ਕੀਤਾ ਅਤੇ ਖੁਸ਼ ਹੋ ਕੇ ਕਹਿਣ ਲੱਗਾ, “ਵਾਹ, ਬਈ ਵਾਹ, ਕੀ ਕਹਿਣੇ ਤੇਰੀ ਨੇਕ ਸਲਾਹ ਦੇ ! ਮੈਂ ਤਾਂ ਏਨਾ ਚਿਰ ਮੂਰਖ ਈ ਰਿਹਾ ਆਂ ! ਪਰ ਹੁਣ ਤੂੰ ਮੇਰੀਆਂ ਅੱਖਾਂ ਖੋਲ ਦਿੱਤੀਆਂ ਨੇ ਤੇ ਮੂਰਖਤਾ ਦੇ ਘਰ ਹਨੇਰੇ ਵਿਚੋਂ ਕੱਢ ਲਿਆ ਏ ।”

ਬਦਕਿਸਮਤੀ ਨਾਲ ਸੌਦਾਗਰ ਲਾਗੇ ਦੇ ਕਮਰੇ ਵਿਚ ਬੈਠਾ ਸੀ । ਉਹਨੇ ਇਹਨਾਂ ਦੋਹਾਂ ਦੀਆਂ ਸਭ ਗੱਲਾਂ ਸੁਣ ਲਈਆਂ । ਅਗਲੇ ਦਿਨ ਸਵੇਰੇ ਹਾਲੀ ਵੇਲੇ ਸਿਰ ਆਇਆ ਅਤੇ ਢੱਗੇ ਨੂੰ ਖੇਤ ਵਲ ਲੈ ਗਿਆ। ਉਹਨੇ ਹਰ ਰੋਜ਼ ਵਾਂਝ ਉਹਦੀ ਧੌਣ ਤੇ ਪੰਜਾਲੀ ਪਾਈ, ਪਰ ਢੱਗਾ ਆਪਣੀ ਥਾਂ ਤੇ ਅੜ ਕੇ ਖੜ੍ਹ ਗਿਆ। ਉਹਨੂੰ ਹਾਲੀ ਨੇ ਬਥੇਰੀ ਹੱਲਾਸ਼ੇਰੀ ਦਿੱਤੀ, ਪਰ ਕਿੱਥੇ ! ਢੱਗਾ ਹਿਲਣ ਤਕ ਦਾ ਨਾਂ ਨਹੀਂ ਸੀ ਲੈਂਦਾ । ਹਾਲੀ ਬੜਾ ਤੱਤਾ ਹੋਇਆ ਤੇ ਉਹਨੂੰ ਸੋਟੇ ਨਾਲ ਖ਼ੂਬ ਝੁੰਬਿਆ । ਇਸੇ ਮਾਰ ਕੁਟਾਈ ਵਿਚ ਪੰਜਾਲੀ ਥੱਲੇ ਜਾ ਪਈ ਅਤੇ ਢੰਗਾ ਉੱਥੋਂ ਨੱਸ ਉਠਿਆ । ਪਰ ਹਾਲੀ ਵੀ ਉਹਦਾ ਪਿੱਛਾ ਛੱਡਣ ਵਾਲੀ ਬਲਾ ਨਹੀਂ ਸੀ । ਉਹਨੇ ਢੱਗੇ ਨੂੰ ਜਾ ਘੇਰਿਆ ਅਤੇ ਐਸਾ ਫੈਂਟਾ ਚਾੜ੍ਹਿਆ ਕਿ ਢੱਗਾ ਉੱਥੇ ਹੀ ਵਿੱਛ ਗਿਆ । ਸਾਰਾ ਦਿਨ ਢੱਗਾ ਇਸੇ ਤਰ੍ਹਾਂ ਉਥੇ ਪਿਆ ਰਿਹਾ ਅਤੇ ਉਹਨੇ ਜ਼ਰਾ ਕੰਮ ਨ ਕੀਤਾ । ਸ਼ਾਮ ਨੂੰ ਜਦੋਂ ਉਹਨੂੰ ਘਰ ਲਿਆ ਕੇ ਪੱਠੇ ਪਾਏ ਗਏ, ਉਹਨੇ ਉਹਨਾਂ ਵਲ ਮੂੰਹ ਤਕ ਨ ਕੀਤਾ ਅਤੇ ਸਾਰੀ ਰਾਤ ਹਉਕੇ ਲੈਂਦਾ ਰਿਹਾ।

ਸਵੇਰ ਸਵੇਰ ਜਦ ਹਾਲੀ ਉਥੇ ਆਇਆ, ਉਹਨੇ ਵੇਖਿਆ ਕਿ ਢੱਗੇ ਦੀ ਖੁਰਲੀ ਉੱਸੇ ਤਰਾਂ ਪੱਠਿਆਂ ਨਾਲ ਭਰੀ ਪਈ ਹੈ ਅਤੇ ਉਹ ਆਪ ਚਿੱਕੜ ਅਤੇ ਗੋਹੇ ਨਾਲ ਲਿਬੜਿਆ ਪਿਆ ਹੈ। ਉਹਨੇ ਕਿਹਾ, ਉਹ ਹੋ ! ਇਹ ਤਾਂ ਵਿਚਾਰਾ ਬਿਮਾਰ ਏ । ਮੈਂ ਐਵੇਂ ਈ ਕੱਲ੍ਹ ਇਹਨੂੰ ਗ਼ਰੀਬ ਮਾਰ ਕੀਤੀ। ਵਿਚਾਰੇ ਦੇ ਪੱਠੇ ਵੀ ਸਾਰੇ ਦੇ ਸਾਰੇ ਉਸੇ ਤਰ੍ਹਾਂ ਪਏ ਨੇ ।
ਸੋ ਉਹ ਸੌਦਾਗਰ ਕੋਲ ਗਿਆ ਅਤੇ ਉਹਨੂੰ ਸਾਰੀ ਗਲ ਜਾ ਸੁਣਾਈ । ਪਰ ਸੌਦਾਗਰ ਜਾਣਦਾ ਸੀ ਕਿ ਵਿੱਚੋਂ ਗੱਲ ਕੀ ਹੈ । ਉਹਨੇ ਹਾਲੀ ਨੂੰ ਕਿਹਾ, “ਜਾਹ, ਅੱਜ ਖੋਤੇ ਨੂੰ ਲੈ ਜਾ ਤੇ – ਇਹਦੇ ਕੋਲੋਂ ਢੱਗੇ ਦਾ ਕੰਮ ਲੈ ।”
ਸੋ ਹਾਲੀ ਖੋਤੇ ਨੂੰ ਲੈ ਗਿਆ ਅਤੇ ਸਾਰਾ ਦਿਨ ਹਲ ਅੱਗੇ ਜੋਈ ਰੱਖਿਆ । ਖੋਤਾ ਇਤਨੀ ਮਿਹਨਤ ਦਾ ਆਦੀ ਨਹੀਂ ਸੀ । ਛੇਤੀ ਹੀ ਥੱਕ ਜਾਂਦਾ ਸੀ। ਹਾਲੀ ਉੱਸੇ ਵੇਲੇ ਉਹਦੀ ਵੱਖੀ ਵਿਚ ਇਕ ਜੜ ਦਿੰਦਾ ਸੀ ਅਤੇ ਉਹਨੂੰ ਅਗਾਂਹ ਹਿਕ ਦਿੰਦਾ ਸੀ ।
ਜਦੋਂ ਸ਼ਾਮ ਪਈ ਤਾਂ ਖੇਤੇ ਦੇ ਗਲੋਂ ਹਲ ਲਾਹਿਆ ਗਿਆ । ਉਹਦੀਆਂ ਲੱਤਾਂ ਵਿਚ ਜ਼ਰਾ ਵੀ ਸਾਹ ਸੱਤ ਨਹੀਂ ਸੀ । ਵਿਚਾਰਾ ਬੁਰੇ ਹਾਲੀਂ ਹੌਲੀ ਹੌਲੀ ਲੰਗੜਾਉਂਦਾ ਹੋਇਆ ਘਰ ਪਹੁੰਚਿਆ। ਉਹਦੀਆਂ ਵੱਖੀਆਂ ਲਾਸ਼ਾਂ ਨਾਲ ਨੀਲੀਆਂ ਹੋਈਆਂ ਪਈਆਂ ਸਨ !

ਓਧਰ ਢੱਗਾ ਸਾਰਾ ਦਿਨ ਬੁੱਲੇ ਲੁੱਟਦਾ ਰਿਹਾ । ਕਦੇ ਪੱਠਿਆਂ ਨੂੰ ਮੂੰਹ ਮਾਰ ਲਵੇ । ਕਦੇ ਜ਼ਰਾ ਪੂਛ ਨਾਲ ਮੱਖੀਆਂ ਉਡਾ ਲਵੇ । ਕਦੇ ਆਪਣੇ ਕਿੱਲੇ ਦੇ ਗਿਰਦ ਦੋ ਕੁ ਭੁਆਟਣੀਆਂ ਹੀ ਲੈ ਲਵੇ । ਰਾਤ ਪੈਣ ਤਕ ਉਹਦਾ ਚਿਹਰਾ ਖਿੜ ਗਿਆ । ਜਦੋਂ ਉਹਨੇ ਖੋਤੇ ਨੂੰ ਵਾਪਸ ਆਉਂਦਿਆਂ ਵੇਖਿਆ ਤਾਂ ਉਹ ਕਹਿਣ ਲੱਗਾ, “ਹੇ ਅਕਲ ਦੇ ਸਾਗਰ, ਤੇਰੀ ਈ ਨੇਕ ਸਲਾਹ ਦੀ ਬਦੌਲਤ ਮੇਰਾ ਜੀਵਨ ਸੌਰਿਆ ਏ । ਅਜ ਪਹਿਲਾ ਦਿਨ ਏ ਕਿ ਮੈਂ ਸੁਖ ਦਾ ਸਾਹ ਲਿਆ ਏ । ਮੈਂ ਕਿਸਤਰ੍ਹਾਂ ਤੇਰਾ ਜਸ ਗਾਵਾਂ !”

ਪਰ ਖੋਤਾ ਰੋਣੀ ਬੂਥੀ ਬਣਾਈ ਚੁਪ ਚਾਪ ਖੜਾ ਰਿਹਾ । ਉਹਦੀ ਐਸੀ ਦੁਰਦਸ਼ਾ ਸੀ ਕਿ ਉਹਦੇ ਮੂੰਹੋਂ ਗੱਲ ਤਕ ਨਹੀਂ ਸੀ ਨਿਕਲਦੀ ਕਿਉਂਕਿ ਸਾਰਾ ਦਿਨ ਉਹਦੀਆਂ ਹੱਡੀਆਂ ਸਿਕਦਿਆਂ ਰਹੀਆਂ ਸਨ । ਉਹ ਆਪਣੇ ਮਨ ਵਿਚ ਸੋਚਣ ਲੱਗਾ, ‘ਇਹ ਸਾਰੀ ਮੁਸੀਬਤ ਮੇਰੀ ਆਪਣੀ ਈ ਬੇਵਕੂਫ਼ੀ ਦਾ ਨਤੀਜਾ ਏ । ਦੂਜਿਆਂ ਦੀ ਬਲਾ, ਖ਼ਾਹ ਮਖ਼ਾਹ ਗਲ ਸਹੇੜ ਲਈ ਏ । ਖ਼ੈਰ, ਮੈਨੂੰ ਘਬਰਾਉਣਾ ਨਹੀਂ ਚਾਹੀਦਾ । ਰੱਬ ਦੀ ਬਖ਼ਸ਼ੀ ਹੋਈ ਅਕਲ ਨੂੰ ਵਰਤ ਕੇ ਕੋਈ ਹੋਰ ਕਲਾ ਮਰੋੜਨੀ ਚਾਹੀਦੀ ਏ ਜਿਸ ਨਾਲ ਢੱਗਾ ਮੁੜ ਆਪਣੇ ਗੇੜ ਵਿਚ ਪੈ ਜਾਏ। ਨਹੀਂ ਤਾਂ ਮੇਰੀ ਬੜੀ ਭੁਗਤ ਸੌਰੇਗੀ ਤੇ ਮੇਰੇ ਲਈ ਜੀਊਣਾ ਮੁਹਾਲ ਹੋ ਜਾਏਗਾ।’

ਕੁਝ ਚਿਰ ਪਿੱਛੋਂ ਖੋਤੇ ਨੇ ਪੱਠੇ ਖਾਣੇ ਸ਼ੁਰੂ ਕਰ ਦਿਤੇ । ਢੱਗਾ ਕੋਲ ਖੜਾ ਉਹਨੂੰ ਸਲਾਹੁੰਦਾ ਨਹੀਂ ਸੀ ਥੱਕਦਾ।
ਉਸੇ ਰਾਤ ਸੌਦਾਗਰ ਆਪਣੀ ਵਹੁਟੀ ਅਤੇ ਬੱਚਿਆਂ ਨਾਲ ਚੰਦਰਮੇ ਦੀ ਰੋਸ਼ਨੀ ਵਿਚ ਘਰ ਦੀ ਛੱਤ ਤੇ ਬੈਠਾ ਗੱਪਾਂ ਮਾਰ ਰਿਹਾ ਸੀ’ ਖੋਤੇ ਨੇ ਢੱਗੇ ਨੂੰ ਆਖਿਆ “ਸੁਣਾ, ਬਈ ! ਫੇਰ ਕੱਲ੍ਹ ਲਈ ਤੇਰਾ ਕੀ ਇਰਾਦਾ ਏ ?”
ਢੱਗੇ ਨੇ ਉੱਤਰ ਦਿੱਤਾ, “ਇਰਾਦਾ ਕੀ ਹੋਣਾ ਏ। ਤੂੰ ਜਿਹੜੀ ਮੱਤ ਦਿੱਤੀ ਏ ਉਹਦੀ ਰੀਸ ਨਹੀਂ । ਮੇਰੀ ਜਾਚੇ ਇਹ ਨੁਸਖਾ ਤਾਂ ਸਾਰੀ ਉਮਰ ਵਰਤਣਾ ਚਾਹੀਦਾ ਏ । ਸਾਰਾ ਦਿਨ ਮੌਜ ਕਰਦਾ ਰਿਹਾ ਆਂ । ਮੈਨੂੰ ਹੋਰ ਕੀ ਚਾਹੀਦਾ ਏ !”
ਪਰ ਖੋਤੇ ਨੇ ਸਿਰ ਫੇਰਿਆ ਅਤੇ ਆਖਿਆ, ‘ਨਾ, ਨਾ ! ਕਿਤੇ ਇਸਤਰ੍ਹਾਂ ਨਾ ਕਰ ਬੈਠੀ !”
“ਕਿਉਂ ?” ਢੱਗੇ ਨੇ ਹੈਰਾਨ ਹੋ ਕੇ ਪੁੱਛਿਆ ।

ਖੋਤੇ ਨੇ ਕਿਹਾ, “ਇਕ ਗੱਲ ਸਦਾ ਲਈ ਪੱਲੇ ਨਹੀਂ ਬੰਨ੍ਹ ਛੱਡੀਦੀ । ਕਈ ਵਾਰ ਉਹ ਪੁੱਠੀ ਵੀ ਪੈ ਜਾਂਦੀ ਏ । ਮੇਰੇ ਕੋਲ ਨਵੀਆਂ ਨਵੀਆਂ ਗੱਲਾਂ ਦਾ ਕੋਈ ਘਾਟਾ ਨਹੀਂ । ਜਿੰਨੀਆਂ ਸਲਾਹਾਂ ਕਹੇਂ ਤੈਨੂੰ ਦੇ ਦਵਾਂ। ਮੈਂ ਅਜ ਹੀ ਮਾਲਕ ਨੂੰ ਇਹ ਕਹਿੰਦਿਆਂ ਸੁਣਿਆ ਏਂ, ‘ਜੇ ਬੈਲ ਇਸੇ ਤਰਾਂ ਕਲ ਵੀ ਕੰਮ ਨਾਂ ਕਰੇ, ਤਾਂ ਇਹਨੂੰ ਕਸਾਈ ਦੇ ਹਵਾਲੇ ਕਰ ਦਿਓ। ਇਹ ਗ਼ਰੀਬਾਂ ਦੇ ਖਾਣ ਦੇ ਕੰਮ ਈ ਆਊ ਤੇ ਅਸੀਂ ਇਹਦੀ ਖੱਲ ਵੇਚ ਕੇ ਚਾਰ ਪੈਸੇ ਈ ਵਟ ਲਵਾਂਗੇ ।’ ਇਹ ਤੂੰ ਹੁਣ ਸੋਚ ਲੈ ! ਕਿਤੇ ਹਾਸੇ ਦਾ ਮੜਾਸਾ ਈ ਨਾ ਬਣ ਜਾਏ। ਮੈਂ ਤੈਨੂੰ ਖ਼ਬਰਦਾਰ ਕਰ ਦਿੱਤਾ ਏ ! ਤੂੰ ਅੱਗੇ ਆਪਣਾ ਪੜ੍ਹਿਆ ਵਿਚਾਰ।” ਜਦੋਂ ਸੌਦਾਗਰ ਨੇ ਇਹ ਸੁਣਿਆ, ਉਹ ਖਿੜ ਖਿੜਾ ਕੇ ਹਸ ਪਿਆ ਅਤੇ ਇਤਨਾ ਹਸਿਆ ਕਿ ਉਥੇ ਲੋਟ ਪੋਟ ਹੋ ਗਿਆ ।
ਉਹਦੀ ਵਹੁਟੀ ਉਹਨੂੰ ਪੁੱਛਣ ਲੱਗੀ, “ਕੋਈ ਐਸੀ ਵੈਸੀ ਗੱਲ ਤਾਂ ਹੋਈ ਨਹੀਂ। ਇਹ ਹਾਸਾ ਕਾਹਦਾ ਏ ?”
ਉਹਨੇ ਉੱਤਰ ਦਿੱਤਾ, “ਢੱਗੇ ਤੇ ਖੋਤੇ ਦੀ ਗੱਲ ਸੁਣ ਕੇ ਮੇਰਾ ਹਾਸਾ ਨਹੀਂ ਰੁਕਦਾ।”
ਉਹਦੀ ਵਹੁਟੀ ਨੇ ਪੁੱਛਿਆ, “ਮੈਨੂੰ ਵੀ ਤਾਂ ਕੁਝ ਪਤਾ ਲਗੇ । ਉਹ ਕੀ ਕਹਿ ਰਹੇ ਨੇ ।”
ਸੌਦਾਗਰ ਨੇ ਉੱਤਰ ਦਿੱਤਾ, “ਇਹ ਮੈਂ ਨਹੀਂ ਦਸ ਸਕਦਾ ! ਉਹਦੀ ਵਹੁਟੀ ਨੇ ਆਖਿਆ, “ਤੁਹਾਨੂੰ ਜ਼ਰੂਰ ਦੱਸਣਾ ਪਏਗਾ।”
ਸੌਦਾਗਰ ਨੇ ਫੇਰ ਉੱਤਰ ਦਿੱਤਾ, “ਨਹੀਂ, ਮੈਂ ਤੈਨੂੰ ਕਿਹਾ ਜੁ ਏ ਮੈਂ ਦਸ ਨਹੀਂ ਸਕਦਾ। ਤੈਨੂੰ ਪਤਾ ਨਹੀਂ ਇਹ ਦੱਸਣ ਦੀ ਸਜ਼ਾ ਮੌਤ ਏ ।”

ਪਰ ਉਹਦੀ ਵਹੁਟੀ ਨੇ ਆਖਿਆ, “ਇਹ ਤਾਂ ਨਿਰਾ ਝੂਠ ਏ । ਮੈਨੂੰ ਭੋਲੀ ਭਾਲੀ ਸਮਝ ਕੇ ਠਗਦੇ ਓ ! ਹਸ ਮੇਰੇ ਤੇ ਰਹੇ ਓ ਤੇ ਨਾਂ ਪਸ਼ੂਆਂ ਦਾ ਲਾ ਰਹੇ ਓ । ਮੈਥੋਂ ਜ਼ਰੂਰ ਤੁਸੀਂ ਕੁਝ ਲੁਕਾ ਰਹੇ ਓ । ਪਰ ਜੇ ਤੁਸੀਂ ਮੈਨੂੰ ਨਹੀਂ ਦਸੋਗੇ ਤਾਂ ਮੈਂ ਇਥੋਂ ਚਲੀ ਜਾਣਾ ਏ ਮੁੜ ਕਦੇ ਵੀ ਨਹੀਂ ਆਉਣਾ !”
ਇਹ ਕਹਿ ਕੇ ਉਹ ਬੈਠ ਗਈ ਅਤੇ ਉੱਚੀ ਉੱਚੀ ਰੋਣ ਲਗ ਪਈ । ਸੌਦਾਗਰ ਨੇ ਕਿਹਾ, “ਤੂੰ ਸ਼ੁਦੈਣ ਤਾਂ ਨਹੀਂ ਹੋ ਗਈ? ਰੱਬ ਤੋਂ ਡਰ ਤੇ ਜਾਣ ਦੇ ਇਸ ਗਲ ਨੂੰ । ਐਵੇਂ ਨਿੱਕੀ ਜਿਹੀ ਗੱਲ ਤੇ ਕਲੇਸ਼ ਨਹੀਂ ਕਰੀਦਾ ।”
ਪਰ ਉਹਦੀ ਵਹੁਟੀ ਜਿੱਦੀ ਪੈ ਗਈ ਅਤੇ ਕਹਿਣ ਲੱਗੀ, ‘ਨਹੀਂ, ਨਹੀਂ, ਮੈਨੂੰ ਸਚ ਦੱਸੋ ਕਿ ਤੁਸੀਂ ਹੱਸੇ ਕਿਉਂ ਓ !’
ਸੌਦਾਗਰ ਨੇ ਉੱਤਰ ਦਿੱਤਾ, “ਭਲੀਏ ਲੋਕੇ, ਤੈਨੂੰ ਪਤਾ ਏ ਕਿ ਜਦੋਂ ਰੱਬ ਨੇ ਮੈਨੂੰ ਜਾਨਵਰਾਂ ਤੇ ਪੰਛੀਆਂ ਦੀ ਬੋਲੀ ਸਮਝਣ ਦੀ ਸ਼ਕਤੀ ਦਿੱਤੀ ਸੀ ਤਾਂ ਨਾਲ ਈ ਉਹਨੇ ਕਿਹਾ ਸੀ ਕਿ ਜੇ ਮੈਂ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਮੈਂ ਨਹੀਂ ਬਚਣਾ ! ਖਾਮਖ਼ਾਹ ਦਾ ਅੜਬਪੁਣਾ ਛੱਡ ਦੇ ।”
“ਪਰਵਾਹ ਨਹੀਂ ! ਮੈਨੂੰ ਜ਼ਰੂਰ ਦੱਸੋ ਕਿ ਢੱਗੇ ਤੇ ਖੋਤੇ ਨੇ ਇਕ ਦੂਜੇ ਨੂੰ ਕੀ ਕਿਹਾ ਏ । ਏਥੇ ਕਿਸੇ ਬਹਿ ਰਹਿਣਾ ਏ । ਅੰਤ ਵੇਲਾ ਤਾਂ ਅਖ਼ੀਰ ਸਭ ਦਾ ਆਉਣਾ ਈ ਏਂ।”

ਇਸ ਤਰ੍ਹਾਂ ਉਹਦੀ ਵਹੁਟੀ ਉਹਦੇ ਖਹਿੜੇ ਪੈ ਗਈ ਅਤੇ ਉਹ ਬੜਾ ਅਵਾਜ਼ਾਰ ਹੋਇਆ । ਪਰ ਉਹ ਆਪਣੀ ਵਹੁਟੀ ਨਾਲ ਬੜਾ ਪਿਆਰ ਕਰਦਾ ਸੀ । ਇਸ ਲਈ ਇਕ ਦਿਨ ਉਹ ਤੰਗ ਆ ਕੇ ਆਖਣ ਲੱਗਾ, ”ਅੱਛਾ, ਤਾਂ ਬੁਲਾ ਲਿਆ ਆਪਣੇ ਮਾਂ ਪਿਓ ਤੇ ਹੋਰ ਸਾਕ ਸਬੰਧੀਆਂ ਨੂੰ ਤਾਂ ਜੋ ਮੈਂ ਮਰਨ ਤੋਂ ਪਹਿਲਾਂ ਆਪਣੀ ਵਸੀਅਤ ਕਰ ਜਾਵਾਂ ।”

ਸੌਦਾਗਰ ਕੋਲ ਇਕ ਕੁੱਤਾ, ਇਕ ਕੁੱਕੜ ਅਤੇ ਪੰਜਾਹ ਕੁ ਕੁਕੜੀਆਂ ਵੀ ਸਨ । ਜਦੋਂ ਉਹ ਆਪਣੇ ਅੰਤ ਵੇਲੇ ਦੀ ਤਿਆਰੀ ਕਰ ਰਿਹਾ ਸੀ, ਤਾਂ ਉਹਨੇ ਕੁੱਤੇ ਅਤੇ ਕੁੱਕੜ ਨੂੰ ਗੱਲਾਂ ਕਰਦਿਆਂ ਸੁਣਿਆ । ਕੁੱਤੇ ਨੇ ਕੁੱਕੜ ਨੂੰ ਆਖਿਆ, “ਕੀ ਤੈਨੂੰ ਪਤਾ ਏ ਕਿ ਸਾਡਾ ਮਾਲਕ ਮਰਨ ਲਈ ਤਿਆਰ ਹੋ ਰਿਹਾ ਏ । ਉਹਦੀ ਵਹੁਟੀ ਇਸ ਗੱਲ ਤੇ ਅੜੀ ਹੋਈ ਏ ਕਿ ਉਹਨੂੰ ਸਾਡੀਆਂ ਸੁਣੀਆਂ ਹੋਈਆਂ ਗੱਲਾਂ ਦਸੇ । ਉਹਦੇ ਸਮਝਾਣ ਬੁਝਾਣ ਤੇ ਵੀ ਉਹ ਬਾਜ ਨਹੀਂ ਆ ਰਹੀ ।

ਕੁੱਕੜ ਨੇ ਆਖਿਆ, “ਸਾਡਾ ਮਾਲਕ ਆਖਦਾ ਤਾਂ ਏ ਕਿ ਉਹਨੂੰ ਗੈਬ ਦੀਆਂ ਗੱਲਾਂ ਦਾ ਪਤਾ ਏ, ਪਰ ਕੀ ਹੋਇਆ ਜੇ ਉਹ ਆਪਣੀ ਵਹੁਟੀ ਨੂੰ ਵੀ ਨਹੀਂ ਚਾਰ ਸਕਦਾ !”
ਕੁੱਤੇ ਨੇ ਪੁੱਛਿਆ, “ਫੇਰ ਤੇਰੇ ਖ਼ਿਆਲ ਵਿਚ ਸਾਡੇ ਮਾਲਕ ਨੂੰ ਹੁਣ ਕੀ ਕਰਨਾ ਚਾਹੀਦਾ ਏ ?”
“ਕਿਉਂ, ਇਹ ਤਾਂ ਗੱਲ ਈ ਕੁਝ ਨਹੀਂ ! ਆਪਣੀ ਵਹੁਟੀ ਨੂੰ ਇਹ ਕਹਿ ਦਵੇ ਕਿ ਸੁਣਨ ਵਾਲਾ ਸਦਾ ਲਈ ਸ਼਼ੁਦਾਈ ਹੋ ਜਾਂਦਾ ਏ ਤੇ ਉਹਦੀ ਮੌਤ ਬੁਰੀ ਤਰ੍ਹਾਂ ਹੁੰਦੀ ਏ । ਬਸ ਇਸੇ ਡਰ ਨਾਲ ਈ ਉਹ ਆਪਣੀ ਜਿੱਦ ਛੱਡ ਦਵੇਗੀ ।”

ਸੌਦਾਗਰ ਕੁੱਕੜ ਦੀ ਗੱਲ ਸੁਣ ਕੇ ਬਹੁਤ ਖੁਸ਼ ਹੋਇਆ । ਉਹ ਉਸੇ ਵੇਲੇ ਆਪਣੇ ਕਮਰੇ ਵਿਚ ਗਿਆ ਅਤੇ ਆਪਣੀ ਵਹੁਟੀ ਨੂੰ ਬੁਲਾ ਕੇ ਕਹਿਣ ਲੱਗਾ, ‘ਹਾਂ ਸੱਚ, ਇਹ ਦਸਣਾ ਤਾਂ ਮੈਂ ਭੁਲ ਈ ਗਿਆ ਸਾਂ ਕਿ ਭੇਤ ਵਾਲੀ ਗੱਲ ਨੂੰ ਸੁਣਨ ਵਾਲਾ ਵੀ ਨਾਲ ਈ ਸ਼ੁਦਾਈ ਹੋ ਜਾਂਦਾ ਏ ਤੇ ਬੁਰੀ ਤਰ੍ਹਾਂ ਮਰਦਾ ਏ ! ਸੋ ਤੂੰ ਵੀ ਮਰਨ ਲਈ ਤਿਆਰ ਹੋ ਜਾ।”
ਇਹ ਸੁਣਦਿਆਂ ਹੀ ਉਹਦੀ ਵਹੁਟੀ ਦੇ ਹੋਸ਼ ਉੱਡ ਗਏ ਅਤੇ ਉਹ ਘਬਰਾ ਕੇ ਬੋਲੀ, “ਨਾ, ਨਾ, ਇਹੋ ਜਹੀ ਗਲ ਸੁਣਨੋਂ ਕੀ ਥੁੜ੍ਹਿਆ ਏ ! ਮੈਂ ਸ਼ੁਦੈਣ ਥੋੜ੍ਹੀ ਆਂ । ਮੈਂ ਤਾਂ ਐਵੇਂ ਹੱਸ ਰਹੀ ਸਾਂ !” ਸੌਦਾਗਰ ਨੇ ਆਖਿਆ-”ਚੰਗਾ ! ਫੇਰ ਨਾ ਕਦੀ ਪੁੱਠੇ ਸਿੱਧੇ ਸਵਾਲ ਕਰੀਂ।”
ਇਸ ਤੋਂ ਪਿੱਛੋਂ ਸੌਦਾਗਰ ਖ਼ੁਸ਼ੀ ਖ਼ੁਸ਼ੀ ਰਹਿਣ ਲਗ ਪਿਆ ਅਤੇ ਉਹਦੀ ਵਹੁਟੀ ਨੇ ਫੇਰ ਕਦੀ ਅੜੀ ਨਹੀਂ ਕੀਤੀ ।

Total Views: 120 ,
Real Estate