ਦੋ ਦਿਨਾਂ ਵਿਚ ਕਿਸਾਨਾਂ ਅੰਦੋਲਨ ਦੇ ਤਿੰਨ ਕਿਸਾਨ ਲੇਖੇ ਲਗੇ

ਬਰਨਾਲਾ, 28 ਦਸੰਬਰ

ਜ਼ਿਲ੍ਹਾ ਭਾਜਪਾ ਪ੍ਰਧਾਨ ਦੇ ਘਰ ਮੂਹਰੇ ਚੱਲ ਰਹੇ ਕਿਸਾਨੀ ਸੰਘਰਸ਼ ’ਚ ਅੱਜ ਕਿਸਾਨ ਦੀ ਮੌਤ ਹੋ ਗਈ। ਭਾਜਪਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਮੂਹਰੇ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ। ਅੱਜ ਧਰਨੇ ਦੌਰਾਨ ਪਿੰਡ ਗੁਰਮ ਦੇ ਬਜ਼ੁਰਗ ਕਿਸਾਨ ਸੁਖਦੇਵ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ। ਉਸ ਨੂੰ ਤੁਰਤ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸੁਖਦੇਵ ਸਿੰਘ ਲੰਮੇ ਸਮੇਂ ਤੋਂ ਕਿਸਾਨੀ ਘੋਲ ’ਚ ਲਗਾਤਾਰ ਸ਼ਾਮਲ ਹੋ ਰਿਹਾ ਸੀ। ਕਿਸਾਨ ਜੱਥੇਬੰਦੀਆਂ ਨੇ ਮਿ੍ਤਕ ਕਿਸਾਨ ਨੂੰ ਸ਼ਹੀਦ ਦਾ ਦਰਜਾ ਦਿੱਤਾ ਹੈ। ਜੱਥੇਬੰਦੀ ਨੇ ਮਿ੍ਤਕ ਕਿਸਾਨ ਦਾ ਸਾਰਾ ਕਰਜ਼ਾ ਮੁਆਫ਼ ਕਰਨ, ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ।

ਮਾਨਸਾ ਦੀ ਮਹਿਲਾ ਆਗੂ ਸੜਕ ਹਾਦਸੇ ਵਿੱਚ ਹਲਾਕ

ਮਾਨਸਾ, 28 ਦਸੰਬਰ-ਦਿੱਲੀ ਦੇ ਕਿਸਾਨ ਅੰਦੋਲਨ ਤੋਂ ਵਾਪਸ ਆ ਰਹੀ ਮਜ਼ਦੂਰ ਮੁਕਤੀ ਮੋਰਚਾ ਦੀ ਸਰਗਰਮ ਮਹਿਲਾ ਆਗੂ ਮਲਕੀਤ ਕੌਰ ‌ਦੀ ਫ਼ਤਿਆਬਾਦ ਨੇੜੇ ਹਾਦਸੇ ਵਿਚ ਮੌਤ ਹੋ ਗਈ। ਸੀਪੀਆਈ (ਐਮ ਐਲ) ਲਿਬਰੇਸ਼ਨ ਦੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਮਹਿਲਾ ਆਗੂ ਨੂੰ ਸੜਕ ਪਾਰ ਕਰਦਿਆਂ ਇੱਕ ਤੇਜ਼ ਰਫ਼ਤਾਰ ਕਾਰ ਨੇ ਟੱਕਰ ਮਾਰ ਦਿੱਤੀ। ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਮਹਿਲਾ ਆਗੂ ਕਿਸੇ ਵੇਲੇ ਕਾਂਗਰਸ ਦੀ ਆਗੂ ਰਹੀ ਸੀ ਅਤੇ ਹੁਣ ਲੰਬੇ ਸਮੇਂ ਤੋਂ ਮਜ਼ਦੂਰ ਮੁਕਤੀ ਮੋਰਚਾ ਨਾਲ ਜੁੜੀ ਹੋਈ ਸੀ। ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾਓ ਨੇ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ, ਕਰਜ਼ਾ ਮੁਆਫੀ ਅਤੇ ਦਸ ਲੱਖ ਰੁਪਏ ਦਾ ਮੁਆਵਜ਼ੇ ਦੇਣ ਦੀ ਮੰਗ ਕੀਤੀ ਹੈ।

ਟਿਕਰੀ ਬਾਰਡਰ ’ਤੇ ਧਰਨੇ ’ਚ ਸ਼ਾਮਲ ਵਕੀਲ ਵੱਲੋਂ ਖੁਦਕੁਸ਼ੀ

ਜਲਾਲਾਬਾਦ-ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ’ਚ ਸ਼ਾਮਲ ਜਲਾਲਾਬਾਦ ਬਾਰ ਐਸੋਸੀਏਸ਼ਨ ਦੇ ਮੈਂਬਰ ਤੇ ਸੀਨੀਅਰ ਵਕੀਲ ਅਮਰਜੀਤ ਸਿੰਘ ਰਾਏ ਨੇ ਟਿਕਰੀ ਬਾਰਡਰ ’ਤੇ ਸਲਫਾਸ ਖਾ ਕੇ ਖੁਦਕੁਸ਼ੀ ਕਰ ਲਈ। ਅਮਰਜੀਤ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਇਕ ਖੁਦਕੁਸ਼ੀ ਨੋਟ ਵੀ ਲਿਖ ਕੇ ਪਿੱਛੇ ਛੱਡਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਸਿੰਘ ਰਾਏ ਪਿਛਲੇ ਕਰੀਬ 12 ਦਿਨਾਂ ਤੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਕਿਸਾਨਾਂ ਵਲੋਂ ਦਿੱਤੇ ਜਾ ਰਹੇ ਧਰਨੇ ’ਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੇ ਸਨ ਅਤੇ ਲਗਾਤਾਰ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲ ਰੱਦ ਨਾ ਕੀਤੇ ਜਾਣ ਸਬੰਧੀ ਦਿੱਤੇ ਜਾ ਰਹੇ ਬਿਆਨਾਂ ਤੋਂ ਹਤਾਸ਼ ਸਨ। ਆਖਰਕਾਰ ਉਸ ਨੇ ਅੱਜ ਸਵੇਰੇ ਕਰੀਬ 9 ਵਜੇ ਖੁਦਕੁਸ਼ੀ ਨੋਟ ਲਿਖ ਕੇ ਸਲਫਾਸ ਖਾ ਲਈ। ਹਾਲਤ ਵਿਗੜਨ ’ਤੇ ਉਸ ਨੂੰ ਕਿਸਾਨਾਂ ਨੇ ਜਲਦੀ ਹੀ ਪੀਜੀਆਈ ਰੋਹਤਕ ’ਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ।

Total Views: 118 ,
Real Estate