ਮੁਹੱਬਤਾਂ ਭਰੇ ਤਜਰਬੇ

ਹਰਮੀਤ ਬਰਾੜ
ਸੰਘਰਸ਼ ਦੌਰਾਨ ਹਰੇਕ ਪੰਜਾਬੀ ਨੇ ਦਿੱਲੀ ਪਿੰਡ ਆਲੇ ਖੇਤ ਅਰਗੀ ਬਣਾ ਲਈ ਵੀ ਬੱਸ ਹੁਣੇ ਗਏ ਤੇ ਹੁਣੇ ਆਏ , ਮੇਰੇ ਵੀ ਹਫ਼ਤੇ ਚ ਦੋ ਦੋ ਗੇੜੇ ਲੱਗ ਰਹੇ ਨੇ । ਸੰਘਰਸ਼ ਤਾਂ ਹੌਂਸਲਾ ਦੇ ਈ ਰਿਹਾ ਨਾਲ ਨਾਲ ਕੁਝ ਏਨੇ ਮਿੱਠੇ ਤਜਰਬੇ ਹੋਏ ਵੀ ਕੋਈ ਜਾਨ ਕਿਉਂ ਨਾ ਵਾਰ ਦੇਵੇ ਇਹਨਾ ਦੂਰ ਵਸਦੇ ਆਪਣਿਆਂ ਤੋਂ ।
ਬਾਜਵਾ ਸਾਹਿਬ ( ਚੰਨ ਪ੍ਰਦੇਸੀ ਰੇਡੀਓ ਦੇ ਸਰੋਤੇ) ਦਾ ਇੱਕ ਦਿਨ ਫ਼ੋਨ ਆਇਆ ਕਿ ਉਹਨਾ ਦਾ ਭਤੀਜਾ ਦਿੱਲੀ ਰਹਿੰਦਾ ਹੈ ਤੇ ਮੈ ਉਹਨਾ ਤੋ ਪੱਚੀ ਹਜ਼ਾਰ ਰੁਪਏ ਲੈ ਕੇ ਸੰਘਰਸ਼ ਵਿੱਚ ਉਹਨਾਂ ਦਾ ਯੋਗਦਾਨ ਪਾਵਾਂ। ਦੋ ਕੁ ਦਿਨ ਬਾਦ ਦਿੱਲੀ ਜਾਣ ਹੋਇਆ ਤਾਂ ਉਹਨਾ ਦੇ ਭਤੀਜਾ ਸ. ਗੁਰਿੰਦਰ ਸਿੰਘ ਹੋਰਾਂ ਨੂੰ ਫ਼ੋਨ ਕੀਤਾ । ਉਹਨਾ ਨੇ ਪਤਾ ਭੇਜ ਦਿੱਤਾ , ਅਸੀਂ ਉਹਨਾ ਦੇ ਘਰ ਪਹੁੰਚੇ ।
ਚਾਹ ਦਾ ਪਿਆਲਾ ਸਾਂਝਾ ਕਰਦਿਆਂ ਮੈ ਉਹਨਾ ਨੂੰ ਕਿਹਾ ਕਿ ਅਸੀਂ ਟੀਕਰੀ ਬੌਰਡਰ ਤੇ ਜੁੱਤੀਆਂ ਦੇਣੀਆਂ ਹਨ ਤੇ ਚਾਹੁੰਦੇ ਆਂ ਕਿ ਰੇਟ ਵੀ ਸਹੀ ਹੋਵੇ ਤੇ ਜੁੱਤੀਆਂ ਵੀ ਵਧੀਆ ਹੋਣ । ਗੁਰਿੰਦਰ ਹੋਰਾਂ ਨੇ ਰਿਲੈਕਸੋ , ਏਸ਼ੀਅਨ ਤੇ ਹੋਰ ਕਈ ਵੱਡੀਆਂ ਫ਼ੈਕਟਰੀਆਂ ਨੂੰ ਫ਼ੋਨ ਕੀਤੇ ਤੇ ਕਿਹਾ ਕਿ ਸਾਡੀ ਮਦਦ ਕਰਨ । ਅਸੀਂ ਫ਼ੈਕਟਰੀ ਪਹੁੰਚੇ ਤਾਂ ਅਭੈ ਜੈਨ ਜੋ ਕਿ ਫ਼ੈਕਟਰੀ ਮਾਲਿਕ ਸਨ , ਨਾ ਸਿਰਫ ਸਾਡੀ ਮਦਦ ਕੀਤੀ ਬਲਕਿ ਕਈ ਹੋਰ ਲਿੰਕ ਦਿੱਤੇ ਕਿ ਤੁਸੀ ਜਿਵੇਂ ਦੀ ਚੀਜ ਚਾਹੋ ਲਓ ਪੈਸੇ ਮੈ ਆਪ ਘਟਾ ਦੇਵਾਂਗਾ।
ਦੋ ਤਿੰਨ ਫੈਕਟਰੀਆਂ ਗਏ , ਕਿਤੇ ਤਸਮਿਆਂ ਵਾਲੇ ਜੁੱਤੇ ਸਨ ਜੋ ਕਿ ਓਥੇ ਲਾਹੁਣੇ ਪਾਉਣੇ ਔਖੇ ਸਨ ਤੇ ਕੁਝ ਸਾਡੇ ਬਜਟ ਤੋ ਬਾਹਰ । ਅਭੈ ਜੀ ਤੇ ਗੁਰਿੰਦਰ ਜੀ ਲਗਾਤਾਰ ਸਾਨੂੰ ਫ਼ੋਨ ਕਰਦੇ ਰਹੇ ਕਿ ਸਭ ਠੀਕ ਹੈ ਨਾ ? ਜੇ ਨਹੀ ਤਾਂ ਫਿਕਰ ਨਾ ਕਰੋ ਆਪਾਂ ਹੋਰ ਕਿਤੇ ਦੇਖਦੇ ਆਂ। ਆਖਿਰ ਸ਼ਾਮ ਚਾਰ ਵਜੇ ਸਾਨੂੰ ਭੁੱਖੇ ਤਿਹਾਇਆਂ ਨੂੰ ਸਾਡੀ ਪਸੰਦ ਦੀਆਂ ਜੁੱਤੀਆਂ ਮਿਲ ਗਈਆਂ ।
ਜੁੱਤੀਆਂ ਵੇਚਣ ਵਾਲੇ ਮਾਲਿਕ ਵਿਸ਼ਾਲ ਜੀ ਨੇ ਕਿਸਾਨਾਂ ਪਰਤੀ ਡਾਢਾ ਫਿਕਰ ਜਿਤਾਇਆ ਤੇ ਦੱਸਿਆ ਕਿ ਅਸੀਂ ਦਿੱਲੀ ਤੋ ਹਰ ਰੋਜ਼ ਬਹਾਦਰਗੜ ਆਉਨੇ ਆਂ ਤੇ ਸੰਘਰਸ਼ ਕਰਕੇ ਗੱਡੀ ਨਹੀ ਆਉਂਦੀ , ਦਿੱਕਤ ਹੁੰਦੀ ਹੈ ਪਰ ਇਹ ਸੰਘਰਸ਼ ਜਿੱਤਣਾ ਬੇਹੱਦ ਜ਼ਰੂਰੀ ਹੈ ।ਇਹ ਸਿਰਫ ਪੰਜਾਬ ਜਾਂ ਕਿਸਾਨ ਦੀ ਜਿੱਤ ਨਹੀ ਹੋਵੇਗੀ , ਜ਼ੁਲਮ ਉਤੇ ਇਨਸਾਫ ਦੀ ਜਿੱਤ ਹੋਵੇਗੀ। ਹਿੰਦੂ ਭਰਾ , ੳਿਹ ਵੀ ਫ਼ੈਕਟਰੀ ਮਾਲਕ ਦੇ ਮੂੰਹੋਂ ਇਹ ਗੱਲਾਂ ਸੁਣ ਮਨ ਭਰ ਆਇਆ ਤੇ ਧੁਰ ਅੰਦਰੋਂ ਓਹਦੇ ਲਈ ਦੁਆ ਨਿਕਲੀ।
ਪਤਾ ਨਹੀ ਸੋਸ਼ਲ ਮੀਡੀਆ ਤੇ ਨਫ਼ਰਤ ਦੀ ਭਾਸ਼ਾ ਕੌਣ ਇਨਸਾਨੀਅਤ ਵਿਰੋਧੀ ਸਿਰਜ ਰਿਹਾ ਜਿਸਦਾ ਜ਼ਮੀਨ ਤੇ ਕੋਈ ਵਜੂਦ ਹੀ ਨਹੀ । ਅਜਿਹੇ ਇੱਕ ਨਹੀ ਅਨੇਕਾਂ ਤਜਰਬੇ ਹੋਏ ਜੋ ਸਿਰਫ ਹੌਂਸਲਾ ਨਹੀ ਤਾਕਤ ਵੀ ਬਣੇ, ਜਲਦ ਹੀ ਸਾਂਝੇ ਕਰਾਂਗੀ।
(ਚਲਦਾ)
Total Views: 141 ,
Real Estate