ਸੁਖਨੈਬ ਸਿੱਧੂ
2002 ਦੇ ਆਸਪਾਸ ਦੀ ਗੱਲ ਹੈ । ਮੈਂ ਬਠਿੰਡਾ ਦੇ ਮਿੰਨੀ ਸਕੱਤਰੇਤ ‘ਚ ਡੇਅਰੀ ਵਿਭਾਗ ਦੇ ਦਫ਼ਤਰ ਗਿਆ।
ਉੱਥੇ ਕਲਰਕ ਨੂੰ ‘ਸਾਸਰੀ ਕਾਲ’ ਕਹਿ ਕੇ ਦੱਸਿਆ ਕਿ ਡੇਅਰੀ ਦਾ ਲੋਨ ਲੈਣਾ।
ਉਹਨੇ ਕਿਹਾ ਟਰੇਨਿੰਗ ਕਰੋਂ
ਮੈਂ ਕਿਹਾ,’ ਟਰੇਨਿੰਗ ਵੀ ਕੀਤੀ , ਸਰਟੀਫਿਕੇਟ ਵੀ ਹੈਗਾ ਅਤੇ ਜ਼ਮੀਨ ਦੇ ਕਾਗਜ਼ ਵੀ ।’
ਕਲਰਕ ਸਾਰਾ ਕੁਝ ਫਰੋਲ ਕੇ ਕਹਿੰਦਾ , ‘ ਐਜੂਕੇਸ਼ਨਲ ਸਰਟੀਫਿਕੇਟ ਲਿਆਓ ।’
‘ਜਦੋਂ ਟਰੇਨਿੰਗ ਦਿੱਤੀ , ਉਦੋਂ ਕਿਹਾ ਸੀ , ਵਿਦਿਅਕ ਸਰਟੀਫਿਕੇਟ ਨਹੀਂ , ਮੱਝਾਂ ਦੀ ਡੇਅਰੀ ਲਈ ਜ਼ਮੀਨ ਹੋਣੀ ਚਾਹੀਦੀ ’ ਮੈਂ ਤਰਕ ਦਿੱਤਾ।
ਉਹ ਕਹਿਣ ਦੀਆਂ ਗੱਲਾਂ ਹੁੰਦੀਆਂ , ਫਾਰਮੈਲਿਟੀ ਕਰਨੀ ਪੈਂਦੀ ,ਕਲਰਕ ਨੇ ਖਿੱਝ ਕੇ ਜੁਆਬ ਦਿੱਤਾ ।
‘ਫਿਰ ਕਹਿਣ ਦੀਆਂ ਗੱਲਾਂ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਿਉਂ ਕਰਦੇ ,ਮੈਂ ਤਾਂ ਹੁਣ ਪਿੰਡੋਂ ਸਰਟੀਫਿਕੇਟ ਲੈ ਆਉਣਾ , ਪਰ ਅਨਪੜ੍ਹ ਵੀ ਮੱਝਾਂ ਰੱਖਦੇ , ਮੱਝਾਂ ਕਿਹੜਾ ਡਿਗਰੀ ਦੇਖ ਕੇ ਦੁੱਧ ਦਿੰਦੀਆਂ , ’ ਬਹਿਸ ਕਰਦੇ ਹੋਏ ਆਪਣਾ ਲੋਨ ਲੈਣ ਦਾ ਇਰਾਦਾ ਬਦਲ ਗਿਆ ਸੀ ਬੱਸ ਕਲਰਕ ਸਬਕ ਸਿਖਾਉਣ ਦੀ ਗੱਲ ਆਗੀ ਸੀ ।
ਉਹ ਕਹਿੰਦਾ ਜੀਹਨੇ ਟਰੇਨਿੰਗ ਦਿੱਤੀ ਸੀ , ਉਹਦੇ ਨਾਲ ਗੱਲ ਕਰੀਂ । ਕਲਰਕ ਨੇ ਰੁੱਖੀ ਸੁਰ ਜਵਾਬ ਦਿੱਤਾ।
ਮੈਂ ਵੀ ਉਹਦੇ ਸੀਨੀਅਰ ਨਾਲ ਗੱਲ ਕਰਨ ਲਈ ਚੱਕਵੇਂ ਪੈਰੀ ਕਮਰੇ ‘ਚ ਬਾਹਰ ਨਿਕਲਣ ਕੇ ਡਿਪਟੀ ਡਾਇਰੈਕਟਰ ਦੇ ਦਫ਼ਤਰ ਵੱਲ ਤੁਰਿਆ ਪਰ ਡਾਇਰੈਕਟਰ ਸਾਹਿਬ ਉੱਥੇ ਹਾਜ਼ਰ ਨਹੀਂ ਸਨ । ਪੀਅਨ ਨੇ ਦੱਸਿਆ ਕਿ ਦੋ ਵਜੇ ਤੋਂ ਬਾਅਦ ਆਉਣਗੇ। ਆਪਾਂ ਨੂੰ ਸਾਰੇ ਦਿਨ ਦਾ ਕੰਮ ਮਿਲ ਗਿਆ ਸੀ ।
ਹਾਲੇ ਦਫ਼ਤਰ ਦੀਆਂ ਪੌੜੀਆਂ ਉੱਤਰ ਰਿਹਾ ਸੀ ਕਿ ਗਾਇਕ ਬਲਵੀਰ ਚੋਟੀਆਂ ਦਾ ਫੋਨ ਆ ਗਿਆ , “ਕਹਿੰਦੇ ਕਿੱਥੇ ਫਿਰਦਾ ?”
ਮੈਂ ਦੱਸਿਆ , ਡੇਅਰੀ ਵਿਭਾਗ ਦੇ ਦਫ਼ਤਰ ਆਇਆ ਸੀ ।
ਚੋਟੀਆਂ ਕਹਿੰਦਾ , ਡਾਇਰੈਕਟਰ ਸਾਹਿਬ ਆਪਣੇ ਮਿੱਤਰ ਨੇ , ਬਹੁਤ ਕਿ ਵਧੀਆ ਬੰਦੇ ਨੇ, ਮੇਰਾ ਨਾਂਮ ਲੈ ਕੇ ਮਿਲ ਲੀ ।
ਦੋ – ਢਾਈ ਵਜੇ ਆਪਾਂ ਫਿਰ ਦਸਤਕ ਦੇਤੀ ਡੇਅਰੀ ਆਲ੍ਹਿਆਂ ਦੇ ਦਫ਼ਤਰ ‘ਚ , ਉਹੀ ਕਲਰਕ ਐਨਕਾਂ ਦੇ ਉਤੋਂ ਦੀ ਮੇਰੇ ਵੱਲ ਕੌੜ ਜਿਹਾ ਝਾਕਿਆ। ਪਰ ਜਦੋਂ ਪਤਾ ਕੀਤਾ ਤਾਂ ਡਿਪਟੀ ਡਾਇਰਕੈਟਰ ਇੰਦਰਜੀਤ ਸਿੰਘ ਸਰਾ ਦਫ਼ਤਰ ‘ਚ ਬੈਠੇ ਸੀ । ਮੈਂ ਆਪਣਾ ਕਾਰਡ ਭੇਜਿਆ ਅਤੇ ਨਾਲ ਦੀ ਨਾਲ ਮੈਨੂੰ ਬੁਲਾ ਅੰਦਰ ਬੁਲਾ ਲਿਆ। ਮੈਂ ਜਾਣ ਸਾਰ ਆਪਣਾ ਤੁਆਰਫ਼ ਕਰਾਇਆ , ‘ਪਹਿਲੀ ਗੱਲ ਬਲਵੀਰ ਚੋਟੀਆਂ ਤੁਹਾਡਾ ਵੀ ਮਿੱਤਰ ਅਤੇ ਮੇਰਾ ਵੀ , ਦੂਜਾ ਜੀ , ਮੈਂ ਪੱਤਰਕਾਰ ਹਾਂ ਪਰ ਇੱਥੇ ਪੱਤਰਕਾਰ ਦੀ ਹੈਸੀਅਤ ਨਾਲ ਨਈਂ ਆਇਆ ਅਤੇ ਤੀਜੀ ਮੈਂ ਤੁਹਾਡੇ ਤੋਂ ਟਰੇਨਿੰਗ ਲਈ ਹੈ।’
ਉਹ ਕਹਿੰਦੇ , ‘ਬਹਿਜੋ ਹੁਣ ਅਰਾਮ ਨਾਲ ਪਹਿਲਾਂ ਚਾਹ ਪੀਂਦੇ ਫਿਰ ਕੋਈ ਗੱਲ ਕਰਦੇ।’
ਬੈੱਲ ਮਾਰ ਕੇ ਪਾਣੀ ਮਗਰੋਂ ਚਾਹ ਭੇਜਣ ਗੱਲ ਆਖ ਕੇ ਸ: ੲਿੰਦਰਜੀਤ ਸਿੰਘ ਨੇ ਗੱਲ ਤੋਰੀ ,’ਹੋਰ ਸੁਣੱ ਛੋਟੇ ਭਾਈ ਕਿਵੇਂ ਦਰਸ਼ਨ ਦਿੱਤੇ। ‘
ਆਪਾਂ ਮੂੰਹ ਫੁੱਟ ਪਹਿਲਾਂ ਸੀ , ਹੁਣ ਗੱਲ ਕਹਿਣ ਦਾ ਮੌਕਾ ਸੀ , ‘ਦਰਸ਼ਨ ਤਾਂ ਤੁਹਾਡੇ ਕਲਰਕ ਦੀ ਵਜਾ ਨਾਲ ਦੇਣੇ ਪਏ ।’
ਕੀ ਗੱਲ ਹੋਗੀ , ਕਹਿ ਕੇ ਉਹਨੇ ਗੱਲ ਪੁੱਛੀ ਤੇ ਆਪਾਂ ਕਹਾਣੀ ਬਿਆਨ ਕਰ ਦਿੱਤੀ ਕਿ ਮੈਨੂੰ ਪੂਹਲੇ ਤੋਂ ਸਰਟੀਫਿਕੇਟ ਲਿਆਉਣ ਦੀ ਕੋਈ ਦਿੱਕਤ ਨਹੀਂ ਘਰੇ ਫੋਨ ਕਰ ਦਿੰਨਾ , ਕੋਈ ਬੱਸ ਵਾਲੇ ਨੂੰ ਸਰਟੀਫਿਕੇਟ ਫੜਾ ਦਿਓ ਕੋਈ ਨਾ ਕੋਈ ਇੱਥੇ ਈ ਫੜਾ ਜਾਂਦਾ । ਪਰ ਜਿਹੜੇ ਬੰਦੇ ਕੰਮ ਛੱਡ ਇੱਥੇ ਆਉਂਦੇ , ਉਹ ਵਿਚਾਰੇ ਕਿਮੇਂ ਕਰਨਗੇ , ਇੱਕ –ਦੋ ਗੇੜੇ ਵੱਜਗੇ ਤਾਂ ਸਾਰਾ ਹੌਸਲਾ ਢਹਿ ਜਾਂਦਾ ਕਿ ਕੱਤੀ ਤਾਂ ਸੇਰ ‘ਚੋਂ ਪੂਣੀ ਨਹੀਂ ਪਰ ਆਹ ਕਜੀਆ ਨਵਾਂ ਛਿੜ ਪਿਆ। ਤੁਸੀ ਪਹਿਲਾਂ ਕਿਸਾਨਾਂ ਨੂੰ ਸਾਫ ਦੱਸੋਂ ਭਾਈ ਪੜ੍ਹਾਈ ਆਲ੍ਹਾ ਸਰਟੀਫਿਕੇਟ ਵੀ ਲੋਨ ਮਨਜੂਰ ਕਰਵਾਉਣ ਲਈ ਨਾਲ ਲੈ ਕੇ ਆਓ।
ਸਰਾ ਸਾਹਿਬ ਕਹਿੰਦੇ ‘ ਉਹ ਸਰਟੀਫਿਕੇਟ ਦੀ ਜਰੂਰਤ ਨਹੀਂ ਛੋਟੇ ਭਾਈ, ਬੱਸ ਡੇਅਰੀ ਦੀ ਟਰੇਨਿੰਗ ਦਾ ਸਰਟੀਫਿਕੇਟ ਅਤੇ ਜ਼ਮੀਨ ਦੀ ਫਰਦ ਹੋਵੇ
ਤੁਹਾਨੂੰ ਨਹੀਂ ਜਨਾਬ , ਤੁਹਾਡੇ ਕਲਰਕ ਨੂੰ ਹੈ, ਜਾਂ ਤੇ ਕਲਰਕ ਨੂੰ ਸਮਝਾਓ ਜਾਂ ਫਿਰ ਸਾਰੇ ਕਿਸਾਨਾਂ ਨੂੰ ਕਹੋਂ ਭਾਵੇਂ ਅਨਪੜ੍ਹ ਹੋ ਪਰ ਵਿਦਿਅਕ ਸਰਟੀਫਿਕੇਟ ਲੈ ਕੇ ਆਉਣਾ ਪੈਣਾ।
ਮੇਰੀ ਗੱਲ ਸੁਣਕੇ ਹੱਸਦੇ ਹੋਏ ਉਹਨੇ ਨੇ ਬੈੱਲ ਮਾਰ ਕੇ ਕਲਰਕ ਨੂੰ ਤਲਬ ਕਰ ਲਿਆ।
ਕਲਰਕ ਦਾ ਮੱਥਾ ਪਹਿਲਾਂ ਹੀ ਠਣਕਿਆਂ ਜਦੋਂ ਮੈਂ ਡਿਪਟੀ ਡਾਇਰੈਕਟਰ ਦੇ ਸਾਹਮਣੇ ਕੁਰਸੀ ‘ਤੇ ਬੈਠਾ ‘ਕੀਮਤੀ ਵਿਚਾਰ’ ਸਾਂਝੇ ਕਰ ਰਿਹਾ ਸੀ ।
ਕਲਰਕ ਨੂੰ ਦੇਖ ਕੇ ਸਵਾਲ ਕੀਤਾ , ਇਹ ਮੁੰਡਾ ਤੇਰੇ ਕੋਲ ਆਇਆ ਸੀ , ਕੀ ਮੰਗਿਆ ਇਹਦੇ ਤੋਂ
ਜਨਾਬ , ਦਸਵੀ ਦਾ ਸਰਟੀਫਿਕੇਟ ਕਿਹਾ,
ਪਰ ਕਿੰਨੇ ਵਾਰੀ ਕਿਹਾ ਜੱਟ ਪਹਿਲਾਂ ਬਹੁਤ ਦੁਖੀ ਨੇ , ਤੁਸੀ ਬਿਨਾ ਮਤਲਬ ਆਪਣੇ ਸੌ ਪੰਜਾਹ ਰੁਪਏ ਪਿੱਛੇ ਤੰਗ ਨਾ ਕਰਿਆ ਕਰੋ ।
ਹੁਣ ਇਹਨਾ ਦੇ ਕੇਸ ਦੀ ਅਪਰੂਵਲ ਬਣਾ ਕੇ ਲਿਆਓ,
ਮੈਂ ਕਿਹਾ ,’ ਸਰਾ ਸਾਹਿਬ, ਆਪਣਾ ਲੋਨ ਲੈਣ ਦਾ ਮੂਡ ਬਦਲ ਚੁੱਕਾ , ਬੱਸ ਇਹ ਗੱਲ ਕਲਰਕ ਸਾਹਿਬ ਦੀ ਗਲਤੀ ਨੂੰ ਦਰੁਸਤ ਕਰਨ ਦੀ ਜਰੂਰਤ ਸੀ ।’
ਉਹ ਕਹਿੰਦੇ ਕਮਾਲ ਦਾ ਬੰਦਾ ਜਦੋਂ ਲੋਨ ਮਿਲਦਾ ਨਈ ਸੀ ਉਦੋਂ ਮੰਗਦਾ ਸੀ ਪਰ ਮਿਲਦਾ ਤਾਂ ਲੈ ਨਹੀਂ ਰਿਹਾ।
ਮੈਂ ਕਿਹਾ ਜਨਾਬ ਮੇਰਾ ਕੋਈ ਇਰਾਦਾ ਨਹੀਂ ਹੁਣ ਡੇਅਰੀ ਖੋਲ੍ਹਣ ਦਾ , ਤੁਹਾਡੇ ਨਾਲ ਮਿਲ ਕੇ ਦਿਲ ਖੁੱਲ੍ਹ ਗਿਆ।
ਮੈਨੂੰ ਤਾਂ ਬੈਂਕ ਵਾਲਿਆਂ ਨੇ ਕਿਹਾ ਸੀ , ਕੋਈ ਲੋਨ ਲੈ ਲਵੋ ,
ਮੈਂ ਕਿਹਾ ਦੇ ਦੋ , ਉਹ ਕਹਿੰਦੇ ਕੋਈ ਟਰੇਨਿੰਗ ਕੀਤੀ ਤਾਂ ਮਨਜੂਰ ਕਰਾਓ ਲੋਨ ਅਸੀਂ ਦੇ ਦਿੰਦੇ
ਤਾਂ ਸੋਚਿਆਂ ਡੇਅਰੀ ਵਾਲਾ ਸਰਟੀਫਿਕੇਟ ਵਰਤ ਲੈਂਦੇ , ਜੇ ਥੋੜਾ ਕਲਰਕ ਮਨਜੂਰ ਕਰ ਦਿੰਦਾ ਤਾਂ ਫਿਰ ਤੁਹਾਡੇ ਮੇਲ ਕਿੱਥੋਂ ਹੋਣ ਸੀ ।
ਅੱਜ ਵੀ ਦਿਲੋਂ ਧੰਨਵਾਦ ਕਰਦਾ ਉਹ ਕਲਰਕ ਜੀਹਦੀ ਸ਼ਕਲ ਜਾਂ ਨਾਂਮ ਵੀ ਮੇਰੇ ਯਾਦ ਨਹੀਂ ਜੇ ਉਹਨੇ ਮੇਰੇ ਕੰਮ ‘ਚ ਬਿਨਾ ਮਤਲਬ ਅੜਿੱਕਾ ਨਾ ਲਾਇਆ ਹੁੰਦਾ ਮੈਂ ਇਹ ਲੇਖ ਲਿਖਣ ਦੀ ਥਾਂ ਕਿਸੇ ਬੂਰੀ ਮੱਝ ਦੀ ਧਾਰ ਕੱਢ ਰਿਹਾ ਹੁੰਦਾ ਅਤੇ ਸ: ਇੰਦਰਜੀਤ ਸਿੰਘ ਸਰਾ ਵਰਗੇ ਨੇਕ ਅਤੇ ਰਾਹ ਦਸੇਰਾ ਦੋਸਤ ਦੇ ਸਾਥ ਤੋਂ ਵਾਂਝਾ ਹੁੰਦਾ ।
ਫਿਰ ਹੌਲੀ ਹੋਲੀ ਸਰਾ ਸਾਹਿਬ ਨਾਲ ਦੋਸਤੀ ਬਣਦੀ ਗਈ । ਉਹ ਹਰੇਕ ਅਗਾਹਵਧੂ ਵਿਅਕਤੀ ਨੂੰ ਹੱਲਾਸ਼ੇਰੀ ਦਿੰਦੇ ਹਨ ਜਾਂ ਇਹ ਕਹਿ ਲਵੋਂ ਜਿਹੜਾ ਵਿਅਕਤੀ ਉਹਨਾਂ ਦੇ ਸੰਪਰਕ ‘ਚ ਆ ਜਾਂਦਾ ਉਹ ਅਗਾਂਹਵਧੂ ਹੋ ਜਾਂਦਾ।
ਇੱਕ ਦਿਨ ਫੋਨ ਆਇਆ ਛੋਟੇ ਭਾਈ ਕੀ ਕਰਦਾ ਫਿਰਦਾ,
ਬਾਈ ਜੀ , ਮੈਂ ਸ਼ਰਾਬ ਦੇ ਠੇਕੇ ਲੈਣ ਵਾਸਤੇ ਫਾਰਮ ਭਰਦਾਂ।
ਛੱਡ ਯਾਰ ਇਹ ਕੰਮ ਤੇਰੇ ਕਰਨ ਦਾ ਨਹੀਂ ।
ਮੈਂ ਨਾਲ ਦੀ ਨਾਲ ਸਰਾਬ ਦਾ ਕਾਰੋਬਾਰੀ ਬਣਨ ਦਾ ਵਿਚਾਰ ਛੱਡ ਦਿੱਤਾ, ਉਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਅਤੇ ਆਬਕਾਰੀ ਨੀਤੀ ਵਿੱਚ ਬਦਲਾਅ ਕਰਕੇ ਬੇਰੁਜਗਾਰਾਂ ਲਈ ਪਹਿਲੀ ਵਾਰ ਲਾਟਰੀ ਸਿਸਟਮ ਨਾਲ ਸ਼ਰਾਬ ਦੀਆਂ ਦੁਕਾਨਾਂ ਅਲਾਟ ਕੀਤੀਆਂ ਜਾਣੀਆਂ ਸਨ।
ਇੱਕ ਦਿਨ ਦੁਪਹਿਰੇ ਜੇ ਘੰਟੀ ਵੱਜੀ , ਅੱਗਿਓ ਸਰਾਂ ਸਾਹਿਬ ਬੋਲੇ ਕਿੱਥੇ ਐ ਛੋਟੇ ਭਾਈ
ਫਰੀਦਕੋਟ ਜੀ ,
ਕੈਨੇਡਾ ਤੋਂ ਕੋਈ ਮਿੱਤਰ ਆਇਆ , ਤੈਨੂੰ ਮਿਲਾਉਣਾ ।
ਮੈਂ ਇੱਕ ਘੰਟੇ ‘ਚ ਆ ਜਾਂਨਾ ਜੀ ।
ਮੈਂ ਆਪਣਾ ਬੰਬੂਕਾਟ ਦੀ ਰੇਸ ਪੰਜਾਬ ਸਰਕਾਰ ਵੱਲੋਂ ਲਾਏ ਟੈਕਸਾਂ ਵਾਂਗੂੰ ਵਧਾਤੀ , ਘੰਟੇ ਕੁ ‘ਚ ਬਠਿੰਡੇ ਸਰਾ ਸਾਹਿਬ ਦੇ ਘਰ ਜਾ ਪਹੁੰਚਿਆ।
ਉਹ ਇੱਕ ਉਨ੍ਹਾਂ ਦੇ ਮਿੱਤਰ ਬਿਲਾਸਪੁਰੀ ਆਏ ਸੀ । ਮੇਰੇ ਬਾਰੇ ਸਰਾ ਸਾਹਿਬ ਨੇ ਪਹਿਲਾਂ ਕੁਝ ਦੱਸਿਆ ਹੋਣਾ ਉਹਨਾ ਨੇ ਮੇਰੇ ‘ਚ ਕਾਫੀ ਦਿਲਚਸਪੀ ਲਈ । ਪੁੱਛਿਆ ਕਿੱਥੇ ਕਿੱਥੇ ਕੰਮ ਕਰਦਾ , ਉਦੋਂ ਮੈਂ ਟੋਰਾਂਟੋ ਤੋਂ ਗਾਉਂਦਾ ਪੰਜਾਬ ਰੇਡਿਓ ਪ੍ਰੋਗਰਾਮ ਲਈ ਜੋਗਿੰਦਰ ਬਾਸੀ ਲਈ ਐਨਆਰਆਈ ਫਰਾਡ ਕੇਸ ਦੇਖਦਾ ਹੁੰਦਾ ਸੀ । ਉਹ ਕਹਿੰਦੇ ਯਾਰ ਤੂੰ ਸਰੀ ਦੇ ਰੇਡੀਓ ‘ਤੇ ਵੀ ਟਰਾਈ ਕਰ , ਰੇਡੀਓ ਇੰਡੀਆ ਅਤੇ ਸ਼ੇਰੇ ਪੰਜਾਬ ਬਹੁਤ ਮਸ਼ਹੂਰ ਨੇ ।
ਉਹਨਾਂ ਨੇ ਜਿ਼ਆਦਾ ਜ਼ੋਰ ਸ਼ੇਰੇ ਪੰਜਾਬ ‘ਤੇ ਪਾਇਆ। ਕਹਿੰਦੇ ਇੱਥੇ ਕੁਲਦੀਪ ਸਿੰਘ ਗੁਰਬਾਣੀ ਵਿਚਾਰ ਅਤੇ ਪ੍ਰੋਫੈਸਰ ਗੁਰਵਿੰਦਰ ਸਿੰਘ ਪ੍ਰੋਗਰਾਮ ਕਰਦੇ ਹਨ , ਉਹਨਾਂ ਦੇ ਨੰਬਰ ਮੈਨੂੰ ਲਿਖ ਦਿੱਤਾ।
ਉਸੇ ਸ਼ਾਮ ਨੂੰ 9 ਵਜੇ ਦੇ ਆਸਪਾਸ ਟੀਵੀ ‘ਤੇ ਖ਼ਬਰ ਦੇਖੀ ‘ ਵਿਧਾਇਕ ਗਗਨਦੀਪ ਸਿੰਘ ਬਰਨਾਲਾ ਉਪਰ ਨੌਕਰਾਣੀ ਨਾਲ ਜਿਸਮਾਨੀ ਛੇੜਛਾੜ ਦਾ ਦੋਸ਼ ’ । ਖ਼ਬਰ ਬਹੁਤ ਵੱਡੀ ਸੀ ਇਸ ਕਰਕੇ ਕਨਫਰਮ ਕਰਨੀ ਜਰੂਰੀ ਸੀ । ਕਿਉਂਕਿ ਟੀਵੀ ਉਪਰ ਸਿਰਫ ਇੱਕ ਲਾਈਨ ਚੱਲ ਰਹੀ ਸੀ , ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ । ਇਸ ਕਰਕੇ ਬਰਨਾਲਾ ਅਤੇ ਚੰਡੀਗੜ੍ਹ ਦੇ ਪੁਲੀਸ ਅਧਿਕਾਰੀਆਂ ਤੋਂ ਇਸ ਦੀ ਪੁਸ਼ਟੀ ਕਰਦਿਆਂ ਮੇਰਾ ਕਾਫੀ ਸਮਾਂ ਲੱਗ ਗਿਆ। ਜਦੋਂ ਇਹ ਜਾਣਕਾਰੀ ‘ਗਾਉਂਦਾ ਪੰਜਾਬ ਰੇਡੀਓ’ ‘ਤੇ ਸਾਂਝੀ ਕਰਨ ਲਈ ਫੋਨ ਕੀਤਾ ਤਾਂ ਉਹਨਾ ਦਾ ਸਮਾਂ ਬੀਤ ਗਿਆ ਸੀ । ਸਰੀ ‘ਚ ਸੁਖਮਿੰਦਰ ਚੀਮਾ ਨੂੰ ‘ ਰੇਡੀਓ ਇੰਡੀਆ’ ‘ਤੇ ਫੋਨ ਕੀਤਾ ਉਹਨਾਂ ਨੇ ਵੀ ਕਿਹਾ ਕਿ ਹੁਣ ਤਾਂ ਲੇਟ ਹੋ ਗਿਆ ।
ਖ਼ਬਰ ਨੇ ਦਿਮਾਗ ‘ਚ ਖੋਰੂ ਪਾਇਆ ਹੋਇਆ ਸੀ ਫਿਰ ਸ਼ੇਰੇ ਪੰਜਾਬ ਰੇਡਿਓ ‘ਤੇ ਫੋਨ ਕੀਤਾ ਤਾਂ ਉਹਨਾਂ ਨੂੰ ਜਦੋਂ ਦੱਸਿਆ ਕਿ ਮੈਂ ਬਠਿੰਡਿਓ ਸੁਖਨੈਬ ਸਿੱਧੂ ਬੋਲਦਾ।
ਅੱਗਿਓ ਸਰਦਾਰ ਕੁਲਦੀਪ ਸਿੰਘ ਬੋਲੇ ਹੁਣ ਕਿੱਥੇ ਹੋ?
ਮੈਂ ਕਿਹਾ ਘਰ ਦੀ ਛੱਤ ‘ਤੇ
ਕਹਿੰਦੇ ਨਹੀਂ ਕਿਹੜੇ ਕੰਟਰੀ ‘ਚ
ਮੈਂ ਤਾਂ ਬਠਿੰਡੇ ਹੀ ਜੀ ।
ਮੈਂ ਸਾਰੀ ਖ਼ਬਰ ਦੱਸੀ
ਫਿਰ ਉਹਨਾਂ ਨੇ ਏਅਰ ‘ਤੇ ਲੈ ਕੇ ਇਹ ਨਿਊਜ ਬਰਾਡਕਾਸਟ ਕੀਤੀ ਸਵੇਰੇ ਫੋਨ ਆਇਆ ਕਿ ਤੁਹਾਡੀ ਜਾਣਕਾਰੀ ਕਰਕੇ ਇਹ ਖ਼ਬਰ ਸਾਡੇ ਕੋਲ ਸੀ , ਬਹੁਤ ਵਧੀਆ ਰਹੀ ।
ਇਸ ਤਰ੍ਹਾਂ ਗਾਹੇ ਬਗਾਹੇ ਸ਼ੇਰੇ ਪੰਜਾਬ ਰੇਡੀਓ ਨਾਲ ਜੁੜਦਾ ਰਿਹਾ।
ਉਦੋਂ ਆਪਣੀ ਹੋਂਦ ਦੱਸਣ ਜਾਂ ਬਣਾਉਣ ਲਈ ਖੁਦ ਫੋਨ ਕਰਕੇ ਖ਼ਬਰ ਦੱਸਣੀ ਪੈਂਦੀ , ਮਿਲਦਾ ਤਾਂ ਬੱਲੇ ਬੱਲੇ ਤੋਂ ਬਿਨਾ ਕੁਝ ਨਹੀਂ ਸੀ , ਕੋਲੇਂ ਸਾਢੇ ਸੱਤ ਰੁਪਏ ਪ੍ਰਤੀ ਮਿੰਟ ਦੇ ਹਿਸਾਬ ਨਾਲ ਜਰੂਰ ਉੱਡ ਜਾਂਦੇ। ਥੋੜੇ ਬਹੁਤ ਨਾਂਮ ਹੁੰਦਾ ਗਿਆ ਅਤੇ ਰੇਡੀਓ ‘ਤੇ ਬੋਲਣ ਦਾ ਤਜਰਬਾ ਹੁੰਦਾ ਗਿਆ।
ਅੱਜ ਰੇਡੀਓ ਇੰਡਸਟਰੀ ‘ਚ ਵਧੀਆ ਨਾਂਮ ਵੀ ਹੈਗਾ ਹਾਲੇ ਤੱਕ ਅਤੇ ਬਾਈ ਇੰਦਰਜੀਤ ਸਰਾ ਵਰਗੇ ਦੋਸਤ ਵੀ ।