ਐਸ.ਆਈ.ਟੀ ਵੱਲੋਂ ਬਹਿਬਲ ਕਲਾਂ ਗੋਲੀਕਾਂਡ ‘ਚ ਇੱਕ ਹੋਰ ਗ੍ਰਿਫਤਾਰੀ

ਚੰਡੀਗੜ, 20 ਜੂਨ (ਜਗਸੀਰ ਸਿੰਘ ਸੰਧੂ) : ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਖਿਲਾਫ ਧਰਨਾ ਦੇ ਰਹੇ ਸਿੱਖਾਂ ‘ਤੇ ਬਹਿਬਲ ਕਲਾਂ ਵਿਖੇ ਹੋਈ ਗੋਲੀਬਾਰੀ ਮਾਮਲੇ ਵਿੱਚ ਪੰਜਾਬ ਪੁਲਿਸ ਦੀ ਵਿਸੇਸ ਜਾਂਚ ਟੀਮ (ਐੱਸਆਈਟੀ) ਨੇ ਸਰਕਾਰੀ ਗਵਾਹ ਸੁਹੇਲ ਸਿੰਘ ਬਰਾੜ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਇੱਕ ਹੋਰ ਗ੍ਰਿਫਤਾਰੀ ਕੀਤੀ ਹੈ। ਐਸ.ਆਈ.ਟੀ ਨੇ ਅੱਜ ਬਹਿਬਲ ਕਾਂਡ ਵਿੱਚ ਗੋਲੀ ਚਲਾਉਣ ਵਾਲੇ ਪੁਲਿਸ ਮੁਲਾਜ਼ਮਾਂ ਨਾਲ ਮਿਲ ਕੇ ਸਾਜਿਸ਼ ਰਚਣ ਅਤੇ ਆਤਮ-ਰੱਖਿਆ ਦੀ ਝੂਠੀ ਕਹਾਣੀ ਘੜਨ ਦੇ ਦੋਸ਼ ਹੇਠ ਪੰਕਜ ਮੋਟਰਜ਼ ਮੋਗਾ ਦੇ ਮਾਲਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਇਸ ਹਫਤੇ ਪੁਲਿਸ ਵੱਲੋਂ ਕੀਤੀ ਗਈ ਇਹ ਦੂਜੀ ਅਤੇ ਹੁਣ ਤੱਕ ਦੀ ਤੀਜੀ ਗ੍ਰਿਫਤਾਰੀ ਹੈ, ਜਿਸ ਵਿੱਚ ਇਸ ਗੋਲੀਕਾਂਡ ਦੇ ਮੁੱਖ ਮੁਲਜ਼ਮ ਸਾਬਕਾ ਐਸਐਸਪੀ ਮੋਗਾ ਚਰਨਜੀਤ ਸ਼ਰਮਾ ਤੋਂ ਬਾਅਦ ਉਸਦੇ ਸਾਥੀ ਸੋਹੇਲ ਸਿੰਘ ਬਰਾੜ ਨੂੰ ਵਿਸ਼ੇਸ਼ ਜ਼ਾਂਚ ਟੀਮ ਨੇ 16 ਜੂਨ ਨੂੰ ਗ੍ਰਿਫਤਾਰ ਕੀਤਾ ਸੀ ਜੋ ਅਜੇ ਕੱਲ ਤੱਕ ਪੁਲੀਸ ਹਿਰਾਸਤ ਵਿੱਚ ਹੈ, ਜਦਕਿ ਚਰਨਜੀਤ ਸ਼ਰਮਾ ਫਿਲਹਾਲ ਸਿਹਤ ਸਬੰਧੀ ਸਥਿਤੀ ਦੇ ਅਧਾਰ ‘ਤੇ ਅੰਤ੍ਰਿੰਮ ਜਮਾਨਤ ‘ਤੇ ਹੈ। ਇਸ ਗ੍ਰਿਫ਼ਤਾਰੀ ਸਬੰਧੀ ਐਸਆਈਟੀ ਦੇ ਮੁੱਖ ਜਾਂਚ ਕਰਤਾ ਆਈ.ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਦੱਸਿਆ ਕਿ ਬਹਿਬਲ ਕਲਾਂ ਗੋਲੀਕਾਂਡ ਦੇ ਸਮੇਂ ਪੰਕਜ ਮੋਟਰਜ਼ ਫਰੀਦਕੋਟ ਦੇ ਮਾਲਕ ਪੰਕਜ ਬਾਂਸਲ ਨੂੰ ਚਰਨਜੀਤ ਸਿੰਘ ਸ਼ਰਮਾ ਦੀ ਜਿਪਸੀ ‘ਤੇ ਗੋਲੀਆਂ ਚਲਾਉਣ ਦੇ ਦੋਸ਼ੀ ਮੁਲਾਜ਼ਮਾਂ ਵੱਲੋਂ ਆਪਣੇ ਬਚਾਅ ਲਈ ਇੱਕ ਝੂਠੀ ਕਹਾਣੀ ਨੂੰ ਘੜਨ ਵਿੱਚ ਜਾਣ ਬੁੱਝ ਕੇ ਮੱਦਦ ਦੇਣ ਲਈ ਗ੍ਰਿਫਤਾਰ ਕੀਤਾ ਗਿਆ ਹੈ।ਉਹਨਾਂ ਦੱਸਿਆ ਕਿ ਪੰਕਜ ਬਾਂਸਲ ਨੂੰ ਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਆਈ.ਜੀ ਕੁਵੰਰ ਪ੍ਰਤਾਪ ਸਿੰਘ ਮੁਤਾਬਿਕ ਐਸਆਈਟੀ ਨੇ ਜਾਂਚ ਦੌਰਾਨ ਪਾਇਆ ਹੈ ਕਿ ਪੁਲਿਸ ਫਾਇਰਿੰਗ ਦੀ ਘਟਨਾ ਤੋਂ ਬਾਅਦ ਪੰਕਜ ਬਾਂਸਲ ਨੇ ਇਸ ਕੇਸ ਵਿੱਚ ਝੂਠੇ ਸਬੂਤ ਤਿਆਰ ਕਰਨ ਮੌਕੇ ਮੁਲਜ਼ਮ ਪੁਲਿਸ ਮੁਲਾਜ਼ਮਾਂ ਦੀ ਮੱਦਦ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਐਸ.ਆਈ.ਟੀ. ਦੀ ਜਾਂਚ ਅਨੁਸਾਰ ਬਰਗਾੜੀ ਅਤੇ ਹੋਰ ਥਾਵਾਂ ‘ਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਹਰਮਤੀ ਹੋਣ ਦੀਆਂ ਕਈ ਘਟਨਾਵਾਂ ਤੋਂ ਬਾਅਦ ਜਦੋਂ 14 ਅਕਤੂਬਰ 2015 ਨੂੰ ਬਹਿਬਲ ਕਲਾਂ ਵਿਖੇ ਬਾਅਦ ਸਾਂਤਮਈ ਢੰਗ ਨਾਲ ਧਰਨੇ ‘ਤੇ ਬੈਠੇ ਨਿਰਦੋਸ਼ ਪ੍ਰਦਰਸ਼ਨਕਾਰੀਆਂ ‘ਤੇ ਫਾਇਰਿੰਗ ਹੋਈ ਤਾਂ ਇਸ ਫਾਇਰਿੰਗ ਲਈ ਜਿੰਮੇਵਾਰ ਪੁਲਿਸ ਟੀਮ ਨੇ ਆਪਣੀ ਸਵੈ-ਰੱਖਿਆ ਲਈ ਨੇ ਆਪਣੀ ਸਰਕਾਰੀ ਜਿਪਸੀ ‘ਤੇ ਫਾਇਰਿੰਗ ਕਰਕੇ ਇੱਕ ਸਾਜ਼ਿਸੀ ਕਹਾਣੀ ਘੜੀ ਸੀ।

Total Views: 192 ,
Real Estate