ਖਾਲਿਸਤਾਨ ਬਾਰੇ ਬਿਆਨ ‘ਤੇ ਸੁਖਬੀਰ ਸਿੰਘ ਬਾਦਲ ਆਪਣਾ ਪੱਖ ਸਪੱਸ਼ਟ ਕਰੇ : ਪਰਮਿੰਦਰ ਸਿੰਘ ਢੀਂਡਸਾ

ਜਥੇਦਾਰ ਤੇ ਸ੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਖਾਲਿਸਤਾਨ ਬਾਰੇ ਦਿੱਤੇ ਬਿਆਨ ‘ਤੇ ਸੁਖਬੀਰ ਸਿੰਘ ਬਾਦਲ ਆਪਣਾ ਪੱਖ ਸਪੱਸ਼ਟ ਕਰੇ : ਪਰਮਿੰਦਰ ਸਿੰਘ ਢੀਂਡਸਾ
ਬਰਨਾਲਾ, 10 ਜੂਨ (ਜਗਸੀਰ ਸਿੰਘ ਸੰਧੂ) : ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗਵਾਲ ਵੱਲੋਂ 6 ਜੂਨ ਨੂੰ ਖਾਲਿਸਤਾਨ ਬਾਰੇ ਦਿੱਤੇ ਗਏ ਬਿਆਨ ‘ਤੇ ਸ੍ਰੋਮਣੀ ਅਕਾਲੀ ਦਲ ਨੂੰ ਆਪਣਾ ਪੱਖ ਸਪੱਸਟ ਕਰਨਾ ਚਾਹੀਦਾ ਹੈ। ਸਾਬਕਾ ਵਿੱਤ ਮੰਤਰੀ ਸ੍ਰ: ਪਰਮਿੰਦਰ ਸਿੰਘ ਢੀਂਡਸਾ ਨੇ ਇਸ ਸਵਾਲ ਉਠਾਉਂਦਿਆਂ ਕਿਹਾ ਹੈ ਸ੍ਰੋਮਣੀ ਕਮੇਟੀ ਦਾ ਪ੍ਰਧਾਨ ਹੁਣ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਵੀ ਹੈ, ਇਸ ਲਈ ਸੁਖਬੀਰ ਸਿੰਘ ਬਾਦਲ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਪ੍ਰਧਾਨ ਵੱਲੋਂ ਖਾਲਿਸਤਾਨ ਸਬੰਧੀ ਦਿੱਤੇ ਗਏ ਬਿਆਨ ‘ਤੇ ਉਹਨਾਂ ਦਾ ਕੀ ਸਟੈਂਡ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਡੇ ਬਹੁਤ ਸਤਿਕਾਰਯੋਗ ਹਨ, ਪਰ ਖਾਲਿਸਤਾਨ ਬਾਰੇ ਬਿਆਨ ਬੜਾ ਸੋਚ ਸਮਝ ਕੇ ਹੀ ਦੇਣਾ ਚਾਹੀਦਾ ਹੈ, ਇਸ ਬਹੁਤ ਗੰਭੀਰ ਮਾਮਲਾ ਹੈ। ਸ੍ਰ: ਢੀਂਡਸਾ ਨੇ ਕਿਹਾ ਕਿ ਸਾਡੇ ਤਾਂ ਹੋਰ ਬੜੇ ਮੁੱਦੇ ਹਨ, ਪੰਜਾਬ ਦੇ ਪਾਣੀਆਂ ਦੀ ਗੱਲ ਹੈ, ਪੰਜਾਬੀ ਬੋਲਦੇ ਇਲਾਕਿਆਂ ਦੀ ਗੱਲ ਹੈ, ਪੰਜਾਬ ਦੀ ਰਾਜਧਾਨੀ ਦਾ ਮੁੱਦਾ ਹੈ, ਅਜੇ ਤਾਂ ਕੇਂਦਰ ਸਰਕਾਰ ਸਾਨੂੰ ਉਹ ਹੀ ਨਹੀਂ ਦੇ ਰਹੀ, ਕਿਸੇ ਨੇ ਖਾਲਿਸਤਾਨ ਕਿਥੋਂ ਦੇ ਦੇਣਾ ਹੈ ਸਾਨੂੰ। ਉਹਨਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇਹ ਕਹਿਣਾ ਕਿ ਖਾਲਿਸਤਾਨ ਸਾਰਿਆਂ ਦੀ ਮੰਗ ਹੈ, ਠੀਕ ਨਹੀਂ ਹੈ, ਕਿਉਂਕਿ ਇਥੇ ਬਹੁਤ ਸਾਰੀਆਂ ਵਿਚਾਰਧਾਰਾਵਾਂ ਦੇ ਲੋਕ ਵਸਦੇ ਹਨ। ਹੁਣ ਇਸ ਬਿਆਨ ਨਾਲ ਦਿੱਲੀ ਤੇ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਵਸਦੇ ਸਿੱਖ ਉਹਨਾਂ ਨੂੰ ਫੋਨ ਕਰਕੇ ਚਿੰਤਾ ਪ੍ਰਗਟ ਕਰ ਰਹੇ ਹਨ। ਇਸ ਲਈ ਸਾਰਿਆਂ ਧਿਰਾਂ ਨਾਲ ਵਿਚਾਰ ਵਿਟਾਂਦਰਾ ਕਰਕੇ ਹੀ ਅਜਿਹੇ ਸੰਵੇਦਨਸ਼ੀਲ ਮੁੱਦੇ ਬਾਰੇ ਕੋਈ ਬਿਆਨ ਦੇਣਾ ਚਾਹੀਦਾ ਹੈ, ਕਿਉਂਕਿ ਪੰਜਾਬ ਨੇ ਪਿਛਲੇ ਤੀਹ-ਚਾਲੀ ਸਾਲ ਬਹੁਤ ਸੰਤਾਪ ਭੋਗਿਆ ਹੈ। ਸ੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਵੀ ਸਰਸਰੀ ਤੌਰ ‘ਤੇ ਦਿੱਤੇ ਇਸ ਬਿਆਨ ਦੀ ਹਾਮੀ ਭਰਨ ਬਾਰੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਆਪਣਾ ਪੱਖ ਸਪੱਸਟ ਕਰਨਾ ਚਾਹੀਦਾ ਹੈ।

Total Views: 52 ,
Real Estate