ਲਾਵਾਰਿਸਾਂ ਦਾ ਵਾਰਿਸ ‘ਸਹਾਰਾ ’ਜਨ ਸੇਵਾ

ਮਾਲਵਾ ਖੇਤਰ ‘ਚ ‘ਸਹਾਰਾ ਜਨ ਸੇਵਾ’ ਨਾਂਮ ਦੀ ਐਨਜੀਓ ਲੰਬੇ ਸਮੇਂ ਕੰਮ ਕਰ ਰਹੀ ਹੈ।
ਕੁਝ ਵਰ੍ਹੇ ਇਸ ਸੰਸਥਾ ਬਾਰੇ ਮੈਂ ‘ਦ ਸੰਡੇ ਇੰਡੀਅਨ’ ‘ਚ ਲਿਖਿਆ ਸੀ । ਉਹ ਲੇਖ ਅੱਜ ਸਾਂਝਾ ਕਰ ਰਹੇ ਹਾਂ। ਬਹੁਤਾ ਬਦਲਾਅ ਨਹੀਂ ਹੋਇਆ ਅੱਜ ਵੀ ਇਹ ਸੰਸਥਾ ਚੱਲ ਰਹੀ ਹੈ । ਇਹਨਾ ਕੋਲੇ ਜਿ਼ੰਮੇਵਾਰੀਆਂ ਦਾ ਅੰਕੜਾ ਜਰੂਰ ਵੱਡਾ ਹੋਇਆ ।-ਸੁਖਨੈਬ ਸਿੰਘ ਸਿੱਧੂ

“ਮੇਰੀ ਦਿਲੀ ਖਾਹਿਸ ਹੈ ਕਿ ਮੇਰੀ ਬੇਟੀ ਅਕਾਕਸ਼ਾ ਦੀ ਅਰਥੀ ਦੀ ਥਾਂ ਡੋਲੀ ਹੀ ਮੇਰੇ ਘਰੋਂ ਤੁਰੇ ।” ਏਡਜ਼ ਪ੍ਰਭਾਵਿਤ ਇੱਕ ਦਲਿਤ ਪਰਿਵਾਰ ਦੀ ਲੜਕੀ ਨੂੰ ਆਪਣੇ ਘਰ ਵਿਚ ਧਰਮ ਦੀ ਧੀ ਬਣਾ ਕੇ ਰੱਖਣ ਵਾਲੇ ਸਮਾਜ ਸੇਵਾ ਦੇ ਖੇਤਰ ਵਿਚ ਲੋਕਾਂ ਦਾ ਭਰੋਸਾ ਜਿੱਤ਼ ਚੁੱਕੀ ਸੰਸਥਾ ‘ਸਹਾਰਾ ਜਨਸੇਵਾ’ ਦੇ ਬਾਨੀ ਸੰਸਥਾਪਕ ਵਿਜੇ ਗੋਇਲ ਨੇ ਗੱਚ ਭਰਦਿਆਂ ਇਹ ਪ੍ਰਗਟਾਵਾ ਕੀਤਾ । ਬਠਿੰਡਾ ਦੇ ਮਤੀ ਦਾਸ ਨਗਰ ਵਿਚ ਰਹਿੰਦੀ ਇੱਕ ਦਲਿਤ ਔਰਤ ਦੀ ਏਡਜ਼ ਦੀ ਨਾਮੁਰਾਦ ਬਿਮਾਰੀ ਨਾਲ ਮੌਤ ਹੋ ਗਈ ਸੀ । ਆਪਣੀ ਮਾਂ ਦੀ ਮੌਤ ਪਿੱਛੋਂ ਇਹ ਲੜਕੀ ਵੀ ਏਡਜ਼ ਤੋਂ ਪੀੜਤ ਹੋਣ ਦੇ ਨਾਲ ਨਾਲ ਬੇਸਹਾਰਾ ਵੀ ਹੋ ਚੁੱਕੀ ਸੀ । ਸ੍ਰੀ ਗੋਇਲ ਵੱਲੋਂ ਇਸ ਨੂੰ ਆਸ਼ਰਮ ਭੇਜਣ ਦੀ ਥਾਂ ਆਪਣੀ ਧਰਮ ਦੀ ਧੀ ਬਣਾ ਕੇ ਘਰ ਰੱਖਣ ਦਾ ਨਿਰਣਾ ਤਾਂ ਕਰ ਲਿਆ ਗਿਆ ਪ੍ਰੰਤੂ ਆਪਣੀ ਮਾਂ ਕੱਟੜ ਹਿੰਦੂ ਵਿਚਾਰ ਧਾਰਾ ਦੀੋ ਹੋਣ ਕਰਕੇ ਉਸਦੀ ਸਹਿਮਤੀ ਲੈਣੀ ਵੀ ਜਰੂਰੀ ਸੀ । ਜਦੋਂ ਉਨ੍ਹਾਂ ਆਪਣੀ ਮਾਤਾ ਨਾਲ ਗੱਲਬਾਤ ਕੀਤੀ ਕਿ ‘ ਇੱਕ ਦਲਿਤ ਬੇਸਹਾਰਾ ਬੱਚੀ ਜੋ ਏਡਜ਼ ਤੋਂ ਪੀੜਤ ਹੈ, ਨੂੰ ਮੈਂ ਅਪਣਾਉਣਾ ਚਾਹੁੰਦਾ ਹਾਂ’ ਤਾਂ ਆਪਣੀ ਮਾਂ ਦੇ ਮੂੰਹੋਂ ਦੋ ਸ਼ਬਦ “ ਦੇਰ ਕਾਹਦੀ ” ਸੁਣ ਕੇ ਗਦਗਦ ਹੋ ਉਠਿਆ । ਅੱਜ ਉਹ ਬੱਚੀ ਸਾਡੇ ਘਰ ਵਿਚ ਸ਼ਾਹੀ ਠਾਠ ਨਾਲ ਹੀ ਨਹੀਂ ਰਹਿ ਰਹੀ ਬਲਕਿ ਪੂਰੇ ਪਰਿਵਾਰ ਨਾਲ ਰਚਮਿਚ ਕੇ ਅਤੁੱਟ ਅੰਗ ਬਣ ਚੁੱਕੀ ਹੈ। ੀਕਸੇ ਵੀ ਵਿਅਕਤੀ ਵੱਲੋ ਉਸਨੂੰ ‘ਵਿਚਾਰੀ’ ਸ਼ਬਦ ਤੱਕ ਕਹਿਣ ਦੀ ਇਜ਼ਾਜ਼ਤ ਨਹੀਂ। ਡਾਕਟਰਾਂ ਦੀ ਦਲੀਲ ਹੈ ਕਿ ਏਡਜ਼ ਤੋਂ ਪ੍ਰਭਾਵਿਤ ਵਿਅਕਤੀ ਦੀ ਜਿੰਦਗੀ ਬਹੁਤ ਹੀ ਥੋੜੀ ਹੁੰਦੀ ਹੈ ਪ੍ਰੰਤੂ ਮੇਰਾ ਦ੍ਰਿੜ ਵਿਸਵਾਸ਼ ਹੈ ਕਿੋ ਮੈਂ ਉਸ ਲੜਕੀ ਨੂੰ ਆਪਣੇ ਘਰੋਂ ਡੋਲੀ ਵਿਚ ਵਿਦਾ ਕਰਾਂਗਾ । ‘ਨਿਸਚਿਤ ਇਰਾਦੇ ਨਾਲ ਕੋਈ ਵੀ ਮੰਜਿਲ ਸਰ ਹੋਣ ਤੋਂ ਨਹੀਂ ਰੁੱਕ ਸਕਦੀ ’ਕਹਿੰਦਿਆਂ ਵਿਜੇ ਗੋਇਲ ਦੀਆਂ ਅੱਖਾਂ ਨਮ ਹੋ ਗਈਆਂ । ਤਿੰਨ ਪੁੱਤਰਾਂ ਅਤੇ ਇੱਕ ਧੀ ਦਾ ਬਾਪ ਹੋਣ ਕਾਰਨ ਉਹ ਕਾਨੂੰਨੀ ਤੌਰ ‘ਤੇ ਕੋਈ ਵੀ ਹੋਰ ਬੱਚਾ ਗੋਦ ਨਹੀਂ ਲੈ ਸਕਦੇ । ਸ੍ਰੀ ਗੋਇਲ ਦੇਸ਼ ਦੇ ਰਾਸ਼ਟਰਪਤੀ , ਲੋਕ ਸਭਾ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨਾਲ ਸੰਪਰਕ ਕਰਕੇ ਉਕਤ ਲੜਕੀ ਦਾ ਕਾਨੂੰਨੀ ਤੌਰ ‘ਤੇ ਬਾਪ ਬਣਨ ਦਾ ਹੱਕ ਹਾਸਿਲ ਕਰਨ ਲਈ ਵਿੳਂੁਤਬੰਦੀ ਕਰ ਰਹੇ ਹਨ । ਅਜਿਹੀ ਇੱਕ ਹੀ ਉਦਾਹਰਨ ਨਹੀਂ ਬਲਕਿ ਕਈ ਨਵਜੰਮੀਆਂ ਬੱਚੀਆਂ ਜਿੰਨ੍ਹਾਂ ਨੂੰ ਉਹਨਾਂ ਦੇ ਮਾਪਿਆਂ ਨੇ ਜਨਮ ਦੇਣ ਤੋਂ ਤੁਰੰਤ ਬਾਅਦ ਧੀ ਹੋਣ ਕਾਰਨ ਬਾਹਰ ਸੁੱਟ ਦਿੱਤਾ ਜਾਂਦਾ ਹੈ , ਉਨ੍ਹਾਂ ਨੂੰ ਵਿਜੇ ਗੋਇਲ ਨੇ ਆਪਣਾ ਨਾਂਮ ਦੇ ਕੇ ਪੁਰਸ਼ ਪ੍ਰਧਾਨ ਸਮਾਜ ਨੂੰ ਨਵੀ ਸੇਧ ਦੇਣ ਦਾ ਸਾਰਥਿਕ ਯਤਨ ਕੀਤਾ ਹੈ ।
ਸਾਲ 1989 ਦੀ ਪਹਿਲੀ ਦਸੰਬਰ ਨੂੰ ਹੋਂਦ ਵਿਚ ਆਈ ਮਨੁੱਖਤਾ ਨੂੰ ਸਮਰਪਿਤ ਇਸ ਸੰਸਥਾ ਦੇ ਮੁਖੀ ਦਾ ਕਹਿਣਾ ਹੈ ਕਿ ਉਨ੍ਹ਼ਾਂ ਦੇ ਸੰਗਠਨ ਵੁੱਲੋਂ ਹੁਣ ਤੱਕ ਲੱਗਭੱਗ 3000 ਤੋਂ ਵੱਧ ਲਾਵਾਰਿਸ ਲਾਸ਼ਾਂ ਦਾ ਪੂਰੀ ਧਾਰਮਿਕ ਮਰਿਆਦਾ ਅਨੁਸਾਰ ਅੰਤਿਮ ਸਸਕਾਰ ਕੀਤਾ ਜਾ ਚੁੱਕਾ ਹੈ । ਸਰਹੰਦ ਨਹਿਰ ਦੀ ਬਠਿੰਡਾ ਬਰਾਂਚ ਤੇ ਟੇਲਾਂ ਤੇ ਪੈੂਦੇ ਰਜਬਾਹਿਆਂ ਕਾਰਨ ਇਨ੍ਹਾਂ ਵਿਚ ਲਾਵਾਰਿਸ ਲਾਸਾਂ ਬਠਿੰਡਾ ਵੱਲ ਆ ਜਾਂਦੀਆਂ ਹਨ । ਕਿਸੇ ਵੀ ਥਾਂ ਤੈਰ ਰਹੀ ਲਾਸ਼ ਬਾਰੇ ਪਤਾ ਲਗਦਿਆਂ ਲੋਕੀਂ ਪੁਲੀਸ ਤੋਂ ਪਹਿਲਾਂ ਉਨ੍ਹਾਂ ਦੇ ਸੰਗਠਨ ਨੂੰ ਸੂਚਿਤ ਕਰਨ ਨੂੰ ਅਹਿਮੀਅਤ ਦਿੰਦੇ ਹਨ । ਅਜਿਹੀ ਬੇਸਹਾਰਾ ਲਾਸ਼ ਭਾਵੇਂ ਕਿੰਨੀ ਵੀ ਗਲੀ ਸੜੀ ਕਿਉਂ ਨਾਂ ਹੋਵੇ ਬਾਰੇ ਸੂਚਨਾ ਮਿਲਦੇ ਸਾਰ ਹੀ ਉਨ੍ਹਾਂ ਦੇ ਵਰਕਰ ਪਲਾਂ ‘ਚ ਘਟਨਾ ਸਥਾਨ ’ਤੇ ਪਹੁੰਚ ਜਾਂਦੇ ਹਨ । ਲੋਕਾਂ ਦਾ ਅਜਿਹਾ ਕਰਨਾ ਸਹਾਰਾ ਉੱਤੇ ਵਿਸ਼ਵਾਸ਼ ਦਾ ਪ੍ਰਤੀਕ ਹੈ। ਸੜਕੀ ਰੇਲ ਜਾਂ ਕਿਸੇ ਪ੍ਰਕਾਰ ਦੇ ਹੋਰ ਹਾਦਸੇ ਦੀ ਸੂੰਹ ਮਿਲਦਿਆਂ ਹੀ ਸਹਾਰਾ ਵਰਕਰਾਂ ਵੱਲੋਂ ਫੁਰਤੀ ਦਿਖਾਉਣਾ ਆਪਣੀ ਮਿਸਾਲ ਆਪ ਹੈ ।
ਬੀਤੇ ਅਠਾਰਾਂ ਸਾਲ ਤੋਂ ਸਥਾਪਤ ਇਸ ਸੰਸਥਾ ਦੇ ਸਫ਼ਲਤਾ ਨਾਲ ਨੈਟਵਰਕ ਚਲਾਉਣ ਵਾਲੇ ਸਿਰਫ 40-50 ਕੁ ਵਰਕਰ ਹਨ । ਸੰਸਥਾ ਵੱਲੋਂ ਕਿਸੇ ਵਰਕਰ ਨੂੰ ਕੋਈ ਸਨਾਖਤੀ ਕਾਰਡ ਨਹੀਂ ਦਿੱਤਾ ਜਾਂਦਾ ਕਿਉਂਕਿ ਨਾਮ ਹੀ ਕਾਫੀ ਹੈ । ਇਹ ਕਿਸੇ ਪੀੜਤ ਵਿਅਕਤੀ ਨੂੰ ਇਲਾਜ ਸ਼ੁਰੁ ਕਰਨ ਲਈ ਕਿਸੇ ਡਾਕਟਰ ਨੂੰ ਨਹੀਂ ਉਡੀਕਦੇ । ਜਖਮੀ ਅਤੇ ਮਰੀਜ਼ਾਂ ਨੂੰ ਮੁੱਢਲੀ ਸਹਾਇਤਾ ਵਰਕਰਾਂ ਵੱਲੋਂ ਹੀ ਸ਼ੁਰੂ ਕੀਤੀ ਜਾਂਦੀ ਹੈ । ਦੁਰਘਟਨਾਵਾ ਨਾਲ ਨਜਿੱਠਣ ਲਈ ਸਹਾਰਾ ਕੋਲ ਚਾਰ ਐਬੂਲੈਂਸ ਹਨ । ਲੋਕਾਂ ਨਾਲ ਰਾਬਤਾ ਕਾਇਮ ਕਰਨ ਲਈ 10-12 ਮੋਬਾਈਲ ਸੈੱਟ ਹਨ ਜਿੰਨ੍ਹਾਂ ਦੇ ਨੰਬਰ ਇਲਾਕਾ ਨਿਵਾਸੀਆਂ ਨੂੰ ਜੂਬਾਨੀ ਯਾਦ ਹਨ । ਇਹ ਸਾਰਾ ਕੁਝ ਲੋਕਾਂ ਵੱਲੋਂ ਦਿੱਤੇ ਫੰਡਾਂ ਕਾਰਨ ਹੀ ਸੰਭਵ ਹੋ ਰਿਹਾ ਹੈ । ਪੰਜਾਬ ਸਰਕਾਰ ਵੱਲੋਂ ਤਾਂ ਸਹਿਯੋਗ ਨਾਮਾਤਰ ਹੀ ਰਿਹਾ ਜਦਕਿ ਜਿ਼ਲ੍ਹਾ ਪ੍ਰਸ਼ਾਸ਼ਨ ਵੱਲੋਂ ਬੀਤੇ ਸਮੇਂ ਦੌਰਾਨ ਇੱਕ ਐਬੂਲੈਂਸ ਦਿੱਤੀ ਗਈ ਸੀ ਅਤੇ ਦੋ ਹੋਰ ਗੱਡੀਆਂ ਜਲਦੀ ਮਿਲਣ ਦੀ ਸੰਭਾਵਨਾ ਹੈ । ਸੀਮਤ ਵਸੀਲਿਆਂ ਦੇ ਹੁੰਦੇ ਵੀ ਬੇਸਹਾਰਾ ਲੋਕਾਂ ਨੂੰ ਸਹਾਰਾ ਦਿੰਦੀ ਇਸ ਸੰਸਥਾ ਦੇ ਵਰਕਰਾਂ ਦੇ ਬੁਲੰਦ ਹੌਸਲੇ ਅਤੇ ਨਿਸਕਾਮ ਸੇਵਾ ਨਾਲ ਹੀ ਸਾਰਾ ਬੰਦੋਬਸਤ ਚੱਲ ਰਿਹਾ ਹੈ।
ਸ੍ਰੀ ਗੋਇਲ ਦਾ ਸਾਰਾ ਪਰਿਵਾਰ ਹੀ ਸਮਾਜ ਸੇਵਾ ਨੂੰ ਸਮਰਪਿਤ ਹੈ । ਸ਼ਹਿਰ ਦੇ ਮੇਨ ਬਜ਼ਾਰ ਸਥਿਤ ਉਨ੍ਹਾਂ ਦੀ ਦੁਕਾਨ ਸੰਭਾਲਦੇ ਉਨ੍ਹਾਂ ਦੇ ਤਿੰਨੇ ਬੇਟੇ ਹਰ ਵੇਲੇ ਸਮਾਜ ਸੇਵਾ ‘ਚ ਜੁਟੇ ਰਹਿੰਦੇ ਹਨ । ਐਮਰਜੈਸੀ ਪੈਣ ‘ਤੇ ਘਟਨਾ ਸਥਾਨ ਜਾਣ ਲੱਗੇ ਉਹ ਦੁਕਾਨਦਾਰੀ ਵੀ ਰੱਬ ਆਸਰੇ ਛੱਡ ਜਾਂਦੇ ਹਨ । ਉਨ੍ਹਾਂ ਦੇ ਵੱਡੇ ਬੇਟੇ ਨੇ ਦੱਸਿਆ , ‘ਸਹਾਰਾ ਹੈਲਪਲਾਈਨ ਦੇ ਮੋਬਾਈਲ ਫੋਨ ਚੌਵੀ ਘੰਟੇ ਚੱਲਦੇ ਰਹਿੰਦੇ ਹਨ ਸਾਰੇ ਫੋਨ ਪਾਪਾ ਹੀ ਰਿਸੀਵ ਕਰਦੇ ਹਨ ਦਿਨ ਹੋਵੇ ਜਾਂ ਰਾਤ ।’ ਪਾਗਲ, ਭਿਖਾਰੀ, ਲਾਵਾਰਿਸਾਂ ਦੇ ਯਾਰ ਵਿਜੇ ਗੋਇਲ ਦੀ ਸੋਚ ਵਾਤਾਵਰਣ ਪ੍ਰੇਮੀ ਹੋਣ ਕਰਕੇ ਸ਼ਹਿਰ ਨੂੰ ਹਰਾ ਭਰਾ ਰੱਖਣ ਲਈ ਸਮੇਂ ਸਮੇਂ ਰੁੱਖ ਲਗਾ ਕੇ ਉਨ੍ਹਾਂ ਦੀ ਦੇਖਭਾਲ ਵੀ ਕੀਤੀ ਜਾਂਦੀ ਹੈ । ਮਨੁੱਖਤਾ ਦੀ ਹਮਦਰਦ ਇਸ ਸੰਸਥਾ ਵੱਲੋਂ ਗਰਮੀਆਂ ਦੇ ਦਿਨਾਂ ਵਿਚ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ‘ਤੇ ਜਲ ਸੇਵਾ ਦਾ ਵਿਸੇ਼ਸ਼ ਪ੍ਰਬੰਧ ਕੀਤਾ ਜਾਂਦਾ ਹੈ । ਖੂਨਦਾਨ ਅਤੇ ਮੈਡੀਕਲ ਚੈੱਕਅਪ ਕੈਂਪ ਲਗਾਏ ਜਾਣੇ ਹੁਣ ਸਹਾਰਾ ਲਈ ਕਾਫੀ ਪੁਰਾਣੀਆਂ ਗੱਲਾਂ ਹੋ ਗਈਆਂ ਹਨ । ਉਨ੍ਹਾਂ ਦੀ ਕਾਰਜਸੈੱਲੀ ਤੋਂ ਪ੍ਰਭਾਵਿਤ ਕਈ ਹੋਰ ਸੰਸਥਾਵਾਂ ਅਜਿਹਾ ਕਰ ਰਹੀਆਂ ਹਨ ।
ਅਵਾਰਾ ਅਤੇ ਜਖਮੀਆਂ ਜਾਨਵਰਾਂ/ ਪਸੂਆਂ ਦੀ ਸਾਂਭ ਸੰਭਾਲ ਲਈ ਵੱਡਮੁਲਾ ਯੋਗਦਾਨ ਪਾਉਣ ਵਾਲੀ ਇਸ ਸੰਸਥਾ ਦੀ ਸਫ਼ਲਤਾ ਦਾ ਰਾਜ ਟੀ ਐਸ ਆਈ (ਪੰਜਾਬੀ )ਕੋਲ ਦੱਸਦਿਆ ਸ੍ਰੀ ਗੋਇਲ ਨੇ ਕਿਹਾ , ‘ਸਾਡੇ ਕੋਲੇਂ ਬਹੁਤ ਹੀ ਸਮਰਪਿਤ ਵਰਕਰ ਨੇ ,ਅਸੀ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਘਨਈਆ ਜੀ ਦੇ ਆਦਰਸ਼ਾਂ ਨੂੰ ਮੰਨਦੇ ਆ । ਸਮਾਜ ਦੇ ਦੁਰਕਾਰੇ ਲੋਕਾਂ ਨੂੰ, ਜਿੰਨ੍ਹਾਂ ਨੂੰ ਇਨਸਾਨ ਦੇਖਣਾ ਵੀ ਪਸੰਦ ਨਹੀਂ ਕਰਦਾ ਉਨ੍ਹਾਂ ਨੂੰ ਆਪਣਿਆਂ ਤੋਂ ਵੀ ਜਿ਼ਆਦਾ ਪਿਆਰ ਕਰਦੇ ਹਾਂ । ਸਾਡਾ ਇਹ ਮਿਸ਼ਨ ਅਤੇ ਮੰਨਣਾ ਹੈ ਕਿ ਇਹ ਲੋਕ ਦਵਾਈਆਂ ਜਾਂ ਹੋਰ ਸਾਧਨ ੳਪਲਬਧ ਕਰਵਾਉਣ ਨਾਲ ਠੀਕ ਨਹੀਂ ਹੋਣਗੇ ਜਿੰਨ੍ਹਾਂ ਚਿਰ ਇਨ੍ਹਾਂ ਦਾ ਪਿਆਰ ਭਰੇ ਹੱਥਾਂ ਅਤੇ ਦਿਲ ਨਾਲ ਇਲਾਜ ਨਹੀਂ ਕਰਾਂਗੇ । ਜਿੰਨ੍ਹਾਂ ਨੂੰ ਡਾਕਟਰ ਕਹਿੰਦੇ ਨੇ ਇਹ ਨਹੀ ਬਚਣਗੇ ਉਹ ਮਰੀਜ਼ ਅਸੀਂ ਠੀਕ ਕਰ ਲਏ ਹਨ ।’

Total Views: 136 ,
Real Estate