ਮੁੱਖ ਸਕੱਤਰ ਤੇ ਮੰਤਰੀਆਂ ਦਾ ਰੌਲਾ : ਜਾਂ ਟਾਂਡਿਆਂ ਵਾਲੀ ਨਹੀਂ, ਜਾਂ ਫਿਰ ਭਾਂਡਿਆਂ ਵਾਲੀ ਨਹੀਂ

ਚੰਡੀਗੜ, 11 ਮਈ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਕੈਬਨਿਟ ਮੰਤਰੀ ਮੰਡਲ ਦੀ ਮੀਟਿੰਗ ਵਿਚੋਂ ਸਰਕਾਰ ਦੇ ਮੁੱਖ ਸਕੱਤਰ ਨੂੰ ਬਾਹਰ ਰੱਖਿਆ ਗਿਆ ਹੈ। ਪੰਜਾਬ ਵਿੱਚ ਆਬਕਾਰੀ ਨੀਤੀ ‘ਤੇ ਵਿਚਾਰ ਵਿਟਾਂਦਰਾ ਕਰਨ ਲਈ ਅੱਜ ਹੋ ਰਹੀ ਕੈਬਨਿਟ ਦੀ ਮੀਟਿੰਗ ਵਿਚੋਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਬਾਹਰ ਰੱਖਿਆ ਗਿਆ ਹੈ, ਕਿਉਂਕਿ ਪੰਜਾਬ ਦੇ ਕਈ ਮੰਤਰੀਆਂ ਨੇ ਪਹਿਲਾਂ ਹੀ ਕਿਹਾ ਹੋਇਆ ਸੀ ਕਿ ਜੇਕਰ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਮੀਟਿੰਗ ਵਿੱਚ ਆਉਂਦੇ ਹਨ ਤਾਂ ਉਹ ਮੀਟਿੰਗ ‘ਚ ਸਾਮਲ ਨਹੀਂ ਹੋਣਗੇ। ਇਸ ਦੇ ਚਲਦਿਆਂ ਅੱਜ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੇ ਵੀ ਦੋ ਘੰਟੇ ਦੀ ਛੁੱਟੀ ਮੰਗ ਲਈ ਸੀ ਜਾਂ ਫਿਰ ਇਹ ਕਹਿ ਸਕਦੇ ਹਾਂ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੀ ਕਰਨ ਅਵਤਾਰ ਸਿੰਘ ਨੂੰ ਇਸ ਮੀਟਿੰਗ ਵਿੱਚ ਸਾਮਲ ਨਾ ਹੋਣ ਦੇ ਆਦੇਸ਼ ਦੇ ਦਿੱਤੇ ਹੋਣਗੇ। ਇਥੇ ਜਿਕਰਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਵਤੀਰੇ ਤੋਂ ਪੰਜਾਬ ਸਰਕਾਰ ਦੇ ਕਈ ਮੰਤਰੀ ਖਾਸੇ ਔਖੇ ਹਨ, ਜਿਸ ਦੇ ਚੱਲਦਿਆਂ ਅੱਜ ਕੈਬਨਿਟ ਦੀ ਮੀਟਿੰਗ ਦੌਰਾਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਨੇ ਆਪਣੇ ਬਿਆਨ ਤੱਕ ਦਰਜ ਕਰਵਾ ਦਿੱਤੇ ਹਨ ਕਿ ਜਿਸ ਵੀ ਵੱਡੀ ਜਾਂ ਛੋਟੀ ਮੀਟਿੰਗ ਵਿੱਚ ਮੁੱਖ ਸਕੱਤਰ ਕਰਨ ਅਵਤਾਰ ਸਾਮਲ ਹੋਣਗੇ, ਉਸ ਵਿੱਚ ਉਹ ਕਦਾਚਿਤ ਸਾਮਲ ਨਹੀਂ ਹੋਣਗੇ। ਦੱਸਣਯੋਗ ਹੈ ਕਿ ਮੁੱਖ ਸਕੱਤਰ ਕੋਲ ਵਿੱਤ ਵਿਭਾਗ ਤੋਂ ਇਲਾਵਾ ਕਰ ਅਤੇ ਆਬਕਾਰੀ ਵਿਭਾਵ ਵੀ ਹੈ ਅਤੇ ਕੈਬਨਿਟ ਦੀ ਮੀਟਿੰਗ ਦੌਰਾਨ ਸਾਰੇ ਏਜੰਡੇ ਮੁੱਖ ਸਕੱਤਰ ਵੱਲੋਂ ਹੀ ਪੇਸ਼ ਕੀਤੇ ਜਾਂਦੇ ਹਨੇ ਪਰ ਅੱਜ ਮੁੱਖ ਸਕੱਤਰ ਦੀ ਗੈਰਹਾਜਰੀ ਵਿੱਚ ਇਹ ਕੰਮ ਗ੍ਰਹਿ ਸਕੱਤਰ ਸ਼ਤੀਸ ਚੰਦਰਾ ਵੱਲੋਂ ਕੀਤਾ ਗਿਆ। ਅੱਜ ਦੀ ਕੈਬਨਿਟ ਮੀਟਿੰਗ ਦਾ ਏਜੰਡਾ ਭਾਵੇਂ ਸਰਾਬ ਸੀ, ਪਰ ਇਹ ਮੀਟਿੰਗ ਮੁੱਦੇ ਤੋਂ ਭਟਕ ਕੇ ਮੁੱਖ ਸਕੱਤਰ ਦੇ ਰੌਲੇ ਤੱਕ ਹੀ ਸੀਮਤ ਹੋ ਗਈ। ਪੰਜਾਬ ਸਰਕਾਰ ਦੇ ਮੰਤਰੀ ਤੇ ਪੰਜਾਬ ਕਾਂਗਰਸ ਪਹਿਲਾਂ ਵੀ ਕਈ ਵਾਰ ਮੰਨ ਚੁੱਕੀ ਹੈ ਕਿ ਸੂਬੇ ਵਿੱਚ ਅਫਸਰਸ਼ਾਹੀ ਭਾਰੂ ਹੋ ਗਈ ਹੈ। ਦੂਸਰੇ ਪਾਸੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਦੋਸ ਲਾਏ ਹਨ ਕਿ ਮੁੱਖ ਸਕੱਤਰ ਦੇ ਮੁੰਡੇ ਦਾ ਸਰਾਬ ਦੇ ਕਾਰੋਬਾਰ ‘ਚ ਹਿੱਸਾ ਹੈ ਅਤੇ ਅਜਿਹੇ ਵਿੱਚ ਕਰਨ ਅਵਤਾਰ ਸਿੰਘ ਨੂੰ ਮੁੱਖ ਸਕੱਤਰ ਦੇ ਆਹੁਦੇ ‘ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ। ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮਾਮਲੇ ‘ਤੇ ਕਸੂਤੀ ਹਾਲਾਤ ਫਸ ਗਏ ਹਨ, ਕਿਉਂਕਿ ਕਰਨ ਅਵਤਾਰ ਸਿੰਘ ਨੇ ਅਜੇ 31 ਅਗਸਤ 2020 ਨੂੰ ਸੇਵਾ ਮੁਕਤ ਹੋਣਾ ਹੈ। ਇਸ ਲਈ ਕਰਨ ਅਵਤਾਰ ਸਿੰਘ ਨੂੰ ਉਨਾ ਚਿਰ ਮੁੱਖ ਸਕੱਤਰ ਦੇ ਆਹੁਦੇ ‘ਤੇ ਬਣਾਈ ਰੱਖਣਾ ਜਾਂ ਫਿਰ ਲਾਂਭੇ ਕਰਕੇ ਆਪਣੇ ਮੰਤਰੀਆਂ ਨੂੰ ਖੁਸ਼ ਕਰਨਾ ਕੈਪਟਨ ਸਾਹਿਬ ਲਈ ਉਹ ਗੱਲ ਹੋ ਗਈ ਹੈ ਕਿ ਜਾਂ ਟਾਂਡਿਆਂ ਵਾਲੀ ਨਹੀਂ, ਤੇ ਫਿਰ ਭਾਂਡਿਆਂ ਵਾਲੀ ਨਹੀਂ”।

Total Views: 115 ,
Real Estate