ਪ੍ਰੈਸ ਦੀ ਆਜ਼ਾਦੀ ਦਾ ਕੌਮਾਂਤਰੀ ਦਿਨ -ਪੀੜੀ ਥੱਲੇ ਸੋਟਾ ਵੀ ਮਾਰਾਂਗੇ ਜਾਂ ਫਿਰ ਦਮਗਜਿਆਂ ਨਾਲ ਕੰਮ ਚੱਲੂ

ਸੁਖਨੈਬ ਸਿੰਘ ਸਿੱਧੂ
3 ਮਈ ਪ੍ਰੈਸ ਦੀ ਆਜ਼ਾਦੀ ਦਾ ਅੰਤਰਰਾਸ਼ਟਰੀ ਦਿਨ ਹੈ । ਯੂਨੈਸਕੋ ਵੱਲੋਂ ਮੀਡੀਆ ਅਤੇ ਸੋਸਲ ਮੀਡੀਆ ਚੈਨਲਜ ਲਈ ਇਸ ਵਰ੍ਹੇ ਆਲਮੀ ਮੁਹਿੰਮ ਆਰੰਭੀ ਗਈ ਹੈ ‘ ਪੱਤਰਕਾਰਿਤਾ ਬਿਨਾ ਡਰ ਜਾਂ ਪੱਖਪਾਤ ਤੋਂ ’ । ਪੱਤਰਕਾਰਾਂ ਨੂੰ ਇਸ ਬਾਰੇ ਇਮਾਨਦਾਰੀ ਨਾਲ ਸੋਚਣਾ ਪਵੇਗਾ ।
1993 ਤੋਂ ਯੂਨੈਸਕੋ ਵੱਲੋਂ ਹਰੇਕ ਸਾਲ ਵਿਸ਼ਵ ਵਿਆਪੀ ਸੰਮੇਲਨ ਕਰਾ ਕੇ ਪੱਤਰਕਾਰਾਂ , ਸਿਵਲ ਸੁਸਾਇਟੀ ਦੇ ਨੁੰਮਾਇੰਦਿਆਂ , ਰਾਸ਼ਟਰੀ ਸੰਸਥਾਵਾਂ , ਵਿਦਿਅਕ ਮਾਹਿਰਾਂ ਅਤੇ ਬੁੱਧੀਜੀਵੀਆਂ ਵਿੱਚ ਚਰਚਾ ਕਰਕੇ ਪ੍ਰੈਸ ਦੀਆਂ ਚੁਣੌਤੀਆਂ ਅਤੇ ਆਜ਼ਾਦੀ ਬਾਰੇ ਵਿਚਾਰਿਆ ਜਾਂਦਾ ਹੈ।
ਹੁਣ ਸਵਾਲ ਹੈ , ਕਿੰਨੇ ਪੱਤਰਕਾਰ ਇਮਾਨਦਾਰੀ ਨਾਲ ਕੰਮ ਕਰਦੇ ਹਨ, ਮੈਂ ਮੀਡੀਆ ਅਦਾਰਿਆਂ ਦੀ ਗੱਲ ਨਹੀਂ ਕਰਦਾ , ਕਿਉਂਕਿ ਜਿ਼ਆਦਾਤਰ ਮੀਡੀਆ ਅਦਾਰੇ ਕਾਰੋਬਾਰੀ ਲੋਕਾਂ ਵੱਲੋਂ ਚੱਲਦੇ ਹਨ ਜਿੰਨ੍ਹਾਂ ਦਾ ਮਨੋਰਥ ਸਿਰਫ਼ ਮੁਨਾਫਾ ਕਮਾਉਣਾ ਹੈ , ਉਹਨਾਂ ਤੋਂ ਨਿਰਪੱਖਤਾ ਦੀ ਉਮੀਦ ਕਰਨੀ ਵਾਜਿਬ ਹੀ ਨਹੀ । ਪੱਤਰਕਾਰ ਦੀ ਗੱਲ ਕਰੀਏ। ਲੋਕਲ ਅਖ਼ਬਾਰ ਜਾਂ ਚੈਨਲ ਦੇ ਨੁੰਮਾਇੰਦੇ ਤੋਂ ਲੈ ਕੇ ਅੰਤਰਾਸ਼ਟਰੀ ਪੱਧਰ ਦੇ ਚੈਨਲਜ / ਮੀਡੀਆ ਹਾਊਸ ਨਾਲ ਕੰਮ ਕਰਦੇ ਮੀਡੀਆ ਕਰਮੀ ਸਾਰੇ ਇਮਾਨਦਾਰ ਹੁੰਦੇ ਹਨ , ਕਿਉੁਕਿ ਕੋਈ ਨਹੀਂ ਕਹਿੰਦਾ ਮੈਂ ਬੇਈਮਾਨ ਹਾਂ ਜਾਂ ਪੱਖਪਾਤੀ ਹਾਂ । ਫਿਰ ਜੋ ਮੀਡੀਆ ਦਾ ਕਿਰਦਾਰ ਲੋਕਾਂ ਦੀਆਂ ਨਜ਼ਰਾਂ ‘ਚ ਬਣਦਾ , ਆਪਣੇ ਸਵਾਰਥਾਂ ਲਈ ਵਿਕਦੇ / ਲਿਖਦੇ / ਬੋਲਦੇ ਪੱਤਰਕਾਰ ਤਾਂ ਹਰ ਸਮੇਂ ਸਾਹਮਣੇ ਰਹਿੰਦੇ ਹਨ , ਉਹ ਕਿਹੜੇ ਗ੍ਰਹਿ ‘ਤੇ ਰਹਿੰਦੇ ਹਨ। ਪੱਤਰਕਾਰ ਦਾ ਮਨੋਰਥ ਕਿਸੇ ਨੂੰ ਖੁਸ਼ ਜਾਂ ਗੁੱਸੇ ਕਰਨਾ ਨਹੀਂ ਹੁੰਦਾ ।
ਜਦੋਂ ਗੱਲ ਕਰਦੇ ਹਾਂ , ਪ੍ਰੈਸ ਦੀ ਆਜ਼ਾਦੀ ਦੀ, ਉਦੋਂ ਪੱਤਰਕਾਰ ਕਿਉਂ ਨਹੀਂ ਸੋਚਦੇ ਕਿ ਇਹਨੂੰ ਗਹਿਣੇ ਤਾਂ ਅਸੀਂ ਆਪ ਪਾਇਆ ਕਿਤੇ ਕਿਸੇ ਸਿਆਸੀ ਪਾਰਟੀ ਦੇ ਹੱਕ ‘ਚ ਖੜ੍ਹ ਕੇ ਜਾਂ ਵਿਰੋਧ ‘ਚ ਖੜ੍ਹ ਕੇ । ਸਰਕਾਰੀ ਤੰਤਰ ‘ਚ ਖਾਮੀਆਂ ‘ਤੇ ਨਜ਼ਰ ਰੱਖਣੀ ਪੱਤਰਕਾਰ ਦੀ ਜਿੰਮੇਵਾਰੀ ਹੁੰਦੀ , ਪਰ ਜੋ ਕੁਝ ਸਾਡਾ ਭਾਈਚਾਰਾ ਕਰਦਾ ਉਹ ਕਿਸੇ ਤੋਂ ਗੁੱਝਾ ਥੋੜਾ ਹੈ।
ਕਿਸੇ ਰਾਜਨੀਤਕ ਪਾਰਟੀ ਦਾ ਵਿਰੋਧ ਕਰਕੇ ਅਤੇ ਕਿਸੇ ਦਾ ਸਹਿਯੋਗ ਕਰਕੇ ਅਸੀਂ ਇਮਾਨਦਾਰ ਦੀ ਤਖ਼ਤੀ ਵੀ ਪਾਈ ਰੱਖਦੇ । ਬਹੁਤੇ ਵਾਰੀ ਤੱਥਾਂ ਤੋਂ ਕੋਰੀਆਂ ਖ਼ਬਰਾਂ ‘ਭਰੋਸੇਯੋਗ ਸੂਤਰਾਂ’ ਤੋਂ ਬਣ ਜਾਂਦੀਆਂ ਹਨ। ਜੇ ਕੋਈ ਸਾਡੇ ਕੰਮ ‘ਤੇ ਸਵਾਲ ਚੁੱਕੇ ਅਸੀਂ ਅੱਖਾਂ ਕੱਢਦੇ ਪਰ ਕਈ ਵਾਰੀ ਅੱਖਾਂ ਬੰਦ ਕਰਕੇ ਅਜਿਹਾ ਕੁਝ ਲੋਕਾਂ ਨੂੰ ਪਰੋਸ ਦਿੰਦੇ ਜਿਸ ਨਾਲ ਕੁਝ ਨਿਰਦੋਸ਼ ਰਗੜੇ ਜਾਂਦੇ ਅਸਲੀ ਅਪਰਾਧੀ ਬਚ ਜਾਂਦੇ ।
ਜਦੋਂ ਪੱਤਰਕਾਰ, ਰਾਜਨੀਤਕ / ਪ੍ਰਸ਼ਾਨਿਕ ਅਧਿਕਾਰੀਆਂ ਤੋਂ ਆਪਣੇ ਨਿੱਜੀ ਕੰਮ ਕਾਰ ਕਰਵਾਉਣ ਲੱਗੂ ਫਿਰ ਉਹਨਾਂ ਲੋਕਾਂ ਦੇ ਖਿਲਾਫ਼ ਕੰਮ ਕਿਵੇਂ ਕਰੂ ?
ਪ੍ਰਿੰਟ ਮੀਡੀਆ ਦਾ ਜਿ਼ਆਦਾ ਬੁਰਾ ਹਾਲ ਹੈ ਅਤੇ ਬਹੁਤਾ ਮਾੜਾ ਹਾਲ ਮੰਡੀਆਂ / ਕਸਬਿਆਂ ਵਿੱਚ ਹੈ ਕਿਉਕਿ ਬਹੁਤੇ ਅਦਾਰੇ ਮਾਣਭੱਤੇ ਦੇ ਨਾਂਮ ‘ਤੇ ਥੋੜੇ ਬਹੁਤ ਪੈਸੇ ਦੇ ਦਿੰਦੇ ਹਨ ਪਰ ਇਹ ਨਹੀਂ ਕਿ ਕੋਈ ਪੱਤਰਕਾਰ ਅਸੀਂ ਰੋਜ਼ੀ ਕਿਸੇ ਮੰਡੀ ਜਾਂ ਕਸਬੇ ਵਿੱਚ ਆਪਣੇ ਮੀਡੀਆ ਅਦਾਰੇ ਨਾਲ ਕੰਮ ਕਰਕੇ ਕਮਾ ਸਕੇ । ਅਜਿਹੇ ਇਲਾਕਿਆਂ ‘ਚ ਰਾਜਨੀਤਕ , ਵਿਦਿਅਕ ਸੰਸਥਾਵਾਂ , ਡਾਕਟਰ , ਕਾਰੋਬਾਰੀ / ਵਪਾਰੀ ਅਤੇ ਮੋਹਤਬਰ ਲੋਕ ਹੀ ਅਖ਼ਬਾਰਾਂ ਨੂੰ ਇਸ਼ਤਿਹਾਰ ਦਿੰਦੇ ਹਨ ਅਤੇ ਅਜਿਹੇ ਲੋਕਾਂ ਦੇ ਵਿਰੁੱਧ ਜਦੋਂ ਕੋਈ ਖ਼ਬਰ ਆਉਂਦੀ ਹੈ ਫਿਰ ਉਹ ਅਖ਼ਬਾਰ ‘ਚ ਛਪੇਗੀ ਕਿਵੇਂ ?
ਹੁਣ ਸੋਸ਼ਲ ਮੀਡੀਆ ਤੇ ਪੱਤਰਕਾਰਿਤਾ ਕਾਫੀ ਸਰਗਰਮ ਹੈ , ਜਿ਼ਆਦਾ ਕੰਮ ਵਿਊਜ / ਕਲਿੱਕ ਤੱਕ ਸੀਮਤ ਜਿੰਮੇਵਾਰੀਆਂ ਤਾਂ ਕਿੱਲੇ ‘ਤੇ ਟੰਗੀਆਂ ਹੋਈਆਂ। ਮੇਰੇ ਵਰਗਿਆਂ ਬਹੁਤਿਆਂ ਨੇ ਯੂਟਿਊਬ ਚੈਨਲ ਬਣਾ ਲਏ ਹਨ, ਕੁਝ ਨੂੰ ਵਹਿਮ ਵੀ ਹੈ ਕਿ ਯੂ ਟਿਊਬ ਵਾਧੂ ਪੈਸੇ ਦਿੰਦਾ ਪਰ ਉਹਦੇ ਲਈ ਕੁਝ ਸ਼ਰਤਾਂ ਹਨ ( ਜਿਸਦਾ ਅੱਡ ਜਿ਼ਕਰ ਕਰਾਂਗੇ) , ਫਿਰ 100- 200 ਤੋਂ 500 ਰੁਪਏ ਤੱਕ ਲੈ ਕੇ ਲੋਕਾਂ ਦੀਆਂ ਵੀਡਿਓ ਅਪਲੋਡ ਕੀਤੀਆਂ ਜਾਂਦੀਆਂ ਹਨ , ਮਸ਼ਹੂਰੀ ਪ੍ਰਚਾਰ ਭਾਲਦੇ ਲੋਕਾਂ ਲਈ ਠੀਕ ਕਿ ਉਹ ਥੋੜੇ ਪੈਸੇ ਦੇ ਕੇ ਵੀਡਿਓ ਬਣਵਾ ਕੇ ਆਪਣਾ ਭੁੱਸ ਪੂਰਾ ਕਰ ਲੈਂਦੇ , ਪਰ ਨਿਰਪੱਖਤਾ ਕਿੱਥੇ ?
ਇੱਕ ਵਾਰ ਪੱਤਰਕਾਰ ਦੋਸਤ ਨੇ ਆਪਣੇ ਜਿ਼ਲ੍ਹੇ ‘ਚ ਖਾਲੀ ਹੋਈ ਅਸਾਮੀ ਬਾਰੇ ਕਿਹਾ ਜੇ ਜਲੰਧਰ ਕੋਈ ਜੈੱਕ ਲੱਗਜੇ ਤਾਂ ਇਹ ਅਖ਼ਬਾਰ ਮਿਲਜੇ । ਅਸੀਂ ਯਤਨ ਕੀਤੇ ਫਿਰ ਗੱਲ ਵਿਧਾਇਕ ਦੀ ਸਿਫ਼ਾਰਸ ‘ਤੇ ਆ ਕੇ ਰੁੱਕ ਗਈ ਹੁਣ ਫਿਰ ਸਵਾਲ ਜੇ ਪੱਤਰਕਾਰ ਰਖਵਾਇਆ ਹੀ ਵਿਧਾਇਕ ਨੇ ਹੋਣਾ , ਫਿਰ ਉਹਦੇ ਖਿਲਾਫ਼ ਜਾਂਦਾ ਇੱਕ ਅੱਖਰ ਵੀ ਮੀਡੀਆ ‘ਚ ਨਹੀਂ ਜਾ ਸਕਦਾ ।
ਪਹਿਲੀ ਗੱਲ ਤਾਂ ਪੱਤਰਕਾਰ ਵੀਰਾਂ ਨੂੰ ਸਾਫ਼ ਕਰਨੀ ਚਾਹੀਦੀ ਕਿ ਪੱਤਰਕਾਰਿਤਾ ਤੋਂ ਤੁਹਾਡਾ ਟੱਬਰ ਦਾ ਨਿਰਬਾਹ ਨਹੀਂ ਤਾਂ ਫਿਰ ਕਾਹਦੇ ਵਾਸਤੇ ‘ਸਮਾਜ ਸੇਵਾ’ ਦਾ ਵਹਿਮ ਰੱਖ ਕੇ ਤੁਰੇ ਫਿਰਨਾ । ਮੈਂ ਆਪਣੇ ਕੰਮ ਬਾਰੇ ਸਪੱਸ਼ਟ ਹਾਂ, 97-98 ‘ਚ ਇੱਕ ਸੰਗੀਤ ਮੈਗਜ਼ੀਨ ‘ਚ ਕੰਮ ਕੀਤਾ ਸੀ , ਜਿੱਥੇ ਮੈਨੂੰ ਪਤਾ ਨਹੀ ਸੀ ਕਿ ਪੈਸੇ ਦੇਣਗੇ ਜਾਂ ਨਹੀਂ , ਕੰਮ ਕੀਤਾ ਫਿਰ ਪਤਾ ਲੱਿਗਆ ਇਹਨਾ ਕੰਮਾਂ ‘ਚ ਤਨਖਾਹ ਨਹੀਂ ਹੁੰਦੀ , ਸੰਪਾਦਕ ਦਾ ਮਸਾ ਗੁਜਾਰਾ ਚੱਲਦਾ । ਮੈਂ ਉਹਦੇ ਤੋਂ ਮਗਰੋਂ ਕਦੇ ਵੀ ਮੁਫ਼ਤ ਕੰਮ ਨਹੀਂ ਕੀਤਾ , ਜਿੱਥੇ ਕਿਤੇ ਲਿਹਾਜ਼ਦਾਰੀ ‘ਚ ਕੁਝ ਦਿਨ ਕੀਤਾ ਉੱਥੇ ਤੁਹਾਨੂੰ ਗੈਰ ਜਰੂਰੀ ਸਮਝ ਲਿਆ ਜਾਂਦਾ ਹੈ। ਸੱਜਣੋ ਦੇ ਚਾਰ ਪੈਸੇ ਨਹੀਂ ਮਿਲਦੇ ਫਿਰ ਕੋਈ ਹੋਰ ਕੰਮ ਕਰ ਲਵੋ, ਪਰ ਕੁਝ ਮਿੱਤਰ ਸਰਕਾਰੇ ਦਰਬਾਰੇ ਟੌਹਰ ਬਣਾਉਣ ਦੇ ਚੱਕਰ ‘ਚ ਪੱਤਰਕਾਰ ਬਣ ਜਾਂਦੇ ਹਨ ਫਿਰ ਅੱਗਿਓ ਕੁਝ ਹੋਰ ਵੀ ਬਣ ਜਾਂਦੇ ਹਨ।
ਜਦੋਂ ਮੈਂ ਉਸੇ ਰਸਾਲੇ ‘ਚ ‘ਸਭਿਆਚਾਰ ਦੀ ਸੇਵਾ’ ਕਰਦਾ ਸੀ ਤਾਂ ਬਠਿੰਡੇ ਤਾਂ ਡਫੂੰਗਧਾਰੀ ਗੀਤਕਾਰ ਕਹਿੰਦਾ ਤੈਨੂੰ ਮੈਂ ਰੱਖਵਾਇਆ ਸੀ , ਮੇਰਾ ਜਵਾਬ ਸੀ , ਰੱਖਵਾਇਆ ਤਾਂ ਨਹੀਂ ਕੱਢਵਾ ਭਾਵੇ ਦੇਵੇਂ ।
ਮੈਂ ਨਾਲ ਦੀ ਨਾਲ ਪੀਸੀਓ ਤੋਂ 3 ਰੁਪਏ 31 ਪੈਸੇ ਦੀ ਕਾਲ ਲਾ ਕੇ ਸੰਪਾਦਕ ਨੂੰ ਸਿੱਧਾ ਪੁੱਛਿਆ ਕਿ ਮੈਨੂੰ ਜੇ ਕਿਸੇ ਰੱਖਵਾਇਆ ਤਾਂ ਹੁਣੇ ਕੱਢ ਦਿਓ , ਨਹੀਂ ਤਾਂ ਗੀਤਕਾਰ ਦਾ ਵਹਿਮ ਕੱਢਣ ਵਾਲਾ ਮੈਟਰ ਆ ਰਿਹਾ ।’
ਇੱਕ ਸਾਡੇ ਪੱਤਰਕਾਰਾਂ ਦੀ ਫਿਰਕੂ ਵੰਡ ਬਹੁਤ ਹੈ, ਕੋਈ ਖਾਲਿਸਤਾਨੀ ਧਿਰਾਂ ਦਾ ਹਮਾਇਤੀ , ਕਿਸੇ ਨੂੰ ਕਾਮਰੇਡ ਸੂਤ ਵਹਿੰਦੇ , ਕਿਸੇ ਨੂੰ ਹਾਥੀ ਤੋ ਅੱਗੇ ਕੁਝ ਨਹੀਂ ਦੀਹਦਾ , ਕੁਝ ਪੱਤਰਕਾਰ ਸਿਆਸੀ ਲੋਕਾਂ ਦੇ ਪ੍ਰੈਸ ਸਕੱਤਰ ਦਾ ਰੋਲ ਨਿਭਾ ਰਹੇ ਫਿਰ ਵੀ ਇਮਾਨਦਾਰੀ ਦੀ ਡੌਂਡੀ ਪਿੱਟੀ ਜਾਂਦੇ।
ਇਹ ਨਹੀਂ ਕਿ ਪੱਤਰਕਾਰਿਤਾ ਨੂੰ ਚੁਣੌਤੀਆਂ ਨਹੀਂ, ਬਹੁਤ ਹਨ ਉਹਨਾਂ ਦਾ ਅੱਡ ਵਿਸ਼ਾ ਹੈ। ਵੈਸੇ ਵੀ ਹਰੇਕ ਲੱਲੀ –ਛੱਲੀ ਪਊਆ ਲਾ ਕੇ ਫੋਨ ਕਰ ਲੈਂਦਾ ਆਹ ਖ਼ਬਰ ਕਿਵੇਂ ਲਾਈ ਕੀਹਨੂੰ ਪੁੱਛ ਕੇ ਲਾਈ , ਸਥਿਤੀ ਬਹੁਤੇ ਵਾਰ ਅਜਿਹੀ ਵੀ ਹੁੰਦੀ ਕਿ ਕੁਝ ਲੋਕ ਸਹੀ ਕੰਮ ਕਰਦੇ ਪੱਤਰਕਾਰਾਂ ਦੇ ਕੰਮ ‘ਚ ਅੜਿੱਕੇ ਵੀ ਪਾਉਂਦੇ। ਪੁਲੀਸ ਅਤੇ ਪ੍ਰਸ਼ਾਸਨ ਅਕਸਰ ਮੀਡੀਆ ਦੇ ਖਿਲਾਫ਼ ਭੁਗਤਦਾ ਪਰ ਜਦੋਂ ਦਬਾਅ ਪੈ ਜਾਂਦਾ ਫਿਰ ਪੱਤਰਕਾਰ ਗਲਤ ਕੰਮ ਵੀ ਕਰਵਾ ਲੈਂਦੇ ਹਨ ।
ਇਹ ਨਹੀਂ ਸਾਰੇ ਮਾੜੇ ਹਾਂ ਪਰ ਐਨੇ ਵੀ ਚੰਗੇ ਨਹੀਂ ਜਿੰਨੇ ਆਪਣੇ ਆਪ ਨੂੰ ਸਮਝਦੇ । ਲੋਕ ਅਸਲੀਅਤ ਜਾਣਦੇ ਹਨ , ਇਸ ਕਰਕੇ ਵਹਿਮ ਕੱਢੀਏ , ਸਵਾਰਥ ਛੱਡੀਏ ।

Total Views: 120 ,
Real Estate