ਕਹਾਣੀ -ਕਰੋਨਾ ਮਰੀਜ ਦੀ ਵਸੀਅਤ

ਬਲਵਿੰਦਰ ਸਿੰਘ ਭੁੱਲਰ
ਜੱਜ ਸਾਹਿਬ ਨੇ ਅਦਾਲਤੀ ਮਿਸਲ ਵਿੱਚ ਲੱਗੀਆਂ ਵਸੀਅਤਾਂ ਨੂੰ ਗਹੁ ਨਾਲ ਵਾਚਿਆ। ਮੂੰਹ ਵਿੱਚ ਕਲਮ ਲੈਂਦਿਆਂ ਸਾਹਮਣੇ ਪਈ ਅੱਖਾਂ ਤੇ ਪੱਟੀ ਬੰਨੀ ਦੇ ਹੱਥ ਵਿੱਚ ਤਰਾਜੂ ਫੜੀ ਖੜੀ ਮੂਰਤੀ ਵੱਲ ਨਿਗਾਹ ਮਾਰੀ। ਫੈਸਲਾ ਸੁਣਨ ਲਈ ਦੋਵਾਂ ਧਿਰਾਂ ਤੇ ਉਹਨਾਂ ਦੇ ਵਕੀਲਾਂ ਨੂੰ ਧਿਆਨ ਦੇਣ ਲਈ ਤਾਕੀਦ ਕੀਤੀ। ਦੋਵੇਂ ਧਿਰਾਂ ਸਾਹ ਰੋਕ ਕੇ ਫੈਸਲਾ ਸੁਣਨ ਲਈ ਖੜ ਗਈਆਂ। ਜੱਜ ਸਾਹਿਬ ਨੇ ਫੈਸਲਾ ਸੁਣਾਇਆ, ਵਕੀਲਾਂ ਨੇ ਸਿਰ ਨਿਵਾਉਂਦਿਆਂ ਥੈਂਕਸ ਕਿਹਾ ਤੇ ਲਫ਼ਾਫੇ ਚੁੱਕ ਕੇ ਅਦਾਲਤ ਰੂਮ ਚੋਂ ਬਾਹਰ ਨੂੰ ਤੁਰ ਪਏ, ਦੋਵੇਂ ਧਿਰਾਂ ਦੇ ਮੈਂਬਰ ਸਿਰ ਸੁੱਟੀ ਉਹਨਾਂ ਦੇ ਪਿੱਛੇ ਪਿੱਛੇ ਜਾ ਰਹੇ ਸਨ।
ਨੌਨਿਹਾਲ ਸਿੰਘ ਦੁਆਬੇ ਦੇ ਪ੍ਰਸਿੱਧ ਪਿੰਡ ਕਾਲਰਾ ਦੇ ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਸੀ, ਜਵਾਨੀ ਵਿੱਚ ਪੈਰ ਧਰਦਿਆਂ ਹੀ ਉਸਨੇ ਆਪਣੇ ਹਿੱਸੇ ਦੀ ਦੋ ਏਕੜ ਜਮੀਨ ਬੈਅ ਕਰ ਦਿੱਤੀ ਅਤੇ ਕੈਨੇਡਾ ਦੇ ਸ਼ਹਿਰ ਸਰੀ ਵਿੱਚ ਜਾ ਪਹੁੰਚਿਆ ਸੀ। ਸਾਲਾਂ ਬੱਧੀ ਉਸਨੇ ਸਖ਼ਤ ਮਿਹਨਤ ਕੀਤੀ, ਭਾਰ ਢੋਇਆ, ਬੇਰ ਤੋੜੇ, ਹੋਟਲਾਂ ਤੇ ਆਲੂ ਗੰਢੇ ਕੱਟੇ, ਗਾਹਕਾਂ ਨੂੰ ਖਾਣੇ ਪਰੋਸੇ ਅਤੇ ਫੇਰ ਲੰਬਾ ਸਮਾਂ ਕੈਨੇਡਾ ਦੀਆਂ ਸੜਕਾਂ ਤੇ ਟਰੱਕ ਚਲਾਇਆ। ਸਾਰੀ ਉਮਰ ਉਹ ਇਸੇ ਤਮੰਨਾ ਨਾਲ ਹੱਡਭੰਨਵੀਂ ਮਿਹਨਤ ਕਰਦਾ ਰਿਹਾ ਕਿ ਪਿੰਡ ਵਾਲਿਆਂ ਨੂੰ ਦਿਖਾਏਗਾ ਕਿ ਜੇ ਉਹ ਦੋ ਏਕੜ ਜਮੀਨ ਵੇਚ ਕੇ ਗਿਆ ਸੀ ਤਾਂ ਮਿਹਨਤ ਕਰਕੇ ਉਸਨੇ ਜ਼ਮੀਨ, ਪਲਾਟ, ਗੱਡੀਆਂ, ਕੋਠੀਆਂ ਆਦਿ ਕਿੰਨਾ ਕੁਸ਼ ਬਣਾ ਲਿਆ ਹੈ। ਔਲਾਦ ਵੀ ਉਸਦੇ ਪੈਰਾਂ ਹੇਠ ਹੱਥ ਦੇਊ ਕਿ ਸਾਡੇ ਬਾਪ ਨੇ ਆਪਣੀ ਜਵਾਨੀ ਤੇ ਸਰੀਰ ਲੇਖੇ ਲਾ ਕੇ ਅਰਬਾਂ ਖਰਬਾਂ ਦੇ ਮਾਲਕ ਬਣਾ ਦਿੱਤਾ ਹੈ।
ਜਦੋਂ ਵੀ ਉਸ ਕੋਲ ਡਾਲਰ ਕੱਠੇ ਹੋ ਜਾਂਦੇ ਤਾਂ ਉਹ ਪੰਜਾਬ ਗੇੜਾ ਮਾਰਦਾ ਤੇ ਜਮੀਨ ਖਰੀਦ ਕੇ ਰਜਿਸਟਰੀ ਕਰਵਾ ਲੈਂਦਾ, ਕਦੇ ਨਾਲ ਲਗਦੇ ਛੋਟੇ ਸ਼ਹਿਰ ਆਦਮਪੁਰਾ ਜਾਂ ਜਲੰਧਰ ਵਿਖੇ ਕੋਈ ਨਾ ਕੋਈ ਪਲਾਟ ਖਰੀਦ ਲੈਂਦਾ। ਉਸਦੇ ਬੱਚਿਆਂ ਦਾ ਜਨਮ ਕੈਨੇਡਾ ਦੀ ਧਰਤੀ ਤੇ ਹੀ ਹੋਇਆ ਅਤੇ ਉਸਨੂੰ ਇਹ ਵੀ ਇਲਮ ਸੀ ਕਿ ਉਸਦੀ ਔਲਾਦ ਨੇ ਆਪਣੇ ਜੱਦੀ ਪਿੰਡ ਨਹੀਂ ਆਉਣਾ। ਪਰ ਉਹ ਪਿੰਡ ਨੂੰ ਤਿਆਗ ਨਹੀਂ ਸੀ ਸਕਦਾ, ਤੇ ਇੱਧਰ ਜਾਇਦਾਦ ਬਣਾਉਂਦਾ ਰਿਹਾ।
ਉਸਦੇ ਦੋਵੇਂ ਪੁੱਤ ਵਿਆਹੇ ਗਏ ਤੇ ਬੱਚਿਆਂ ਵਾਲੇ ਵੀ ਹੋ ਗਏ। ਹੁਣ ਉਹਨਾਂ ਦੀ ਨਿਗਾਹ ਪੰਜਾਬ ਵਾਲੀ ਜਾਇਦਾਦ ਵੱਲ ਹੋ ਗਈ। ਦੋਵੇਂ ਅੱਡ ਅੱਡ ਰਹਿੰਦੇ, ਆਪਣੇ ਆਪਣੇ ਕਾਰੋਬਾਰ ਕਰਦੇ, ਪਰ ਪੈਸੇ ਦੀ ਭੁੱਖ ਨੇ ਉਹਨਾਂ ਦੇ ਮਨ ਲਾਲਚੀ ਬਣਾ ਦਿੱਤੇ। ਛੋਟੇ ਹਰਸਿਮਰਨ ਨੇ ਆਪਣੇ ਬਾਪ ਤੇ ਦਬਾਅ ਪਾਇਆ ਕਿ ਆਪਣੀ ਸਾਰੀ ਜਾਇਦਾਦ ਦੀ ਵਸੀਅਤ ਉਸਦੇ ਨਾਂ ਕਰਵਾ ਦੇਵੇ, ਉਸਦਾ ਪਰਿਵਾਰ ਦਿਨ ਰਾਤ ਸੇਵਾ ਵਿੱਚ ਭੱਜਿਆ ਫਿਰਦਾ ਰਹੇਗਾ। ਜਦ ਨੌਨਿਹਾਲ ਨੇ ਅਜਿਹਾ ਕਰਨ ਤੋਂ ਕੋਰਾ ਜਵਾਬ ਦੇ ਦਿੱਤਾ ਤਾਂ ਉਸਨੇ ਆਪਣੇ ਬਾਪ ਨਾਲੋਂ ਸਦਾ ਲਈ ਨਾਤਾ ਤੋੜ ਲਿਆ ਅਤੇ ਫੇਰ ਉਸਦੀ ਜਾਇਦਾਦ ਚੋਂ ਹਿੱਸਾ ਹਾਸਲ ਕਰਨ ਲਈ ਅਦਾਲਤ ਵਿੱਚ ਮੁਕੱਦਮਾ ਵੀ ਦਾਇਰ ਕਰ ਦਿੱਤਾ। ਪਰ ਵੱਡੇ ਦਿਲਬਹਾਦਰ ਨੇ ਆਪਣੇ ਬਾਪ ਦੀ ਸੇਵਾ ਸੰਭਾਲ ਕੀਤੀ। ਨੌਨਿਹਾਲ ਸਿੰਘ ਛੋਟੇ ਪੁੱਤ ਵੱਲੋਂ ਮੁਕੱਦਮਾ ਕਰਨ ਤੇ ਬਹੁਤ ਗੁੱਸੇ ਵਿੱਚ ਆ ਗਿਆ ਆਪਣੀ ਜਾਇਦਾਦ ਦੀ ਸਾਰੀ ਆਮਦਨ ਦਿਲਬਹਾਦਰ ਨੂੰ ਦੇ ਦਿੰਦਾ ਅਤੇ ਫੇਰ ਉਸਨੇ ਦਿਲਬਹਾਦਰ ਦੇ ਨਾਂ ਵਸੀਅਤ ਵੀ ਲਿਖ ਦਿੱਤੀ।
ਨੌਨਿਹਾਲ ਅੱਸੀਆਂ ਨੂੰ ਢੁਕ ਚੁੱਕਿਆ ਸੀ, ਉਸਦੇ ਮਨ ਵਿੱਚ ਪਿੰਡ ਦਾ ਮੋਹ ਉਸੇ ਤਰਾਂ ਕਾਇਮ ਸੀ। ਉਸਨੇ ਆਪਣੀ ਬਿਰਧ ਅਵਸਥਾ, ਸੂਗਰ ਦੀ ਬੀਮਾਰੀ ਤੇ ਗੋਡਿਆਂ ਦੇ ਦਰਦਾਂ ਤੋਂ ਪੀੜਤ ਹੋਣ ਸਦਕਾ ਆਖ਼ਰੀ ਗੇੜਾ ਪਿੰਡ ਲਾਉਣ ਦਾ ਫੈਸਲਾ ਕਰ ਲਿਆ। ਉਸਨੇ ਟਿਕਟ ਲਈ ਤੇ ਜਹਾਜ ਚੜ੍ਹ ਗਿਆ। ਦੂਜੇ ਦਿਨ ਅਮਿੰ੍ਰਤਸਰ ਹਵਾਈ ਅੱਡੇ ਤੇ ਉਤਰਿਆ ਤਾਂ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਸਦੇ ਮੱਥੇ ਤੇ ਇੱਕ ਟੈਸਟਿੰਗ ਮਸ਼ੀਨ ਲਗਾਈ। ਫਿਰ ਅਧਿਕਾਰੀਆਂ ਨੇ ਆਪਸ ਵਿੱਚ ਘੁਸਰ ਮੁਸਰ ਕੀਤੀ ਅਤੇ ਨੌਨਿਹਾਲ ਸਿੰਘ ਨੂੰ ਹੋਰ ਟੈਸਟਾਂ ਲਈ ਐਂਬੂਲੈਂਸ ਵਿੱਚ ਬਿਠਾ ਕੇ ਅਮ੍ਰਿੰਤਸਰ ਦੇ ਇੱਕ ਹਸਪਤਾਲ ਵਿੱਚ ਲੈ ਗਏ। ਦੂਜੇ ਦਿਨ ਰਿਪੋਰਟ ਆਈ ਤਾਂ ਉਸਨੂੰ ਕਰੋਨਾ ਤੋਂ ਪੀੜਤ ਕਰਾਰ ਦੇ ਦਿੱਤਾ ਗਿਆ।
ਨੌਨਿਹਾਲ ਸਿੰਘ ਨੂੰ ਇੱਕ ਵੱਖਰੇ ਕਮਰੇ ਵਿੱਚ ਇਕਾਂਤ ’ਚ ਰੱਖਿਆ ਗਿਆ। ਉਸਨੂੰ ਆਪਣੇ ਵਾਰਸਾਂ ਨਾਲ ਗੱਲ ਕਰਨ ਦਾ ਮੌਕਾ ਦਿੱਤਾ ਗਿਆ। ਹਰਸਿਮਰਨ ਨਾਲ ਤਾਂ ਉਸਦਾ ਸਬੰਧ ਹੀ ਟੁੱਟ ਚੁੱਕਾ ਸੀ, ਦਿਲਬਹਾਦਰ ਨਾਲ ਗੱਲ ਕੀਤੀ ਤਾਂ ਉਸਨੇ ਵੀ ਸਪਸ਼ਟ ਜਵਾਬ ਦੇ ਦਿੱਤਾ, ‘‘ਬਾਪੂ! ਤੈਨੂੰ ਤਾਂ ਕਰੋਨਾ ਹੋ ਗਿਆ, ਮੈਂ ਆਪਣੇ ਪਰਿਵਾਰ ਨੂੰ ਇਹ ਭਿਆਨਕ ਬੀਮਾਰੀ ’ਚ ਨਹੀਂ ਧੱਕਣਾ, ਇਸ ਲਈ ਮੈਂ ਨਹੀਂ ਤੇਰੇ ਕੋਲ ਆ ਸਕਦਾ।’’ ਨੌਨਿਹਾਲ ਨੇ ਮਿੰਨਤਾਂ ਤਰਲੇ ਕੀਤੇ ਕਿ ਮੈਂ ਤੇਰਾ ਪਿਓ ਆਂ, ਤੈਨੂੰ ਜਾਇਦਾਦ ਦੀ ਵਸੀਅਤ ਵੀ ਕਰਵਾਈ ਐ, ਮੇਰਾ ਇਲਾਜ ਕਰਵਾਉਣਾ ਤਾਂ ਤੇਰਾ ਫ਼ਰਜ ਹੀ ਬਣਦਾ ਐ।’’
ਦਿਲਬਹਾਦਰ ਨੇ ਸੋਚਿਆ ਵੀ ਬਾਪੂ ਤਾਂ ਹੁਣ ਦੋ ਚਾਰ ਦਿਨਾਂ ਦਾ ਪ੍ਰਹੁਣਾ ਹੀ ਐ, ਜਾਇਦਾਦ ਮਿਲ ਹੀ ਜਾਣੀ ਆ, ਕਿਧਰ ਜਾਊਗੀ, ਆਪਾਂ ਬੀਮਾਰੀ ਵਾਲਾ ਰਿਸਕ ਕਾਹਨੂੰ ਲੈਣਾ ਐ। ਨੌਨਿਹਾਲ ਨੇ ਆਖ਼ਰੀ ਯਤਨ ਵਜੋਂ ਕਿਹਾ ਕਿ ਭਾਈ ਤੁਸੀਂ ਨਹੀਂ ਆਉਣਾ ਤਾਂ ਨਾ ਆਓ, ਪਰ ਮੇਰੇ ਇਲਾਜ ਲਈ ਪੈਸਾ ਤਾਂ ਭੇਜ ਦਿਓ। ਗਰੀਬਾਂ ਦਾ ਇਲਾਜ ਕਰਵਾਉਣਾ ਤਾਂ ਸਰਕਾਰ ਦੀ ਜੁਮੇਵਾਰੀ ਤੇ ਮਜਬੂਰੀ ਐ, ਪਰ ਮੇਰੇ ਕੋਲ ਤਾਂ ਸਭ ਕੁੱਝ ਹੈਗਾ, ਮੈਂ ਸਰਕਾਰ ਦੇ ਹੱਥਾਂ ਵੱਲ ਕਿਉਂ ਦੇਖਾਂ। ਪਰ ਉਸ ਦੀਆਂ ਮਿੰਨਤਾਂ ਜਾਂ ਸੁਝਾਵਾਂ ਦਾ ਦਿਲਬਹਾਦਰ ਤੇ ਕੋਈ ਅਸਰ ਨਾ ਹੋਇਆ। ਨਾ ਉਹ ਖ਼ੁਦ ਆਇਆ ਅਤੇ ਨਾ ਹੀ ਉਸਨੇ ਪੈਸੇ ਭੇਜੇ।
ਦਸ ਕੁ ਦਿਨਾਂ ਬਾਅਦ ਨੌਨਿਹਾਲ ਸਿੰਘ ਦੀ ਹਾਲਤ ਜਿਆਦਾ ਵਿਗੜ ਗਈ। ਸਲਾਹ ਕਰਦੇ ਡਾਕਟਰਾਂ ਦੀ ਘੁਸਰ ਮੁਸਰ ਤੇ ਉਹਨਾਂ ਦੇ ਚਿਹਰਿਆਂ ਦੇ ਪ੍ਰਭਾਵ ਤੋਂ ਉਹ ਸਮਝ ਗਿਆ ਕਿ ਉਸਦਾ ਅਖ਼ੀਰ ਹੁਣ ਨੇੜੇ ਹੀ ਹੈ। ਕਦੇ ਉਸਨੂੰ ਬਚਪਨ ਦੇ ਦਿਨ ਯਾਦ ਆਉਂਦੇ ਕਿ ਮਾਂ ਪਿਓ ਉਸਨੂੰ ਪੜ੍ਹਾ ਵੀ ਨਹੀਂ ਸਕੇ, ਕਦੇ ਜਵਾਨੀ ’ਚ ਕੀਤੀ ਮਿਹਨਤ ਮਜਦੂਰੀ ਯਾਦ ਆਉਂਦੀ ਤੇ ਕਦੇ ਪਰਿਵਾਰ ਦਾ ਮੋਹ ਪਿਆਰ। ਕਦੇ ਪੁੱਤਾਂ ਦੇ ਲਾਲਚ ਤੇ ਗੁੱਸਾ ਆਉਂਦਾ ਤੇ ਕਦੇ ਆਖ਼ਰੀ ਸਮੇਂ ਦੀ ਦੁਰਦਸਾ ਤੇ ਰੋਣ ਲੱਗ ਜਾਂਦਾ। ਕਈ ਘੰਟਿਆਂ ਦੇ ਸੋਚਾਂ ਦੇ ਉਤਰਾਅ ਚੜਾਅ ਤੋਂ ਬਾਅਦ ਉਸਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਕਿ ਉਸਨੇ ਡਾਕਟਰਾਂ ਨੂੰ ਆਪਣੇ ਕੋਲ ਬੁਲਾਇਆ।
‘‘ਮੇਰੇ ਘਰੋਂ ਤਾਂ ਕੋਈ ਪੈਸਾ ਟਕਾ ਨਹੀਂ ਆਇਆ ਫਿਰ ਮੇਰੇ ਇਲਾਜ ਲਈ ਦਵਾਈਆਂ ਬੂਟੀਆਂ ਜਾਂ ਸੇਵਾ ਸੰਭਾਲ ਤੇ ਖ਼ਰਚਾ ਕਿੱਥੋਂ ਹੁੰਦਾ ਹੈ।’’ ਨੌਨਿਹਾਲ ਨੇ ਡਾਕਟਰਾਂ ਨੂੰ ਪੁੱਛਿਆ।
‘‘ਬਾਬਾ ਤੇਰਾ ਇਲਾਜ ਹੋ ਰਿਹੈ, ਦਵਾਈਆਂ ਆਦਿ ਲੋੜ ਅਨੁਸਾਰ ਦਿੱਤੀਆਂ ਜਾ ਰਹੀਆਂ ਹਨ। ਇਹ ਕਿਥੋਂ ਆਉਂਦੀਆਂ ਹਨ ਇਸ ਗੱਲ ਤੋਂ ਤੂੰ ਕੀ ਲੈਣਾ ਹੈ। ਕੋਈ ਹੋਰ ਚੀਜ਼ ਦੀ ਲੋੜ ਹੈ ਤਾਂ ਦੱਸ।’’ ਡਾਕਟਰਾਂ ਨੇ ਮਰੀਜ ਦਾ ਹੌਂਸਲਾ ਵਧਾਉਣ ਲਈ ਪੇਸ਼ੇ ਅਨੁਸਾਰ ਕਿਹਾ।
‘‘ਡਾਕਟਰ ਸਾਹਿਬ! ਮੈਨੂੰ ਕਿਸੇ ਚੀਜ਼ ਦੀ ਜਰੂਰਤ ਨਹੀਂ ਹੈ ਅਤੇ ਇਲਾਜ ਵੀ ਤੁਸੀਂ ਵਧੀਆ ਕਰ ਰਹੇ ਹੋ। ਪਰ ਮੈਨੂੰ ਜਾਣਕਾਰੀ ਹਾਸਲ ਕਰਨ ਦਾ ਤਾਂ ਹੱਕ ਐ, ਵੀ ਮੇਰੇ ਤੇ ਖ਼ਰਚ ਕੌਣ ਕਰ ਰਿਹੈ।’’ ਨੌਨਿਹਾਲ ਸਿੰਘ ਨੇ ਆਪਣਾ ਹੱਕ ਜਤਾਇਆ।
‘‘ਬਾਬਾ ਜੀ ਅਸੀਂ ਦਸਦੇ ਤਾਂ ਹੁੰਦੇ ਨੀ, ਪਰ ਜੇ ਤੇਰੇ ਮਨ ਦੀ ਬਹੁਤੀ ਇੱਛਾ ਹੈ ਤਾਂ ਦੱਸ ਦਿੰਦੇ ਆਂ, ਤੇਰੇ ਪੁੱਤਰਾਂ ਨੇ ਤਾਂ ਪੈਸੇ ਭੇਜਣ ਤੋਂ ਜਵਾਬ ਦੇ ਦਿੱਤਾ ਸੀ, ਹੁਣ ਤੇਰਾ ਦਵਾਈਆਂ ਤੇ ਸਾਂਭ ਸੰਭਾਲ ਦਾ ਖ਼ਰਚਾ ਰੈਡ ਕਰਾਸ ਸੁਸਾਇਟੀ ਵੱਲੋਂ ਕੀਤਾ ਜਾ ਰਿਹਾ ਹੈ। ਦਵਾਈਆਂ ਦੀ ਪਰਚੀ ਰੈਡ ਕਰਾਸ ਦੇ ਦਫ਼ਤਰ ਭੇਜ ਦਿੰਦੇ ਆਂ ਤਾਂ ਉਹ ਦਵਾਈਆਂ ਦੇ ਜਾਂਦੇ ਹਨ, ਹੋਰ ਕਿਸੇ ਚੀਜ਼ ਦੀ ਜਰੂਰਤ ਹੋਵੇ ਤਾਂ ਉਹ ਵੀ ਉੱਥੋਂ ਮੰਗਵਾ ਲਈਦੀ ਐ।’’ ਡਾਕਟਰਾਂ ਨੇ ਨੌਨਿਹਾਲ ਸਿੰਘ ਨੂੰ ਸਪਸ਼ਟ ਕੀਤਾ।
ਅਗਲੇ ਦਿਨ ਨੌਨਿਹਾਲ ਸਿੰਘ ਦੀ ਹਾਲਤ ਨਾਜੁਕ ਹੋ ਗਈ, ਬੱਸ ਵੈਟੀਲੇਟਰ ਦੇ ਸਹਾਰੇ ਹੀ ਸਾਹ ਦਿੱਤਾ ਜਾਣ ਲੱਗਾ। ਉਸਨੇ ਡਾਕਟਰਾਂ ਨੂੰ ਫਿਰ ਆਪਣੇ ਪਾਸ ਬੁਲਾਇਆ ਅਤੇ ਹੌਂਸਲਾ ਕਰਕੇ ਕਿਹਾ, ‘‘ਡਾਕਟਰ ਸਾਹਿਬ! ਮੈਨੂੰ ਪਤਾ ਲੱਗ ਚੁੱਕਾ ਹੈ ਕਿ ਮੈਂ ਹੁਣ ਬਹੁਤਾ ਚਿਰ ਜਿਉਂਦਾ ਨਹੀਂ ਰਹਿ ਸਕਦਾ, ਇੱਕ ਦੋ ਦਿਨ ਹੀ ਜਿੰਦਗੀ ਬਚੀ ਐ। ਮੈਂ ਆਪਣੀ ਜਾਇਦਾਦ ਦੀ ਵਸੀਅਤ ਲਿਖਣੀ ਚਾਹੁੰਦਾ ਹਾਂ। ਕਿਰਪਾ ਕਰਕੇ ਮੇਰੀ ਤਹਿਸੀਲਦਾਰ ਨਾਲ ਗੱਲ ਕਰਵਾ ਦਿਉ ਤਾਂ ਜੋ ਮੈ ਆਪਣੇ ਮਨ ਦੀ ਇੱਛਾ ਦੱਸ ਸਕਾਂ।’’
ਡਾਕਟਰਾਂ ਨੇ ਸੋਚਿਆ ਕਿ ਇਹ ਤਾਂ ਹਰ ਇਨਸਾਨ ਦਾ ਹੱਕ ਹੈ। ਜੇਕਰ ਕਿਸੇ ਅਪਰਾਧੀ ਨੂੰ ਫਾਂਸੀ ਤੇ ਚੜਾਉਣਾ ਹੋਵੇ ਤਾਂ ਜਾਇਦਾਦ ਦੀ ਵਸੀਅਤ ਕਰਵਾਉਣ ਦਾ ਹੱਕ ਤਾਂ ਉਸਨੂੰ ਵੀ ਦਿੱਤਾ ਜਾਂਦਾ ਹੈ, ਫੇਰ ਮਰੀਜ ਨੂੰ ਕਿਉਂ ਨਹੀਂ? ਡਾਕਟਰਾਂ ਨੇ ਫੋਨ ਰਾਹੀਂ ਤਹਿਸੀਲਦਾਰ ਸਾਹਿਬ ਨਾਲ ਸੰਪਰਕ ਕਰਵਾ ਦਿੱਤਾ। ਨੌਨਿਹਾਲ ਸਿੰਘ ਨੇ ਖੁਲ੍ਹ ਕੇ ਗੱਲ ਕੀਤੀ ਤਾਂ ਤਹਿਸੀਲਦਾਰ ਨੇ ਅੱਧੇ ਘੰਟੇ ਵਿੱਚ ਹਸਪਤਾਲ ਪਹੁੰਚ ਕੇ ਵਸੀਅਤ ਲਿਖਣ ਦਾ ਭਰੋਸਾ ਦਿੱਤਾ।
ਤਹਿਸੀਲਦਾਰ ਹਸਪਤਾਲ ਪਹੁੰਚਿਆ, ਡਾਕਟਰਾਂ ਨੇ ਉਸਦੇ ਸਰੀਰ ਨੂੰ ਸੈਨੇਟਾਈਜ ਕੀਤਾ, ਉਸਨੂੰ ਕਰੋਨਾ ਤੋਂ ਬਚਣ ਵਾਲੇ ਪਲਾਸਟਿਕ ਦੇ ਵਸਤਰ ਪਹਿਣਾਏ ਅਤੇ ਫਿਰ ਨੌਨਿਹਾਲ ਸਿੰਘ ਕੋਲ ਲੈ ਗਏ। ਨੌਨਿਹਾਲ ਨੇ ਅਜ਼ਾਦ ਮਰਜੀ ਨਾਲ ਆਪਣਾ ਬਿਆਨ ਦਰਜ ਕਰਵਾ ਕੇ ਵਸੀਅਤ ਲਿਖ ਦਿੱਤੀ। ਤਹਿਸੀਲਦਾਰ ਨੇ ਆਪਣੇ ਸਾਹਮਣੇ ਨੌਨਿਹਾਲ ਦਾ ਅੰਗੂਠਾ ਲਵਾਇਆ ਅਤੇ ਫਿਰ ਖੁਦ ਦਸਤਖਤ ਕਰਕੇ ਵਸੀਅਤ ਰਜਿਸਟਰਡ ਕਰਕੇ ਲਫ਼ਾਫੇ ਵਿੱਚ ਬੰਦ ਕਰਕੇ ਸੰਭਾਲ ਲਈ। ਅਗਲੇ ਦਿਨ ਆਪਣੇ ਦਫ਼ਤਰ ਦੇ ਰਿਕਾਰਡ ਰੂਮ ਵਿੱਚ ਜਮਾਂ ਕਰਵਾ ਦਿੱਤੀ।
ਕਹਿੰਦੇ ਨੇ ਤਜਰਬੇ ਨਾਲ ਬਜੁਰਗ ਇਸ ਹੱਦ ਤੱਕ ਪਹੁੰਚ ਜਾਂਦੇ ਹਨ ਕਿ ਉਹਨਾਂ ਨੂੰ ਆਪਣੀ ਮੌਤ ਦਾ ਅੰਦਾਜ਼ਾ ਲੱਗ ਜਾਂਦਾ ਹੈ। ਸੱਚਮੁੱਚ ਇਹ ਹੀ ਨੌਨਿਹਾਲ ਸਿੰਘ ਨਾਲ ਹੋਇਆ, ਬੱਸ ਰਾਤ ਹੀ ਲੰਘੀ ਅਗਲੇ ਦਿਨ ਦੇ ਦੁਪਹਿਰੇ ਹੀ ਉਸਨੇ ਆਖ਼ਰੀ ਸਾਹ ਲੈ ਕੇ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ।
ਹਸਪਤਾਲ ਵੱਲੋਂ ਆਪਣਾ ਫ਼ਰਜ ਸਮਝਦਿਆਂ ਨੌਨਿਹਾਲ ਸਿੰਘ ਦੇ ਪੁੱਤਰਾਂ ਨਾਲ ਫੋਨ ਤੇ ਸੰਪਰਕ ਕੀਤਾ ਗਿਆ। ਉਹਨਾਂ ਨੂੰ ਸੁਝਾਅ ਦਿੱਤਾ ਕਿ ਤੁਹਾਡਾ ਬਾਪ ਦੁਨੀਆਂ ਛੱਡ ਚੁੱਕਾ ਹੈ, ਤੁਸੀਂ ਆ ਕੇ ਉਸਦਾ ਆਖ਼ਰੀ ਵਾਰ ਮੂੰਹ ਵੇਖ ਲਓ ਅਤੇ ਆਪਣੇ ਹੱਥੀਂ ਉਸਦਾ ਸਸਕਾਰ ਤੇ ਹੋਰ ਰਸਮਾਂ ਕਰ ਲਵੋ।
‘‘ਡਾਕਟਰ ਸਾਹਿਬ ਅਸੀਂ ਪੰਜਾਹਾਂ ਨੂੰ ਢੁਕ ਚੁੱਕੇ ਆਂ, ਸਾਰੀ ਉਮਰ ਬਾਪੂ ਦਾ ਮੂੰਹ ਹੀ ਦੇਖਦੇ ਰਹੇ ਹਾਂ, ਅਜਿਹੀਆਂ ਬੇਲੋੜੀਆਂ ਰਸਮਾਂ ਪੇਂਡੂ ਅਨਪੜਾਂ ਵੱਲੋਂ ਬਣਾਈਆਂ ਹੋਈਆਂ ਹਨ ਜਿਹਨਾਂ ਦਾ ਨਾ ਮ੍ਰਿਤਕ ਨੂੰ ਕੋਈ ਲਾਭ ਹੁੰਦਾ ਹੈ ਨਾ ਵਾਰਸਾਂ ਨੂੰ। ਦੂਜੀ ਗੱਲ ਸਸਕਾਰ ਕਰਨ ਦੀ ਐ, ਜਦੋਂ ਸਾਹ ਹੀ ਨਾ ਰਹੇ ਫੇਰ ਤਾਂ ਬਜੁਰਗਾਂ ਅਨੁਸਾਰ ਮਿੱਟੀ ਹੀ ਸਮੇਟਣੀ ਹੁੰਦੀ ਐ। ਕੋਈ ਵੀ ਅਗਨੀ ਦਿਖਾ ਦੇਵੇ, ਕੋਈ ਫ਼ਰਕ ਨਹੀਂ ਪੈਂਦਾ। ਇਸ ਲਈ ਤੁਸੀਂ ਐਹਥੇ ਸਸਕਾਰ ਕਰਵਾ ਦਿਓ ਸਾਡੀ ਉਡੀਕ ’ਚ ਡੈਡ ਬਾਡੀ ਕਿਉਂ ਖਰਾਬ ਕਰਨੀ ਐ।’’ ਪੁੱਤਰਾਂ ਨੇ ਮਨ ਦੀ ਸਾਰੀ ਗੱਲ ਸਪੱਸ਼ਟ ਕਰ ਦਿੱਤੀ।
‘‘ਇਹ ਵੀ ਯਾਰ ਪੁੱਤ ਐ, ਨਾ ਮੂੰਹ ਦੇਖਣ ਦੀ ਲੋੜ ਸਮਝਦੇ ਨੇ ਅਤੇ ਨਾ ਹੀ ਆਪਣੇ ਹੱਥੀਂ ਸਸਕਾਰ ਕਰਨ ਦੀ ਜਰੂਰਤ ਸਮਝਦੇ ਹਨ। ਸਾਰੀ ਉਮਰ ਬਜੁਰਗ ਨੇ ਕਾਲੇ ਬਲਦ ਵਾਂਗੂੰ ਕਮਾਈ ਕਰਕੇ ਇਹਨਾਂ ਨੂੰ ਕਿੱਥੇ ਪਹੁੰਚਾਇਆ, ਪਰ ਇਹ ਭੋਰਾ ਭਰ ਵੀ ਕਦਰ ਨਹੀਂ ਕਰ ਰਹੇ।’’ ਡਾਕਟਰਾਂ ਨੇ ਆਪਸ ਵਿੱਚ ਚਰਚਾ ਕੀਤੀ।
ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਮ੍ਰਿਤਕ ਦੇ ਸਸਕਾਰ ਕਰਨ ਲਈ ਕਾਗਜਾਂ ਪੱਤਰਾਂ ਦਾ ਢਿੱਡ ਭਰ ਲਿਆ ਅਤੇ ਰੈਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਸਸਕਾਰ ਕਰ ਦਿੱਤਾ, ਜਿਸਦਾ ਸਾਰਾ ਹੀ ਖ਼ਰਚਾ ਰੈਡ ਕਰਾਸ ਸੁਸਾਇਟੀ ਵੱਲੋਂ ਬਰਦਾਸਤ ਕੀਤਾ ਗਿਆ। ਨੌਨਿਹਾਲ ਸਿੰਘ ਦੀ ਮੌਤ ਨੂੰ ਇੱਕ ਹਫ਼ਤਾ ਹੀ ਲੰਘਿਆ ਕਿ ਉਸਦੇ ਦੋਵੇਂ ਪੁੱਤਰ ਜੋ ਬਾਪ ਦਾ ਸਸਕਾਰ ਕਰਨ ਤੋਂ ਟਾਲਾ ਵੱਟ ਗਏ ਸਨ, ਆ ਪਹੁੰਚੇ। ਦਿਲਬਹਾਦਰ ਸਿੰਘ ਨੇ ਜ¦ਧਰ ਪਹੁੰਚ ਕੇ ਵਕੀਲ ਕੀਤਾ ਤੇ ਵਸੀਅਤ ਦੇ ਅਧਾਰ ਤੇ ਪਿਤਾ ਵਾਲੀ ਸਾਰੀ ਜਾਇਦਾਦ ਆਪਣੇ ਨਾਂ ਕਰਨ ਲਈ ਕੇਸ ਦਾਇਰ ਕਰ ਦਿੱਤਾ। ਦੂਜੇ ਪਾਸੇ ਹਰਸਿਮਰਨ ਨੇ ਵੀ ਆਪਣੇ ਆਪ ਨੂੰ ਵਾਰਸ ਦਸਦਿਆਂ ਜਾਇਦਾਦ ਚੋਂ ਬਣਦਾ ਅੱਧ ਹਾਸਲ ਕਰਨ ਲਈ ਵਕੀਲ ਰਾਹੀਂ ਦਰਖਾਸਤ ਪੇਸ ਕਰ ਦਿੱਤੀ। ਪੇਸ਼ੀਆਂ ਪਈਆਂ ਮੁਢਲੀ ਸੁਣਵਾਈ ਉਪਰੰਤ ਅਦਾਲਤ ਵੱਲੋਂ ਨੌਨਿਹਾਲ ਸਿੰਘ ਦੀ ਜਾਇਦਾਦ ਸਬੰਧੀ ਅਖ਼ਬਾਰਾਂ ਵਿੱਚ ਇਸਤਿਹਾਰ ਪ੍ਰਕਾਸਿਤ ਕਰਵਾਇਆ ਗਿਆ ਕਿ ਜੇਕਰ ਕਿਸੇ ਨੂੰ ਵਸੀਅਤ ਤੇ ਇਤਰਾਜ ਹੈ ਤਾਂ ਉਹ ਪੰਦਰਾਂ ਦਿਨਾਂ ਦੇ ਅੰਦਰ ਅੰਦਰ ਆਪਣਾ ਇਤਰਾਜ ਅਦਾਲਤ ਵਿੱਚ ਪੇਸ਼ ਕਰ ਸਕਦਾ ਹੈ।
ਤਹਿਸੀਲ ਦੇ ਦਫ਼ਤਰੀ ਅਮਲੇ ਨੇ ਇਸ਼ਤਿਹਾਰ ਪੜਨ ਉਪਰੰਤ ਆਪਣੇ ਰਿਕਾਰਡ ਰੂਮ ਵਿੱਚ ਜਮਾਂ ਪਈ ਨੌਨਿਹਾਲ ਸਿੰਘ ਦੀ ਵਸੀਅਤ ਵਾਲਾ ਲਫ਼ਾਫਾ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਇਸ ਉਪਰੰਤ ਕਈ ਪੇਸ਼ੀਆਂ ਹੋਰ ਪਈਆਂ, ਵਕੀਲਾਂ ਨੇ ਆਪਣੇ ਵਿਚਾਰ ਦੱਸੇ ਬਹਿਸ ਕੀਤੀ। ਫੈਸਲੇ ਦਾ ਦਿਨ ਆਇਆ ਤਾਂ ਜੱਜ ਸਾਹਿਬ ਨੇ ਅਦਾਲਤੀ ਫ਼ਾਈਲ ਵਿੱਚ ਲੱਗੀ ਦਿਲਬਹਾਦਰ ਸਿੰਘ ਦੇ ਹੱਕ ਵਾਲੀ ਵਸੀਅਤ ਪੜੀ ਅਤੇ ਫੇਰ ਬੰਦ ਲਫ਼ਾਫਾ ਖੋਹਲ ਕੇ ਉਸ ਵਿਚਲੀ ਵਸੀਅਤ ਦਾ ਮੁਆਇਨਾ ਕੀਤਾ। ਜੱਜ ਸਾਹਿਬ ਨੇ ਦੋਵਾਂ ਧਿਰਾਂ ਦਿਲਬਹਾਦਰ ਸਿੰਘ ਤੇ ਹਰਸਿਮਰਨ ਸਿੰਘ ਅਤੇ ਉਹਨਾਂ ਵਕੀਲਾਂ ਦੀ ਅਦਾਲਤ ਵਿੱਚ ਹਾਜ਼ਰੀ ਦੇਖੀ ਅਤੇ ਫੈਸਲਾ ਸੁਣਨ ਲਈ ਕਿਹਾ। ਦੋਵੇਂ ਧਿਰਾਂ ਸਾਹ ਰੋਕ ਕੇ ਖੜ ਗਈਆਂ। ਜੱਜ ਸਾਹਿਬ ਨੇ ਫੈਸਲਾ ਸੁਣਾਇਆ, ‘‘ਮੌਤ ਤੋਂ ਕੁੱਝ ਘੰਟੇ ਪਹਿਲਾਂ ਦਿੱਤਾ ਜਾਣ ਵਾਲਾ ਬਿਆਨ ਹਮੇਸਾਂ ਦਿੱਲੋਂ ਦਿੱਤਾ ਹੋਇਆ ਅਸਲ ਤੇ ਸਹੀ ਬਿਆਨ ਹੁੰਦਾ ਹੈ ਅਤੇ ਵਸੀਅਤ ਵੀ ਜੋ ਸਭ ਤੋਂ ਆਖ਼ਰੀ ਹੋਵੇ ਉਹ ਹੀ ਮੰਨੀ ਜਾਂਦੀ ਹੈ। ਇਸ ਲਈ ਦਿਲਬਹਾਦਰ ਸਿੰਘ ਦੇ ਹੱਕ ਵਿੱਚ ਕੀਤੀ ਵਸੀਅਤ ਰੱਦ ਕੀਤੀ ਜਾਂਦੀ ਹੈ ਅਤੇ ਲਫ਼ਾਫੇ ਵਿੱਚ ਬੰਦ ਵਸੀਅਤ ਨੌਨਿਹਾਲ ਸਿੰਘ ਨੇ ਮਰਨ ਤੋਂ ਚੌਵੀ ਘੰਟੇ ਪਹਿਲਾਂ ਕੀਤੀ ਗਈ ਹੈ, ਜਿਸਨੂੰ ਸਹੀ ਮੰਨਿਆਂ ਜਾਂਦਾ ਹੈ। ਇਸੇ ਵਸੀਅਤ ਅਨੁਸਾਰ ਹੀ ਉਸਦੀ ਜਾਇਦਾਦ ਦੇ ਵਾਰਸ ਹੋਣਗੇ।’’
ਦੋਵੇਂ ਧਿਰਾਂ ਹੈਰਾਨ ਸਨ, ਪਰ ਮਨ ਵਿੱਚ ਵਿਚਾਰਾਂ ਕਰ ਰਹੀਆਂ ਸਨ ਕਿ ਜਾਇਦਾਦ ਕਿਸ ਹਿਸਾਬ ਨਾਲ ਤਕਸੀਮ ਹੋਵੇਗੀ। ਜੱਜ ਸਾਹਿਬ ਨੇ ਉਹਨਾਂ ਦੀ ਸੋਚ ਤੋੜ ਦਿੱਤੀ ਅਤੇ ਕਿਹਾ, ਜਿਸ ਵਸੀਅਤ ਨੂੰ ਸਹੀ ਮੰਨਿਆਂ ਗਿਆ ਹੈ ਉਸਦੀ ਇਬਾਰਤ ਵੀ ਸੁਣ ਲਓ, ‘‘ਮੈਂ ਨੌਨਿਹਾਲ ਸਿੰਘ ਉਰਫ ਕਰੋਨਾ ਮਰੀਜ ਪੁੱਤਰ ਸੁੰਦਰ ਸਿੰਘ ਪੁੱਤਰ ਮਹਾਂ ਸਿੰਘ ਵਾਸੀ ਪਿੰਡ ਕਾਲਰਾ ਜਿਲਾ ਜਲੰਧਰ ਹੋਸ਼ ਹਵਾਸ ਨਾਲ ਵਸੀਅਤ ਕਰਦਾ ਹਾਂ ਕਿ ਮੈਂ ਦੇਸ ਵਿਦੇਸ ਵਿਚਲੀ ਆਪਣੀ ਸਾਰੀ ਜਮੀਨ ਜਾਇਦਾਦ ਇੱਕ ਨਵਾਂ ਹਸਪਤਾਲ ਉਸਾਰਨ ਤੇ ਉਸਦੇ ਪ੍ਰਬੰਧ ਕਰਨ ਲਈ ਰੈੱਡ ਕਰਾਸ ਨੂੰ ਦਿੰਦਾ ਹਾਂ, ਤਾਂ ਜੋ ਮੇਰੇ ਵਰਗੇ ਉਹ ਲੋਕ ਜਿਹਨਾਂ ਨੂੰ ਸੰਭਾਲਣ ਤੋਂ ਪਰਿਵਾਰ ਵੀ ਜਵਾਬ ਦੇ ਦੇਣ, ਉਹਨਾਂ ਦਾ ਇਲਾਜ ਸੰਭਵ ਹੋ ਸਕੇ। ਸਹੀ ਨੌਨਿਹਾਲ ਸਿੰਘ।
ਵਸੀਅਤ ਦੀ ਇਬਾਰਤ ਸੁਣ ਕੇ ਵਕੀਲਾਂ ਨੇ ਥੈਂਕਸ ਕਿਹਾ, ਲਫ਼ਾਫੇ ਚੁੱਕੇ ਅਤੇ ਅਦਾਲਤ ਰੂਮ ਚੋ ਬਾਹਰ ਵੱਲ ਤੁਰ ਪਏ। ਨੌਨਿਹਾਲ ਸਿੰਘ ਦੇ ਦੋਵੇਂ ਪੁੱਤਰ ਉਹਨਾਂ ਮਗਰ ਮੂੰਹ ਲਮਕਾਈ ਤੁਰੇ ਜਾ ਰਹੇ ਸਨ।
ਭੁੱਲਰ ਹਾਊਸ, ਗਲੀ ਨੰ: 12 ਭਾਈ ਮਤੀ ਦਾਸ ਨਗਰ
ਬਠਿੰਡਾ। ਮੋਬਾ 098882-75913

Total Views: 79 ,
Real Estate