ਸਰਦਾਰ ਨਰਿੰਦਰ ਸਿੰਘ ਫੂਲਕਾ ਨਾਲ ਜੁੜੀ ਪੁਰਾਣੀ ਯਾਦ  

ਸਰਦਾਰ ਨਰਿੰਦਰ ਸਿੰਘ ਫੂਲਕਾ ਨਾਲ ਜੁੜੀ ਪੁਰਾਣੀ ਯਾਦ

ਪ੍ਰਿੰਸੀਪਲ ਸਰਵਣ ਸਿੰਘ ਔਜਲਾ
ਸਰਦਾਰ ਨਰਿੰਦਰ ਸਿੰਘ ਫੂਲਕਾ ਐਸ.ਐਸ.ਪੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਅਸੈਂਬਲੀ ਹਲਕਾ ਬਰਨਾਲਾ ਤੋਂ ਕਾਂਗਰਸ ਪਾਰਟੀ ਦੇ ਟਿਕਟ ਤੇ ਚੋਣ ਲੜੇ ਸਨ ।ਉਹਨਾਂ ਦਾ ਮੁਕਾਬਲਾ ਸ.ਸੁਰਜੀਤ ਸਿੰਘ ਬਰਨਾਲਾ ਨਾਲ ਸੀ ।ਮੈਂ ਉਹਨਾਂ ਦਿਨਾਂ ਵਿਚ ਵਜ਼ੀਦਕੇ ਖੁਰਦ ਵਿਚ ਮੁਖ ਅਧਿਆਪਕ ਦੇ ਤੌਰ ਤੇ ਕੰਮ ਕਰ ਰਿਹਾ ਸਾਂ ।ਸਾਡੇ ਸਕੂਲ਼ ਦਾ ਵਧੀਆ ਕੰਮ ਚਲ ਰਿਹਾ ਸੀ ।ਇਸ ਸਾਲ ਸਾਡੀ ਹਾਕੀ ਦੀ ਕੁੜੀਆਂ ਨੇ ਜ਼ਿਲਾ ਟੂਰਨਾਮੈਂਟ ਫ਼ਤਿਹ ਕੀਤਾ ਸੀ ।ਅਚਾਨਕ ਮੈਨੂੰ ਪਤਾ ਲਗਿਆ ਕਿ ਮੇਰੀ ਬਦਲੀ ਜ਼ਿਲਾ ਬਠਿੰਡੇ ਵਿਚ ਹੋ ਗਈ ਹੈ ।ਅਸੀਂ ਹੈਰਾਨ ਸਾਂ ਕਿ ਇਹ ਕਿਵੇਂ ਹੋ ਗਿਆ ਜਦ ਕਿ ਸਕੂਲ ਵਧੀਆ ਚਲ ਰਿਹਾ ਸੀ ।ਕਿਸੇ ਪਾਸੇ ਤੋਂ ਕੋਈ ਸ਼ਿਕਾਇਤ ਨਹੀਂ ਆ ਰਹੀ ਸੀ ।ਕਿਸੇ ਨੇ ਕਿਹਾ ਕਿ ਇਹ ਫੂਲਕਾ ਸਾਹਿਬ ਨੇ ਕਰਵਾਈ ਹੈ ਕਿਉਂਕਿ ਮੈਂ ਬਰਨਾਲਾ ਸਾਹਿਬ ਦਾ ਹਾਮੀ ਸਾਂ ।
ਮੇਰੀ ਸੋਚ ਸੀ ਕਿ ਫੂਲਕਾ ਸਾਹਿਬ ਨੂੰ ਮੇਰੇ ਨਾਲ ਕੀ ਗਿਲਾ ਹੋ ਸਕਦਾ ਹੈ ਜਦਕਿ ਉਹ ਮੈਨੂੰ ਜਾਣਦੇ ਵੀ ਨਹੀਂ ।ਇਹ ਕਿਸੇ ਵਰਕਰ ਦਾ ਕੰਮ ਹੋ ਸਕਦਾ ਹੈ ਜਿਸ ਕਰਕੇ ਫੂਲਕਾ ਸਾਹਿਬ ਨਾਲ ਜ਼ਾਤੀ ਤੌਰ ਤੇ ਮਿਲ ਲਿਆ ਜਾਣਾ ਚਾਹੀਦਾ ਹੈ ।ਮੈਂ ਤੇ ਇਕ ਹੋਰ ਟੀਚਰ ਛੁੱਟੀ ਵਾਲ ਦਿਨ ਫੂਲਕਾ ਸਾਹਿਬ ਪਾਸ ਚਲੇ ਗਏ ।ਨਵੰਬਰ ਦੇ ਆਖਰੀ ਦਿਨ ਸਨ ।ਫੂਲਕਾ ਸਾਹਿਬ ਕੋਠੇ ਦੀ ਛੱਤ ਤੇ ਬੈਠੇ ਅਖ਼ਬਾਰ ਪੜ੍ਹ ਰਹੇ ਸਨ ।ਕੁਛ ਦੇਰ ਏਧਰ ਓਧਰ ਦੀਆਂ ਗੱਲਾਂ ਕਰਕੇ ਮੈਂ ਉਹਨਾਂ ਨੂੰ ਕਿਹਾ, “ਫੂਲਕਾ ਸਾਹਿਬ! ਮੈਂ ਵਜ਼ੀਦਕੇ ਖੁਰਦ ਵਿਖੇ ਹੈੱਡ ਮਾਸਟਰ ਹਾਂ, ਮੈਂ ਸ.ਬਰਨਾਲਾ ਦਾ ਸਮਰਥਕ ਹਾਂ ਤੇ ਉਹਨਾਂ ਦੀ ਇਸ ਚੋਣ ਵਿਚ ਵੀ ਇਮਦਾਦ ਕੀਤੀ ਹੈ ।ਮੇਰੀ ਬਦਲੀ ਹੋਈ ਹੈ।ਕਿਹਾ ਜਾ ਰਿਹਾ ਹੈ ਕਿ ਇਹ ਆਪ ਨੇ ਕਰਵਾਈ ਹੈ ਤੇ ਮੈ ਜਾਨਣਾ ਚਾਹੁੰਦਾ ਹਾਂ ਕਿ ……।“ “ਸੁਆਦ ਆ ਗਿਆ ਸੁਣਕੇ“ ਮੈਨੂੰ ਵਿਚਾਲਿਓਂ ਕੱਟਦੇ ਹੋਏ ਉਹਨਾਂ ਨੇ ਕਿਹਾ। “ਮੈਂ ਇਹੋ ਜਿਹੀ ਗਲ ਕਦੇ ਨੀ ਕਰ ਸਕਦਾ ।ਜੇ ਕੋਈ ਮੇਰੀ ਸਹਾਇਤਾ ਕਰ ਸਕਦਾ ਹੈ ਤਾਂ ਹੋਰ ਕਿਸੇ ਨੂੰ ਵੀ ਹੱਕ ਹੈ ਕਿ ਹੋਰ ਦੀ ਸਹਾਇਤਾ ਕਰ ਸਕੇ ।“ਇਹ ਕਹਿ ਕੇ ਉਹਨਾਂ ਨੌਕਰ ਨੂੰ ਆਵਾਜ਼ ਮਾਰੀ ਕਿ ਉਹ ਸਾਡੇ ਲਈ ਚਾਹ ਲੈਕੇ ਆਵੇ ।ਚਾਹ ਦੀ ਪਿਆਲੀ ਤੇ ਸਾਡੀਆਂ ਗਲਾਂ ਚਲ ਪਈਆਂ ।ਉਹਨਾਂ ਦਸਿਆ ਕਿ ਉਹ ਬਰਨਾਲਾ ਸਾਹਿਬ ਵੀ ਉਹਨਾਂ ਦੇ ਨੇੜੇ ਰਹੇ ਨੇ ਤੇ ਉਹ ਉਹਨਾਂ ਸ਼ਰਾਫ਼ਤ ਦੇ ਮੱਦਾਹ ਨੇ ।ਉਹਨਾਂ ਨੇ ਕਿਹਾ ਨਾ ਜ਼ਿਲੇ ਵਾਲਿਆਂ ਤੇ ਨਾਹੀ ਸੂਬੇ ਦੀ ਪਾਰਟੀ ਨੇ ਉਹਨਾਂ ਦਾ ਨਾਂ ਸਿਫ਼ਾਰਸ਼ ਕੀਤਾ ਸੀ ।ਉਹਨਾਂ ਨੇ ਸ਼੍ਰੀਮਤੀ ਇੰਦਰਾ ਗਾਂਧੀ ਤੋਂ ਸਿੱਧਾ ਟਿਕਟ ਪ੍ਰਾਪਤ ਕੀਤਾ ਸੀ ।ਉਹਨਾਂ ਕਿਹਾ ਉਹਨਾਂ ਦੇ ਟਿਕਟ ਦਾ ਵਿਰੋਧ ਸੋਮ ਦੱਤ ਕਰ ਰਿਹਾ ਸੀ ਤੇ ਉਹਨਾਂ ਬੀਬੀ ਨੂੰ ਕਿਹਾ, “ਸੋਮ ਦੱਤ ਇਕ ਵਕੀਲ ਦਾ ਕਲਰਕ ਹੈ ਜੇ ਹਾਰ ਜਾਏ ਤਾਂ ਉਸ ਨੂੰ ਕੋਈ ਫ਼ਰਕ ਨਹੀਂ ਪਏਗਾ ਪਰ ਮੈਂ ਐਸ.ਐਸ. ਪੀ ਦੇ ਅਹੁਦੇ ਤੋਂ ਅਸਤੀਫ਼ਾ ਦੇਕੇ ਇਲੈਕਸ਼ਨ ਲੜ ਰਿਹਾ ਹੋਵਾਂਗਾ ਜਿਸ ਕਰਕੇ ਮੇਰਾ ਹਾਰਨਾ ਮੇਰੇ ਕਰੀਅਰ ਦੀ ਤਬਾਹੀ ਹੋਵੇਗੀ ।ਜਿਸ ਕਰਕੇ ਜਿੰਨੀ ਸ਼ਿੱਦਤ ਨਾਲ ਮੈਂ ਮੁਕਾਬਲਾ ਕਰ ਸਕਦਾਂ. ਹਾਂ,ਇਹ ਸੋਮ ਦੱਤ ਦੇ ਵਸ ਵਿਚ ਨਹੀਂ ।“ ਇਹ ਤਥ ਠੀਕ ਵੀ ਸੀ ।ਜਿਸ ਤਰਾਂ ਸਾਰੇ ਪੰਜਾਬ ਦੀ ਪੁਲਿਸ ਉਹਨਾਂ ਦੀ ਸਹਾਇਤਾ ਤੇ ਆਈ ਹੋਈ ਸੀ ਬਰਨਾਲਾ ਸਾਹਿਬ ਦਾ ਜਿਤਣਾ ਬਹੁਤ ਔਖਾ ਸੀ ।ਕਾਂਗਰਸ ਪਾਰਟੀ ਨੇ ਹੀ ਫ਼ੂਲਕਾ ਸਾਹਿਬ ਦੀ ਬੇੜੀ ਵਿਚ ਵੱਟੇ ਰਖਣ ਦਾ ਕੰਮ ਕੀਤਾ ਸੀ ।
ਫੂਲਕਾ ਸਾਹਿਬ ਨੇ ਸ. ਪਰਕਾਸ਼ ਸਿੰਘ ਬਾਦਲ ਨੂੰ ਟੇਢੇ ਢੰਗ ਨਾਲ ਨਿਖਿੱਧ ਕਹਿੰਦੇ ਹੋਏ ਉਹਨਾਂ ਨੇ ਇਸ ਰਹੱਸ ਤੋਂ ਪਰਦਾ ਚੁਕਦਿਆਂ ਕਿਹਾ ਕਿ ਉਹਨਾਂ ਲੁਧਿਆਣੇ ਵਿਖੇ ਆਪਣੀ ਤੈਨਾਤੀ ਸਮੇ ਅਕਾਲੀ ਪ੍ਰਧਾਨ ਜਥੇਦਾਰ ਦਾ ਅਫ਼ੀਮ ਦਾ ਟਰੱਕ ਫੜ ਲਿਆ ਸੀ ਤੇ ਬਾਦਲ ਨੂੰ ਕਿਹਾ ਸੀ ਕਿ ਉਸਦੇ ਸਦਾ ਦੇ ਹਰੀਫ਼ ਦਾ ਖਾਤਮਾ ਕਰ ਦੇਣ ਦੀ ਇਜਾਜ਼ਤ ਦੇਵੇ ਪਰ ਬਾਦਲ ਸਾਹਿਬ ਨੇ ਕਿਹਾ ਜਾਣ ਦਿਉ,ਪਾਰਟੀ ਬਦਨਾਮ ਹੋ ਜਾਇਗੀ, ਜੇ ਪਾਰਟੀ ਪਰਧਾਨ ਹੀ ਇਹ ਕਰਤੂਤ ਕਰਦਾ ਹੋਵੇ, ਤਾਂ ਕੀ ਪਾਰਟੀ ਨੂੰ ਸ਼ੁਹਰਤ ਮਿਲਦੀ ਹੈ? ਜਾਪਦਾ ਹੈ ਕਿ ਬਾਦਲ ਸਾਹਿਬ ਇਹ ਭੁੱਲ ਗਏ ਸਨ ਕਿ ਜਦ ਪਹਿਲੀ ਵਾਰ ਬਾਦਲ ਸਾਹਿਬ ਮੁੱਖ ਮੰਤਰੀ ਬਣੇ ਸਨ ਤਾਂ ਪਾਰਟੀ ਪਰਧਾਨ ਜਗਦੇਵ ਸਿੰਘ ਤਲਵੰਡੀ ਤੇ ਸ਼੍ਰੋਮਣੀ ਕਮੇਟੀ ਪਰਧਾਨ ਸ.ਗੁਰਚਰਨ ਸਿੰਘ ਟੌਹੜਾ ਨੇ ਹੀ ਪੰਜਾਬ ਗਵਰਨਰ ਨੂੰ ਬਾਦਲ ਸਾਹਿਬ ਤੇ ਇਲਜ਼ਾਮ ਲਾਕੇ ਇਨਕੁਆਇਰੀ ਮੰਗੀ ਸੀ ।ਕੋਈ ਦੋ ਘੰਟ ਤਕ ਸਾਡੀ ਗਲ ਬਾਤ ਚਲਦੀ ਰਹੀ ।ਇਸ ਦੌਰਾਨ ਬਚਨ ਸਿੰਘ ਪੱਖੋ ਜਿਸਦਾ ਮੇਰੀ ਬਦਲੀ ਵਿਚ ਮੁਖ ਰੋਲ ਸੀ ,ਆ ਗਏ ।ਫੂਲਕਾ ਸਾਹਿਬ ਮਖ਼ੌਲ ਕਰਨ ਦੇ ਮਾਹਰ ਸਨ ,ਉਹਨਾਂ ਨੇ ਗੱਲਾਂ ਬਾਤਾਂ ਵਿਚ ਉਹਨਾਂ ਦੀ ਖ਼ੂਬ ਗਤ ਬਣਾਈ । ਹੋ ਸਕਦਾ ਹੈ ਕਿ ਉਹਨਾਂ ਨੂੰ ਪੱਖੋ ਸਾਹਿਬ ਤੇ ਕੋਈ ਗਿਲਾ ਹੋਵੇ ਪਰ ਜਦ ਮੇਰੇ ਸਾਹਮਣੇ ਬੁਰੀ ਤਰਾਂ ਮਖ਼ੌਲ ਦਾਗ ਦਾਗ ਸ਼ਰਮਿੰਦਾ ਕਰ ਰਹੇ ਸਨ ਤਾਂ ਪੱਖੋ ਸਾਹਿਬ ਨੂੰ ਜਵਾਬ ਨਹੀਂ ਔੜ ਰਿਹ ਸੀ ।ਅੰਤ ਉਹਨਾਂ ਨੇ ਦੋ ਸਿਫ਼ਾਰਸ਼ੀ ਚਿਠੀਆਂ ਲਿਖਕੇ ਮੈਨੂੰ ਦਿਤੀਆਂ,ਇਕ ਸਕੱਤਰ ਪੰਜਾਬ,ਸ. ਮਨਮੋਹਣ ਸਿੰਘ ਦੇ ਨਾਂ ਸੀ ਤੇ ਦੂਜੀ ਸਿਖਿਆ ਮੰਤਰੀ ਪੰਜਾਬ ਦੇ ਨਾਂ । ਪੱਖੋ ਸਾਹਿਬ ਦੇਖਦੇ ਰਹੇ । ਮੈਂ ਉਹਨਾਂ ਦਾ ਧੰਨਵਾਦ ਕਰਕੇ ਆ ਗਿਆ ।

Total Views: 212 ,
Real Estate