ਸਾਊਦੀ ਤੋਂ ਭੱਜ ਕੈਨੇਡਾ ਪਹੁੰਚੀਆਂ ਦੋ ਲੜਕੀਆਂ ਦੀ ਹੱਡਬੀਤੀ

ਸਲਵਾ ਦੀ ਕਹਾਣੀ ਕਿਸੇ ਨਾਟਕ ਦੇ ਪਲਾਟ ਵਾਂਗ ਹੀ ਹੈ, ਜਿਸ ਨੇ ਸਾਊਦੀ ਅਰਬ ਦੀਆਂ ਔਰਤਾਂ ਦੀ ਪਾਬੰਦੀਸ਼ੁਦਾ ਜ਼ਿੰਦਗੀ ਨੂੰ ਇੱਕ ਵਾਰ ਸੁਰਖ਼ੀਆਂ ‘ਚ ਲਿਆ ਦਿੱਤਾ ਹੈ।ਹਾਲ ਹੀ ਵਿੱਚ ਘਰੋਂ ਭੱਜੀ ਸਾਊਦੀ ਅਰਬ ਦੀ 18 ਸਾਲਾਂ ਰਾਹਫ਼ ਮੁਹੰਮਦ ਅਲ-ਕਿਉਨੁਨ ਨੇ ਆਪਣੇ ਆਪ ਨੂੰ ਥਾਈਲੈਂਡ ਦੇ ਇੱਕ ਹੋਟਲ ‘ਚ ਬੰਦ ਕਰ ਲਿਆ ਸੀ ਅਤੇ ਵਾਪਸ ਸਾਊਦੀ ਜਾਣ ਤੋਂ ਇਨਕਾਰ ਕਰ ਦਿੱਤਾ ਸੀ।ਹਾਲਾਂਕਿ ਸਾਊਦੀ ਅਰਬ ਦੀਆਂ ਔਰਤਾਂ ‘ਤੇ ਲੱਗੀਆਂ ਪਾਬੰਦੀਆਂ ਦੀਆਂ ਚਰਚਾ ਸਾਊਦੀ ਅਰਬ ਤੋਂ ਭੱਜ ਕੇ ਕੈਨੇਡਾ ਆਈ ਇੱਕ ਹੋਰ ਔਰਤ ਨਾਲ ਫਿਰ ਛਿੜ ਗਈ।24 ਸਾਲਾ ਸਲਵਾ ਨੇ ਬੀਬੀਸੀ ਨੂੰ ਆਪਣੀ ਕਹਾਣੀ ਦੱਸਦਿਆ ਕਿਹਾ ਕਿ ਉਸ ਨੇ 8 ਮਹੀਨੇ ਪਹਿਲਾਂ ਆਪਣੀ 19 ਸਾਲ ਦੀ ਭੈਣ ਨਾਲ ਆਪਣਾ ਘਰ ਛੱਡ ਕੇ ਭੱਜ ਆਈ ਸੀ ਅਤੇ ਹੁਣ ਕੈਨੇਡਾ ਦੇ ਮਾਂਟਰੀਅਲ ਵਿੱਚ ਰਹਿੰਦੀ ਹੈ।
ਸਲਵਾ ਦੀ ਕਹਾਣੀ ਉਸੇ ਦੀ ਜ਼ੁਬਾਨੀ
ਅਸੀਂ ਕੋਈ 6 ਕੁ ਸਾਲਾਂ ਤੋਂ ਹੀ ਇਹ ਪਲਾਨ ਕਰ ਰਹੇ ਸੀ ਪਰ ਸਾਨੂੰ ਅਜਿਹਾ ਕਰਨ ਲਈ ਪਾਸਪੋਰਟ ਅਤੇ ਨੈਸ਼ਨਲ ਆਈਡੀ ਚਾਹੀਦੀ ਸੀ।ਮੈਨੂੰ ਇਹ ਹਾਸਿਲ ਕਰਨ ਲਈ ਆਪਣੇ ਮਾਪਿਆਂ ਦੀ ਸਹਿਮਤੀ ਦੀ ਲੋੜ ਸੀ, ਜਿਵੇਂ ਕਿ ਸਾਊਦੀ ਵਿੱਚ ਔਰਤਾਂ ਨੂੰ ਅਜਿਹੀਆਂ ਕਈ ਚੀਜ਼ਾਂ ਕਰਨ ਲਈ ਪੁਰਸ਼ ਰਿਸ਼ਤੇਦਾਰ ਦੀ ਮਨਜ਼ੂਰੀ ਲੈਣੀ ਪੈਂਦੀ ਹੈ। ਕਿਸਮਤ ਨਾਲ ਮੇਰੇ ਕੋਲ ਨੈਸ਼ਨਲ ਆਈਡੀ ਕਾਰਡ ਪਹਿਲਾਂ ਹੀ ਸੀ ਕਿਉਂਕਿ ਜਦੋਂ ਮੈਂ ਯੂਨੀਵਰਸਿਟੀ ਵਿੱਚ ਪੜ੍ਹਦੀ ਸੀ ਤਾਂ ਮੇਰੇ ਪਰਿਵਾਰ ਨੇ ਮੈਨੂੰ ਇਹ ਦਿੱਤਾ ਸੀ।ਮੇਰੇ ਕੋਲ ਪਾਸਪੋਰਟ ਵੀ ਸੀ ਪਰ ਉਹ ਮੇਰੇ ਕੋਲ ਨਹੀਂ, ਮੇਰੇ ਮਾਪਿਆ ਕੋਲ ਸੀ ਤੇ ਮੈਂ ਉਸ ਨੂੰ ਵਾਪਸ ਲੈਣਾ ਚਾਹੁੰਦੀ ਸੀ। ਇੱਕ ਦਿਨ ਮੈਂ ਆਪਣੇ ਭਰਾ ਦੇ ਘਰੋਂ ਚਾਬੀਆਂ ਚੋਰੀ ਕੀਤੀਆਂ ਅਤੇ ਨਕਲੀ ਚਾਬੀਆਂ ਬਣਵਾਈਆਂ।ਹਾਲਾਂਕਿ, ਮੈਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਘਰੋਂ ਬਾਹਰ ਨਹੀਂ ਨਿਕਲ ਸਕਦੀ ਸੀ ਪਰ ਜਦੋਂ ਮੇਰਾ ਭਰਾ ਸੁੱਤਾ ਹੋਇਆ ਸੀ ਤਾਂ ਮੈਂ ਚੋਰੀ ਘਰੋਂ ਨਿਕਲ ਗਈ ਸੀ। ਇਹ ਬੇਹੱਦ ਜੋਖ਼ਮ ਭਰਿਆ ਸੀ, ਜੇਕਰ ਮੈਂ ਫੜੀ ਜਾਂਦੀ ਤਾਂ ਉਹ ਮੈਨੂੰ ਨੁਕਸਾਨ ਪਹੁੰਚਾ ਸਕਦੇ ਸਨ।ਜਦੋਂ ਮੇਰੇ ਕੋਲ ਨਕਲੀ ਚਾਬੀਆਂ ਆਈਆਂ ਤਾਂ ਮੈਂ ਆਪਣਾ ਅਤੇ ਆਪਣੀ ਭੈਣ ਦਾ ਪਾਸਪੋਰਟ ਆਪਣੇ ਕਬਜ਼ੇ ‘ਚ ਲੈ ਲਿਆ।ਇਸ ਦੇ ਨਾਲ ਹੀ ਇੱਕ ਵਾਰ ਜਦੋਂ ਮੇਰੇ ਪਿਤਾ ਸੁੱਤੇ ਹੋਏ ਸਨ ਤਾਂ ਮੈਂ ਉਨ੍ਹਾਂ ਦਾ ਫੋਨ ਵੀ ਚੁੱਕ ਕੇ ਗ੍ਰਹਿ ਮੰਤਰਾਲੇ ਦੀ ਵੈਬਸਾਈਟ ‘ਤੇ ਜਾ ਕੇ ਪਿਤਾ ਦਾ ਫੋਨ ਨੰਬਰ ਆਪਣੇ ਫੋਨ ਨੰਬਰ ਨਾਲ ਬਦਲ ਦਿੱਤਾ।ਇਸ ਤੋਂ ਇਲਾਵਾ ਮੈਂ ਉਨ੍ਹਾਂ ਦੇ ਹੀ ਅਕਾਊਂਟ ਤੋਂ ਸਾਡੇ ਦੋਵਾਂ ਭੈਣਾਂ ਦੇ ਦੇਸ ਤੋਂ ਬਾਹਰ ਜਾਣ ਦੀ ਸਹਿਮਤੀ ਵੀ ਦਰਜ ਕਰਵਾ ਦਿੱਤੀ।

ਬੱਚ ਕੇ ਭੱਜਣਾ

ਅਸੀਂ ਰਾਤ ਵੇਲੇ ਜਦੋਂ ਸਾਰੇ ਸੁੱਤੇ ਸਨ ਉਦੋਂ ਘਰੋਂ ਨਿਕਲੀਆਂ, ਅਸੀਂ ਬਹੁਤ ਡਰੇ ਹੋਈਆਂ ਸੀ।ਸਾਨੂੰ ਗੱਡੀ ਚਲਾਉਣੀ ਨਹੀਂ ਆਉਂਦੀ ਸੀ, ਇਸ ਲਈ ਅਸੀਂ ਟੈਕਸੀ ਬੁਲਾਈ। ਇੱਥੇ ਵਧੇਰੇ ਟੈਕਸੀ ਡਰਾਈਵਰ ਵਿਦੇਸ਼ੀ ਹਨ। ਇਸ ਲਈ ਉਨ੍ਹਾਂ ਨੂੰ ਸਾਡਾ ਇਸ ਤਰ੍ਹਾਂ ਇਕੱਲੇ ਯਾਤਰਾ ਕਰਨਾ ਅਜੀਬ ਨਹੀਂ ਲੱਗਾ।ਅਸੀਂ ਰਿਆਦ ਨੇੜੇ ਕਿੰਗ ਖਾਲਿਦ ਇੰਟਰਨੈਸ਼ਨਲ ਏਅਰਪੋਰਟ ਲਈ ਰਵਾਨਾ ਹੋਏ। ਇਸ ਦੌਰਾਨ ਜੇਕਰ ਕੋਈ ਸਾਨੂੰ ਦੇਖ ਲੈਂਦਾ ਤਾਂ ਸ਼ਾਇਦ ਉਹ ਸਾਡਾ ਕਤਲ ਵੀ ਕਰ ਸਕਦਾ ਸੀ।ਮੇਰੀ ਪੜ੍ਹਾਈ ਦੇ ਆਖ਼ਰੀ ਸਾਲ ਦੌਰਾਨ ਮੈਂ ਇੱਕ ਹਸਪਤਾਲ ਵਿੱਚ ਨੌਕਰੀ ਕਰਦੀ ਹੁੰਦੀ ਸੀ ਅਤੇ ਇਸ ਤਰ੍ਹਾਂ ਮੈਂ ਜਰਮਨੀ ਦਾ ਟਰਾਂਜ਼ਿਟ ਵੀਜ਼ਾ ਤੇ ਟਿਕਟ ਲਈ ਲੋੜੀਂਦੇ ਪੈਸੇ ਜਮ੍ਹਾਂ ਕਰ ਲਏ ਸੀ।ਮੈਂ ਆਪਣੀ ਭੈਣ ਨਾਲ ਜਰਮਨੀ ਦੀ ਫਲਾਈਟ ਲੈ ਲਈ ਅਤੇ ਮੈਂ ਪਹਿਲੀ ਵਾਰ ਜਹਾਜ਼ ‘ਚ ਬੈਠੀ ਸੀ।ਮੈਂ ਬਹੁਤ ਖ਼ੁਸ਼ ਸੀ, ਡਰ ਵੀ ਲੱਗ ਰਿਹਾ ਸੀ ਤੇ ਹੋਰ ਪਤਾ ਕਿੰਨੇ ਹੀ ਚੰਗੇ-ਮਾੜੇ ਖ਼ਿਆਲ ਮੇਰੇ ਜ਼ਿਹਨ ‘ਚ ਆ ਰਹੇ ਸਨ।ਮੇਰੇ ਪਿਤਾ ਨੂੰ ਜਦੋਂ ਪਤਾ ਲੱਗਾ ਕਿ ਅਸੀਂ ਘਰ ਨਹੀਂ ਹਾਂ ਤਾਂ ਉਨ੍ਹਾਂ ਪੁਲਿਸ ਨੂੰ ਫੋਨ ਕੀਤਾ ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ ਕਿਉਂਕਿ ਉਦੋਂ ਤੱਕ ਮੈਂ ਉਨ੍ਹਾਂ ਦਾ ਨੰਬਰ ਆਪਣੇ ਨੰਬਰ ਨਾਲ ਬਦਲ ਚੁੱਕੀ ਸੀ।ਜਦੋਂ ਓਥੋਰਿਟੀ ਉਨ੍ਹਾਂ ਨੂੰ ਫੋਨ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤਾਂ ਉਹ ਫੋਨ ਅਸਲ ਵਿੱਚ ਮੇਰੇ ਕੋਲ ਆ ਰਹੇ ਸਨ।ਜਦੋਂ ਅਸੀਂ ਜਹਾਜ਼ ਤੋਂ ਉਤਰੇ ਤਾਂ ਵੀ ਮੇਰੇ ਕੋਲ ਪੁਲਿਸ ਦੇ ਮੈਸੇਜ਼ ਆ ਰਹੇ ਸਨ ਜੋ ਉਹ ਮੇਰੇ ਪਿਤਾ ਨੂੰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ।
ਸਾਊਦੀ ਅਰਬ ਵਿੱਚ ਕੋਈ ਜ਼ਿੰਦਗੀ ਨਹੀਂ ਹੈ। ਮੈਂ ਸਿਰਫ਼ ਯੂਨੀਵਰਸਿਟੀ ਜਾਂਦੀ ਸੀ ਤੇ ਘਰ ਆ ਜਾਂਦੀ ਸੀ ਅਤੇ ਸਾਰਾ ਦਿਨ ਹੋਰ ਕੁਝ ਕਰਨ ਲਈ ਨਹੀਂ ਹੁੰਦਾ ਸੀ।ਉਹ ਮੈਨੂੰ ਤੰਗ-ਪ੍ਰੇਸ਼ਾਨ ਕਰਦੇ ਸੀ ਅਤੇ ਕਹਿੰਦੇ ਸੀ ਕਿ ਪੁਰਸ਼ ਹੀ ਮਹਾਨ ਹਨ। ਮੈਨੂੰ ਨਮਾਜ਼ ਪੜ੍ਹਣ ਤੇ ਰਮਜ਼ਾਨ ਰੱਖਣ ਲਈ ਮਜਬੂਰ ਕਰਦੇ ਸੀ।ਜਦੋਂ ਮੈਂ ਜਰਮਨੀ ਪਹੁੰਚੀ ਤਾਂ ਮੈਂ ਕਾਨੂੰਨੀ ਮਦਦ ਲਈ ਵਕੀਲ ਦੀ ਭਾਲ ਕੀਤੀ ਤਾਂ ਜੋ ਪਨਾਹ ਲੈ ਸਕਾਂ। ਮੈਂ ਕੁਝ ਦਸਤਾਵੇਜ਼ ਭਰੇ ਤੇ ਆਪਣੀ ਕਹਾਣੀ ਦੱਸੀ।ਮੈਂ ਪਨਾਹ ਲਈ ਕੈਨੇਡਾ ਚੁਣਿਆ ਕਿਉਂਕਿ ਮਨੁੱਖੀ ਅਧਿਕਾਰਾਂ ਦੇ ਮਾਮਲੇ ਵਿੱਚ ਉਸ ਦੀ ਵਧੀਆ ਸਾਖ਼ ਸੀ।ਮੈਂ ਸੀਰੀਆ ਦੇ ਸ਼ਰਨਾਰਥੀਆਂ ਨੂੰ ਇੱਥੇ ਮੁੜ ਵਸਾਉਣ ਬਾਰੇ ਖ਼ਬਰਾਂ ਸੁਣੀਆਂ ਸਨ ਅਤੇ ਸੋਚ ਲਿਆ ਸੀ ਕਿ ਇਹੀ ਮੇਰੀ ਲਈ ਸਭ ਤੋਂ ਵਧੀਆਂ ਥਾਂ ਹੈ।ਆਖ਼ਰਕਾਰ, ਮੈਨੂੰ ਪਨਾਹ ਮਿਲ ਗਈ ਅਤੇ ਜਦੋਂ ਮੈਂ ਟੋਰਾਂਟੋ ਏਅਰਪੋਰਟ ‘ਤੇ ਉਤਰੀ ਅਤੇ ਕੈਨੇਡਾ ਝੰਡਾ ਦੇਖਿਆ ਤਾਂ ਮੈਂ ਇੱਕ ਸ਼ਾਨਦਾਰ ਪ੍ਰਾਪਤੀ ਦੀ ਭਾਵਨਾ ਨੂੰ ਮਹਿਸੂਸ ਕੀਤੀ।ਅੱਜ ਮੈਂ ਆਪਣੀ ਭੈਣ ਨਾਲ ਮੋਂਟਰੀਅਲ ਰਹਿੰਦੀ ਹਾਂ ਅਤੇ ਇੱਥੇ ਕੋਈ ਪ੍ਰੇਸ਼ਾਨੀ ਨਹੀਂ ਹੈ। ਮੈਨੂੰ ਇੱਥੇ ਕਿਸੇ ਕੰਮ ਲਈ ਕੋਈ ਮਜਬੂਰ ਕਰਨ ਵਾਲਾ ਨਹੀਂ ਹੈ।ਹੋ ਸਕਦਾ ਹੈ ਸਾਊਦੀ ਅਰਬ ਵਿੱਚ ਪੈਸਾ ਜ਼ਿਆਦਾ ਹੁੰਦਾ ਪਰ ਇੱਥੇ ਮੈਂ ਜ਼ਿਆਦਾ ਖੁਸ਼ ਹਾਂ।ਜਦੋਂ ਵੀ ਮੈਂ ਚਾਹਾ ਘਰੋਂ ਨਿਕਲ ਸਕਦੀ ਹਾਂ ਕਿਸੇ ਨੂੰ ਪੁੱਛਣ ਦੀ ਕੋਈ ਲੋੜ ਨਹੀਂ, ਜੋ ਚਾਹਾ ਉਹੀ ਪਹਿਨ ਸਕਦੀ ਹਾਂ, ਜਿੱਥੇ ਚਾਹਾ ਜਾ ਸਕਦੀ ਹਾਂ।
ਮੈਂ ਸਾਈਕਲ ਚਲਾਉਂਦੀ ਹਾਂ, ਤੈਰਾਕੀ ਤੇ ਆਈਸ ਸਕੈਟ ਸਿੱਖ ਰਹੀ ਹਾਂ।ਮੇਰਾ ਮੇਰੇ ਪਰਿਵਾਰ ਨਾਲ ਕੋਈ ਰਾਬਤਾ ਨਹੀਂ ਹੈ ਤੇ ਸ਼ਾਇਦ ਇਹੀ ਸਾਡੇ ਲਈ ਚੰਗਾ ਹੈ। ਮੈਨੂੰ ਲਗਦਾ ਹੈ ਇਹੀ ਮੇਰਾ ਘਰ ਹੈ ਤੇ ਮੈਂ ਇੱਥੇ ਖੁਸ਼ ਹਾਂ।

ਬੀਬੀਸੀ

Total Views: 161 ,
Real Estate