ਸੁਖਨੈਬ ਸਿੰਘ ਸਿੱਧੂ
ਹਾਲੇ ਕਿਹਾ ਹੀ ਸੀ , ‘ਹੋਰ ਮਰੀਜ਼ ਅੰਦਰ ਨਾ ਭੇਜਿਓ ।
ਇੱਕ ਬੁੜੀ ਨੇ ਉਠ ਕੇ ਅੰਦਰੋ ਚਿਟਕਨੀ ਲਾ ਦਿੱਤੀ । ਕਮਰੇ ‘ਚ ਬੈਠੇ ਮਰੀਜ਼ ਅਤੇ ਮਿਲਣ ਵਾਲੇ ਹੱਸ ਪਏ ।
‘ ਆਜਾ ਮਾਈ ‘– ਸੁਣਦੇ ਸਾਰੇ ਹੀ ਉਹ ਡਾਕਟਰ ਮੂਹਰੈ ਬੈਠ ਗਈ , ਕਾਗਜ ਫਰੋਲਦੇ ਹੋਏ ਡਾਕਟਰ ਧਰਮਵੀਰ ਗਾਂਧੀ ਨੇ ਪੁੱਛਿਆ , ‘ਦਵਾਈ ਤਾਂ ਪਿਛਲੇ ਮੀਨੇ ਦੀ ਮੁੱਕੀ ,’
ਕੋਈ ਜਵਾਬ ਨਾ ਸੁਣ ਕੇ ਡਾ: ਗਾਂਧੀ ਨੇ ਫਿਰ ਪੁੱਛਿਆ , ‘ਦਵਾਈ ਤਾਂ ਕਦੋ ਦੀ ਮੁੱਕੀ ਹੋਈ ।’
ਬੱਸ ਫਿਰ ਤਾਂ ਉਹ ਫਿਸ ਪਈ , 70 ਕੁ ਸਾਲ ਦੀ ਬੇਬੇ ਨੇ ਡਾਕਟਰ ਗਾਂਧੀ ਨੂੰ ਜੱਫੀ ਪਾ ਕੇ ਵਗਦੇ ਹੰਝੂਆਂ ਨਾਲ ਦੱਸਿਆ , ‘ ਉਹ ਮੁੱਕ ਗਿਆ, ਤੈਨੂੰ ਯਾਦ ਕਰਦਾ ਕਰਦਾ , ਕਹਿੰਦਾ ਮੈਨੂੰ ਧਰਮਵੀਰ ਕੋਲ ਲੈਜੋ , ਮੈਂ ਠੀਕ ਹੋਜੂ । ਬੱਸ ਪਹਿਲਾਂ ਪਿੰਡੋ ਦਵਾਈ ਲਈ , ਫਿਰ ਸ਼ਹਿਰੋਂ ਅਖੀਰ ਮਰ ਕੇ ਖਹਿੜਾ ਛੁੱਟਿਆ । ਐਨੀ ਦੂਰ ਕੌਣ ਲਿਆਉਂਦਾ ?’
ਇਹ ਕਹਿ ਕੇ ਫਿਰ ਧਾਹ ਕੇ ਡਾਕਟਰ ਨੂੰ ਚਿੰਬੜ ਗਈ ।
‘ਬਹੁਤ ਮਾੜਾ ਹੋਇਆ ,ਹੁਣ ਕੀ ਬਿਮਾਰੀ ।’
‘ਭਾਈ ਇੱਕ ਹੋਵੇ ਤਾਂ ਦੱਸਾਂ , ਹੁਣ ਤਾਂ ਦਿਲ ਜਾ ਘੱਟਦਾ , ਬਾਹਾਂ ‘ਚ ਫੁਲਝੜੀਆਂ ਚੱਲੀ ਜਾਂਦੀਆਂ , ਭੌਰਾ ਈ ਸਾਹ ਸੱਤ ਨਹੀਂ ਰਿਹਾ । ਮੈਨੂੰ ਤਾਂ ਇੱਥੇ ਰੱਖ ਲੋ ਆਥਣ ਤੱਕ । ’ਬਿਲਾਸਪੁਰੋਂ ਆਈ ਮਾਈ ਨੇ ਤਰਲੇ ਨਾਲ ਕਿਹਾ ।
ਤੂੰ ਗੱਡੀ ‘ਚ ਆਈ ਬਾਕੀ ਬੁੜੀਆਂ ਨਾਲ ? ’ ਡਾਕਟਰ ਸਾਹਿਬ ਨੇ ਅਪਣੱਤ ਨਾਲ ਪੁੱਛਿਆ ।
ਨਹੀਂ ਮੈਂ ਤਾਂ ਬੱਸ ਚ ਹੀ ਆਈ ,’ ਬੇਬੇ ਝੋਲਾ ਸੰਭਾਲਦੀ ਬੋਲੀ
‘ਹੁਣ ਕੁਝ ਨਹੀਂ ਹੋਇਆ ਤੈਨੂੰ , ਆਹ ਦਵਾਈ ਖਾਹ , ਇੱਕ ਗੋਲੀ ਜੀਭ ਥੱਲੇ ਰੱਖ , ਜੀਵਨ ,ਇਹਨਾਂ ਨੂੰ 20 ਦਿਨਾਂ ਦੀ ਦਵਾਈ ਦੇ ।’
ਨਹੀਂ ਧਰਮਵੀਰ , ਮੈਨੂੰ 15 ਦਿਨਾਂ ਦੀ ਦੇ, ਜੇ ਤਕਲੀਫ ਹੋਈ ਫਿਰ ਆਜੂ,। ਮਾਈ ਨੇ ਫਿਰ ਕਿਹਾ।
ਨਹੀਂ ਤੁਸੀ ਦਵਾਈ 20 ਦਿਨਾਂ ਦੀ ਲੈਜੋ ਲੋੜ ਹੋਈ ਫੋਨ ਕਰ ਲਿਓ।
ਚੰਗਾ , ਫਿਰ ,
ਜਾਂਦੀ ਹੋਈ ਨੇ ਫਿਰ ਜੱਫੀ ਹੰਝੂਆਂ ਭਰੀ ਜੱਫੀ ਪਾਈ ।
ਹੁਣ ਕਮਰੇ ‘ਚ ਬੈਠੇ ਲੋਕਾਂ ਨੂੰ ਡਾ: ਗਾਂਧੀ ਦੇ ਕੈਬਿਨ ਨੂੰ ਲਾਈ ਕੁੰਡੀ ਦੇ ਅਰਥ ਸਮਝ ਆ ਰਹੇ ਸਨ। ਜਿੱਥੇ ਬਿਲਾਸਪੁਰ ਦੀ ਮਾਈ ਆਪਣਾ ਦੁੱਖ ਵੀ ਸਾਂਝਾ ਕਰ ਰਹੀ ਅਤੇ ਦਵਾਈ ਵੀ ਲੈਣ ਆਈ ਸੀ।
ਇਹ ਸਿਰਫ ਇੱਕ ਮਰੀਜ ਦੀ ਕਹਾਣੀ ਸੀ । ਜੋ ਅਸੀਂ ਦੇਖੀ , ਸੈਕੜੇ ਮਰੀਜ਼ ਨਿੱਤ ਆਉਂਦੇ ਕੋਈ ਭਦੌੜ ਦਾ , ਕੋਈ ਸਨੌਰ ਦਾ , ਇੱਥੇ ਡਾਕਟਰ ਸਾਹਿਬ ਕੋਲ ਆਪਣਾ ਦਿਲ ਹੌਲਾ ਕਰ ਜਾਂਦੇ ।ਬਿਲਾਸਪੁਰ , ਬਰਨਾਲਾ ਲੰਘ ਕੇ ਮੋਗਾ ਜਿਲ੍ਹੇ ਦਾ ਪਿੰਡ ਹੈ , ਇੱਥੇ ਪਹਿਲਾਂ ਡਾਕਟਰ ਸਾਹਿਬ ਨੇ ਨੌਕਰੀ ਕੀਤੀ ਸੀ । ਪਿੰਡ ਆਲ੍ਹੇ ਤਾਂ ਸਿਰ ਦਰਦ ਦੀ ਦਵਾਈ ਵੀ ਪਟਿਆਲੇ ਤੋ ਲੈਣ ਜਾਂਦੇ , ‘ਵਈ ਡਾਂ ਗਾਧੀ ਕੋਲ ਜਾਵਾਂਗੇ’
ਗਲ ‘ਚ ਸਟੈਥੋ ਪਾਈ ਬੈਠਾ ਡਾਕਟਰ ਗਾਂਧੀ ਇੱਕ ਦੇਵਤਾ ਲੱਗਦਾ ।
ਕਾਮਰੇਡ ਸੁਖਦਰਸ਼ਨ ਨੱਤ ਕਹਿੰਦਾ , ‘ ਮੈਨੂੰ ਨਹੀਂ ਪਤਾ ਡਾਕਟਰ ਗਾਂਧੀ ਆਪਣੇ ਕਿੱਤੇ ਦਾ ਕਿੰਨਾ ਕੁ ਮਾਹਿਰ , ਪਰ ਮਰੀਜ਼ ਅੱਧਾ ਠੀਕ ਤਾਂ ਉਸਦੀਆਂ ਗੱਲਾਂ ਨਾਲ ਹੀ ਹੋ ਜਾਂਦਾ।


















