ਜਿਲ੍ਹਾ ਪ੍ਰੀਸਦ ਦੀ ਚੇਅਰਮੈਨ ਦੀ ਚੋਣ ’ਚ ਧੱਕੇਸਾਹੀ ਤੇ 55 ਲੱਖ ਦੀ ਸੌਦੇਬਾਜੀ ਦਾ ਦੋਸ਼ : ਪ੍ਰੀਸਦ ਮੈਂਬਰਾਂ ਤੇ ਕਾਂਗਰਸੀ ਅਹੁਦੇਦਾਰਾਂ ਵੱਲੋਂ ਅਸਤੀਫੇ ਦੇਣ ਦਾ ਐਲਾਨ

ਬਠਿੰਡਾ/ 20 ਦਸੰਬਰ/ ਬਲਵਿੰਦਰ ਸਿੰਘ ਭੁੱਲਰ

ਜਿਲ੍ਹਾ ਪ੍ਰੀਸ਼ਦ ਦੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਚੋਣ ਨੇ ਬਠਿੰਡਾ ਜਿਲ੍ਹੇ ਦੀ ਕਾਂਗਰਸ ਪਾਰਟੀ ਨੂੰ ਦੋਫਾੜ ਹੀ ਨਹੀਂ ਕੀਤਾ, ਬਲਕਿ ਦਰਜਨ ਦੇ ਕਰੀਬ ਮੈਂਬਰਾਂ ਅਤੇ ਕਈ ਬਲਾਕਾਂ ਦੇ ਆਗੂਆਂ ਨੇ ਕਾਂਗਰਸ ਪਾਰਟੀ ਅਤੇ ਚੁਣੇ ਹੋਏ ਅਹੁਦਿਆਂ ਤੋਂ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ ਹੈ। ਜਿਕਰਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਹੋਈਆਂ ਚੋਣਾਂ ਦੌਰਾਨ ਅਕਾਲੀ ਦਲ ਨੂੰ ਲੱਕਤੋੜਵੀਂ ਹਾਰ ਦਿੰਦਿਆਂ ਕਾਂਗਰਸ ਨੇ ਜਿਲ੍ਹਾ ਪ੍ਰੀਸਦ ਦੀਆਂ ਸਾਰੀਆਂ ਹੀ ਸੀਟਾਂ ਜਿੱਤ ਲਈਆਂ ਸਨ। ਤਿੰਨ ਚਾਰ ਵਾਰ ਮਿਥੀਆਂ ਹੋਈਆਂ ਮੀਟਿੰਗਾਂ ਇਸ ਲਈ ਮੁਲਤਵੀ ਕਰਨੀਆਂ ਪੈ ਗਈਆਂ ਸਨ, ਕਿਉਂਕਿ ਸਰਬਸੰਮਤੀ ਦੀ ਬਜਾਏ ਪ੍ਰੀਸਦ ਮੈਂਬਰ ਦੋ ਹਿੱਸਿਆਂ ਵਿੱਚ ਵੰਡੇ ਗਏ ਸਨ। ਭੁੱਚੋ ਮੰਡੀ ਦੇ ਵਸਨੀਕ ਤੇਜਾ ਸਿੰਘ ਦੰਦੀਵਾਲ, ਜਿਸਨੂੰ ਇੱਕ ਕੈਬਨਿਟ ਮੰਤਰੀ ਦੀ ਸ੍ਰਪਰਸਤੀ ਹਾਸਲ ਹੈ, ਆਪਣੀ ਪਤਨੀ ਮਨਜੀਤ ਕੌਰ ਨੂੰ ਅਤੇ ਪਿੰਡ ਬੁਲਾਡੇਵਾਲਾ ਦਾ ਸਰਪੰਚ ਜਿਸਦਾ ਪਰਿਵਾਰ ਕਈ ਪੀੜ੍ਹੀਆਂ ਤੋਂ ਕਾਂਗਰਸੀ ਹੈ, ਆਪਣੀ ਮਾਤਾ ਸੁਖਪਾਲ ਕੌਰ ਨੂੰ ਜਿਲ੍ਹਾ ਪ੍ਰੀਸਦ ਦੀ ਚੇਅਰਪਰਸਨ ਬਣਾਉਣ ਲਈ ਬਜਿੱਦ ਸਨ। ਅੱਜ ਹੋਈ ਚੋਣ ਦੌਰਾਨ ਰਿਟਰਨਿੰਗ ਅਫ਼ਸਰ ਨੇ ਮਨਜੀਤ ਕੌਰ ਦੰਦੀਵਾਲ ਨੂੰ ਚੇਅਰਪਰਸਨ ਅਤੇ ਗੁਰਇਕਬਾਲ ਸਿੰਘ ਚਹਿਲ ਨੂੰ ਉਪ ਚੇਅਰਮੈਨ ਵਜੋਂ ਜੇਤੂ ਕਰਾਰ ਦੇ ਦਿੱਤਾ। ਇਸਤੋਂ ਪਹਿਲਾਂ ਸਾਰੇ ਹੀ ਜਿਲ੍ਹੇ ਤੋਂ ਆਉਣ ਵਾਲੇ ਰਸਤਿਆਂ ਅਤੇ ਜਿਲ੍ਹਾ ਪ੍ਰੀਸਦ ਇਮਾਰਤ ਦੇ ਆਲੇ ਦੁਆਲੇ ਸੀਨੀਅਰ ਅਫ਼ਸਰਾਂ ਦੀ ਅਗਵਾਈ ਹੇਠ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ। ਕਾਫ਼ੀ ਜੱਦੋਜਹਿਦ ਕਰਨ ਉਪਰੰਤ ਭਾਵੇਂ ਮਾਨਤਾ ਪ੍ਰਾਪਤ ਮੀਡੀਆ ਪ੍ਰਤੀਨਿਧਾਂ ਨੂੰ ਮੀਟਿੰਗ ਹਾਲ ਦੇ ਅੰਦਰ ਤਾਂ ਜਾਣ ਦੇ ਦਿੱਤਾ, ਲੇਕਿਨ ਚੋਣ ਅਮਲ ਸੁਰੂ ਹੋਣ ਤੋਂ ਪਹਿਲਾਂ ਹੀ ਇਹ ਕਹਿ ਕੇ ਬਾਹਰ ਭੇਜ ਦਿੱਤਾ, ਕਿ ਗੁਪਤ ਵੋਟਿੰਗ ਲਈ ਅਜਿਹਾ ਜਰੂਰੀ ਹੈ।
ਸਥਾਨਕ ਪ੍ਰੈਸ ਕਲੱਬ ਵਿਖੇ ਭਾਰੀ ਤਾਦਾਦ ਵਿੱਚ ਪੁੱਜੇ ਸਮੁੱਚੇ ਜਿਲ੍ਹੇ ਦੇ ਟਕਸਾਲੀ ਕਾਂਗਰਸੀ ਵਰਕਰਾਂ ਤੇ ਜਿਲ੍ਹਾ ਪ੍ਰੀਸਦ ਦੇ ਦਰਜਨ ਦੇ ਲੱਗਭੱਗ ਮੈਂਬਰਾਂ ਨੇ ਇਸ ਚੋਣ ਨੂੰ ਪਾਖੰਡ ਕਰਾਰ ਦਿੰਦਿਆਂ ਦੋਸ ਲਾਇਆ ਕਿ ਪਰਚੀ ਜ਼ਰੀਏ ਗੁਪਤ ਵੋਟਿੰਗ ਦੇ ਬਹਾਨੇ ਚੋਣ ਅਮਲ ਨੂੰ ਹਥਿਆਇਆ ਗਿਆ ਹੈ। ਉਮੀਦਵਾਰ ਸੁਖਪਾਲ ਕੌਰ ਦੇ ਦੋਸ ਅਨੁਸਾਰ ਬਹੁਗਿਣਤੀ ਮੈਂਬਰਾਂ ਨੇ ਗੁਪਤ ਵੋਟਿੰਗ ਕਰਵਾਉਣ ਦੀ ਕੀਤੀ ਮੰਗ ਨੂੰ ਰਿਟਰਨਿੰਗ ਅਫਸਰ ਨੇ ਠੁਕਰਾ ਕੇ ਇੱਕ ਪਾਸੜ ਐਲਾਨ ਕਰ ਦਿੱਤਾ। ਉਸਦੇ ਪੁੱਤਰ ਸਰਪੰਚ ਮਨਜੀਤ ਸਿੰਘ ਅਨੁਸਾਰ ਸਵੇਰ ਤੋਂ ਹੀ ਉਹਨਾਂ ਦੇ ਪਿੰਡ ਤੋਂ ਲੈ ਕੇ ਜਿਲ੍ਹਾ ਪ੍ਰੀਸਦ ਦੇ ਰਸਤੇ ਵਿੱਚ ਉਹਨਾਂ ਦੀਆਂ ਗੱਡੀਆਂ ਨੂੰ ਰੋਕ ਕੇ ਪੁਲਿਸ ਨੇ ਚੋਣ ਅਮਲ ਵਿੱਚ ਭਾਗ ਲੈਣ ਵਿੱਚ ਰੁਕਾਵਟ ਪਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡੀ, ਮੈਂਬਰਾਂ ਨੂੰ ਆਟੋ ਰਿਕਸਿਆਂ ਜਾਂ ਪੈਦਲ ਆਉਣ ਲਈ ਮਜਬੂਰ ਹੋਣਾ ਪਿਆ। ਇੱਥੇ ਹੀ ਬੱਸ ਨਹੀਂ, ਸਗੋਂ ਇਸ ਨਾਦਰਸ਼ਾਹੀ ਦੇ ਖਿਲਾਫ ਰੋਸ ਪ੍ਰਗਟਾਉਣ ਤੋਂ ਰੋਕਣ ਲਈ ਉਹਨਾਂ ਦੇ ਗਰੁੱਪ ਦੇ ਮੈਂਬਰਾਂ ਜਿਹਨਾਂ ਵਿੱਚ ਅੱਧੀ ਦਰਜਨ ਔਰਤਾਂ ਵੀ ਸਨ, ਨੂੰ ਹਿਰਾਸਤ ਵਿੱਚ ਲੈ ਕੇ ਦੋ ਘੰਟੇ ਲਈ ਥਾਨਾ ਥਰਮਲ ਵਿਖੇ ਬੰਦ ਰੱਖਿਆ ਗਿਆ। ਭਰੀਆਂ ਹੋਈਆਂ ਅੱਖਾਂ ਨਾਲ ਮਨਜੀਤ ਸਿੰਘ ਨੇ ਸੁਆਲ ਕੀਤਾ ਕਿ ਇੱਕ ਪਾਸੇ ਉਹਨਾਂ ਦੀ ਸਰਕਾਰ ਰਾਤ ਵੇਲੇ ਔਰਤਾਂ ਨੂੰ ਸੁਰੱਖਿਅਤ ਘਰ ਪਹੁੰਚਾਉਣ ਵਾਸਤੇ ਸੁਰੱਖਿਆ ਮੁਹੱਈਆ ਕਰਾਉਣ ਦੇ ਐਲਾਨ ਕਰ ਰਹੀ ਹੈ ਅਤੇ ਦੂਜੇ ਪਾਸੇ ਪੰਚਾਇਤੀ ਅਦਾਰਿਆਂ ਲਈ ਚੁਣੀਆਂ ਹੋਈਆਂ ਬੀਬੀਆਂ ਨੂੰ ਥਾਨੇ ਡੱਕਿਆ ਜਾ ਰਿਹਾ ਹੈ। ਮਨਜੀਤ ਸਿੰਘ ਨੇ ਇਹ ਦੋਸ ਵੀ ਲਾਇਆ ਕਿ ਮੈਂਬਰਾਂ ਦੀ ਬਹੁਗਿਣਤੀ ਤੋਂ ਵਗੈਰ ਵਿਰੋਧੀ ਉਮੀਦਵਾਰ ਨੂੰ ਜਿਲ੍ਹਾ ਪ੍ਰੀਸਦ ਦੀ ਕੁਰਸੀ ਤੇ ਬਿਠਾਉਣ ਬਦਲੇ ਪੰਜਾਬ ਦੇ ਇੱਕ ਮੰਤਰੀ ਨੇ 55 ਲੱਖ ਰੁਪਏ ਦਾ ਸੌਦਾ ਤਹਿ ਕੀਤਾ ਸੀ। ਇਸ ਸਬੰਧੀ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਦਾਅਵਾ ਕੀਤਾ ਕਿ ਇਸ ਚੋਣ ਨਾਲ ਸਰਕਾਰ ਦਾ ਸਿੱਧਾ ਜਾਂ ਅਸਿੱਧਾ ਕੋਈ ਸਬੰਧ ਨਹੀਂ, ਜਿਲ੍ਹਾ ਪ੍ਰਸਾਸਨ ਨੇ ਨਿਯਮਾਂ ਮੁਤਾਬਕ ਕਰਵਾਈ ਹੈ। ਪੈਸੇ ਲੈਣ ਦੇ ਦੋਸ ਨਿਰਮੂਲ ਹਨ। ਦੂਜੇ ਪਾਸੇ ਰਿਟਰਨਿੰਗ ਅਫ਼ਸਰ ਅਮਰਿੰਦਰ ਸਿੰਘ ਟਿਵਾਣਾ ਐੱਸ ਡੀ ਐੱਮ ਬਠਿੰਡਾ ਨੇ ਮੀਡੀਆ ਪ੍ਰਤੀਨਿਧਾਂ ਨੂੰ ਦੱਸਿਆ ਕਿ ਹਾਊਸ ਦੀ ਸਹਿਮਤੀ ਨਾਲ ਗੁਪਤ ਵੋਟਿੰਗ ਪ੍ਰਣਾਲੀ ਦੀ ਬਜਾਏ ਹੱਥ ਖੜੇ ਕਰਵਾ ਕੇ ਚੋਣ ਕਰਵਾਈ ਗਈ ਹੈ, ਜੋ ਨਿਯਮਾਂ ਮੁਤਾਬਿਕ ਦਰੁਸਤ ਹੈ।
ਹਾਜ਼ਰ ਜਿਲ੍ਹਾ ਪ੍ਰੀਸਦ ਮੈਂਬਰਾਂ ਤੇ ਕਾਂਗਰਸ ਦੇ ਵਰਕਰਾਂ ਨੇ ਐਲਾਨ ਕੀਤਾ ਕਿ ਆਪਣੀ ਸਰਕਾਰ ਦੇ ਹੁੰਦਿਆਂ ਹੀ ਜਦੋਂ ਲੋਕਤੰਤਰ ਦਾ ਘਾਣ ਕਰਕੇ ਉਹਨਾਂ ਨੂੰ ਬਾਦਲ ਸਰਕਾਰ ਦੇ ਸਮੇਂ ਨਾਲੋਂ ਵੀ ਵੱਧ ਜਲੀਲ ਹੋਣਾ ਪੈ ਰਿਹਾ ਹੈ ਤਾਂ ਇਸ ਸੂਰਤ ਵਿੱਚ ਉਹਨਾਂ ਨੇ ਆਪਣੇਅਹੁਦਿਆਂ ਅਤੇ ਕਾਂਗਰਸ ਪਾਰਟੀ ਨੂੰ ਅਲਵਿਦਾ ਕਹਿਣ ਦਾ ਫੈਸਲਾ ਲੈ ਲਿਆ ਹੈ।

Total Views: 122 ,
Real Estate