ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਨਾ ਦਿਵਾਉਣ ‘ਤੇ ਸੁਖਜਿੰਦਰ ਰੰਧਾਵਾ ਨੇ ਆਪਣੀ ਸਰਕਾਰ ਉੱਤੇ ਚੁੱਕੇ ਸਵਾਲ

ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬੇਅਦਬੀ ਮਾਮਲਿਆਂ ਵਿਚ ਢਿੱਲੀ ਕਾਰਵਾਈ ਕਾਰਨ ਆਪਣੀ ਹੀ ਸਰਕਾਰ ਉਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਵੀ ਇਨ੍ਹਾਂ ਮਾਮਲਿਆਂ ਵਿਚ ਪੀੜਤਾਂ ਨੂੰ ਇਨਸਾਫ ਦੇਣ ਵਿਚ ਨਾਕਾਮ ਰਹੀ ਹੈ ਤੇ ਉਹ ਬਾਦਲ ਸਰਕਾਰ ਜਿੰਨੀ ਹੀ ਦੋਸ਼ੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਭਾਵੇਂ ਸਰਕਾਰ ਛੱਢਣੀ ਕਿਉਂ ਨਾ ਪਵੇ। ਪਰ ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਦੋਸ਼ੀਆਂ ਨੂੰ ਸਜ਼ਾ ਦੁਆਉਣ ਦੀ ਸਹੁੰ ਖਾਧੀ ਸੀ ਪਰ ਹੁਣ ਇਸ ਤੋਂ ਪਿੱਛੇ ਹਟ ਗਈ ਹੈ। ਜੋ ਅਸੀਂ ਆਖ ਕੇ ਤੁਰੇ ਸੀ, ਉਸ ਉਤੇ ਪਹਿਰਾ ਨਹੀਂ ਦਿੱਤਾ। ਅਸੀਂ ਗੁਰੂ ਨੂੰ ਪਿੱਠ ਵਿਖਾਈ, ਇਸ ਦੀ ਸਜ਼ਾ ਜ਼ਰੂਰ ਮਿਲੇਗੀ।
ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਦੁਆਉਣ ਬਾਰੇ ਉੱਠਦੀ ਮੰਗ ‘ਤੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਡੇਰਾ ਬਾਬਾ ਨਾਨਕ ਸਥਿਤ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਅੱਗੇ ਬਰਗਾੜੀ ਕਾਂਡ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕਰਨ ਪਹੁੰਚੇ ਸਨ। ਸੁਖਜਿੰਦਰ ਰੰਧਾਵਾ ਪ੍ਰਦਰਸ਼ਨਕਾਰੀਆਂ ਨੂੰ ਸੰਬੋਧਿਤ ਕਰਦਿਆਂ ਬੇਅਦਬੀ ਦੇ ਮੁਲਜ਼ਮਾਂ ਨੂੰ ਸਜ਼ਾਵਾਂ ਨਾ ਹੋਣ ਕਾਰਨ ਆਪਣੀ ਹੀ ਸਰਕਾਰ ਖ਼ਿਲਾਫ਼ ਭੜਾਸ ਕੱਢਣ ਲੱਗੇ। ਰੰਧਾਵਾ ਧਰਨਾਕਾਰੀਆਂ ਦੇ ਵਿਚਾਲੇ ਵੀ ਜਾ ਕੇ ਬਹਿ ਗਏ।
ਉਨ੍ਹਾਂ ਕਿਹਾ ‘ਦੋਸ਼ੀ ਛੱਡਣੇ ਨਹੀਂ, ਇਹ ਬਖਸ਼ੇ ਨਹੀਂ ਜਾਣਗੇ। ਕਈ ਪੁਲਿਸ ਅਫਸਰਾਂ ‘ਤੇ ਕਾਰਵਾਈ ਵੀ ਹੋਈ, ਉਹ ਜੇਲ੍ਹ ਭੇਜੇ ਗਏ। ਪਰ ਜਿਹੜਾ ਕਾਨੂੰਨ ਹੈ ਉਸਤੋਂ ਪਾਰ ਤਾਂ ਨਹੀਂ ਜਾ ਸਕਦੇ। ਇਨਸਾਫ਼ ਮਿਲਣਾ ਚਾਹੀਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਦੋਸ਼ੀ ਨਹੀਂ। ਅਸੀਂ ਵੀ ਬਰਾਬਰ ਦੇ ਭਾਗੀਦਾਰ ਬਣਦੇ ਜਾਂਦੇ ਹਾਂ। ਮੈਂ ਆਪਣੀ ਗੱਲ ਤੋਂ ਪਿੱਛੇ ਨਹੀਂ ਹਟਦਾ। ਜੇਕਰ ਗੁਰੂ ਰਹੇਗਾ ਤਾਂ ਹੀ ਵਜਾਰਤਾਂ ਰਹਿਣਗੀਆਂ। ਜਿਹੜੀ ਸਹੁੰ ਅਸੀਂ ਬਠਿੰਡੇ ਖਾਧੀ ਸੀ ਇਹ ਹੁਣ ਤੱਕ ਕਿਸੇ ਬੰਨੇ ਲੱਗ ਜਾਣੀ ਚਾਹੀਦੀ ਸੀ। ਦੋਸ਼ੀ ਵੀ ਪਤਾ ਨੇ ਅਤੇ ਇਹ ਵੀ ਪਤਾ ਹੈ ਕਿ ਕਿਸਨੇ ਕੀਤਾ ਹੈ, ਇਸ ਵਿੱਚ ਦੇਰੀ ਹੋਈ ਜੋ ਵਾਕਈ ਸ਼ਰਮ ਵਾਲੀ ਗੱਲ ਹੈ।ਸਾਨੂੰ ਤਾਂ ਦੋਸ਼ੀਆਂ ਨੂੰ ਪਹਿਲੇ ਦਿਨ ਹੀ ਫੜ ਕੇ ਅੰਦਰ ਕਰ ਦੇਣਾ ਚਾਹੀਦਾ ਸੀ। ਮੈਂ ਵੀ ਕਿੰਨਾ ਚਿਰ ਚੁੱਪ ਰਹਾਂਗਾ। ਜਿਹੜੀ ਕਸਮ ਖਾਧੀ ਹੁੰਦੀ ਹੈ ਨਾਂ ਉਹ ਸੱਚੀ ਵੀ ਮਾੜੀ ਤੇ ਝੂਠੀ ਵੀ ਮਾੜੀ।ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਹੈ ਕਿ ਸਾਡੇ ਕੋਲੋਂ ਬਾਹਰ ਲੋਕਾਂ ਨੂੰ ਜਵਾਬ ਨਹੀਂ ਦਿੱਤਾ ਜਾਂਦਾ। ਤੁਸੀਂ ਤਾਂ ਭਾਵੇਂ ਨਾ ਮਿਲੋ ਅਸੀਂ ਤਾਂ ਲੋਕਾਂ ਨੂੰ ਮਿਲਣਾ ਹੈ। ਕੋਈ ਵੀ ਥਾਂ ਹੋਵੇ ਚਾਹੇ ਅਸੈਂਬਲੀ ਹੀ ਕਿਉਂ ਨਾ ਹੋਵੇ ਮੈਂ ਠੋਕ ਕੇ ਬੋਲਦਾ ਵੀ ਹਾਂ। ਕੋਸ਼ਿਸ਼ ਕਰਦੇ ਹਾਂ ਕਿ ਜੋ ਵਾਅਦਾ ਕਰਕੇ ਆਏ ਹਾਂ ਉਸ ‘ਤੇ ਖਰੇ ਉੱਤਰੀਏ।

Total Views: 127 ,
Real Estate