ਪੁਲਿਸ ਨੇ ਅਗਵਕਾਰਾਂ ਦੇ ਚੁੰਗਲ ਚੋਂ ਕੁਝ ਹੀ ਘੰਟਿਆਂ ਵਿੱਚ , ਅਗਵਾ ਲੜਕੇ ਨੂੰ ਛੁਡਵਾ ਕੇ ਤਿੰਨ ਅਗਵਕਾਰਾਂ ਨੂੰ ਦਬੋਚਿਆ

‌ਸ੍ਰੀ ਮੁਕਤਸਰ ਸਾਹਿਬ 6 ਦਸੰਬਰ ( ਕੁਲਦੀਪ ਸਿੰਘ ਘੁਮਾਣ ) ਅੰਗਰੇਜ਼ੀ ਬੋਲਣ ਵਿੱਚ ਮੁਹਾਰਤ ਹਾਸਲ ਕਰਨ ਦਾ ਕੋਰਸ ਕਰ ਰਹੇ ਇੱਕ ਲੜਕੇ ਦੇ ਅਗਵਾ ਹੋਣ ਤੋਂ ਬਾਅਦ , ਕੁਝ ਹੀ ਘੰਟਿਆਂ ਵਿੱਚ ਹੀ ਸ਼ਹਿਰ ਦੀ ਪੁਲਿਸ ਨੇ ਲੜਕੇ ਨੂੰ ਛੁਡਵਾ ਲਿਆ ਅਤੇ ਕੁੱਲ 9 ਅਗਵਾਕਾਰਾਂ ਵਿਚੋਂ, ਤਿੰਨ ਨੂੰ , ਅਗਵਾ ਕਾਂਡ ਵਿੱਚ ਵਰਤੀ ਗਈ ਸਵਿਫ਼ਟ ਕਾਰ ਸਮੇਤ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਲਵਦੀਪ ਸਿੰਘ ਪੁੱਤਰ ਗੁਰਮੀਤ ਸਿੰਘ (17) ਵਾਸੀ ਚੱਕ ਰੋਹੀ ਵਾਲਾ ਜ਼ਿਲ੍ਹਾ ਫਾਜ਼ਿਲਕਾ ਜੋ ਕਿ ਮੁਕਤਸਰ ਸਾਹਿਬ ਵਿਖੇ ਆਈਲੈਟਸ ਸੈਂਟਰ ਵਿੱਚ ਕੋਰਸ ਕਰ ਰਿਹਾ ਸੀ ,ਉਹ ਅਤੇ ਉਸਦਾ ਉਸਦਾ ਦੋਸਤ ਲਵਜੋਤ ਸਿੰਘ ਪੁੱਤਰ ਗੁਰਮੁਖ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮੁਕਤਸਰ , ਮੋਟਰਸਾਈਕਲ ਤੇ ਸਵਾਰ ਹੋ ਕੇ ਮਲੋਟ ਰੋਡ ਤੇ ਜਾ ਰਹੇ ਸਨ ਕਿ ਸਾਹਮਣੇ ਤੋਂ ਇੱਕ ਚਿੱਟੇ ਰੰਗ ਦੀ ਸਕਾਰਪੀਓ ਗੱਡੀ ਉਨ੍ਹਾਂ ਦੇ ਮੋਟਰਸਾਈਕਲ ਅੱਗੇ ਆ ਕੇ ਰੁਕੀ। ਇੰਨੇ ਨੂੰ ਇੱਕ ਹੋਰ ਬਿਨਾਂ ਨੰਬਰੀ ਪੋਲੋ ਗੱਡੀ ਉਨ੍ਹਾਂ ਦੇ ਮੋਟਰਸਾਈਕਲ ਪਿੱਛੇ ਆ ਕੇ ਰੁਕੀ । ਉਕਤ ਦੋਨਾਂ ਗੱਡੀਆਂ ਵਿੱਚ ਸਵਾਰ ਨੌਜਵਾਨਾਂ ਨੇ ਧੱਕੇ ਨਾਲ ਲਵਦੀਪ ਸਿੰਘ ਨੂੰ ਅਗਵਾ ਕਰ ਲਿਆ ਗਿਆ । ਜਿਸ ਤੋਂ ਬਾਅਦ ਇੰਸਪੈਕਟਰ ਤੇਜਿੰਦਰਪਾਲ ਸਿੰਘ ਮੁੱਖ ਅਫਸਰ ਥਾਣਾ ਸਿਟੀ ਮੁਕਤਸਰ ਨੇ ਲਵਜੋਤ ਸਿੰਘ ਪੁੱਤਰ ਗੁਰਮੁਖ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਬਿਆਨਾਂ ਤੇ ਮੁਕੱਦਮਾ ਨੰਬਰ 315 ਮਿਤੀ 6/12/2019 ਅ/ਧ 364,506,341,148,149 ਹਿੰ:ਦੰ: ਥਾਣਾ ਸਿਟੀ ਦਰਜ ਕਰਕੇ, ਤੁਰੰਤ ਕਾਰਵਾਈ ਕਰਦਿਆਂ ਤਿੰਨ ਕਥਿਤ ਦੋਸ਼ੀਆਂ ਹਰਵਿੰਦਰ ਸਿੰਘ ਪੁੱਤਰ ਸ਼ਮਸ਼ੇਰ ਸਿੰਘ ਵਾਸੀ ਤੋਤਿਆਂ ਵਾਲੀ,ਅਨੀਕੇਤ ਪੁੱਤਰ ਸੱਤਪਾਲ ਵਾਸੀ ਜਲਾਲਾਬਾਦ ਅਤੇ ਸਤਬੀਰ ਸਿੰਘ ਪੁੱਤਰ ਰਾਮਬੀਰ ਸਿੰਘ ਵਾਸੀ ਜੰਡਵਾਲਾ ਖਰਤਾ ਨੂੰ ਸਵਿਫ਼ਟ ਕਾਰ ਨੰਬਰ PB-61C-8055 ਸਮੇਤ , ਝੁੱਗੀਆਂ ਵਾਲੇ ਚੌਂਕ ਤੋਂ ਗ੍ਰਿਫਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਕਤ ਵਿਅਕਤੀਆਂ ਕੋਲੋਂ ਇਨ੍ਹਾਂ ਦੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਬਾਕੀ ਸਾਥੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Total Views: 65 ,
Real Estate