ਪੰਜ ਏਕੜ ਤੱਕ ਦੇ ਗੈਰ-ਬਾਸਮਤੀ ਝੋਨਾ ਕਾਸ਼ਤਕਾਰ ਹੋਣਗੇ ਮੁਆਵਜ਼ੇ ਦੇ ਹੱਕਦਾਰ
ਪੰਚਾਇਤਾਂ ਪਾਸੋਂ ਤਸਦੀਕ ਕਰਵਾਏ ਪ੍ਰੋਫਾਰਮੇ 30 ਨਵੰਬਰ ਤੱਕ ਹੋਣਗੇ ਜਮ੍ਹਾਂ
ਕਪੂਰਥਲਾ, 14 ਨਵੰਬਰ(ਕੌੜਾ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਪੰਜਾਬ ਸਰਕਾਰ ਨੇ ਪਰਾਲੀ ਅਤੇ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਉਣ ਵਾਲੇ ਕਿਸਾਨਾਂ ਨੂੰ ਪ੍ਰਤੀ ਏਕੜ 2500 ਰੁਪਏ ਮੁਆਵਜ਼ਾ ਦੇਣ ਦਾ ਫ਼ੈਸਲਾ ਕੀਤਾ ਹੈ। ਇਸ ਫ਼ੈਸਲੇ ਦਾ ਲਾਭ ਜ਼ਿਲੇ ਦੇ 5 ਏਕੜ ਤੱਕ ਦੀ ਮਾਲਕੀ ਵਾਲੇ ਗੈਰ-ਬਾਸਮਤੀ ਝੋਨਾ ਲਾਉਣ ਵਾਲੇ ਸੀਮਾਂਤ ਅਤੇ ਛੋਟੇ ਕਿਸਾਨਾਂ ਮਿਲੇਗਾ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਇੰਜ: ਡੀ। ਪੀ। ਐਸ ਖਰਬੰਦਾ ਨੇ ਅੱਜ ਇਸ ਸਬੰਧੀ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ।
ਉਨਾਂ ਦੱਸਿਆ ਕਿ ਇਸ ਮੁਆਵਜ਼ੇ ਦਾ ਹੱਕਦਾਰ ਉਹ ਕਿਸਾਨ ਹੋਵੇਗਾ, ਜਿਸ ਕੋਲ ਆਪਣੇ, ਪਤਨੀ ਅਤੇ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਨਾਂ ’ਤੇ ਕੁੱਲ 5 ਏਕੜ ਤੱਕ ਹੀ ਜ਼ਮੀਨ ਦੀ ਮਾਲਕੀ ਹੈ ਅਤੇ ਇਸ ਜ਼ਮੀਨ ਜਾਂ ਇਸ ਦੇ ਕਿਸੇ ਹਿੱਸੇ ਵਿਚ ਗੈਰ-ਬਾਸਮਤੀ ਝੋਨੇ ਦੀ ਖੇਤੀ ਕਰਦਾ ਹੋਵੇ ਅਤੇ ਖੇਤ ਦੇ ਕਿਸੇ ਵੀ ਹਿੱਸੇ ਵਿਚ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਨਾ ਲਾਈ ਹੋਵੇ। ਉਨਾਂ ਕਿਹਾ ਕਿ ਉਕਤ ਸ਼ਰਤਾਂ ਪੂਰੀਆਂ ਕਰਦੇ ਕਿਸਾਨ ਪਰਿਵਾਰ ਦੇ ਮੁਖੀ ਵੱਲੋਂ ਪਿੰਡ ਦੀ ਪੰਚਾਇਤ ਕੋਲ ਉਪਲਬੱਧ ਸਵੈ-ਘੋਸ਼ਣਾ ਪੱਤਰ ਵਿਚ ਮੰਗੀ ਗਈ ਜਾਣਕਾਰੀ ਭਰ ਕੇ ਪੰਚਾਇਤ ਤੋਂ ਤਸਦੀਕ ਕਰਵਾਉਣ ਉਪਰੰਤ ਸਬੰਧਤ ਸਹਿਕਾਰੀ ਖੇਤੀਬਾੜੀ ਸਭਾ ਦੇ ਸਕੱਤਰ ਕੋਲ ਜਮਾਂ ਕਰਵਾਉਣੀ ਹੋਵੇਗੀ, ਜੋ ਇਸ ਨੂੰ ਪੋਰਟਲ ’ਤੇ ਅਪਲੋਡ ਕਰਨਗੇ। ਉਨਾਂ ਕਿਹਾ ਕਿ ਇਸ ਸਬੰਧੀ ਜਾਰੀ ਸ਼ਰਤਾਂ ਅਨੁਸਾਰ 5 ਏਕੜ ਤੱਕ ਦਾ ਕੋਈ ਵੀ ਕਿਸਾਨ, ਜਿਸ ਨੇ ਸਰਕਾਰ ਪਾਸੋਂ ਸਬਸਿਡੀ ’ਤੇ ਮਸ਼ੀਨਰੀ ਲੈ ਕੇ ਜਾਂ ਫਿਰ ਕਿਸੇ ਹੋਰ ਢੰਗ ਨਾਲ ਪਰਾਲੀ ਦਾ ਬਿਨਾਂ ਅੱਗ ਲਾਇਆਂ ਪ੍ਰਬੰਧਨ ਕੀਤਾ ਹੈ, ਹੀ ਯੋਗ ਹੋਣਗੇ। ਉਨਾਂ ਦੱਸਿਆ ਕਿ ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਅੱਗ ਨਹੀਂ ਲਗਾਈ ਜਾਂ ਹੁਣ ਤੱਕ ਬਚੀ ਹੋਈ ਪਰਾਲੀ ਨੂੰ, ਜੋ ਕਿਸਾਨ ਅੱਗ ਨਹੀਂ ਲਗਾਉਣਗੇ, ਉਨਾਂ ਨੂੰ ਇਸ ਮੁਆਵਜ਼ੇ ਦੇ ਅੰਤਰਗਤ ਲਿਆਂਦਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਇਸ ਫੈਸਲੇ ਨੂੰ ਅਮਲੀ ਜਾਮਾ ਪਹਿਨਾਉਣ ਲਈ ਮੀਟਿੰਗ ’ਚ ਪੁੱਜੇ ਸਮੂਹ ਐਸ। ਡੀ। ਐਮਜ਼, ਖੇਤੀਬਾੜੀ, ਸਹਿਕਾਰੀ ਸਭਾਵਾਂ ਅਤੇ ਹੋਰਨਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸੁਪਰੀਮ ਕੋਰਟ ਦੇ ਇਸ ਫੈਸਲੇ ਦਾ ਹਰ ਇਕ ਯੋਗ ਕਿਸਾਨ ਨੂੰ ਲਾਭ ਪਹੁੰਚਾਉਣ ਦੇ ਨਾਲ-ਨਾਲ ਵੱਧ ਤੋਂ ਵੱਧ ਪ੍ਰਚਾਰ ਵੀ ਕੀਤਾ ਜਾਵੇ ਤਾਂ ਜੋ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਵਾਤਾਵਰਣ ਪੱਖੀ ਭੂਮਿਕਾ ਨਿਭਾਉਣ ਨੂੰ ਤਰਜੀਹ ਦੇਣ। ਇਸ ਦੌਰਾਨ ਉਨਾਂ ਪਰਾਲੀ ਨੂੰ ਅੱਗ ਨਾ ਲਾਉਣ ਤੋਂ ਬਚਾਉਣ ਲਈ ਜ਼ਿਲੇ ਵਿਚ ਤਾਇਨਾਤ ਕੀਤੇ ਸਾਰੇ ਨੋਡਲ ਅਫ਼ਸਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਵੀ ਕੀਤਾ ਅਤੇ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ। ਅਵਤਾਰ ਸਿੰਘ ਭੁੱਲਰ, ਐਸ। ਡੀ। ਐਮ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡਾ। ਚਾਰੂਮਿਤਾ, ਸ੍ਰੀ ਲਤੀਫ਼ ਅਹਿਮਦ ਅਤੇ ਸ। ਰਣਦੀਪ ਸਿੰਘ ਹੀਰ, ਮੁੱਖ ਖੇਤੀਬਾੜੀ ਅਫ਼ਸਰ ਸ। ਕੰਵਲਜੀਤ ਸਿੰਘ, ਇੰਜ: ਜਗਦੀਸ਼ ਸਿੰਘ ਤੋਂ ਇਲਾਵਾ ਸਮੂਹ ਤਹਿਸੀਲਦਾਰ, ਸਹਿਕਾਰੀ ਸਭਾਵਾਂ ਦੇ ਏ। ਆਰਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।