ਨੰਗੀ ਧੁੱਪ 1 – ਬਲਵੰਤ ਗਾਰਗੀ

ਬਲਵੰਤ ਗਾਰਗੀ
ਜਦੋਂ ਮੈਂ ਜੀਨੀ ਨੂੰ ਸਿਆਟਲ ਵਿੱਚ ਮਿਲਿਆ, ਉਸ ਵੇਲੇ ਮੇਰੇ ਤਿੰਨ ਇਸ਼ਕ ਚੱਲ ਰਹੇ ਸਨ। ਤਿੰਨੇ ਕੁੜੀਆਂ ਪਿਆਰ ਵਿੱਚ ਡੁੱਬੀਆਂ ਹੋਈਆਂ ਸਨ। ਤਿੰਨੇ ਵਫ਼ਾਦਾਰ, ਤਿੰਨੇ ਵੇਗ?ਮੱਤੀਆਂ, ਤਿੰਨੇ ਕੌਲ?ਕਰਾਰ ਦੀਆਂ ਪੂਰੀਆਂ। ਮੈਂ ਪ੍ਰੇਸ਼ਾਨ ਸਾਂ ਕਿ ਕਿਸ ਨਾਲ ਵਿਆਹ ਕਰਾਂ? ਕਿਸ ਨੂੰ ਲਾਰਾ ਲਾਵਾਂ? ਕਿਸ ਨੂੰ ਧੋਖਾ ਦੇਵਾਂ?ਮੈਂ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿੱਚ ਭਾਰਤੀ ਨਾਟਕ ਪੜ੍ਹਾ ਰਿਹਾ ਸਾਂ। ਸ਼ਾਮ ਨੂੰ ਮੈਂ ਇੱਕ ਵਿਸ਼ੇਸ਼ ਕਲਾਸ ਪੰਜਾਬੀ ਸਭਿਆਚਾਰ ਬਾਰੇ ਸ਼ੁਰੂ ਕੀਤੀ ਜੋ ਹਫ਼ਤੇ ਵਿੱਚ ਤਿੰਨ ਵਾਰ ਜੁੜਦੀ ਸੀ। ਦਰਅਸਲ ਇਹ ਕਲਾਸ ਉੱਨੀ ਸਾਲ ਦੀ ਕੁੜੀ ਮਾਰਸ਼ਾ ਨੇ ਖਾਸ ਤੌਰ ਤੇ ਮੈਨੂੰ ਆਖ ਕੇ ਲਗਵਾਈ ਸੀ। ਮਾਰਸ਼ਾ ਆਪਣੇ ਜਾਬਰ ਬਾਪ ਤੋਂ ਤੰਗ ਸੀ ਤੇ ਸ਼ਾਮ ਮੇਰੇ ਨਾਲ ਬਿਤਾਉਣਾ ਚਾਹੁੰਦੀ ਸੀ।

ਜੀਨੀ ਨੇ ਇਸ਼ਤਿਹਾਰ ਪੜ੍ਹਿਆ ਤੇ ਉਹ ਵੀ ਇਸ ਕਲਾਸ ਵਿੱਚ ਦਾਖ਼ਲ ਹੋ ਗਈ। ਉਹ ਯੂਨੀਵਰਸਿਟੀ ਦੇ ਇੱਕ ਵਿਭਾਗ ਵਿੱਚ ਕੰਮ ਕਰ ਰਹੀ ਸੀ।

ਇੱਕ ਦਿਨ ਮਾਰਸ਼ਾ ਕਲਾਸ ਵਿੱਚ ਨਾ ਆਈ। ਮੈਂ ਆਪਣੇ ਘਰ ਵਾਪਿਸ ਆਉਂਦਿਆਂ ਜੀਨੀ ਨੂੰ ਆਪਣੀ ਕਾਰ ਵਿੱਚ ਲਿਫ਼ਟ ਦਿੱਤੀ। ਉਸ ਨੇ ਮੇਰਾ ਸ਼ੁਕਰੀਆ ਅਦਾ ਕੀਤਾ ਤੇ ਇੱਕ ਮਿੰਟ ਰੁਕਣ ਲਈ ਆਖਿਆ। ਉਹ ਦੌੜ ਕੇ ਆਪਣੇ ਅਪਾਰਟਮੈਂਟ ਵਿੱਚ ਗਈ ਜੋ ਇੱਕ ਵੀਰਾਨ ਬਾਗ ਵਿੱਚ ਸੀ ਤੇ ਛੇਤੀ ਹੀ ਇੱਕ ਨਿੱਕਾ ਜਿਹਾ ਪੈਕਟ ਲੈ ਕੇ ਮੁੜੀ। ਬੋਲੀ, ”ਲਉ, ਇਹ ਘਰ ਦਾ ਬਣਾਇਆ ਕੇਕ ਹੈ। ਮੈਂ ਬਣਾਇਆ ਸੀ। ਤੁਹਾਨੂੰ ਬਾਜ਼ਾਰੀ ਕੇਕ ਨਹੀਂ ਖਾਣੇ ਚਾਹੀਦੇ।” ਇਹ ਆਖ ਕੇ ਉਹ ਚਲੀ ਗਈ।

ਇੱਕ ਦਿਨ ਉਹ ਮੇਰੇ ਅਪਾਰਟਮੈਂਟ ਵਿੱਚ ਆਈ ਤੇ ਮੇਰੇ ਅਣਧੋਤੇ ਕੱਪੜਿਆਂ ਦੀ ਗੰਢੜੀ ਬੰਨ੍ਹ ਕੇ ਲੈ ਗਈ। ਦੂਜੇ ਦਿਨ ਉਹ ਕੱਪੜਿਆਂ ਨੂੰ ਮਸ਼ੀਨ ਵਿੱਚ ਧੋ ਕੇ ਤੇ ਚੰਗੀ ਤਰ੍ਹਾਂ ਪ੍ਰੈੱਸ ਕਰਕੇ ਲੈ ਆਈ। ਜਦੋਂ ਜਾਣ ਲਗੀ ਤਾਂ ਮੈਂ ਪੁੱਛਿਆ, ”ਮੈਂ ਤੈਨੂੰ ਛੱਡ ਆਵਾਂ?”

ਉਹ ਬੋਲੀ, ”ਨਹੀਂ, ਮੈਨੂੰ ਪੈਦਲ ਚਲਣਾ ਬਹੁਤ ਚੰਗਾ ਲਗਦਾ ਹੈ।”

ਜੀਨੀ ਨੂੰ ਪੈਦਲ ਸੈਰ ਕਰਨ ਦਾ ਸ਼ੌਕ ਸੀ। ਉਸ ਦੀਆਂ ਲੱਤਾਂ ਲੰਮੀਆਂ ਤੇ ਚਾਲ ਵਿੱਚ ਤੇਜ਼ ਤੇ ਲਚਕ ਸੀ। ਉਹ ਚਾਹੁੰਦੀ ਸੀ ਕਿ ਨਿਊਯਾਰਕ ਵਿੱਚ ਜਾ ਕੇ ਸ਼ਿਕਾਰੀ ਕੁੱਤਿਆਂ ਨੂੰ ਸੈਰ ਕਰਾਉਣ ਦਾ ਕੰਮ ਕਰੇ। ਤਨਖਾਹ ਤਿੰਨ ਡਾਲਰ ਫ਼ੀ ਘੰਟਾ। ਇਸ ਦੇ ਨਾਲ ਹੀ ਚਮੜੇ ਦਾ ਪਤਲਾ ਖ਼ੂਬਸੂਰਤ ਕੋਟ, ਲੰਮੀਆਂ ਖ਼ੂਬਸੂਰਤ ਸਿਆਹ ਜੁਰਾਬਾਂ, ਮੇਮਣੇ ਦੀ ਖੱਲ ਦੇ ਉੱਚੇ ਕਾਲੇ ਬੂਟ ਮਿਲਦੇ। ਉਹ ਇਹਨਾਂ ਸ਼ਿਕਾਰੀ ਪਾਲਤੂ ਕੁੱਤਿਆਂ ਨੂੰ ਸੈਰ ਕਰਾਉਣ ਲੈ ਜਾਣ ਬਾਰੇ ਸੋਚਦੀ। ਅਮੀਰ ਆਦਮੀਆਂ ਦੇ ਘਰਾਂ ਵਿੱਚ ਡੱਕੇ ਹੋਏ ਅਲਸੇਸ਼ੀਅਨ ਤੇ ਬੁਲਡਾਗਾਂ ਨੂੰ ਬਾਹਰ ਕੌਣ ਲਿਜਾਂਦਾ? ਅਮੀਰਾਂ ਨੂੰ ਇਤਨੀ ਵਿਹਲ ਕਿਥੇ, ਉਹ ਇਹਨਾਂ ਖੌਫ਼ਨਾਕ ਕੁੱਤਿਆਂ ਨੂੰ ਸੰਗਲੀ ਨਾਲ ਬੰਨ੍ਹੀ ਬੇਧੜਕ ਨਿਊਯਾਰਕ ਦੀਆਂ ਸੜਕਾਂ ਉੱਤੇ ਸੈਰ ਕਰਾਉਣ ਦੇ ਖ਼ਾਬ ਲੈਂਦੀ। ਇਸ ਤਰ੍ਹਾਂ ਇਹ ਕੁੱਤੇ ਉਸ ਦੀ ਰਾਖੀ ਵੀ ਕਰ ਸਕਦੇ ਸਨ। ਕਿਸੇ ਗੁੰਡੇ ਦੀ ਮਜਾਲ ਕਿ ਉਸ ਨੂੰ ਛੇੜ ਸਕੇ। ਨਾਲੇ ਉਸ ਦਾ ਆਪਣਾ ਪੈਦਲ ਸੈਰ ਕਰਨ ਦਾ ਚਾਅ ਵੀ ਪੂਰਾ ਹੋ ਜਾਏਗਾ ਤੇ ਨਾਲੇ ਪੈਸੇ ਵੀ ਬਹੁਤੇ ਮਿਲਣਗੇ। ਕਮ?ਅਜ਼?ਕਮ ਯੂਨੀਵਰਸਿਟੀ ਦੇ ਵਿਭਾਗ ਵਿੱਚ ਕੁਰਸੀ ਤੇ ਬੈਠ ਕੇ ਅੱਠ ਘੰਟੇ ਕੰਮ ਕਰਨ ਤੋਂ ਇਹ ਸੈਰ ਕਰਨ ਵਾਲਾ ਕੰਮ ਕਿਤੇ ਚੰਗਾ ਸੀ।

ਜੀਨੀ ਇਕੱਲੀ ਰਹਿੰਦੀ ਸੀ। ਅਠਾਰਾਂ ਸਾਲ ਦੀ ਉਮਰ ਪਿਛੋਂ ਅਮਰੀਕਾ ਵਿੱਚ ਕੋਈ ਕੁੜੀ ਆਪਣੇ ਘਰ ਨਹੀਂ ਰਹਿੰਦੀ। ਸਭ ਆਪਣੇ ਮਾਪਿਆਂ ਤੋਂ ਅਲਹਿਦਾ ਫਲੈਟ ਲੈ ਕੇ ਕਿਸੇ ਸਹੇਲੀ ਨਾਲ ਜਾਂ ਦੋਸਤ ਨਾਲ ਰਹਿੰਦੀਆਂ ਹਨ। ਉਥੇ ਕੋਈ ਬਾਬਲ ਦਾ ਵਿਹੜਾ ਨਹੀਂ। ਸਗੋਂ ਜੇ ਕੋਈ ਕੁੜੀ ਮਾਪਿਆਂ ਨਾਲ ਹੀ ਰਹਿੰਦੀ ਰਹੇ ਤਾਂ ਉਹ ਇਤਨੀ ਹੀ ਅਜੀਬ ਤੇ ਜ਼ਿੱਲਤ ਵਾਲੀ ਗੱਲ ਹੈ ਜਿਵੇਂ ਪੰਜਾਬ ਦੇ ਪਿੰਡ ਵਿੱਚ ਕੋਈ ਜੁਆਨ ਕੁੜੀ ਮਾਪਿਆਂ ਤੋਂ ਵੱਖਰੀ ਹੋ ਕੇ ਚੁਬਾਰਾ ਲੈ ਕੇ ਰਹਿਣ ਲੱਗ ਪਵੇ।

ਜੀਨੀ ਦੇ ਮਾਤਾ ਪਿਤਾ ਸਿਆਟਲ ਵਿੱਚ ਹੀ ਰਹਿੰਦੇ ਸਨ, ਵਾਸ਼ਿੰਗਟਨ ਝੀਲ ਤੋਂ ਪਾਰ। ਪਰ ਮੈਨੂੰ ਇਸ ਦਾ ਨਹੀਂ ਸੀ ਪਤਾ। ਮੈਨੂੰ ਇਹ ਵੀ ਨਹੀਂ ਸੀ ਪਤਾ ਕਿ ਉਸ ਦਾ ਪਿਤਾ ਇੱਕ ਵੱਡੇ ਨੈਸ਼ਨਲ ਬੈਂਕ ਦਾ ਵਾਈਸ ਪ੍ਰੈਜ਼ੀਡੈਂਟ ਸੀ। ਜੀਨੀ ਨੇ ਕਦੇ ਆਪਣੇ ਘਰ ਦੀ ਗੱਲ ਨਹੀਂ ਸੀ ਕੀਤੀ। ਕਈ ਵਾਰ ਮੈਂ ਤੇ ਜੀਨੀ ਇੱਕ ਛੋਟੇ ਜਿਹੇ ਕੈਫ਼ੇ ਵਿੱਚ ਜਾਂਦੇ ਤੇ ਅਸੀਂ ਉਥੇ ਕਈ ਕਈ ਘੰਟੇ ਬੈਠਦੇ। ਉਹ ਚਾਕਲੇਟ ਆਈਸ ਕ੍ਰੀਮ ਦਾ ਆਰਡਰ ਦਿੰਦੀ ਤੇ ਮੈਂ ਕਾਫ਼ੀ ਦਾ। ਉਹ ਚੰਗੀ ਖੁਰਾਕ ਬਾਰੇ ਮੈਨੂੰ ਪ੍ਰੇਰਦੀ। ਆਖਦੀ ਕਿ ਮੈਨੂੰ ਤਲੀਆਂ ਹੋਈਆਂ ਚੀਜ਼ਾਂ ਤੇ ਡਬਲ ਰੋਟੀ ਘੱਟ ਖਾਣੀ ਚਾਹੀਦੀ ਹੈ। ਮੈਨੂੰ ਸਾਮਨ ਮੱਛੀ, ਰੋੜ੍ਹਾ ਮੀਟ, ਦੁੱਧ ਤੇ ਨਿੰਬੂ ਤੇ ਸੰਗਤਰੇ ਤੇ ਮਾਲਟੇ ਖਾਣੇ ਚਾਹੀਦੇ ਹਨ। ਪਰ ਮੈਨੂੰ ਇਹ ਚੀਜ਼ਾਂ ਬਹੁਤ ਘੱਟ ਪਸੰਦ ਸਨ। ਮੈਂ ਹਾਲੇ ਵੀ ਤੜਕੀ ਹੋਈ ਮਾਂਹ ਦੀ ਦਾਲ ਤੇ ਹਰੀਆਂ ਮਿਰਚਾਂ ਤੇ ਅਚਾਰ ਦਾ ਸ਼ੌਕੀਨ ਸਾਂ।

ਮੇਰਾ ਫਲੈਟ ਦੋ ਮੰਜ਼ਿਲੇ ਮਕਾਨ ਦੇ ਉੱਪਰਲੇ ਹਿੱਸੇ ਵਿੱਚ ਸੀ। ਵਧੀ ਹੋਈ ਖੁੱਲ੍ਹੀ ਬਾਲਕੋਨੀ ਵਿਚੋਂ ਹੇਠਾਂ ਦਰਖੱਤਾਂ ਤੇ ਘਾਹ ਨਾਲ ਸ਼ਿੰਗਾਰੀ ਢਲਵਾਨ ਸੀ, ਉਸ ਤੋਂ ਅੱਗੇ ਬਹੁਤ ਚੌੜੀ ਖੁੱਲ੍ਹੀ ਸੜਕ ਜਿਸ ਉੱਤੇ ਬਾਰਾਂ ਕਾਰਾਂ ਇਕੋ ਵੇਲੇ ਦੌੜੇ ਸਕਦੀਆਂ ਸਨ, ਇਸ ਤੋਂ ਅੱਗੇ ਖ਼ੂਬਸੂਰਤ ਝੀਲ। ਮੈਨੂੂੰ ਹਰ ਵੇਲੇ ਤੇਜ਼ ਕਾਰਾਂ ਦੇ ਸ਼ੂਕਣ ਦੀ ਆਵਾਜ਼ ਸੁਣਦੀ ਜਿਵੇਂ ਜੰਗਲ ਵਿੱਚ ਤੇਜ਼ ਹਵਾ ਸ਼ਾਂ ਸ਼ਾਂ ਕਰਦੀ ਜਾ ਰਹੀ ਹੋਵੇ। ਇੱਕ ਤਰ੍ਹਾਂ ਦੀ ਲੋਰੀ ਜਿਹੀ ਜਿਵੇਂ ਸਮੁੰਦਰ ਦੀਆਂ ਲਹਿਰਾਂ ਦਾ ਸ਼ੋਰ ਹੁੰਦਾ ਹੈ ਨੀਂਦ ਵਿੱਚ ਭਿੱਜਿਆ ਹੋਇਆ।

ਮੈਂ ਇਕੱਲਾ ਬੈਠਾ ਖਿੜਕੀ ਵਿਚੋਂ ਝੀਲ ਨੂੰ ਤੱਕਦਾ। ਝਿੱਕੀਆਂ ਪਹਾੜੀਆਂ ਦੀਆਂ ਢਲਵਾਨਾਂ ਤੇ ਉੱਚੀ ‘ਸਪੇਸ ਨੀਡਲ’ ਨੂੰ ਦੇਖਦਾ ਜਿਸ ਉੱਤੇ ਇੱਕ ਗੋਲ ਰੈਸਟੋਰੈਂਟ ਕੀੜੀ ਦੀ ਚਾਲ ਘੁੰਮਦਾ। ਬਿਜਲੀ ਦੇ ਅਣਗਿਣਤ ਲਾਟੂ ਵੀਹ ਮੀਲ ਦੀ ਵਾਦੀ ਵਿੱਚ ਟਿਮਕਦੇ। ਮੈਂ ਇਸ ਦ੍ਰਿਸ਼ ਨੂੰ ਤੱਕਦਾ ਹੋਇਆ ਇਕੱਲ ਮਹਿਸੂਸ ਨਾ ਕਰਦਾ। ਟੈਲੀਫੋਨ ਮੇਰਾ ਸਾਥੀ ਸੀ, ਮੇਰੀ ਲੰਮੀ ਬਾਂਹ। ਇਸ ਰਾਹੀਂ ਮੈਂ ਦੂਰ ਬੈਠੇ ਲੋਕਾਂ ਨੂੰ ਮਹਿਸੂਸ ਕਰ ਸਕਦਾ ਸਾਂ, ਉਹਨਾਂ ਨੂੰ ਛੁਹ ਸਕਦਾ ਸਾਂ, ਉਹਨਾਂ ਦੀ ਆਵਾਜ਼ ਸੁਣ ਸਕਦਾ ਸਾਂ ਤੇ ਜਿਸ ਨੂੰ ਚਾਹੁੰਦਾ, ਉਸ ਨਾਲ ਗੱਲ ਕਰ ਸਕਦਾ ਸਾਂ।

ਮੈਂ ਜੀਨੀ ਨੂੰ ਆਖਿਆ ਸੀ ਕਿ ਉਹ ਮੈਨੂੰ ਕਦੇ ਟੈਲੀਫੋਨ ਨਾ ਕਰੇ। ਨਾ ਹੀ ਉਹ ਬਿਨਾਂ ਦੱਸੇ ਕਦੇ ਆਵੇ। ਮੈਂ ਨਹੀਂ ਸੀ ਚਾਹੁੰਦਾ ਕਿ ਕਿਸੇ ਨੂੰ ਮੇਰੇ ਤੇ ਉਸ ਦੇ ਰਿਸ਼ਤੇ ਬਾਰੇ ਪਤਾ ਚਲੇ। ਉਸ ਨੇ ਮੇਰੇ ਕਹਿਣ ਦਾ ਆਦਰ ਕੀਤਾ। ਉਹ ਆਪਣੇ ਅਪਾਰਟਮੈਂਟ ਵਿੱਚ ਬੈਠੀ ਸ਼ਾਮ ਨੂੰ ਅਕਸਰ ਮੇਰਾ ਇੰਤਜ਼ਾਰ ਕਰਦੀ। ਉਸ ਦਾ ਅਪਾਰਟਮੈਂਟ ਡੇਢ ਕਮਰੇ ਦਾ ਸੀ?ਇੱਕ ਲੰਮਾ ਕਮਰਾ ਜਿਸ ਵਿੱਚ ਉਸ ਦਾ ਬਿਸਤਰ, ਲਿਖਣ?ਪੜ੍ਹਨ ਵਾਲੀ ਮੇਜ਼, ਦੋ ਕੁਰਸੀਆਂ, ਸ਼ੈੱਲੜ ਤੇ ਹੋਰ ਨਿੱਕਾ ਮੋਟਾ ਸਾਮਾਨ। ਕਮਰੇ ਵਿੱਚ ਕਾਲੀਨ ਵਿਛਿਆ ਹੋਇਆ ਸੀ। ਇੱਕ ਨਿੱਕਾ ਜਿਹਾ ਕਿਚਨ ਸੀ ਜਿਸ ਵਿੱਚ ਫ਼ਰਿੱਜ, ਬਿਜਲੀ ਦਾ ਚੁੱਲ੍ਹਾ ਤੇ ਲੋੜੀਂਦਾ ਸਾਮਾਨ ਸੀ। ਉਸ ਨੇ ਮੈਨੂੰ ਆਪਣੇ ਕਮਰੇ ਤੇ ਵੱਡੇ ਹਾਲ ਦੇ ਬੂਹੇ ਦੀ ਡਬਲ ਚਾਬੀ ਦੇ ਦਿੱਤੀ। ਕਈ ਵਾਰ ਮੈਂ ਚਿਰਕਾ ਰਾਤ ਨੂੰ ਜਾਂਦਾ ਤਾਂ ਉਹ ਬੈਠੀ ਸਵੈਟਰ ਬੁਣਦੀ ਹੋਈ ਕੋਈ ਕਿਤਾਬ ਪੜ੍ਹ ਰਹੀ ਹੁੰਦੀ।

ਇੱਕ ਦਿਨ ਮੈਂ ਉਸ ਨੂੰ ਆਖਿਆ ਕਿ ਸ਼ਾਮ ਨੂੰ ਖਾਣੇ ਉੱਤੇ ਆਵਾਂਗਾ। ਅਚਾਨਕ ਮਾਰਸ਼ਾ ਮੈਨੂੰ ਮਿਲਣ ਆ ਗਈ ਤੇ ਅੱਧੀ ਰਾਤ ਤੱਕ ਰਹੀ। ਉਹ ਇੱਕ ਜੰਗਲੀ ਬਿੱਲੀ ਵਾਂਗ ਕਾਲੀਨ ਉੱਤੇ ਲੇਟੀ ਸਿਗਰਟ ਪੀ ਰਹੀ ਸੀ। ਮੇਰਾ ਟੇਬਲ?ਲੈਂਪ ਲਾਲ ਰੌਸ਼ਨੀ ਸੁੱਟ ਰਿਹਾ ਸੀ। ਇਹ ਟੇਬਲ?ਲੈਂਪ ਮੈਂ ਇੱਕ ਕਬਾੜੀ ਤੋਂ ਮੁੱਲ ਲਿਆ ਸੀ ਤੇ ਇਸ ਦੀ ਚਿਮਨੀ ਉੱਤੇ ਲਾਲ ਪੇਂਟ ਕਰ ਦਿੱਤਾ ਸੀ।

ਟੈਲੀਫੋਨ ਦੀ ਘੰਟੀ ਕਈ ਵਾਰ ਵੱਜੀ, ਪਰ ਮੈਂ ਇਸ ਨੂੰ ਨਾ ਚੁੱਕਿਆ। ਇਸ ਦੀ ਘੰਟੀ ਤੋਂ ਮੈਂ ਅੰਦਾਜ਼ਾ ਲਾ ਲਿਆ ਕਿ ਜੀਨੀ ਸੀ। ਮੇਰੇ ਅੰਦਰ ਇੱਕ ਸੂਖਮ ਸ਼ਕਤੀ ਪੈਦਾ ਹੋ ਗਈ ਸੀ, ਇੱਕ ਯੋਗ ਸਾਧਨਾ, ਇੱਕ ਪ੍ਰਕਾਰ ਦੀ ਅਦੁੱਤੀ ਪਰਾਭੌਤਿਕ ਭਾਂਪਣ?ਸ਼ਕਤੀ ਜੋ ਟੈਲੀਫੋਨ ਦਾ ਯੰਤਰ ਇੱਕ ਨਿੱਕੇ ਜਿਹੇ ਕਤੂਰੇ ਵਾਂਗ ਭੌਕਦਾ ਤੇ ਮੈਂ ਸਮਝ ਜਾਂਦਾ ਸੀ ਕੌਣ ਮੈਨੂੰ ਬੁਲਾ ਰਿਹਾ ਹੈ। ਮੈਨੂੰ ਟੈਲੀਫੋਨ ਦੀ ਟਰਨ ਟਰਨ ਦੀ ਜਜ਼ਬਾਤੀ ਟੋਨ ਦੀ ਪਰਖ ਸੀ। ਇਹ ਟੋਨ ਹੁਕਮ ਦੇ ਰਹੀ ਹੈ, ਮਿੰਨਤਾ ਕਰ ਰਹੀ ਹੈ, ਘੂਰੀ ਵੱਟ ਰਹੀ ਹੈ, ਪਿਆਰ ਕਰ ਰਹੀ ਹੈ, ਜਾਂ ਗੁੱਸੇ ਵਿੱਚ ਝਿੜਕ ਰਹੀ ਹੈ। ਮੇਰੀ ਇੱਕ ਦੋਸਤ ਜੂਡੀ ਮੈਨੂੰ ਦੋ ਹਜ਼ਾਰ ਮੀਲ ਦੇ ਫਾਸਲੇ ਤੋਂ ਟੈਲੀਫੋਨ ਕਰਦੀ ਤਾਂ ਮੈਂ ਫੌਰਨ ਹੀ ਟੈਲੀਫੋਨ ਦੀ ਮੁਲਾਇਮ ਮਖ਼ਮਲੀ ਟੋਨ ਨੂੰ ਪਛਾਣ ਲੈਦਾ। ਪਰ ਹੁਣ ਇਹ ਟੈਲੀਫੋਨ ਜੀਨੀ ਦਾ ਸੀ। ਬਾਰ ਬਾਰ ਉਹੀ ਜਜ਼ਬਾ, ਉਹੀ ਤਰਲਾ, ਉਹੀ ਮਿੱਠੀ ਸਨਸਨੀ। ਇਹ ਜ਼ਰੂਰ ਜੀਨੀ ਸੀ। ਪਰ ਮੈਂ ਕਮਰੇ ਵਿੱਚ ਨਹੀਂ ਸਾਂ।

ਅੱਧੀ ਰਾਤ ਯਕਦਮ ਮੈਨੂੰ ਚਿੰਤਾ ਹੋਈ ਤੇ ਆਪਣੇ ਗੁਨਾਹ ਦਾ ਅਹਿਸਾਸ।

ਮੈਂ ਮਾਰਸ਼ਾ ਨੂੰ ਚੌਦਾਂ ਮੀਲ ਦੂਰ ਖਾੜੀ ਦੇ ਪੁਲ ਤੋਂ ਪਾਰ ਛੱਡ ਕੇ ਤੇਜ਼ ਕਾਰ ਵਿੱਚ ਢਲਵਾਨਾਂ ਉੱਤੋਂ ਦੀ ਹੁੰਦਾ ਹੋਇਆ ਰਾਤ ਦੇ ਇੱਕ ਵਜੇ ਜੀਨੀ ਦੇ ਅਪਾਰਟਮੈਂਟ ਪੁੱਜਾ। ਨਿੱਕੀ ਨਿੱਕੀ ਬਾਰਿਸ਼ ਹੋ ਰਹੀ ਸੀ ਤੇ ਠੰਢ ਸੀ। ਮੈਂ ਵੱਡੇ ਹਾਲ ਕਮਰੇ ਦਾ ਦਰਵਾਜ਼ਾ ਖੋਹਲ ਕੇ ਅੰਦਰ ਗਿਆ ਤੇ ਉਸ ਦੇ ਕਮਰੇ ਦਾ ਬੂਹਾ ਖੋਹਲਿਆ। ਦੇਖਿਆ, ਉਹ ਬੈਠੀ ਮੇਰੇ ਲਈ ਜੁਰਾਬਾਂ ਬੁਣ ਰਹੀ ਸੀ।

ਉਹ ਦੌੜ ਕੇ ਮੇਰੇ ਗਲ ਲੱਗ ਗਈ ਤੇ ਸਿਸਕੀਆਂ ਲੈਂਦੀ ਹੋਈ ਆਖਣ ਲਗੀ, ”ਮੇਰੇ ਪਿਆਰੇ, ਮੈਨੂੰ ਬਹੁਤ ਫਿਕਰ ਸੀ….ਸ਼ਾਇਦ

ਐਕਸੀਡੈਂਟ….ਤੂੰ ਕਿਥੇ ਸੀ? ਤੂੰ ਟੈਲੀਫੋਨ ਵੀ ਨਾ ਕੀਤਾ। ਮੈਂ ਬੈਠੀ ਉਡੀਕਦੀ ਰਹੀ ਤੇ ਮੈਨੂੰ ਡਰ ਲਗਣ ਲੱਗਾ।” ਉਹ ਫੁਟ ਫੁਟ ਕੇ ਰੋਣ ਲੱਗੀ। ਮੈਂ ਉਸ ਨੂੰ ਘੁੱਟ ਕੇ ਪਿਆਰ ਕੀਤਾ, ਚੁੰਮਿਆ ਤੇ ਦਲਾਸਾ ਦਿੱਤਾ। ਫਿਰ ਉਹ ਖੁ ਸ਼ੀ ਨਾਲ ਹੱਸਣ ਲੱਗੀ। ਉਸ ਨੇ ਮੇਰੇ ਲਈ ਸੂਪ ਤਿਆਰ ਕੀਤਾ ਸੀ। ਮੈਂ ਖਾਣਾ ਖਾਣ ਬੈਠ ਗਿਆ। ਇਹ ਉਸ ਸ਼ਾਮ ਦਾ ਮੇਰਾ ਤੀਜਾ ਖਾਣਾ ਸੀ। ਮੈਂ ਉਹਦੀ ਭਾਵਨਾ ਤੋਂ ਬਹੁਤ ਮੁਤਾਸਰ ਹੋਇਆ। ਉਸ ਰਾਤ ਮੈਂ ਉਸ ਨਾਲ ਸ਼ਾਦੀ ਕਰਨ ਦਾ ਫ਼ੈਸਲਾ ਕਰ ਲਿਆ।

ਮੈਂ ਜੀਨੀ ਦੀ ਸ਼ਕਲ ਨੂੰ ਸਹੀ ਤਰ੍ਹਾਂ ਬਿਆਨ ਨਹੀਂ ਕਰ ਸਕਦਾ। ਉਸ ਦੀ ਸੁੰਦਰਤਾ ਵਿੱਚ ਕਿਸੇ ਦਗਦੀ ਹੋਈ ਵੇਗ?ਭਰੀ ਸੁੰਦਰੀ ਦਾ ਨਸ਼ਾ ਨਹੀਂ ਸੀ, ਸਗੋਂ ਉਸ ਦਾ ਹੁਸਨ ਇਸ ਤਰ੍ਹਾਂ ਸੀ ਜਿਵੇਂ ਜਾਲੀਦਾਰ ਪਰਦੇ ਵਿਚੋਂ ਡੁੱਬਦੇ ਸੂਰਜ ਦੀ ਰੌਸ਼ਨੀ ਛਣ ਰਹੀ ਹੋਵੇ। ਲੰਮੀ, ਹਸੀਨ ਨਕਸ਼ਾਂ ਵਾਲੀ ਜੀਨੀ ਦੀਆਂ ਨੀਲੀਆਂ ਅੱਖਾਂ ਵਿੱਚ ਚਮਕ ਸੀ ਤੇ ਉਸ ਦੀਆਂ ਭਵਾਂ ਤੇ ਝਿੰਮਣੀਆਂ ਕੱਕੀਆਂ ਰੇਸ਼ਮੀ ਸਨ। ਉਸ ਦੇ ਸੁਨਹਿਰੇ ਲੰਮੇ ਵਾਲ ਆਬਸ਼ਾਰ ਵਾਂਗ ਡਿੱਗਦੇ ਸਨ। ਉਹ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਸੌ ਵਾਰ ਵਾਲਾਂ ਨੂੰ ਬੁਰਸ਼ ਨਾਲ ਵਾਹੁੰਦੀ ਜਿਸ ਕਰਕੇ ਵਾਲਾਂ ਵਿੱਚ ਇੱਕ ਸੁਨਹਿਰੀ ਭਾਹ ਮਾਰਦੀ ਸੀ।

ਉਸ ਦਾ ਚਿਹਰਾ ਨਰਮ ਸੀ ਤੇ ਇਸ ਵਿੱਚ ਇੱਕ ਅੱਲ੍ਹੜ ਕੰਬਣੀ ਸੀ?ਬਦਲੋਟੀ ਨੂੰ ਜਿਵੇਂ ਕੁਝ ਕਿਰਨਾਂ ਛੁਹ ਗਈਆਂ ਹੋਣ। ਉਸ ਦੀ ਮੁਸਕਰਾਹਟ ਜਿਵੇਂ ਧੁੱਪ ਵਿੱਚ ਦੁੱਧ ਡੁੱਲ੍ਹਿਆ ਹੋਵੇ। ਉਹ ਨਾ ਸਿਗਰਟ ਪੀਂਦੀ ਸੀ ਨਾ ਸ਼ਰਾਬ। ਉਸ ਨੇ ਕਿਸੇ ਨਸ਼ੇ ਵਾਲੀ ਚੀਜ਼ ਦਾ ਨਾਂ ਵੀ ਨਹੀਂ ਸੁਣਿਆ। ਗਾਂਜਾ, ਸੁਲਫ਼ਾ ਜਾਂ ਚਰਸ ਜਿਹੇ ਸ਼ਬਦਾਂ ਦਾ ਉਸ ਨੂੰ ਨਹੀਂ ਸੀ ਪਤਾ। ਉਸ ਦੀ ਫ਼ੈਮਿਲੀ ਵਿੱਚ ਮੁੱਢਲੇ ਅੰਗਰੇਜ਼ ਵਸਨੀਕਾਂ ਦੀ ਕੱਟੜਤਾ ਦੀ ਲਕੀਰ ਸੀ। ਮੈਂ ਉਸਨੂੰ ਆਪਣੀਆਂ ਦੋਸਤ ਕੁੜੀਆਂ ਬਾਰੇ ਦੱਸ ਦਿੱਤਾ ਤੇ ਆਖਿਆ ਕਿ ਉਹ ਤਿੰਨ ਮਹੀਨੇ ਉਡੀਕੇ ਤਾਂ ਜੁ ਮੈਂ ਇਹਨਾਂ ਸਾਰੀਆਂ ਤੋਂ ਮੁਕਤ ਹੋ ਸਕਾਂ। ਮੈਂ ਇਹਨਾਂ ਸਾਰੇ ਆਸ਼ਕੀ ਸੌਦਿਆਂ ਨੂੰ ਕੱਟਣਾ ਚਾਹੁੰਦਾ ਸਾਂ ਤਾਂ ਜੁ ਪੁਰਾਣੇ ਲੈਣ ਦੇਣ ਮੁਕਾ ਕੇ ਨਵੀਂ ਜ਼ਿੰਦਗੀ ਸ਼ੁਰੂ ਕਰ ਸਕਾਂ।

ਹੌਲੀ ਹੌਲੀ ਮੈਂ ਸਭ ਕੁੜੀਆਂ ਤੋਂ ਆਪਣਾ ਨਾਤਾ ਤੋੜ ਲਿਆ। ਮਾਰਸ਼ਾ ਨੂੰ ਸਖ਼ਤ ਸਦਮਾ ਪਹੁੰਚਿਆ। ਉਸ ਨੇ ਖ਼ੁਦਕਸ਼ੀ ਕਰਨੀ ਚਾਹੀ। ਉਸ ਦੇ ਮਾਤਾ ਪਿਤਾ ਉਸ ਨੂੰ ਕੁਝ ਦਿਨਾਂ ਵਾਸਤੇ ਇੱਕ ਟਾਪੂ ਤੇ ਲੈ ਗਏ ਤਾਂ ਕਿ ਉਸ ਦਾ ਦਿਲ ਬਹਿਲ ਸਕੇ। ਮੈਨੂੰ ਉਸ ਨੇ ਉਥੋਂ ਟੈਲੀਫੋਨ ਕੀਤੇ ਤੇ ਰੋ ਰੋ ਕੇ ਮੇਰੇ ਹਾੜ੍ਹੇ ਕੱਢੇ। ਪਤਾ ਨਹੀਂ ਮੈਂ ਕਿਉਂ ਇਤਨਾ ਸਖ਼ਤ ਦਿਲ ਹੋ ਗਿਆ। ਮੈਂ ਇਹੋ ਆਖਿਆ ਕਿ ਉਹ ਮੈਥੋਂ ਕੋਈ ਆਸ ਨਾ ਰੱਖੇ। ਉਸੇ ਰਾਤ ਮਾਰਸ਼ਾ ਆਪਣੀ ਝੁੱਗੀ ਵਿਚੋਂ ਨਿਕਲੀ ਤੇ ਸਮੁੰਦਰ ਦੇ ਕੰਢੇ ਤੁਰਦੀ ਗਈ ਜਿਥੇ ਕਾਲੀਆਂ ਲਹਿਰਾਂ ਉੱਛਲ ਉੱਛਲ ਕੇ ਅੱਗੇ ਵੱਧ ਰਹੀਆਂ ਸਨ। ਅੱਧੇ ਘੰਟੇ ਪਿਛੋਂ ਮੈਨੂੰ ਫੇਰ ਟੈਲੀਫੋਨ ਆਇਆ, ਉਸ ਦੀ ਮਾਂ ਦਾ। ਉਸ ਮੈਨੂੰ ਗਾਲ੍ਹਾਂ ਕੱਢਦੀ ਹੋਈ ਨੇ ਧਮਕੀ ਦਿੱਤੀ ਕਿ ਜੇ ਉਸ ਦੀ ਕੁੜੀ ਨੂੂੰ ਕੁਝ ਹੋ ਗਿਆ ਤਾਂ ਇਸ ਦਾ ਜ਼ਿੰਮੇਵਾਰ ਮੈਂ ਹੋਵਾਂਗਾ। ਮਾਰਸ਼ਾ ਵਾਪਿਸ ਨਾ ਆਈ, ਉਸ ਦਾ ਬਾਪ ਦੋ ਪਹਿਰੇਦਾਰਾਂ ਨੂੰ ਲੈ ਕੇ ਉਸ ਦੀ ਤਲਾਸ਼ ਵਿੱਚ ਨਿਕਲਿਆ। ਉਹਨ੍ਹਾਂ ਦੇ ਹੱਥਾਂ ਵਿੱਚ ਦੂਰ ਤੀਰ ਮਾਰ ਕਰਨ ਵਾਲੀਆਂ ਟਾਰਚਾਂ ਸਨ। ਉਨ੍ਹਾਂ ਨੇ ਦੇਖਿਆ ਮਾਰਸ਼ਾ ਗੋਡਿਆਂ ਤੀਕ ਪਾਣੀ ਵਿੱਚ ਤੁਰੀ ਜਾ ਰਹੀ ਸੀ ਤੇ ਉਹਨਾਂ ਨੇ ਉਸ ਨੂੰ ਬਚਾ ਲਿਆ।

ਜੀਨੀ ਨਾਲ ਮੇਰੀ ਸ਼ਾਦੀ ਹੋਈ। ਇਸ ਦੀ ਰਸਮ ਗਰੀਨ ਲੇਕ ਦੇ ਕੰਢੇ ਇੱਕ ਮੈਜਿਸਟਰੇਟ ਦੀ ਕੋਠੀ ਵਿੱਚ ਹੋਈ। ਉਸ ਨੇ ਤਿੱਲੇ ਵਾਲੀ ਬਨਾਰਸੀ ਸਾੜ੍ਹੀ ਪਹਿਨੀ ਹੋਈ ਸੀ, ਅੱਖਾਂ ਵਿੱਚ ਕੱਜਲ, ਮੱਥੇ ਉੱਤੇ ਲਾਲ ਬਿੰਦੀ, ਤੇ ਭਵਾਂ ਉੱਤੇ ਦੋਹੀਂ ਪਾਸੀਂ ਚੰਦਨ ਦੀਆਂ ਟਿਮਕਣੀਆਂ। ਮੈਂ ਉਸ ਦੇ ਮਾਤਾ ਪਿਤਾ ਨੂੰ ਪਹਿਲੀ ਵਾਰ ਮਿਲਿਆ। ਸ਼ਾਦੀ ਦੀ ਰਸਮ ਉੱਤੇ ਥੀਏਟਰ ਦੇ ਨੌਂ ਕਲਾਕਾਰ ਮੁੰਡੇ ਕੁੜੀਆਂ ਸਨ।

ਮੈਜਿਸਟਰੇਟ ਨੇ ਸ਼ਾਦੀ ਦੀ ਕਸਮ ਖਵਾਉਂਦੇ ਹੋਏ ਸਾਨੂੰ ਆਖਿਆ ਕਿ ਅਸੀਂ ਉਸ ਦੇ ਸ਼ਬਦਾਂ ਨੂੰ ਦੁਹਰਾਈਏ। ਅਸੀਂ ਦੋਹਾਂ ਨੇ ਗੰਭੀਰ ਸ਼ਬਦ ਦੁਹਰਾਏ : ”ਅਸੀਂ ਇਕੱਠੇ ਰਹਿਣ ਦਾ ਪ੍ਰਣ ਕਰਦੇ ਹਾਂ ; ਸਿਰਫ਼ ਮੌਤ ਹੀ ਸਾਨੂੰ ਜੁਦਾ ਕਰ ਸਕਦੀ ਹੈ।” ਮੈਂ ਜੇਬ ਵਿਚੋਂ ਸੋਨੇ ਦੀ ਮੁੰਦਰੀ ਕੱਢੀ ਤੇ ਉਸ ਦੇ ਖੱਬੇ ਹੱਥ ਦੀ ਦੂਜੀ ਉਂਗਲੀ ਵਿੱਚ ਪਾ ਦਿੱਤੀ। ਉਸ ਨੇ ਆਪਣਾ ਚਿਹਰਾ ਮੇਰੇ ਨੇੜੇ ਕੀਤਾ ਤਾਂ ਕਿ ਮੈਂ ਸ਼ਾਦੀ ਦੀ ਸ਼ਗਨ ਭਰੀ ਚੁੰਮਣ ਉਸ ਨੂੰ ਦੇਵਾਂ। ਮੈਨੂੰ ਇਸ ਰਸਮ ਦਾ ਨਹੀਂ ਸੀ ਪਤਾ। ਉਸ ਦੀਆਂ ਸਹੇਲੀਆਂ ਨੇ ਪੋਲੇ ਜਿਹੇ ਆਖਿਆ, ”ਹੁਣ ਚੁੰਮਣ…..ਚੁੰਮ ? ।” ਤੇ ਮੈਂ ਉਸ ਦੇ ਹੋਠਾਂ ਨੂੰ ਚੁੰਮਣ ਦਿੱਤਾ, ਸ਼ਾਦੀ ਦੀ ਮੁਹਰ।

Total Views: 406 ,
Real Estate