ਪੁਲਿਸ ਦੀ ਕੁੱਟਮਾਰ ਕਰਨ ਦੀਆਂ ਘਟਨਾਵਾਂ ਚਿੰਤਾ ਦਾ ਵਿਸ਼ਾ ਕਾਰਨ ਲੱਭ ਕੇ ਪੁਲਿਸ ਦੀ ਕਾਰਜਸ਼ੈਲੀ ਸੁਧਾਰਨੀ ਵੀ ਸਮੇਂ ਦੀ ਲੋੜ

ਬਲਵਿੰਦਰ ਸਿੰਘ ਭੁੱਲਰ

ਪਿਛਲੇ ਹਫ਼ਤੇ ਪੰਜਾਬ ਪੁਲਿਸ ਦੇ ਮੁਲਾਜਮਾਂ ਦੀ ਕੁੱਟਮਾਰ ਕੀਤੇ ਜਾਣ ਦੀਆਂ ਦੋ ਘਟਨਾਵਾਂ ਵਾਪਰੀਆਂ, ਜਿਹਨਾਂ ਨੇ ਕਈ ਤਰ੍ਹਾਂ ਦੇ ਸੁਆਲ ਖੜੇ ਕਰ ਦਿੱਤੇ ਹਨ। ਸੱਤਰਵੇਂ ਦਹਾਕੇ ਤੱਕ ਪੁਲਿਸ ਦਾ ਬਹੁਤ ਡਰ ਭੈਅ ਹੁੰਦਾ ਸੀ ਅਤੇ ਪੁਲਿਸ ਮੁਲਾਜਮਾਂ ਦਾ ਬਹੁਤ ਸਤਿਕਾਰ ਕੀਤਾ ਜਾਂਦਾ ਸੀ। ਜੇਕਰ ਪਿੰਡ ਵਿੱਚ ਸਿਪਾਹੀ ਵੀ ਆਉਂਦਾ ਤਾਂ ਸੱਥ ਵਿੱਚ ਬੈਠੇ ਬਜੁਰਗ ਵੀ ਉਸਦੀ ਆਓ ਭਗਤ ਕਰਦੇ ਅਤੇ ਸੇਵਾ ਪੁਛਦੇ। ਮੁਲਾਜਮ ਜਦ ਕਿਸੇ ਦੇ ਘਰ ਜਾਂਦੇ ਤਾਂ ਪਿੰਡ ਦਾ ਸਰਪੰਚ ਨੰਬਰਦਾਰ ਜਾਂ ਚੌਕੀਦਾਰ ਉਹਨਾਂ ਦੇ ਨਾਲ ਹੁੰਦਾ, ਜੋ ਇੱਕ ਤਰ੍ਹਾਂ ਸੁਰੱਖਿਆ ਵੀ ਕਰਦਾ। ਪਰ ਹੁਣ ਸਥਿਤੀ ਬਹੁਤ ਬਦਲ ਗਈ ਹੈ। ਵਾਪਰੀਆਂ ਇਹਨਾਂ ਦੋ ਘਟਨਾਵਾਂ ਵਿੱਚ ਇੱਕ ਘਟਨਾ ਹਰਿਆਣਾ ਦੇ ਪਿੰਡ ਦੇਸੂ ਯੋਧਾ ਵਿੱਚ ਵਾਪਰੀ, ਬਠਿੰਡਾ ਪੁਲਿਸ ਦੀ ਇੱਕ ਟੀਮ ਨੇ ਇਸ ਪਿੰਡ ਦੇ ਇੱਕ ਵਿਅਕਤੀ ਕੁਲਵਿੰਦਰ ਸਿੰਘ ਦੇ ਘਰ ਸਵੇਰੇ ਸਵੇਰੇ ਹੀ ਛਾਪਾ ਮਾਰਿਆ, ਜਿਸ ਤੇ ਨਸ਼ੀਲੀਆਂ ਗੋਲੀਆਂ ਵੇਚਣ ਦਾ ਦੋਸ਼ ਸੀ। ਪੁਲਿਸ ਨੇ ਘਰ ਵਿੱਚ ਵੜ੍ਹਦਿਆਂ ਹੀ ਦਹਿਸਤ ਪਾਉਣ ਲਈ ਗਾਲਾਂ ਦੇਣੀਆਂ ਧੱਕੇ ਮਾਰਨੇ ਤੇ ਹੱਥੋਪਾਈ ਕਰਨੀ ਸੁਰੂ ਕਰ ਦਿੱਤੀ। ਇਸੇ ਦੌਰਾਨ ਇੱਕ ਕਰਮਚਾਰੀ ਨੇ ਫਾਇਰਿੰਗ ਕਰ ਦਿੱਤੀ, ਜਿਸਦੀ ਇੱਕ ਗੋਲੀ ਜੱਗਾ ਸਿੰਘ ਦੇ ਜਾ ਲੱਗੀ ਤੇ ਉਸਦੀ ਮੌਤ ਹੋ ਗਈ। ਇਸ ਉਪਰੰਤ ਭਗਦੜ ਮੱਚ ਗਈ, ਚੀਕ ਚਿਹਾੜਾ ਪੈ ਗਿਆ ਅਤੇ ਲੋਕ ਇਕੱਠੇ ਹੋ ਗਏ। ਉਹਨਾਂ ਇੱਟਾਂ ਰੋੜਿਆਂ ਨਾਲ ਪੁਲਿਸ ਪਾਰਟੀ ਤੇ ਹਮਲਾ ਕਰ ਦਿਤਾ। ਪੁਲਿਸ ਤੋਂ ਅਸਲਾ ਖੋਹ ਲਿਆ ਅਤੇ ਫਿਰ ਮੁਲਾਜਮਾਂ ਦੀ ਪੂਰੇ ਗੁੱਸੇ ਨਾਲ ਗਿੱਦੜਕੁੱਟ ਕੀਤੀ। ਸੱਤ ਕਰਮਚਾਰੀ ਜਖ਼ਮੀ ਹੋ ਗਏ ਜਿਹਨਾਂ ਵਿੱਚੋਂ ਦੋ ਦੀ ਹਾਲਤ ਤਾਂ ਗੰਭੀਰ ਵੀ ਸੀ। ਇੱਥੇ ਇਹ ਵੀ ਵਰਨਣਯੋਗ ਹੈ ਕਿ ਜਿਸ ਘਰ ਵਿੱਚ ਪੁਲਿਸ ਨੇ ਛਾਪਾ ਮਾਰਿਆ, ਉਸ ਘਰ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ ਸੀ ਤੇ ਪੁਲਿਸ ਵਾਲਿਆਂ ਨੇ ਪਾਠ ਵਾਲੇ ਕਮਰੇ ਵਿੱਚ ਵੜ੍ਹ ਕੇ ਆਪਣਾ ਬਚਾਅ ਕਰਨਾ ਚਾਹਿਆ, ਪਰ ਦਰਵਾਜੇ ਦਾ ਕੁੰਡਾ ਟੁੱਟ ਜਾਣ ਕਾਰਨ ਪੁਲਿਸ ਵਾਲਿਆਂ ਦਾ ਬਚਾਅ ਨਾ ਹੋ ਸਕਿਆ। ਪੁਲਿਸ ਵਾਲਿਆਂ ਨੇ ਹੱਥ ਬੰਨ੍ਹ ਕੇ ਤੇ ਹਾੜ੍ਹੇ ਕੱਢ ਕੱਢ ਕੇ ਆਪਣੀਆਂ ਜਾਨਾਂ ਬਚਾਈਆਂ।
ਫੋਨਾਂ ਰਾਹੀਂ ਸੁਨੇਹੇ ਦੇਣ ਤੇ ਵੱਖ ਵੱਖ ਥਾਨਿਆਂ ਤੋਂ ਹਰਿਆਣਾ ਪੁਲਿਸ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਪਹੁੰਚੀਆਂ, ਜਿਹਨਾਂ ਪਿੰਡ ਦੇ ਕੁੱਝ ਸਿਆਣੇ ਮੋਹਤਬਰ ਵਿਅਕਤੀਆਂ ਨਾਲ ਮਿਲ ਕੇ ਹਾਲਤਾਂ ਤੇ ਕਾਬੂ ਪਾਇਆ ਅਤੇ ਮੁਲਾਜਮਾਂ ਨੂੰ ਬਠਿੰਡਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ। ਪੁਲਿਸ ਨੇ ਪਿੰਡ ਵਾਲਿਆਂ ਉੱਪਰ ਪੁਲਿਸ ਤੇ ਹਮਲਾ ਕਰਨ, ਕੁੱਟਮਾਰ ਕਰਨ ਦਾ ਮੁਕੱਦਮਾ ਦਰਜ ਕਰ ਲਿਆ ਅਤੇ ਸਾਰੇ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਗਠਿਤ ਕਰ ਦਿੱਤੀ। ਜਿਹੜੀ ਘਟਨਾ ਵਾਪਰੀ ਉਹ ਦੁਖਦਾਈ ਸੀ, ਭਾਵੇਂ ਜੱਗਾ ਸਿੰਘ ਦੀ ਮੌਤ ਹੋਈ ਜਾਂ ਪੁਲਿਸ ਕਰਮਚਾਰੀਆਂ ਦੀ ਮਾਰ ਕੁੱਟ, ਇਹ ਚੰਗਾ ਨਹੀਂ ਹੋਇਆ।
ਦੂਜੀ ਘਟਨਾ ਪਟਿਆਲਾ ਦੇ ਫ਼ੁਹਾਰਾ ਚੌਂਕ ਵਿੱਚ ਵਾਪਰੀ, ਜਿੱਥੇ ਨਗਰ ਨਿਗਮ ਦੀ ਤਹਿ ਬਜਾਰੀ ਟੀਮ ਇੱਕ ਪਰੌਠਿਆਂ ਵਾਲੇ ਢਾਬੇ ਤੇ ਪਹੁੰਚੀ ਅਤੇ ਉਸ ਨਾਲ ਪੁਲਿਸ ਵਾਲੇ ਵੀ ਸਨ। ਟੀਮ ਨੇ ਢਾਬੇ ਦੇ ਬੈਂਚ ਉਠਾਉਣੇ ਸੁਰੂ ਕੀਤੇ ਤਾਂ ਉਹਨਾਂ ਇਤਰਾਜ ਉਠਾਇਆ। ਟੀਮ ਨਾਲ ਆਏ ਪੁਲਿਸ ਕਰਮਚਾਰੀ ਨੇ ਆਪਣਾ ਰੋਹਬ ਪਾਉਣਾ ਚਾਹਿਆ ਅਤੇ ਗੱਲ ਵਧ ਗਈ। ਢਾਬੇ ਵਾਲਿਆਂ ਦਾ ਇੱਕ ਨਜਦੀਕੀ ਹਿਜੜਾ ਹੈ, ਜੋ ਉਸ ਸਮੇਂ ਉ¤ਥੇ ਹਾਜਰ ਸੀ। ਉਸਨੇ ਆਪਣੇ ਦੂਜੇ ਸਾਥੀਆਂ ਨੂੰ ਫੋਨ ਰਾਹੀਂ ਬੁਲਾ ਲਿਆ। ਜਦ ਹਿਜੜੇ ਇਕੱਠੇ ਹੋ ਗਏ ਤਾਂ ਪੁਲਿਸ ਕਰਮਚਾਰੀ ਨੇ ਟਾਲਾ ਵੱਟਣ ਦੀ ਬਜਾਏ ਦੱਬ ਛੱਬ ਸੁਰੂ ਕਰ ਦਿੱਤੀ। ਗੱਲ ਵਿਗੜ ਗਈ ਹੱਥੋ ਪਾਈ ਸੁਰੂ ਹੋ ਗਈ। ਖੁਸਰਿਆਂ ਨੇ ਰੋੜਿਆਂ ਭਾਂਡਿਆਂ ਨਾਲ ਪੁਲਿਸ ਵਾਲੇ ਤੇ ਹਮਲਾ ਕਰ ਦਿੱਤਾ। ਖੁਸਰਿਆਂ ਨੇ ਰੋਸ ਵਜੋਂ ਆਪਣੇ ਕੱਪੜੇ ਉਤਾਰਨੇ ਸੁਰੂ ਕਰ ਦਿੱਤੇ, ਸਰੇਆਮ ਉਹ ਨਗਨ ਹਾਲਤ ਵਿੱਚ ਫਿਰਦੇ ਰਹੇ। ਹੋਰ ਪੁਲਿਸ ਪਹੁੰਚ ਗਈ ਤਾਂ ਉਹਨਾਂ ਨੂੰ ਕਾਬੂ ਕੀਤਾ ਗਿਆ ਅਤੇ ਉਹਨਾਂ ਤੇ ਮੁਕੱਦਮਾ ਦਰਜ ਕਰ ਦਿੱਤਾ ਗਿਆ। ਘਟਨਾ ਇਹ ਵੀ ਬਹੁਤ ਮਾੜੀ ਐ, ਪੰਜਾਬ ਦੀ ਦਲੇਰ ਕਹਾਉਂਦੀ ਪੁਲਿਸ ਨੇ ਖੁਸਰਿਆਂ ਤੋਂ ਕੁੱਟ ਖਾ ਲਈ।
ਇਹਨਾਂ ਦੁਖਦਾਈ ਘਟਨਾਵਾਂ ਦਾ ਵਿਸਲੇਸਣ ਕਰਨਾ ਚਾਹੀਦਾ ਹੈ, ਕਿ ਅਜਿਹਾ ਕਿਉਂ ਹੋਇਆ। ਪਹਿਲੀ ਘਟਨਾ ਪਿੰਡ ਦੇਸੂ ਯੋਧਾ ਦੀ ਗੱਲ ਕਰੀਏ, ਤਾਂ ਪੁਲਿਸ ਦਾ ਕਹਿਣਾ ਹੈ ਕਿ ਕੁਲਵਿੰਦਰ ਸਿੰਘ ਨਸ਼ੇ ਵੇਚਦਾ ਹੈ, ਜਿਸਦੇ ਘਰ ਛਾਪਾ ਮਾਰਿਆ ਗਿਆ ਸੀ। ਕੁਲਵਿੰਦਰ ਨਸ਼ੇ ਵੇਚਦਾ ਹੈ ਜਾਂ ਨਹੀਂ, ਇਹ ਵੱਖਰਾ ਸੁਆਲ ਹੈ ਪਰ ਪੰਜਾਬ ਪੁਲਿਸ ਨੂੰ ਇਹ ਅਧਿਕਾਰ ਕਿੱਥੋਂ ਮਿਲਿਆ ਕਿ ਉਹ ਹਰਿਆਣਾ ਦੇ ਪਿੰਡ ਵਿੱਚ ਜਾਵੇ ਗੋਲੀਆਂ ਚਲਾ ਕੇ ਇੱਕ ਵਿਅਕਤੀ ਦਾ ਕਤਲ ਕਰ ਦੇਵੇ। ਇਹ ਟੀਮ ਹਰਿਆਣਾ ਸਰਕਾਰ ਦੇ ਅਧਿਕਾਰੀਆਂ, ਉੱਥੋਂ ਦੀ ਪੁਲਿਸ ਨਾਲ ਸੰਪਰਕ ਕਰਕੇ ਸਬੰਧਤ ਥਾਨੇ ਵਿੱਚ ਰਪਟ ਪਾ ਕੇ ਜਾਂਦੀ ਤਾਂ ਜਾਇਜ਼ ਸੀ ਅਤੇ ਕਾਨੂੰਨ ਮੁਤਾਬਿਕ ਜਰੂਰੀ ਵੀ ਸੀ, ਪਰ ਪੁਲਿਸ ਨੇ ਅਜਿਹਾ ਨਹੀਂ ਕੀਤਾ। ਪੰਜਾਬ ਪੁਲਿਸ ਨੂੰ ਚਾਹੀਦਾ ਸੀ ਪਹਿਲਾਂ ਪੰਜਾਬ ਚੋਂ ਤਾਂ ਨਸ਼ੇ ਖਤਮ ਕਰ ਲਵੇ, ਪੰਜਾਬ ਦੇ ਸਮਗਲਰਾਂ ਨੂੰ ਤਾਂ ਗਿਰਫਤਾਰ ਕਰਕੇ ਜੇਲ੍ਹਾਂ ’ਚ ਭੇਜ ਦੇਵੇ, ਫੇਰ ਗੁਆਂਢੀ ਰਾਜਾਂ ਵਿੱਚ ਕਾਰਵਾਈ ਕਰਨ ਨੂੰ ਠੀਕ ਕਿਹਾ ਜਾ ਸਕਦਾ ਹੈ। ਦੂਜੇ ਪਾਸੇ ਪਿੰਡ ਵਾਲਿਆਂ ਵੱਲੋਂ ਮੁਲਾਜਮਾਂ ਦੀ ਕੁੱਟਮਾਰ ਕਰਨੀ ਵੀ ਜਾਇਜ਼ ਨਹੀਂ
ਸੀ, ਜਦ ਮੁਲਾਜਮਾਂ ਤੋਂ ਹਥਿਆਰ ਖੋਹ ਲਏ ਸਨ, ਤਾਂ ਉਹਨਾਂ ਨੂੰ ਕਾਬੂ ਕਰਕੇ ਹਰਿਆਣਾ ਪੁਲਿਸ ਦੇ ਸਪੁਰਦ ਕਰ ਦਿੰਦੇ ਅਤੇ ਕਾਨੂੰਨ ਅਨੁਸਾਰ ਕਾਰਵਾਈ ਕਰਵਾਉਂਦੇ, ਪਰ ਉਹਨਾਂ ਵੀ ਅਜਿਹਾ ਨਹੀਂ ਕੀਤਾ। ਹਰਿਆਣਾ ਪੁਲਿਸ ਨੇ ਵੀ ਪਿੰਡ ਵਾਲਿਆਂ ਤੇ ਮੁਕੱਦਮਾ ਦਰਜ ਕਰ ਦਿੱਤਾ, ਪਰ ਪੁਲਿਸ ਕਰਮਚਾਰੀਆਂ ਦਾ ਬਚਾਅ ਕਰਨ ਲਈ ਜਾਂਚ ਸੁਰੂ ਕਰ ਦਿੱਤੀ। ਇਸੇ ਤਰ੍ਹਾਂ ਪਟਿਆਲਾ ਵਾਲੀ ਘਟਨਾ ਵਿੱਚ ਖੁਸਰਿਆਂ ਨੂੰ ਫੜ੍ਹ ਕੇ ਜੇਲ੍ਹ ਵਿੱਚ ਭੇਜ ਦਿੱਤਾ ਅਤੇ ਉਹਨਾਂ ਤੇ ਇਹ ਵੀ ਦੋਸ਼ ਲਾਇਆ ਕਿ ਫੜੇ ਗਏ ਖੁਸਰਿਆਂ ਚੋਂ ਚਾਰ ਨਕਲੀ ਖੁਸਰੇ ਹਨ।
ਸਵਾਲ ਉਠਦੈ ਕਿ ਖੁਸਰੇ ਨਕਲੀ ਹਨ ਜਾਂ ਅਸਲੀ, ਇਸਦਾ ਮਾਰ ਕੁੱਟ ਦੇ ਮਾਮਲੇ ਨਾਲ ਕੋਈ ਵਾਸਤਾ ਨਹੀਂ, ਗੱਲ ਝਗੜੇ ਦੀ ਹੈ। ਇੱਥੇ ਵੀ ਜਾਂਚ ਕਰਨੀ ਬਣਦੀ ਸੀ ਕਿ ਕਿਸ ਧਿਰ ਦਾ ਕਿਨਾ ਕਸੂਰ ਹੈ, ਪਰ ਅਜਿਹਾ ਨਹੀਂ ਕੀਤਾ ਗਿਆ।
ਸੁਆਲਾਂ ਦਾ ਸੁਆਲ ਹੈ ਕਿ ਸੱਤਰਵੇਂ ਦਹਾਕੇ ਤੱਕ ਜਿਸ ਪੁਲਿਸ ਤੋਂ ਲੋਕ ਥਰ ਥਰ ਕੰਬਿਆ ਕਰਦੇ ਸਨ, ਇੱਕ ਸਿਪਾਹੀ ਮੂਹਰੇ ਵੀ ਬੋਲਣ ਦੀ ਕੋਈ ਹਿੰਮਤ ਨਹੀਂ ਸੀ ਕਰਦਾ, ਹੁਣ ਉਸਨੂੰ ਲੋਕ ਘੇਰ ਘੇਰ ਕੇ ਕੁੱਟਦੇ ਹਨ, ਅਜਿਹਾ ਕਿਉਂ ਹੋ ਰਿਹੈ? ਪੁਲਿਸ ਦਾ ਡਰ ਨਾ ਰਹਿਣ ਅਤੇ ਸਤਿਕਾਰ ਘਟਣ ਦੇ ਕਈ ਕਾਰਨ ਹਨ ਜਿਵੇਂ ਪਹਿਲਾ ਪੰਜਾਬ ਵਿੱਚ ਚੱਲੇ ਅੱਤਵਾਦ ਦੇ ਦੌਰ ਸਮੇਂ ਜੋ ਪੁਲਿਸ ਵਧੀਕੀਆਂ ਲੋਕਾਂ ਨਾਲ ਹੋਈਆਂ, ਝੂਠੇ ਮੁਕਾਬਲੇ ਬਣਾਏ ਗਏ ਉਹਨਾਂ ਨੇ ਰਾਜ ਦੇ ਲੋਕਾਂ ਦੇ ਮਨਾਂ ਵਿੱਚ ਪੁਲਿਸ ਦੀ ਕਦਰ ਘਟਾ ਦਿੱਤੀ ਸੀ, ਲੋਕਾਂ ਦੇ ਦਿਲਾਂ ਵਿੱਚ ਪੁਲਿਸ ਪ੍ਰਤੀ ਗੁੱਸਾ ਪ੍ਰਬਲ ਹੋ ਗਿਆ ਜੋ ਅਜੇ ਤੱਕ ਸਾਂਤ ਨਹੀਂ ਹੋਇਆ। ਦੂਜਾ ਕਾਰਨ ਹੈ ਕਿ ਭ੍ਰਿਸਟਾਚਾਰ ਨੇ ਪੁਲਿਸ ਦੇ ਅਕਸ ਨੂੰ ਭਾਰੀ ਸੱਟ ਮਾਰੀ ਹੈ। ਲੋਕ ਸਮਝਣ ਲੱਗ ਪਏ ਹਨ ਕਿ ਜਿਹੜੀ ਪੁਲਿਸ ਲੋਕਾਂ ਨੂੰ ਇਨਸਾਫ਼ ਦਿਵਾਉਣ ਦਾ ਕੰਮ ਕਰਦੀ ਸੀ, ਅੱਜ ਰਿਸਵਤ ਨਾਲ ਉਸਤੋਂ ਕੁੱਝ ਵੀ ਕਰਵਾਇਆ ਜਾ ਸਕਦੈ। ਦੋਸ਼ੀ ਨੂੰ ਬਚਾਇਆ ਜਾ ਸਕਦਾ ਹੈ ਅਤੇ ਨਿਰਦੋਸ ਨੂੰ ਦੋਸੀ ਬਣਾਇਆ ਜਾ ਸਕਦਾ ਹੈ। ਤੀਜਾ ਕਾਰਨ ਪੁਲਿਸ ਦਾ ਲੋਕਾਂ ਨਾਲ ਪਹਿਲਾਂ ਵਾਂਗ ਰਾਬਤਾ ਨਹੀਂ ਰਿਹਾ, ਕਈ ਦਹਾਕੇ ਪਹਿਲਾਂ ਪੁਲਿਸ ਅਫ਼ਸਰ ਸ਼ਹਿਰੀਆਂ ਜਾਂ ਪਿੰਡ ਦੇ ਪਤਵੰਤੇ ਸੱਜਣਾ ਨਾਲ ਸੰਪਰਕ ਰਖਦੇ ਅਤੇ ਵਾਪਰੀ ਕਿਸੇ ਘਟਨਾ ਸਬੰਧੀ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਅਤੇ ਰਾਇ ਮਸਵਰਾ ਕਰਦੇ, ਫਿਰ ਇਨਸਾਫ ਦਿੰਦੇ ਸਨ। ਹੁਣ ਅਜਿਹਾ ਰਾਬਤਾ ਨਹੀਂ ਰਿਹਾ, ਸਿਆਸਤਦਾਨਾਂ ਦੇ ਫੋਨ ਸੁਣ ਕੇ ਉਹਨਾਂ ਮੁਤਾਬਕ ਕੰਮ ਕਰ ਦਿੱਤਾ ਜਾਂਦੈ ਉਹ ਠੀਕ ਹੋਵੇ ਜਾਂ ਗਲਤ। ਪੁਲਿਸ ਨਾਲ ਵਾਪਰਦੀਆਂ ਇਹਨਾਂ ਘਟਨਾਵਾਂ ਨੂੰ ਚੰਗਾ ਨਹੀਂ ਕਿਹਾ ਜਾ ਸਕਦਾ, ਪਰ ਪੁਲਿਸ ਨੂੰ ਵੀ ਆਪਣੀ ਕਾਰਜਸ਼ੈਲੀ ਵਿੱਚ ਸੁਧਾਰ ਕਰਨਾ ਪਵੇਗਾ, ਲੋਕਾਂ ਵਿੱਚ ਆਪਣਾ ਅਕਸ ਚੰਗਾ ਬਣਾ ਕੇ ਪੁਲਿਸ ਦਾ ਮਾਣ ਸਤਿਕਾਰ ਕਾਇਮ ਕਰਨਾ ਪਵੇਗਾ। ਰਾਜ ਸਰਕਾਰ ਤੇ ਪੁਲਿਸ ਦੇ ਉ¤ਚ ਅਧਿਕਾਰੀਆਂ ਨੂੰ ਅਜਿਹੇ ਮਾਮਲਿਆਂ ਦੇ ਸੰਦਰਭ ਵਿੱਚ ਡੁੰਘਾਈ ਨਾਲ ਵਿਚਾਰ ਕਰਨੀ ਚਾਹੀਦੀ ਹੈ ਅਤੇ ਲੋਕਾਂ ਵਿੱਚ ਪੁਲਿਸ ਦਾ ਅਕਸ ਸੁਧਾਰਨ ਲਈ ਯਤਨ ਕਰਨੇ ਚਾਹੀਦੇ ਹਨ। ਪੁਲਿਸ ਲੋਕਾਂ ਲਈ ਹੈ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਤੇ ਉਹਨਾਂ ਦੀ ਰਾਖੀ ਕਰਨ ਲਈ ਹੈ। ਲੋਕਾਂ ਨੂੰ ਵੀ ਪੁਲਿਸ ਦੀ ਕਦਰ ਕਰਨੀ ਚਾਹੀਦੀ ਹੈ।
ਗਲੀ ਨੰ: 12, ਭਾਈ ਮਤੀ ਦਾਸ ਨਗਰ, ਬਠਿੰਡਾਮੋਬਾ: 098882-75913

Total Views: 72 ,
Real Estate