ਨੌਜਵਾਨ ਲੜਕੇ-ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰ ਰਿਹਾ ਹੈ ਆਈ.ਐਚ.ਐਮ. :ਕੁਕਿੰਗ ਅਤੇ ਬੇਕਰੀ ਦੀ ਦਿੱਤੀ ਜਾਂਦੀ ਹੈ ਮੁਫ਼ਤ ਸਿਖਲਾਈ

ਬਠਿੰਡਾ, 24 ਜੂਨ, ਬਲਵਿੰਦਰ ਸਿੰਘ ਭੁੱਲਰ

ਸਥਾਨਕ ਇੰਸਟੀਚਿਊਟ ਆਫ਼ ਹੋਟਲ ਮੈਨੇਜ਼ਮੈਂਟ ਅਥਾਰਟੀ ਅਤੇ ਕੈਟਰਿੰਗ ਟੈਕਨਾਲੌਜੀ (ਆਈ.ਐਚ.ਐਮ.) ਨੌਜਵਾਨ ਲੜਕੇ ਅਤੇ ਲੜਕੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਸਹਾਈ ਸਿੱਧ ਹੋ ਰਿਹਾ ਹੈ। ਇਸ ਸੰਸਥਾ ਵਿਖੇ ਰੈਗੂਲਰ ਬੀ.ਐਸ.ਸੀ. ਹੋਟਲ ਮੈਨੇਜਮੈਂਟ ਵਿੱਚ ਤਿੰਨ ਸਾਲਾਂ ਡਿਗਰੀ ਅਤੇ ਫੂਡ ਪ੍ਰਚੇਜਿੰਗ ਨਾਲ ਸਬੰਧਤ ਇੱਕ ਇੱਕ ਸਾਲਾ ਡਿਪਲੋਮੇ ਵੀ ਕਰਵਾਉਣ ਇਲਾਵਾ ਵੱਖ ਵੱਖ ਸਕੀਮਾਂ ਤਹਿਤ ਬੇਰੁਜ਼ਗਾਰ ਲੜਕੇ ਲੜਕੀਆਂ ਨੂੰ ਕੁਕਿੰਗ ਅਤੇ ਬੇਕਰੀ ਨਾਲ ਸਬੰਧਤ ਵਸਤਾਂ ਤਿਆਰ ਕਰਨ ਲਈ ਇੱਕ ਹਫ਼ਤੇ ਤੋਂ
ਲੈ ਕੇ ਚਾਰ ਮਹੀਨੇ ਤੱਕ ਦੀ ਮੁਫ਼ਤ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। ਸਾਲ 2010 ’ਚ ਸ਼ੁਰੂ ਹੋਈ ਇਸ ਸੰਸਥਾ ਤੋਂ ਡਿਪਲੋਮਾ ਅਤੇ ਡਿਗਰੀ ਤੋਂ ਇਲਾਵਾ ਹੁਣ ਤੱਕ 1016 ਸਿਖਿਆਰਥੀ ਬੇਕਰੀ ਅਤੇ ਕੁਕਿੰਗ ਦੀ ਮੁਫ਼ਤ ਟ੍ਰੇਨਿੰਗ ਲੈ ਕੇ ਰੁਜ਼ਗਾਰ ਪ੍ਰਾਪਤ ਕਰ ਚੁੱਕੇ ਹਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੰਸਥਾ ਦੀ ਪ੍ਰਿੰਸੀਪਲ ਰਣਜੀਤ ਕੋਹਲੀ ਨੇ ਦੱਸਿਆ ਕਿ ਇਸ ਸੰਸਥਾ ਤੋਂ ਡਿਗਰੀ ਅਤੇ ਡਿਪਲੋਮਾ ਪਾਸ ਸਿਖਿਆਰਥੀ ਜਿੱਥੇ ਦਿੱਲੀ ਅਤੇ ਮੁਬੰਈ ਆਦਿ ਵਰਗੇ ਮਹਾਨਗਰਾਂ ਦੇ ਪ੍ਰਸਿੱਧ ਹੋਟਲਾਂ ’ਚ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਰਹੇ ਹਨ, ਉੱਥੇ ਹਲਦੀਰਾਮ, ਬਰਗਰਕਿੰਗ, ਮੈਕਡੋਨਲ, ਨਜ਼ੀਰਫੂਡ ਆਦਿ ਪ੍ਰਸਿੱਧ ਕੰਪਨੀਆਂ ਵਿੱਚ ਨੌਕਰੀ ਵੀ ਕਰ ਰਹੇ ਹਨ। ਇਸ ਸਬੰਧੀ ਸੰਸਥਾ ਦੀ ਪ੍ਰੋਗਰਾਮ ਕੁਆਰਡੀਨੇਟਰ ਮੈਡਮ ਰੀਤੂ ਬਾਲਾ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਸਥਾ ਵਿਖੇ ਬੇਰੁਜ਼ਗਾਰ ਲੜਕੇ-ਲੜਕੀਆਂ ਨੂੰ ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਦੇ ਮਕਸਦ ਨਾਲ ਸਮੇਂ-ਸਮੇਂ ਵੱਖ- ਵੱਖ ਤਰ੍ਹਾਂ ਦੀ ਮੁਫ਼ਤ ਟ੍ਰੇਨਿੰਗ ਵੀ ਕਰਵਾਈ ਜਾ ਰਹੀ ਹੈ। ਆਂਤਰਪ੍ਰੀਨਿਉਰਸ਼ਿਪ ਪ੍ਰੋਗਰਾਮ ਤਹਿਤ ਇੱਕ ਹਫ਼ਤੇ ਤੋਂ ਲੈ ਕੇ ਚਾਰ ਮਹੀਨਿਆਂ ਤੱਕ ਦੀ ਕਰਵਾਈ ਜਾਣ ਵਾਲੀ ਇਸ ਮੁਫ਼ਤ ਟ੍ਰੇਨਿੰਗ ਦੌਰਾਨ ਕੁਕਿੰਗ ਤੋਂ ਇਲਾਵਾ ਕੇਕ, ਪੇਸਟੀਜ਼, ਪੇਟੀਜ਼, ਪੀਜ਼ਾ, ਬ੍ਰੈਡ, ਬਿਸਕੁਟ, ਕੁਕੀਜ਼ ਅਤੇ ਬਰਗਰ ਆਦਿ ਦੀ ਟ੍ਰੇਨਿੰਗ ਕਰਵਾਈ ਜਾਂਦੀ ਹੈ।
ਇੱਥੇ ਐਚ.ਐਸ.ਆਰ.ਟੀ. ਮਲਟੀਕੁਜ਼ੀਨ ਕੁੱਕ ਤਹਿਤ ਕਰਵਾਈ ਜਾ ਰਹੀ ਟ੍ਰੇਨਿੰਗ ਬਾਰੇ ਜਾਣਕਾਰੀ ਦਿੰਦਿਆਂ ਪ੍ਰੋਗਰਾਮ ਕੁਆਰਡੀਨੇਟਰ ਨੇ ਦੱਸਿਆ ਕਿ 500 ਘੰਟੇ ਦੀ ਟ੍ਰੇਨਿੰਗ ਇਸ ਸੰਸਥਾ ਵਿਖੇ ਅਤੇ 200 ਘੰਟੇ ਦੀ ਟ੍ਰੇਨਿੰਗ ਵੱਖ-ਵੱਖ ਹੋਟਲਾਂ ’ਚ ਕਰਵਾਈ ਜਾਂਦੀ ਹੈ। ਇਸ ਟ੍ਰੇਨਿੰਗ ਦੌਰਾਨ ਅਫ਼ਗਾਨੀ ਮੁਰਗਾ, ਅਫ਼ਗਾਨੀ ਪਨੀਰ, ਰਾਜਮਾਂਹ ਮਸਾਲਾ, ਜੀਰਾ ਪਲਾਓ, ਬੇਸਨ ਦੀ ਬਰਫ਼ੀ ਅਤੇ ਪਲੇਨ ਨਾਹਨ ਦੀ ਮੁਫ਼ਤ ਸਿਖਲਾਈ ਦਿੱਤੀ ਜਾਂਦੀ ਹੈ। ਪ੍ਰੋਗਰਾਮ ਕੁਆਰਡੀਨੇਟਰ ਮੈਡਮ ਰੀਤੂ ਬਾਲਾ ਨੇ ਸੰਸਥਾ ਵਿਖੇ ਹੁਣ ਤੱਕ ਕਰਵਾਈ ਗਈ ਵੱਖ-ਵੱਖ ਤਰ੍ਹਾਂ ਦੀ ਮੁਫ਼ਤ ਟ੍ਰੇਨਿੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲ 2010 ਤੋਂ 2014 ਤੱਕ 450 ਸਿਖਿਆਰਥੀ, ਸਾਲ 2014-15 ਦੌਰਾਨ 182 ਸਿਖਿਆਰਥੀ, ਸਾਲ 2015-16 ਦੌਰਾਨ 110 ਸਿਖਿਆਰਥੀ, ਸਾਲ 2016-17 ਦੌਰਾਨ 152 ਸਿਖਿਆਰਥੀ, ਸਾਲ 2017-18 ਦੌਰਾਨ 27 ਸਿਖਿਆਰਥੀ, ਸਾਲ 2018-19 ਦੌਰਾਨ 35 ਸਿਖਿਆਰਥੀ ਮੁਫ਼ਤ ਸਿਖਲਾਈ ਪ੍ਰਾਪਤ ਕਰਕੇ ਲਾਹਾ ਲੈ ਚੁੱਕੇ ਹਨ। ਇਸ ਸੰਸਥਾ ਤੋਂ ਬੇਕਰੀ ਦੀ ਮੁਫ਼ਤ ਟ੍ਰੇਨਿੰਗ ਲੈ ਰਹੀ ਮਧੂ ਗਰੇਵਾਲ ਦਾ ਕਹਿਣਾ ਸੀ ਕਿ ਉਸ ਨੂੰ ਕੁਕਿੰਗ ਦਾ ਬਹੁਤ ਸ਼ੌਂਕ ਹੈ, ਉਹ ਇਸ ਸੰਸਥਾ ਤੋਂ ਸਿਖਲਾਈ ਪ੍ਰਾਪਤ ਕਰਕੇ ਖ਼ੁਸ਼ੀ ਮਹਿਸੂਸ ਕਰ ਰਹੀ ਹੈ। ਉਸ ਦਾ ਇਹ ਵੀ ਕਹਿਣਾ ਹੈ ਕਿ ਉਹ ਬੇਕਰੀ ਦੇ ਕਿੱਤੇ ਨੂੰ ਪ੍ਰਫੈਸਨਲ ਕਿੱਤੇ ਵਜੋਂ ਅਪਨਾਉਣਾ ਚਾਹੁੰਦੀ ਹੈ। ਇਸੇ ਤਰ੍ਹਾਂ ਇੱਕ ਹੋਰ ਸਿਖਿਆਰਥਣ ਪੂਨਮ ਮਿੱਤਲ ਦਾ ਕਹਿਣਾ ਸੀ ਕਿ ਉਹਭਾਵੇਂ ਇਸ ਤੋਂ ਪਹਿਲਾਂ ਜਾਇਕਾ ਨਾਮੀਂ ਕੇਕ, ਕੁਕੀਜ਼ ਅਤੇ ਪੀਜ਼ਾ ਆਦਿ ਤਿਆਰ ਕਰਕੇ ਆਨਲਾਈਨ ਸਪਲਾਈ ਕਰ ਰਹੀ ਹੈ। ਪਰ ਉਸ ਦਾ ਬੇਕਰੀ ਦੇ ਖੇਤਰ ਵਿੱਚ ਹੋਰ ਜ਼ਿਆਦਾ ਉਪਲੱਬਧੀ ਹਾਸਲ ਕਰਨ ਦਾ ਸੁਪਨਾ ਹੈ। ਇਸੇ ਤਰ੍ਹਾਂ ਐਚ.ਐਸ.ਆਰ.ਟੀ. ਮਲਟੀਕੁਜ਼ੀਨ ਕੁੱਕ ਦੀ ਟ੍ਰੇਨਿੰਗ ਲੈ ਰਹੀਆਂ ਪੇਂਡੂ ਖੇਤਰ ਨਾਲ ਸਬੰਧਤ ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਖ਼ੁਸ਼ਕਰਨ ਕੌਰ ਅਤੇ ਸਿਮਰਦੀਪ ਕੌਰ ਦਾ ਕਹਿਣਾ ਸੀ ਕਿ ਉਹ ਵੀ ਕੁਕਿੰਗ ਅਤੇ ਬੇਕਰੀ ਦੀ ਟ੍ਰੇਨਿੰਗ ਲੈ ਕੇ ਇਸ ਨੂੰ ਪ੍ਰਫੈਸ਼ਨਲ ਕਿੱਤੇ ਵਜੋਂ ਅਪਨਾਉਣਾ ਚਾਹੁੰਦੀਆਂ ਹਨ। ਸ਼ਹਿਰ ’ਚ ਨਾਲ-ਨਾਲ ਬੁਟੀਕ ਦੀ ਦੁਕਾਨ ਚਲਾ ਰਹੀ ਹਰਜੀਤ ਕੌਰ ਸਿੱਧੂ ਦਾ ਕਹਿਣਾ ਸੀ ਕਿ ਉਸ ਨੂੰ ਵੀ ਕੁਕਿੰਗ ਦਾ ਬਹੁਤ ਸ਼ੌਂਕ ਹੈ ਅਤੇ ਉਹ ਦੋਵੇਂ ਮਾਵਾਂ-ਧੀਆਂ ਇੱਕਠੀਆਂ ਹੀ ਇੱਥੋ ਕੁਕਿੰਗ ਦੀ ਸਿਖਲਾਈ ਲੈ ਰਹੀਆਂ ਹਨ। ਉਨ੍ਹਾਂ ਦਾ ਬੁਟੀਕ ਦੇ ਨਾਲ-ਨਾਲ ਕੁਕਿੰਗ ਨੂੰ ਵੀ ਪ੍ਰੋਫੈਸ਼ਨਲ ਕਿੱਤੇ ਵਜੋਂ ਅਪਨਾਉਣ ਦਾ ਸੁਪਨਾ ਹੈ।

Total Views: 79 ,
Real Estate