ਪਿੰਡ ਗਹਿਰੀ ਬੁੱਟਰ ਦੇ ਲੋਕਾਂ ਨੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ , ਸਦੀ ਬਾਅਦ ਨੰਦਾ ਮਾਈ ਦੇ ਪਰਿਵਾਰ ਨੂੰ ਮਿਲੀ ਕਬਰਾਂ ਲਈ ਜਗ੍ਹਾ

ਬਠਿੰਡਾ, 16 ਜੂਨ, ਬਲਵਿੰਦਰ ਸਿੰਘ

ਇਸ ਜਿਲ੍ਹੇ ਦੇ ਪਿੰਡ ਗਹਿਰੀ ਬੁੱਟਰ ਦੇ ਵਸਨੀਕਾਂ ਨੇ ਭਾਵੇਂ ਭਾਰਤ ਪਾਕਿ ਵੰਡ ਸਮੇਂ ਵੀ ਭਾਈਚਾਰਕ ਏਕਤਾ ਤੇ ਪਿਆਰ ਦਾ ਸਬੂਤ ਦਿੰਦਿਆਂ ਪਿੰਡ ਦੇ ਇੱਕੋ ਇੱਕ ਮੁਸਲਮਾਨ ਪਰਿਵਾਰ ਨੂੰ ਪੂਰੀ ਸੁਰੱਖਿਆ ਦੇ ਕੇ ਸੰਭਾਲਿਆ ਸੀ, ਹੁਣ ਫਿਰ ਪਿੰਡ ਦੇ ਵਸਨੀਕਾਂ ਨੇ ਉਸੇ ਅਸੂਲ ਤੇ ਪਹਿਰਾ ਦਿੰਦਿਆਂ ਇਸ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦੇ ਹੋਏ ਪਿੰਡ ’ਚ ਕਬਰਾਂ ਲਈ ਜਗਾਹ ਦੇ ਕੇ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਪਿੰਡ ਵਿੱਚ ਭਾਰਤ ਪਾਕਿ ਵੰਡ ਤੋਂ ਕਾਫ਼ੀ ਪਹਿਲਾਂ ਦੇ ਸਮੇਂ ਤੋਂ ਇੱਕ ਮੁਸਲਮਾਨ ਪਠਾਣਾ ਖਾਨ ਦਾ ਪਰਿਵਾਰ ਰਹਿੰਦਾ ਸੀ, ਜਿਸਦੀ ਪਤਨੀ ਨੰਦਾਂ ਬੁੜੀ ਪਿੰਡ ਵਿੱਚ ਦਾਈ ਦਾ ਕੰਮ ਕਰਦੀ ਸੀ। ਉਹਨਾਂ ਦੇ ਦੁਨੀਆਂ ਤੋਂ ਰੁਖ਼ਸਤ ਹੋਣ ਉਪਰੰਤ ਉਹਨਾਂ ਦੇ ਦੋ ਪੁੱਤਰ ਮੋਰੂ ਖਾਨ ਤੇ ਸਾਧੂ ਖਾਨ ਪਿੰਡ ਵਿੱਚ ਰਹੇ ਅਤੇ ਉਹਨਾਂ ਦੀਆਂ ਪਤਨੀਆਂ ਵੀ ਆਪਣੀ ਅੰਮਾਂ ਤੋਂ ਦਾਈ ਦੀ ਟਰੇਨਿੰਗ ਲੈ ਕੇ ਪਿੰਡ ’ਚ ਇਹ ਸੇਵਾ ਨਿਭਾਉਂਦੀਆਂ ਰਹੀਆਂ। ਉਹਨਾਂ ਸਮਿਆਂ ਵਿੱਚ ਔਰਤਾਂ ਨੂੰ ਜਣੇਪੇ ਲਈ ਸ਼ਹਿਰਾਂ ਦੇ
ਹਸਪਤਾਲਾਂ ਵਿੱਚ ਲਿਜਾਣ ਦਾ ਰਿਵਾਜ ਨਹੀਂ ਸੀ। ਇਸ ਤਰ੍ਹਾਂ ਇਸ ਪਰਿਵਾਰ ਦੀਆਂ ਔਰਤਾਂ ਨੇ ਦਹਾਕਿਆਂ ਤੱਕ ਪਿੰਡ ਵਿੱਚ ਇਹ ਸੇਵਾ ਨਿਭਾਈ। ਇਸ ਪਰਿਵਾਰ ਨੇ ਪਿੰਡ ਦੇ ਹਰ ਦੁਖ ਸੁਖ ਵਿੱਚ ਹਿੱਸਾ ਲਿਆ, ਜਿਸ ਕਰਕੇ ਪਿੰਡ ਵਾਸੀ ਉਹਨਾਂ ਨਾਲ ਬੜਾ ਮੋਹ ਹਿਤਕਾਰ ਰਖਦੇ ਰਹੇ। ਦੇਸ਼ ਦੀ ਵੰਡ ਹੋਈ, ਉਸ ਸਮੇਂ ਹੋਈ ਦਰਦਨਾਕ ਵੱਢਾ ਟੁਕੀ ’ਚ ਹਜਾਰਾਂ ਮੁਸਲਮਾਨ ਮੌਤ ਦੇ ਮੂੰਹ ਵਿੱਚ ਚਲੇ ਗਏ ਅਤੇ ਜੋ ਬਚ ਗਏ ਉਹਨਾਂ ਨੂੰ ਸਰਕਾਰ ਰਾਹੀਂ ਨਵੇਂ ਬਣੇ ਦੇਸ਼ ਪਾਕਿਸਤਾਨ ਵਿੱਚ ਭੇਜ ਦਿੱਤਾ ਗਿਆ। ਪਰ ਇਸ ਪਿੰਡ ਦੇ ਲੋਕਾਂ ਨੇ ਨਾਂ ਵੱਢਾ ਟੁਕੀ ਦੇ ਦਿਨਾਂ ਵਿੱਚ ਉਸ ਪਰਿਵਾਰ ਵੱਲ ਉਂਗਲ ਉ¤ਠਣ ਦਿੱਤੀ ਅਤੇ ਨਾ ਹੀ ਪਾਕਿਸਤਾਨ ਭੇਜਿਆ, ਸਗੋਂ ਪਿਆਰ ਦਾ ਸਬੂਤ ਦਿੰਦਿਆਂ ਉਹਨਾਂ ਨੂੰ ਪੂਰੀ ਸੁਰੱਖਿਆ ਦਿੱਤੀ। ਇਸ ਪਰਿਵਾਰ ਨੇ ਵੀ ਪਾਕਿਸਤਾਨ ਵੱਲ ਮੂੰਹ ਨਾ ਕੀਤਾ ਅਤੇ ਪਿੰਡ ਵਿੱਚ ਰਹਿਣ ਨੂੰ ਹੀ ਪਹਿਲ ਦਿੱਤੀ। ਉਸ ਸਮੇਂ ਤੋਂ ਇਹ ਪਰਿਵਾਰ ਪੂਰੀ ਭਾਈਚਾਰਕ ਸਾਂਝ ਤੇ ਪਿਆਰ ਨਾਲ ਇਸ ਪਿੰਡ ਵਿੱਚ ਰਹਿ ਰਿਹਾ ਹੈ, ਪਰੰਤੂ ਉਸਨੂੰ ਇੱਕ ਵੱਡੀ ਮੁਸਕਿਲ ਪੇਸ ਆਉਂਦੀ ਰਹੀ, ਕਿ ਪਿੰਡ ਵਿੱਚ ਮੁਸਲਮਾਨਾਂ ਦਾ ਇੱਕੋ ਪਰਿਵਾਰ ਹੋਣ ਕਾਰਨ ਉਹਨਾਂ ਦੀਆਂ ਕਬਰਾਂ ਲਈ ਕਿਸੇ ਸਰਕਾਰ, ਪ੍ਰਸਾਸਨ ਨੇ ਕੋਈ ਜਗਾਹ ਰਿਜਰਵ ਨਾ ਕੀਤੀ। ਜਦ ਇਸ ਪਰਿਵਾਰ ਦੇ ਕਿਸੇ ਮੈਂਬਰ ਦੀ ਮੌਤ ਹੋ ਜਾਂਦੀ ਤਾਂ ਲਾਸ਼ ਨੂੰ ਰਾਜਸਥਾਨ ਦੇ ਪਿੰਡ ਖੇਰੂਆਣਾ ਵਿਖੇ ਲਿਜਾ ਕੇ ਦਫ਼ਨਾਇਆ ਜਾਂਦਾ। ਖੇਰੂਆਣਾ ਵਿਖੇ ਪਠਾਣਾ ਖਾਨ ਦੀਆ ਪੁੱਤਰੀਆਂ ਵਿਆਹੀਆਂ ਹੋਈਆਂ ਸਨ, ਜਿਸ ਸਦਕਾ ਉਥੇ ਦੇ ਕਬਰਸਥਾਨ ਦੀ ਇਹ ਪਰਿਵਾਰ ਵਰਤੋਂ ਕਰਦਾ ਰਿਹਾ।
ਬੀਤੇ ਦਿਨੀਂ ਜਦ ਇਸ ਪਰਿਵਾਰ ਦੇ ਮੈਂਬਰ ਮੋਰੂ ਖਾਨ ਦੀ ਮੌਤ ਹੋਈ ਤਾਂ ਪਰਿਵਾਰ ਵਾਲੇ ਉਸਨੂੰ ਦਫ਼ਨਾਉਣ ਲਈ ਰਾਜਸਥਾਨ ਲਿਜਾਣ ਦੀਆਂ ਤਿਆਰੀਆਂ ਕਰ ਰਹੇ ਸਨ, ਪਰ ਪਿੰਡ ਦੇ ਪਤਵੰਤੇ ਵਿਅਕਤੀਆਂ ਤੇ ਪੰਚਾਇਤ ਨੇ ਮਹਿਸੂਸ ਕੀਤਾ ਕਿ ਪਰਿਵਾਰ ਪਿੰਡ ਦਾ ਸਦੀਆਂ ਤੋਂ ਵਸਨੀਕ ਹੈ, ਫਿਰ ਉਸਦੇ ਪਰਿਵਾਰਕ ਮੈਂਬਰ ਨੂੰ ਦਫਨਾਉਣ ਲਈ ਹੋਰ ਕਿਸੇ ਪਿੰਡ ਕਿਉਂ ਲਿਜਾਇਆ ਜਾਵੇ? ਉਹਨਾਂ ਪਿੰਡ ਦੇ ਸਮਸਾਨਘਾਟ ਦੇ ਇੱਕ ਪਾਸੇ ਕਬਰਾਂ ਲਈ ਜਗਾਹ ਦੇਣ ਦਾ ਦੇਸ਼ ਦੀ ਆਜ਼ਾਦੀ ਤੋਂ 62 ਸਾਲ ਬਾਅਦ ਸਰਬਸੰਮਤੀ ਨਾਲ ਫੈਸਲਾ ਲਿਆ। ਇਸ ਫੈਸਲੇ ਅਨੁਸਾਰ ਮ੍ਰਿਤਕ ਮੋਰੂ ਖਾਨ ਨੂੰ ਸਮਸਾਨਘਾਟ ਵਿੱਚ ਹੀ ਦਫ਼ਨਾਇਆ ਗਿਆ, ਇਸ ਮੌਕੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਸਾਮਲ ਹੋਏ।
ਇਸ ਮੌਕੇ ਧਾਰਮਿਕ ਰਸਮਾਂ ਪੂਰੀਆਂ ਕਰਨ ਲਈ ਬਠਿੰਡਾ ਦੇ ਇਮਾਮ ਮੌਲਵੀ ਰਮਜਾਨ ਨਾਇਮੀ ਵਿਸੇਸ਼ ਤੌਰ ਤੇ ਪਹੁੰਚੇ, ਉਹਨਾਂ ਪਿੰਡ ਵਾਸੀਆਂ ਵੱਲੋਂ ਲਏ ਇਸ ਫੈਸਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਪਿੰਡ ਵਿੱਚ ਭਾਈਚਾਰਕ ਏਕਤਾ ਤੇ ਪਿਆਰ ਨੂੰ ਹੋਰ ਬਲ ਮਿਲੇਗਾ। ਇਲਾਕੇ ਵਿੱਚ ਪਿੰਡ ਦੇ ਇਸ ਫੈਸਲੇ ਨੇ ਇੱਕ ਚਰਚਾ ਛੇੜ ਦਿੱਤੀ ਹੈ, ਬੁੱਧੀਜੀਵੀ ਲੋਕ ਇਸਦੀ ਸਲਾਘਾ ਕਰ ਰਹੇ ਹਨ। ਇੱਕ ਪਿੰਡ ਵਾਸੀ ਤਰਸੇਮ ਸਿੰਘ ਨੇ ਪਿੰਡ ਦੇ ਇਸ ਫੈਸਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਜਿੱਥੇ ਇਹ ਭਾਈਚਾਰਕ ਏਕਤਾ ਨੂੰ ਮਜਬੂਤ ਕਰਨ ਦਾ ਇੱਕ ਸਾਧਨ ਬਣੇਗਾ ਉੱਥੇ ਪੰਜਾਬ ਦੇ ਲੋਕਾਂ ਲਈ ਰਾਹ ਦਸੇਰਾ ਵੀ ਬਣੇਗਾ। ਉਸਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਨੰਦਾ ਮਾਈ ਦੇ ਪਰਿਵਾਰ ਦੀ ਪਿੰਡ ਲਈ ਕੀਤੀ ਸੇਵਾ ਦਾ ਮੁੱਲ ਤਾਂ ਪਾਇਆ ਹੀ ਨਹੀਂ ਜਾ ਸਕਦਾ, ਪਰ ਕੋਸਿਸ਼ ਕੀਤੀ ਗਈ ਹੈ ਤੇ ਸਲਾਘਾਯੋਗ ਹੈ।

Total Views: 7 ,
Real Estate