ਬਰੈਂਪਟਨ ਹਿੰਦੂ ਸਭਾ ਮੰਦਰ ਅੱਗੇ ਹਿੰਸਕ ਮੁਜ਼ਾਹਰਾ

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਰੈਂਪਟਨ ਹਿੰਦੂ ਸਭਾ ਮੰਦਰ ਦੇ ਬਾਹਰ ਹੋਈ ਹਿੰਸਾ ਦੀ ਨਿਖੇਧੀ ਕਰਦਿਆਂ ਇਸ ਨੂੰ ”ਨਾ-ਸਹਿਣਯੋਗ” ਦੱਸਿਆ ਹੈ।ਟਰੂਡੋ ਨੇ ਸੋਸ਼ਲ ਮੀਡੀਆ ਸਾਇਟ ਐਕਸ ਉੱਤੇ ਪੋਸਟ ਰਾਹੀ ਲਿਖਿਆ, ‘‘ਬਰੈਂਪਟਨ ਦੇ ਹਿੰਦੂ ਮੰਦਰ ਦੇ ਬਾਹਰ ਹੋਈ ਹਿੰਸਾ ਨਾ ਸਹਿਣਯੋਗ ਹੈ। ਸਾਰੇ ਕੈਨੇਡੀਅਨਾਂ ਨੂੰ ਆਪਣੀ ਆਸਥਾ ਮੁਤਾਬਕ ਆਪਣੇ ਰੀਤੀ ਰਿਵਾਜ਼ ਅਜ਼ਾਦੀ ਅਤੇ ਸੁਰੱਖਿਆ ਨਾਲ ਮਨਾਉਣ ਦੀ ਅਜ਼ਾਦੀ ਹੈ। ਕਮਿਊਨਿਟੀ ਦੀ ਸੁਰੱਖਿਆ ਅਤੇ ਮਾਮਲੇ ਦੀ ਜਾਂਚ ਲਈ ਚੌਕਸੀ ਦਿਖਾਉਣ ਲ਼ਈ ਪੀਲ ਪੁਲਿਸ ਦਾ ਧੰਨਵਾਦ।’’
ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਜਾ ਰਹੀ ਹੈ, ਜਿਸ ਵਿੱਚ ਕੁਝ ਲੋਕ ਝੰਡਿਆਂ ਅਤੇ ਬੈਨਰਾਂ ਨਾਲ ਦਿਖਾਈ ਦੇ ਰਹੇ ਹਨ। ਉਹ ਕੁਝ ਲੋਕਾਂ ਨਾਲ ਮਾਰ-ਕੁੱਟ ਕਰ ਰਹੇ ਹਨ।ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰਿਆ ਨੇ ਇਸ ਨੂੰ ‘‘ਖਾਲਿਸਤਾਨੀ ਸਮਰਥਕਾਂ ਵਲੋਂ ਮੰਦਰ ਦੀ ਹਦੂਦ ਅੰਦਰ ਆ ਕੇ ਹਿੰਦੂਆਂ ਉੱਤੇ ਹਮਲਾ’’ ਕਰਾਰ ਦਿੱਤਾ ਹੈ।
ਪੀਲ ਰਿਜਨਲ ਪੁਲਿਸ ਨੇ ਐਕਸ ਉੱਤੇ ਇੱਕ ਪੋਸਟ ਕਰਕੇ ਇਸ ਘਟਨਾ ਬਾਰੇ ਲਿਖਿਆ ਹੈ ਕਿ ਉਨ੍ਹਾਂ ਨੂੰ ਹਿੰਦੂ ਸਭਾ ਮੰਦਰ ਦੇ ਬਾਹਰ ਹੋਣ ਵਾਲੇ ਮੁਜ਼ਾਹਰੇ ਦੀ ਜਾਣਕਾਰੀ ਸੀ। ਇਸ ਲਈ ਮੰਦਰ ਅੱਗੇ ਸ਼ਾਤੀ ਅਤੇ ਕਾਨੂੰਨ ਦੀ ਬਹਾਲੀ ਲਈ ਪੁਲਿਸ ਨਫ਼ਰੀ ਵਧਾਈ ਗਈ ਸੀ।ਹਿੰਸਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਮੁਖੀ ਨਿਸ਼ਾਨ ਦੁਰਾਇਪਾਹ ਨੇ ਐਕਸ ਉੱਤੇ ਲਿਖਿਆ, ‘‘ਅਸੀਂ ਸ਼ਾਂਤਮਈ ਅਤੇ ਸੁਰੱਖਿਅਤ ਤਰੀਕੇ ਨਾਲ ਰੋਸ ਪ੍ਰਗਟਾਵਾ ਕਰਨ ਦੇ ਹਰ ਕਿਸੇ ਦੇ ਅਧਿਕਾਰ ਦਾ ਸਨਮਾਨ ਕਰਦੇ ਹਾਂ, ਪਰ ਅਸੀਂ ਹਿੰਸਾ ਅਤੇ ਅਪਰਾਧਕ ਕਾਰਵਾਈ ਨੂੰ ਸਹਿਣ ਨਹੀਂ ਕਰ ਸਕਦੇ, ਜਿਹੜੇ ਇਸ ਗਤੀਵਿਧੀ ਵਿੱਚ ਸ਼ਾਮਲ ਹਨ, ਉਨ੍ਹਾਂ ਦਾ ਪਿੱਛਾ ਕਰਾਂਗੇ, ਗ੍ਰਿਫ਼ਤਾਰ ਕਰਕੇ, ਚਾਰਜ ਕਰਾਂਗੇ।’’
ਪੁਲਿਸ ਨੇ ਸੀਬੀਸੀ ਨਿਊਜ਼ ਨੂੰ ਦੱਸਿਆ ਕਿ ਇਸ ਮਾਮਲੇ ਵਿੱਚ ਅਜੇ ਤੱਕ ਕੋਈ ਗ੍ਰਿਫ਼ਤਾਰੀ ਨਹੀਂ ਹੋਈ ਹੈ।
ਕੈਨੇਡੀਅਨ ਸੰਸਦ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕੰਜ਼ਰਵੇਟਿਵ ਸੰਸਦ ਮੈਂਬਰ ਪੀਅਰ ਪੋਲੀਵਰ, ਓਟਰਾਰੀਓ ਦੇ ਪ੍ਰੀਮੀਅਰ (ਮੁੱਖ ਮੰਤਰੀ) ਤੇ ਪੀਸੀ ਪਾਰਟੀ ਦੇ ਆਗੂ ਡੱਗ ਫੋਰਡ ਅਤੇ ਬਰੈਂਪਟਨ ਦੇ ਮੇਅਰ ਪੈਟ੍ਰਿਕ ਬਰਾਉਂਨ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।

Total Views: 417 ,
Real Estate