ਭਾਜਪਾ ਸੰਸਦ ਮੈਂਬਰ ਬਿਧੂੜੀ ਦੇ ਬਿਆਨ ਦੀ ਚੁਫੇਰਿਓਂ ਆਲੋਚਨਾ

ਭਾਜਪਾ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ ਵੱਲੋਂ ਲੋਕ ਸਭਾ ਵਿੱਚ ਬਹੁਜਨ ਸਮਾਜ ਪਾਰਟੀ ਦੇ ਸੰਸਦ ਮੈਂਬਰ ਦਾਨਿਸ਼ ਅਲੀ ਬਾਰੇ ਕੀਤੀ ਇਤਰਾਜ਼ਯੋਗ ਟਿੱਪਣੀ ਦਾ ਵੱਖ ਵੱਖ ਪਾਰਟੀਆਂ ਨੇ ਵਿਰੋਧ ਕੀਤਾ ਹੈ।ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੇ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ ਬਿਧੂੜੀ ਦੀ ਟਿੱਪਣੀ ਗਲੀਆਂ ਦੇ ਗੁੰਡਿਆਂ ਵਰਗੀ ਹੈ। ਆਰਜੇਡੀ ਆਗੂ ਨੇ ਕਿਹਾ ਕਿ ਉਨ੍ਹਾਂ ਨੂੰ ਬਿਧੂੜੀ ਖ਼ਿਲਾਫ਼ ਕਾਰਵਾਈ ਦੀ ਕੋਈ ਆਸ ਨਹੀਂ ਹੈ ਕਿਉਂਕਿ ਅਜਿਹਾ ਲਗਦਾ ਹੈ ਕਿ ਭਾਜਪਾ ਦੇ ਲੋਕਾਂ ਨੂੰ ਹਰ ਤਰ੍ਹਾਂ ਦੇ ਅਪਰਾਧਿਕ ਵਿਹਾਰ ’ਚ ਸ਼ਾਮਲ ਹੋਣ ਦਾ ਹੱਕ ਹੈ। ਉਨ੍ਹਾਂ ਕਿਹਾ, ‘ਅਸੀਂ ਪਹਿਲਾਂ ਵੀ ਦੇਖਿਆ ਹੈ ਕਿ ਕੌਮਾਂਤਰੀ ਪੱਧਰ ’ਤੇ ਜੇਤੂ ਮਹਿਲਾ ਪਹਿਲਵਾਨ ਮਹੀਨਿਆਂ ਤੱਕ ਧਰਨੇ ’ਤੇ ਬੈਠੀਆਂ ਰਹੀਆਂ ਪਰ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ ਜਿਸ ’ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲੱਗੇ ਸਨ।’ ਉਨ੍ਹਾਂ ਕਿਹਾ, ‘ਸੰਸਦ ਅੰਦਰ ਜੋ ਹੋਇਆ ਉਹ ਸ਼ਰਮਨਾਕ ਤੇ ਦੁਖੀ ਕਰਨ ਵਾਲਾ ਸੀ। ਸਾਥੀ ਸੰਸਦ ਮੈਂਬਰ ਨੂੰ ਉਸ ਦੇ ਧਰਮ ਦੇ ਆਧਾਰ ’ਤੇ ਨਿਸ਼ਾਨਾ ਬਣਾਉਣ ਲਈ ਇਤਰਾਜ਼ਯੋਗ ਭਾਸ਼ਾ ਵਰਤੀ ਗਈ। ਇਸ ਤੋਂ ਕੁਝ ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਨੇ ਸਦਨ ਨੂੰ ਕਿਹਾ ਸੀ ਕਿ ਵਿਹਾਰ ਹੀ ਤੈਅ ਕਰੇਗਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਕੌਣ ਸੱਤਾ ’ਚ ਬੈਠੇਗਾ ਤੇ ਕੌਣ ਵਿਰੋਧੀ ਧਿਰ ਵਿੱਚ।’ਇਸੇ ਤਰ੍ਹਾਂ ਰਾਜ ਸਭਾ ਮੈਂਬਰ ਕਪਿਲ ਸਿੱਬਲ ਨੇ ਸਰਕਾਰ ’ਤੇ ਤਨਜ਼ ਕਸਦਿਆਂ ਕਿਹਾ ਕਿ ‘ਸੱਤ ਸਿਤਾਰਾ ਭਵਨ’ ਵਿੱਚ ‘ਨਫਰਤ’ ਦੀ ਨਵੀਂ ਸੰਸਕ੍ਰਿਤੀ ਦਾ ਉਦਘਾਟਨ ਹੋਇਆ ਹੈ। ਉਨ੍ਹਾਂ ‘ਐਕਸ’ ’ਤੇ ਬਿਧੂੜੀ ਵੱਲੋਂ ਵਰਤੇ ਗਏ ਸ਼ਬਦਾਂ ਦਾ ਜ਼ਿਕਰ ਕਰਦਿਆਂ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਚੁੱਪ ’ਤੇ ਵੀ ਸਵਾਲ ਖੜ੍ਹੇ ਕੀਤੇ। ਇਸੇ ਦੌਰਾਨ ਤਿਲੰਗਾਨਾ ’ਚ ਬੀਆਰਐੱਸ ਦੀ ਐਮਐੱਲਸੀ ਕੇ ਕਵਿਤਾ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਤੋਂ ਇਸ ਮਾਮਲੇ ’ਚ ਸਖ਼ਤ ਕਾਰਵਾਈ ਦੀ ਮੰਗ ਕੀਤੀ।

Total Views: 213 ,
Real Estate