
ਪੱਤਰਕਾਰ ਗਗਨ ਲਿਖਾਰੀ ਨਾਲ ਕੀਤੀ ਕੁੱਟਮਾਰ ਦੀ ਸਖ਼ਤ ਰੂਪ ਵਿੱਚ ਨਿਖੇਧੀ
ਬਠਿੰਡਾ , 3 ਅਗਸਤ
ਪੰਜਾਬ ਡਿਜ਼ੀਟਲ ਮੀਡੀਆ ਐਸੋਸੀਏਸ਼ਨ ਵਲੋਂ ਵਿਧਾਨ ਸਭਾ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਅੰਮ੍ਰਿਤਪਾਲ ਸਿੰਘ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਬੀਤੇ ਦਿਨੀਂ ਵਿਧਾਇਕ ਵੱਲੋਂ ਪੱਤਰਕਾਰ ਗਗਨ ਲਿਖਾਰੀ ਨੂੰ ਇੱਕ ਖ਼ਬਰ ਦੇ ਮਸਲੇ ਵਿਚ ਦਫਤਰ ਬੁਲਾਕੇ ਉਸ ਨਾਲ ਕੁੱਟਮਾਰ ਕੀਤੀ ਗਈ ਸੀ ।ਇਸ ਕੁੱਟਮਾਰ ਦੀ ਵੀ ਐਸੋਸੀਏਸ਼ਨ ਵਲੋਂ ਸਖ਼ਤ ਰੂਪ ਵਿੱਚ ਨਿਖੇਧੀ ਵੀ ਕੀਤੀ ਗਈ ਹੈ । ਮੀਡੀਆ ਨੂੰ ਜਾਰੀ ਇੱਕ ਬਿਆਨ ਵਿਚ ਐਸੋਸੀਏਸ਼ਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਥਲੀ ਨੇ ਦੱਸਿਆ ਕਿ ਐਸੋਸੀਏਸ਼ਨ ਦੀ ਹੋਈ ਹੰਗਾਮੀ ਮੀਟਿੰਗ ਵਿਚ ਇਹ ਚਰਚਾ ਕੀਤੀ ਗਈ ਕਿ ਜੇਕਰ ਪੱਤਰਕਾਰ ਦੀ ਖ਼ਬਰ ‘ਤੇ ਵਿਧਾਇਕ ਨੂੰ ਕੋਈ ਇਤਰਾਜ਼ ਸੀ ਤਾਂ ਪਹਿਲਾਂ ਉਸਨੂੰ ਤਰੁੰਤ ਸੋਸ਼ਲ ਮੀਡੀਆ ਤੋਂ ਰੱਦ ਕਰਨ ਲਈ ਆਖਦੇ ਜੇਕਰ ਫਿਰ ਵੀ ਕੋਈ ਹੱਲ ਨਾ ਨਿਕਲਦਾ ਤਾਂ ਸਬੰਧਤ ਪੱਤਰਕਾਰ ਖ਼ਿਲਾਫ਼ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਸੀ ਅਤੇ ਕਿਸੇ ਵੇਲੇ ਅਣਜਾਣੇ ਵਿਚ ਵੀ ਗਲਤੀ ਹੋ ਜਾਣਾ ਸੁਭਾਵਿਕ ਜਿਸਨੂੰ ਤਰੁੰਤ ਦਰੁਸਤ ਕੀਤਾ ਜਾ ਸਕਦਾ ਸੀ ਪਰ ਪੱਤਰਕਾਰ ਨੂੰ ਦਫ਼ਤਰ ਬੁਲਾਕੇ ਕੁੱਟਮਾਰ ਕਰਨਾ ਇਹ ਸਰਾਸਰ ਗਲਤ ਕਾਰਵਾਈ ਹੈ ਅਤੇ ਧੱਕੇਸ਼ਾਹੀ ਹੈ । ਹਲਾਂਕਿ ਵਿਧਾਇਕ ਕੁੱਟਮਾਰ ਨੂੰ ਆਪਣੇ ਵੱਲੋਂ ਨਕਾਰ ਵੀ ਚੁੱਕੇ ਹਨ ਪਰ ਮੀਡੀਆ ਵੱਲੋਂ ਮੰਗੀਆਂ ਜਾ ਰਹੀਆਂ ਸੀਸੀਟੀਵੀ ਤਸਵੀਰਾਂ ਵਿਧਾਇਕ ਵੱਲੋਂ ਨਾ ਦੇਣਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਪੱਤਰਕਾਰ ਨਾਲ ਵਿਧਾਇਕ ਅਤੇ ਉਸਦੇ ਰੱਖੇ ਹੋਰ ਲੋਕਾਂ ਨੇ ਬੁਰੀ ਤਰਾਂ ਨਾਲ ਕੁੱਟਮਾਰ ਕੀਤੀ ਹੈ। ਐਸੋਸੀਏਸ਼ਨ ਨੇ ਮਹਿਸੂਸ ਕੀਤਾ ਕਿ ਵਿਧਾਇਕ ਜਦ ਤੱਕ ਪੀੜਤ ਪੱਤਰਕਾਰ ਕੋਲੋ ਮਾਫ਼ੀ ਨਹੀਂ ਮੰਗਦੇ ਤਾਂ ਤਦ ਤੱਕ ਸਮੁੱਚੀ ਐਸੋਸੀਏਸ਼ਨ ਵਲੋਂ ਉਨ੍ਹਾਂ ਦਾ ਬਾਈਕਾਟ ਰਹੇਗਾ । ਐਸੋਸੀਏਸ਼ਨ ਵਲੋਂ ਬਾਘਾਪੁਰਾਣਾ ਦੇ ਡੀਐਸਪੀ ਨੂੰ ਮੰਗ ਕੀਤੀ ਗਈ ਕਿ ਪੀੜਤ ਪੱਤਰਕਾਰ ਨੂੰ ਇਨਸਾਫ ਦਿੱਤਾ ਜਾਵੇ । ਐਸੋਸੀਏਸ਼ਨ ਦਾ ਵਫ਼ਦ ਜਲਦ ਆਮ ਆਦਮੀ ਪਾਰਟੀ ਦੇ ਵਰਕਿੰਗ ਪ੍ਰਧਾਨ ਪ੍ਰਿੰਸੀਪਲ ਬੁੱਧ ਰਾਮ ਅਤੇ ਐਸਐਸਪੀ ਮੋਗਾ ਨੂੰ ਮਿਲਕੇ ਵਿਧਾਇਕ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕਰੇਗਾ । ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਕਿਸੇ ਸਿਆਸੀ ਅਤੇ ਗੈਰ ਸਿਆਸੀ ਵਿਅਕਤੀ ਵਲੋਂ ਕਿਸੇ ਵੀ ਮੀਡੀਆ ਸਾਥੀ ਨਾਲ ਕੀਤੀ ਗਈ ਵਧੀਕੀ ਬਰਦਾਰਸ਼ਿਤ ਨਹੀਂ ਕੀਤੀ ਜਾਵੇਗੀ ਅਤੇ ਪੀੜਤ ਸਾਥੀ ਦੇ ਇਨਸਾਫ ਲਈ ਹਰ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਲਡ਼ੀ ਜਾਵੇਗੀ।
Total Views: 130 ,
Real Estate



















