
ਬਰਤਾਨੀਆ ‘ਚ ਚਾਕੂ ਨਾਲ ਹੋ ਰਹੀਆਂ ਲਗਾਤਾਰ ਮੌਤਾਂ ਕਾਰਨ ਚਾਕੂ ਪੀੜਤ ਪਰਿਵਾਰਾਂ ਨੇ ਚੜ੍ਹਦੀ ਉਮਰ ਦੇ ਨੌਜਵਾਨਾਂ ਨੂੰ ਚਾਕੂ ਦੇ ਜੁਰਮ ਤੋਂ ਜਾਗਰੂਕ ਕਰਨ ਲਈ ਪੁਲਸ ਦੇ ਸਹਿਯੋਗ ਨਾਲ ਯੂਕੇ ਦੀਆਂ ਸੜਕਾਂ ਤੋਂ ਬਰਾਮਦ ਕੀਤੇ ਗਏ 1,00,000 ਤੋਂ ਵੱਧ ਚਾਕੂਆਂ ਤੋਂ ‘ਦਿ ਨਾਈਫ਼ ਏਂਜਲ’ ਦੀ ਮੂਰਤੀ ਨੂੰ ਬਣਾਇਆ, ਜੋ 27 ਫੁੱਟ ਤੋਂ ਵੱਧ ਲੰਬੀ ਹੈ। ਇਸ ਚਾਕੂ ਦੇ ਦੂਤ ਨੂੰ ਪੁਲਸ ਨੇ 4 ਸਾਲ ਵਿੱਚ ਬਣਾਇਆ ਹੈ। ਯੂਕੇ ਵਿੱਚ ਸ਼ਾਂਤੀ ਤੇ ਚਾਕੂ ਦੇ ਦੂਤ ਦੀ ਮੂਰਤੀ ਨੂੰ ਸਾਰੀਆਂ 43 ਪੁਲਸ ਕਾਂਸਟੇਬਲਰੀਆਂ ਨੂੰ ਸ਼ਾਮਲ ਕਰਕੇ ਬਣਾਇਆ ਗਿਆ ਹੈ ਤੇ ਇਸ ਦੀ ਵੱਖ-ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨੀ ਕੀਤੀ ਜਾ ਰਹੀ ਹੈ ਤਾਂ ਜੋ ਚਾਕੂ ਅਪਰਾਧ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕੇ। ਸਥਾਨਕ ਸ਼ਹਿਰ ਸਲੋਹ ਵਿੱਚ ਚਾਕੂ ਅਪਰਾਧ ਨੂੰ ਰੋਕਣ ਤੇ ਚਾਕੂ ਦੀ ਗਲਤ ਵਰਤੋਂ ਹੋਣ ਕਾਰਨ ਹੋਈਆਂ ਮੌਤਾਂ ਤੋਂ ਬਾਅਦ ਥੈਮਸ ਵੈਲੀ ਪੁਲਸ ਨੇ ਸਥਾਨਕ ਲੋਕਾਂ ਦੇ ਨੌਜਵਾਨਾਂ ਨੂੰ ਜਾਗਰੂਕ ਕਰਨ ਤੇ ਅਜਿਹੇ ਅਪਰਾਧ ਤੋਂ ਦੂਰ ਰਹਿਣ ਦੀ ਅਪੀਲ ਕੀਤੀ।
ਇਸ ਮੂਰਤੀ ਨੂੰ ਯੂਕੇ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਿਜਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਸਲੋਹ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੂੰ ਇਸ ਵੱਧ ਰਹੇ ਜੁਰਮ ਲਈ ਟਰੂ ਆਨਰ ਚੈਰਟੀ ਦੇ ਸਾਬਕਾ ਪੁਲਸ ਅਫ਼ਸਰ ਕਲਾਈਵ ਵੱਲੋਂ ਵੀ ਜਾਣਕਾਰੀ ਦੇ ਕੇ ਅਪਰਾਧ ਨੂੰ ਰੋਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ।



















