ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਭਾਰਤ ਨਾਲ ਮੁੱਦਿਆਂ ਨੂੰ ਸੁਲਝਾਉਣ ਦੀ ਇੱਛਾ ਜਤਾਉਂਦੇ ਹੋਏ ਕਿਹਾ ਹੈ ਕਿ ਉਹ ਭਾਰਤ ਨਾਲ ਇਮਾਨਦਾਰੀ ਨਾਲ ਗੱਲਬਾਤ ਕਰਨਾ ਚਾਹੁੰਦੇ ਹਨ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਦੁੱਬਈ ਆਧਾਰਿਤ ਅਲ-ਅਰਬੀਆ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨਾਲ ਕਸ਼ਮੀਰ ਸਣੇ ਕਈ ਅਹਿਮ ਮੁੱਦਿਆਂ ਬਾਰੇ ਗੱਲਬਾਤ ਕਰਨਾ ਚਾਹੁੰਦੇ ਹਨ। ਇਸ ਇੰਟਰਵਿਊ ਮਗਰੋਂ ਪਾਕਿਸਤਾਨ ਵਿੱਚ ਬਵਾਲ ਵੀ ਮਚਿਆ। ਇਸ ਮਗਰੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਟਵੀਟ ਕੀਤਾ ਗਿਆ ਕਿ ਭਾਰਤ ਨਾਲ ਗੱਲਬਾਤ ਸਿਰਫ਼ ਉਸੇ ਸੂਰਤੇਹਾਲ ਵਿੱਚ ਹੋ ਸਕਦੀ ਹੈ ਜਦੋਂ ਉਹ ਕਸ਼ਮੀਰ ਬਾਰੇ ਅਗਸਤ 2019 ਵਿੱਚ ਲਿਆ ਗਿਆ ਫੈਸਲਾ ਵਾਪਸ ਲਵੇ।
5 ਅਗਸਤ, 2019 ਨੂੰ ਭਾਰਤ ਵੱਲੋਂ ਸੰਵਿਧਾਨ ਦੀ ਧਾਰਾ 370 ਨੂੰ ਰੱਦ ਕਰਨ, ਜੰਮੂ-ਕਸ਼ਮੀਰ ਦੇ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਵੰਡਣ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸਬੰਧਾਂ ਵਿਚਾਲੇ ਤਣਾਅ ਪੈਦਾ ਹੋ ਗਿਆ ਸੀ।
ਸ਼ਰੀਫ ਨੇ ਕਿਹਾ, “ਭਾਰਤੀ ਲੀਡਰਸ਼ਿਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੇਰਾ ਸੰਦੇਸ਼ ਹੈ ਕਿ ਆਓ ਇਕੱਠੇ ‘ਤੇ ਬੈਠੀਏ ਅਤੇ ਕਸ਼ਮੀਰ ਵਰਗੇ ਭਖਦੇ ਮਸਲਿਆਂ ਨੂੰ ਹੱਲ ਕਰਨ ਲਈ ਗੰਭੀਰ ਅਤੇ ਸੁਹਿਰਦ ਗੱਲਬਾਤ ਕਰੀਏ।” ਉਨ੍ਹਾਂ ਨੇ ਕਿਹਾ ਪਾਕਿਸਤਾਨ ਅਤੇ ਭਾਰਤ ਗੁਆਂਢੀ ਹਨ ਅਤੇ ਉਨ੍ਹਾਂ ਨੂੰ “ਇੱਕ ਦੂਜੇ ਨਾਲ ਰਹਿਣਾ ਪੈਣਾ ਹੈ।” “ਸ਼ਾਂਤਮਈ ਢੰਗ ਨਾਲ ਰਹਿਣਾ, ਸਾਡੇ ਉੱਤੇ ਹੈ, ਤਰੱਕੀ ਕਰੀਏ ਜਾਂ ਇੱਕ ਦੂਜੇ ਨਾਲ ਝਗੜਾ ਕਰੀਏ, ਅਤੇ ਸਮਾਂ ਅਤੇ ਸਰੋਤ ਬਰਬਾਦ ਕਰੀਏ, ਇਹ ਸਭ ਸਾਡੇ ‘ਤੇ ਨਿਰਭਰ ਕਰਦਾ ਹੈ।”
ਉਨ੍ਹਾਂ ਨੇ ਅੱਗੇ ਕਿਹਾ, “ਭਾਰਤ ਨਾਲ ਸਾਡੀਆਂ ਤਿੰਨ ਜੰਗਾਂ ਹੋਈਆਂ ਹਨ ਅਤੇ ਇਸ ਨੇ ਲੋਕਾਂ ਲਈ ਹੋਰ ਦੁੱਖ, ਗਰੀਬੀ ਅਤੇ ਬੇਰੁਜ਼ਗਾਰੀ ਹੀ ਲਿਆਂਦੀ ਹੈ।” “ਅਸੀਂ ਆਪਣਾ ਸਬਕ ਲੈ ਲਿਆ ਹੈ ਅਤੇ ਅਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਾਂ ਬਸ਼ਰਤੇ ਅਸੀਂ ਆਪਣੀਆਂ ਅਸਲ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਹੋਈਏ।” “ਅਸੀਂ ਗਰੀਬੀ ਘਟਾਉਣਾ ਚਾਹੁੰਦੇ ਹਾਂ, ਖੁਸ਼ਹਾਲੀ ਹਾਸਿਲ ਕਰਨਾ ਚਾਹੁੰਦੇ ਹਾਂ ਅਤੇ ਆਪਣੇ ਲੋਕਾਂ ਨੂੰ ਸਿੱਖਿਆ, ਸਿਹਤ ਸਹੂਲਤਾਂ ਅਤੇ ਰੁਜ਼ਗਾਰ ਪ੍ਰਦਾਨ ਕਰਨਾ ਚਾਹੁੰਦੇ ਹਾਂ ।”
ਸ਼ਹਿਬਾਜ਼ ਸ਼ਰੀਫ਼ ਨੇ ਇਸ ਇੰਟਰਵਿਊ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਕਿਹਾ ਹੈ ਕਿ ਪੀਐੱਮ ਨੇ ਇੰਟਰਵਿਊ ਦੌਰਾਨ ਇਹ ਸਪੱਸ਼ਟ ਤੌਰ ‘ਤੇ ਕਿਹਾ ਹੈ ਕਿ ਕਸ਼ਮੀਰ ਵਿਵਾਦ ਦਾ ਹੱਲ ਸੰਯੁਕਤ ਰਾਸ਼ਟਰ ਦੀਆਂ ਤਜਵੀਜ਼ਾਂ ਅਤੇ ਜੰਮੂ-ਕਸ਼ਮੀਰ ਦੇ ਲੋਕਾਂ ਦੀ ਭਾਵਨਾ ਮੁਤਾਬਕ ਹੋਣਾ ਚਾਹੀਦਾ ਹੈ। ਪਾਕਿਸਤਾਨ ਪੀਐੱਮਓ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਪੀਐੱਮ ਸ਼ਹਿਬਾਜ਼ ਸ਼ਰੀਫ਼ ਨੇ ਵਾਰ-ਵਾਰ ਰਿਕਾਰਡ ‘ਤੇ ਕਿਹਾ ਹੈ ਕਿ ਭਾਰਤ ਨਾਲ ਗੱਲਬਾਤ ਤਾਂ ਹੀ ਹੋ ਸਕਦੀ ਹੈ, ਜਦੋਂ ਉਹ ਕਸ਼ਮੀਰ ‘ਤੇ ਆਪਣਾ ਪੰਜ ਅਗਸਤ ਵਾਲਾ ਫ਼ੈਸਲਾ ਵਾਪਸ ਲਵੇ। ਇਸ ਤੋਂ ਬਿਨਾਂ ਭਾਰਤ ਨਾਲ ਗੱਲਬਾਤ ਸੰਭਵ ਨਹੀਂ ਹੈ।
ਸ਼ਹਿਬਾਜ਼ ਸ਼ਰੀਫ਼ ਨੇ ਭਾਰਤ ਨਾਲ ਗੱਲਬਾਤ ਦਾ ਸੱਦਾ ਦਿੱਤਾ ਫਿਰ ਪਲਟ ਗਿਆ !
Total Views: 204 ,
Real Estate