
ਸੀਆਈਏ ਇੰਚਾਰਜ ਦੀ ਰਿਹਾਇਸ਼ ਤੋਂ ਛਾਪੇ ਦੌਰਾਨ ਦੋ ਪਿਸਤੌਲ ਅਤੇ ਇੱਕ ਰਿਵਾਲਵਰ ਬਰਾਮਦ
ਮਾਨਸਾ ਪੁਲਿਸ ਦੀ ਗ੍ਰਿਫ਼ਤ ‘ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਪੁਲਿਸ ਮੁਲਾਜ਼ਮ ਨਿਕਲੀ। ਸੂਤਰਾਂ ਦਾ ਕਹਿਣਾ ਹੈ ਕਿ ਉਸ ਦੀ ਪ੍ਰੇਮਿਕਾ ਪੁਲੀਸ ਦੇ ਵਾਇਰਲੈੱਸ ਵਿੰਗ ਵਿੱਚ ਤਾਇਨਾਤ ਹੈ ਅਤੇ ਬਰਖਾਸਤ ਸੀਆਈਏ ਇੰਚਾਰਜ ਪ੍ਰਿਤਪਾਲ ਨੇ ਉਸ ਦੇ ਖਾਤੇ ਵਿੱਚ 12 ਵਾਰ ਪੈਸੇ ਟਰਾਂਸਫਰ ਕੀਤੇ ਸਨ। ਹਾਲਾਂਕਿ ਮਹਿਲਾ ਕਾਂਸਟੇਬਲ ਦਾ ਨਾਂ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪ੍ਰਿਤਪਾਲ ਪੁਲਿਸ ਵਿਭਾਗ ਵਿੱਚ ਆਪਣਾ ਨਾਮ ਉੱਚਾ ਕਰਨ ਲਈ ਇੱਕ ਵੱਡੇ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕਰਨਾ ਚਾਹੁੰਦਾ ਸੀ ਅਤੇ ਗੈਂਗਸਟਰ ਟੀਨੂੰ ਨੇ ਉਸਨੂੰ ਪਾਕਿਸਤਾਨ ਤੋਂ ਆਉਣ ਵਾਲੇ ਹਥਿਆਰਾਂ ਦੀ ਖੇਪ ਫੜਨ ਦਾ ਵਾਅਦਾ ਕੀਤਾ ਸੀ। ਖਬਰਾਂ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਦੀਪਕ ਟੀਨੂੰ ਦੀ ਪੁਲਸ ਕਾਂਸਟੇਬਲ ਗਰਲਫਰੈਂਡ ਪੰਜਾਬ ਦੇ ਮਾਝਾ ਇਲਾਕੇ ‘ਚ ਰਹਿੰਦੀ ਹੈ ਅਤੇ ਮਾਲਵੇ ‘ਚ ਤਾਇਨਾਤ ਹੈ। ਟੀਨੂੰ ਦੇ ਫਰਾਰ ਹੋਣ ਦੀ ਜਾਂਚ ਕਰ ਰਹੀ ਪੁਲਿਸ ਨੇ ਮਹਿਲਾ ਪੁਲਿਸ ਕਾਂਸਟੇਬਲ ਦੀ ਵੀ ਭਾਲ ਸ਼ੁਰੂ ਕਰ ਦਿੱਤੀ ਹੈ। ਅਦਾਲਤ ‘ਚ ਪੇਸ਼ੀ ਦੌਰਾਨ ਟੀਨੂੰ ਦੀ ਮੁਲਾਕਾਤ ਪੁਲਿਸ ਕਾਂਸਟੇਬਲ ਨਾਲ ਹੋਈ ਸੀ। ਇਸ ਤੋਂ ਬਾਅਦ ਦੋਵੇਂ ਫ਼ੋਨ ਰਾਹੀਂ ਇੱਕ ਦੂਜੇ ਦੇ ਸੰਪਰਕ ਵਿੱਚ ਸਨ। ਟੀਨੂੰ ਨੇ ਪ੍ਰਿਤਪਾਲ ਸਿੰਘ ਨੂੰ ਆਪਣੀ ਪ੍ਰੇਮਿਕਾ ਨਾਲ ਮੁਲਾਕਾਤ ਕਰਵਾਉਣ ਲਈ ਕਿਹਾ ਸੀ। ਹਾਲਾਂਕਿ ਪੁਲਿਸ ਦਾ ਕਹਿਣਾ ਹੈ ਕਿ ਉਹ ਜਾਂਚ ਤੋਂ ਬਾਅਦ ਹੀ ਇਸ ਬਾਰੇ ਕੁੱਝ ਕਹਿਣਗੇ। ਪ੍ਰਿਤਪਾਲ ਨੇ ਫਰਾਰ ਗੈਂਗਸਟਰ ਨੂੰ ਮੋਬਾਈਲ ਫੋਨ ਮੁਹੱਈਆ ਕਰਵਾਇਆ ਸੀ। ਜਿਸ ਦੇ ਜ਼ਰੀਏ ਟੀਨੂੰ ਨੇ ਸ਼ਨੀਵਾਰ ਰਾਤ ਤੋਂ ਇੱਕ ਦਿਨ ਪਹਿਲਾਂ ਆਪਣੇ ਫਰਾਰ ਦੀ ਯੋਜਨਾ ਬਣਾਈ ਸੀ। ਇਸੇ ਦੌਰਾਨ ਮਾਨਸਾ ਪੁਲੀਸ ਨੇ ਅੱਜ ਫਿਰ ਡੀਐਸਪੀ ਅਤੇ ਕਾਰਜਕਾਰੀ ਮੈਜਿਸਟਰੇਟ ਕਮ ਨਾਇਬ ਤਹਿਸੀਲਦਾਰ ਦੀ ਹਾਜ਼ਰੀ ਵਿੱਚ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਦੀ ਸਰਕਾਰੀ ਰਿਹਾਇਸ਼ ’ਤੇ ਛਾਪਾ ਮਾਰਿਆ। ਉਸ ਦੇ ਘਰੋਂ ਦੋ ਪਿਸਤੌਲ ਅਤੇ ਇੱਕ ਰਿਵਾਲਵਰ ਸਮੇਤ ਤਿੰਨ ਹਥਿਆਰ ਬਰਾਮਦ ਹੋਏ ਹਨ। ਪੁਲਿਸ ਨੇ ਪ੍ਰਿਤਪਾਲ ਦੇ ਰਸੋਈਏ ਤੋਂ ਵੀ ਪੁੱਛਗਿੱਛ ਕੀਤੀ ਹੈ ਅਤੇ ਪ੍ਰਿਤਪਾਲ ਦੇ ਦੋ ਮੋਬਾਈਲ ਫ਼ੋਨ ਫੋਰੈਂਸਿਕ ਜਾਂਚ ਲਈ ਭੇਜ ਦਿੱਤੇ ਹਨ। ਪੁਲਿਸ ਨੇ ਸ਼ਨੀਵਾਰ ਰਾਤ ਸੀਆਈਏ ਦਫ਼ਤਰ ਤੋਂ ਟੀਨੂੰ ਨੂੰ ਲਿਜਾਣ ਲਈ ਵਰਤੀ ਜਾਣ ਵਾਲੀ ਚਿੱਟੇ ਰੰਗ ਦੀ ਬਰੇਜ਼ਾ ਕਾਰ ਵੀ ਜ਼ਬਤ ਕਰ ਲਈ ਹੈ।
Total Views: 375 ,
Real Estate