ਸਤਲੁਜ ਯਮੁਨਾ ਨਹਿਰ ਮਾਮਲੇ ਤੇ ਕੇਂਦਰ ਦਾ ਬਿਆਨ ਬੇਤੁਕਾ ਤੇ ਪੰਜਾਬ ਵਿਰੋਧੀ-ਕਾ: ਸੇਖੋਂ

ਬਠਿੰਡਾ, 8 ਸਤੰਬਰ, ਬਲਵਿੰਦਰ ਸਿੰਘ ਭੁੱਲਰ

ਕੇਂਦਰ ਵਿਚਲੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਹਮੇਸ਼ਾਂ ਪੰਜਾਬ ਨੂੰ ਕਮਜੋਰ ਕਰਨ ਲਈ ਯਤਨਸ਼ੀਲ ਰਹੀ ਹੈ ਅਤੇ ਹੁਣ ਸਤਲੁਜ ਯਮੁਨਾ ਲਿੰਕ ਨਹਿਰ ਦੇ ਮੁੱਦੇ ਤੇ ਮੁੜ ਪੰਜਾਬ ਦੇ ਹਾਲਾਤ ਵਿਗਾੜਣ ਲਈ ਬੇਤੁਕੇ ਬਿਆਨ ਜਾਰੀ ਕਰ ਰਹੀ ਹੈ। ਇਹ ਦੋਸ਼ ਸੀ ਪੀ ਆਈ ਐਮ ਪੰਜਾਬ ਦੇ ਸਕੱਤਰ ਕਾ: ਸੁਖਵਿੰਦਰ ਸਿੰਘ ਸੇਖੋਂ ਨੇ ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਲਾਇਆ। ਕਾ: ਸੇਖੋਂ ਨੇ ਕਿਹਾ ਕਿ ਬੀਤੇ ਦਿਨੀਂ ਦੇਸ ਦੀ ਸਰਵ ਉਚ ਅਦਾਲਤ ਵੱਲੋਂ ਸਤਲੁਜਯਮੁਨਾ ਲਿੰਕ ਨਹਿਰ ਦੇ ਮਸਲੇ ਸਬੰਧੀ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨੂੰ ਮਿਲ ਬੈਠ ਕੇ ਹੱਲ ਕਰਨ ਦਾ ਸੁਝਾਅ ਦਿੱਤਾ ਹੈ। ਇਸ ਸਮੁੱਚੇ ਮਾਮਲੇ ਬਾਰੇ ਦੁਖਦਾਈ ਗੱਲ ਇਹ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਸਿਰ ਸਹਿਯੋਗ ਨਾ ਦੇਣ ਦਾ ਦੋਸ਼ ਮੜ੍ਹ ਦਿੱਤਾ ਹੈ। ਉਹਨਾਂ ਕਿਹਾ ਕਿ ਇਹ ਨਹਿਰ ਹਰਿਆਣਾ ਰਾਜ ਵੱਖਰਾ ਹੋਣ ਤੋਂ ਪਹਿਲਾਂ ਨਹੀਂ ਸੀ ਬਣੀ, ਇਸਦਾ ਨਿਰਮਾਣ ਪੰਜਾਬ ਹਰਿਆਣਾ ਦੀ ਵੰਡ ਤੋਂ ਬਾਅਦ ਹੀ ਸੁਰੂ ਹੋਇਆ ਸੀ। ਇਸ ਕਰਕੇ ਹਰਿਆਣਾ ਦਾ ਇਸ ਤੇ ਹੱਕ ਹੀ ਨਹੀਂ ਬਣਦਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਨਹਿਰ ਸਬੰਧੀ ਅਸਲ ਤੱਥਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਉਲਟ, ਛੁਪਾ ਕੇ ਰੱਖਿਆ। ਜੇਕਰ ਮੋਦੀ ਸਰਕਾਰ ਪੰਜਾਬ ਦੀ ਹਿਤੈਸ਼ੀ ਹੁੰਦੀ ਤਾਂ ਨਹਿਰ ਸਬੰਧੀ ਪੰਜਾਬ ਦੇ ਸਹੀ ਤੱਥ ਅਦਾਲਤ ਵਿੱਚ ਪੇਸ਼ ਕਰਦੀ।
ਸੂਬਾ ਸਕੱਤਰ ਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ, ਹਰ ਸਾਲ ਧਰਤੀ ਹੇਠਲਾ ਪਾਣੀ ਹੋਰ ਨੀਵਾਂ ਹੋ ਰਿਹਾ ਹੈ ਅਤੇ ਮਾਹਰਾਂ ਵੱਲੋਂ ਪੰਜਾਬ ਦੀ ਧਰਤੀ ਬੰਜਰ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ, ਜੋ ਵੱਡੀ ਚਿੰਤਾ ਦਾ ਵਿਸ਼ਾ ਹੈ। ਜੇਕਰ ਪੰਜਾਬ ਦਾ ਪਾਣੀ
ਖੋਹ ਕੇ ਹੋਰ ਸੂਬਿਆਂ ਨੂੰ ਦਿੱਤੇ ਜਾਣ ਦੀ ਕਾਰਵਾਈ ਸੁਰੂ ਕੀਤੀ ਤਾਂ ਹਾਲਾਤ ਵਿਗੜਣ ਦੀ ਸੰਭਾਵਨਾ ਹੋ ਸਕਦੀ ਹੈ। ਪੰਜਾਬ ਨੇ ਪਹਿਲਾਂ ਹੀ ਲੰਬਾ ਸਮਾਂ ਅੱਤਵਾਦ ਝੱਲਿਆ ਹੈ, ਜਿਸ ਨਾਲ ਸੂਬਾ ਆਰਥਿਕ ਤੌਰ ਤੇ ਕਮਜੋਰ ਹੋ ਚੁੱਕਾ ਹੈ। ਹੁਣ ਕੇਂਦਰ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਸਦਕਾ ਇਸ ਰਾਜ ਦਾ ਪਾਣੀ ਖੋਹ ਕੇ ਹੋਰ ਕਮਜੋਰ ਕਰਨ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ, ਜਿਹਨਾਂ ਨੂੰ ਕਿਸੇ ਵੀ ਕੀਮਤ ਤੇ ਬਰਦਾਸਤ ਨਹੀਂ ਕੀਤਾ ਜਾਵੇਗਾ।
ਕਾ: ਸੇਖੋਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਕੇਂਦਰ ਨੂੰ ਨਹਿਰ ਮਸਲੇ ਦਾ ਹੱਲ ਕਰਨ ਲਈ ਜੁਮੇਵਾਰ ਠਹਿਰਾਉਂਦਿਆਂ ਜੋਰ ਦੇਣਾ ਵੀ ਪੰਜਾਬ ਵਿਰੋਧੀ ਕਾਰਵਾਈ ਹੈ। ਅਜਿਹੇ ਮੌਕੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਉਸਦੇ ਕੋਲ ਖੜ ਕੇ ਧਾਰੀ ਚੁੱਪ ਵੀ ਕਈ ਸੁਆਲ ਖੜੇ ਕਰਦੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਵੀ ਪੰਜਾਬ ਦੇ ਹਿਤ ਵਿੱਚ ਨਹੀਂ ਹਨ, ਜੇਕਰ ਮੁੱਖ ਮੰਤਰੀ ਸ੍ਰ: ਮਾਨ ਪੰਜਾਬ ਪ੍ਰਤੀ ਸਨੇਹ ਰਖਦੇ ਹਨ ਤਾਂ ਉਹਨਾਂ ਨੂੰ ਰਾਜ ਸਰਕਾਰ ਦੀ
ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਅਤੇ ਪੰਜਾਬ ਦਾ ਪਾਣੀ ਬਚਾਉਣ ਲਈ ਡਟ ਕੇ ਖੜਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰਾਜ ਦਾ ਪਾਣੀ ਬਚਾਉਣ ਲਈ ਸਮੂੰਹ ਸਿਆਸੀ ਸਮਾਜਿਕ ਪਾਰਟੀਆਂ ਤੇ ਪੰਜਾਬ ਵਾਸੀਆਂ ਨੂੰ ਇੱਕਮੁੱਠਤਾ ਨਾਲ ਸੰਘਰਸ ਕਰਨ ਲਈ ਤਿਆਰ
ਰਹਿਣਾ ਚਾਹੀਦਾ ਹੈ।

Total Views: 64 ,
Real Estate