ਸਰਕਾਰੀ ਮੁਲਾਜਮਾਂ ਦੇ ਘਰਾਂ ਤੋਂ ਹੋ ਰਹੀ ਹੈ ਸਮਾਰਟ ਮੀਟਰ ਲਾਉਣ ਦੀ ਸ਼ੁਰੂਆਤ

ਪੰਜਾਬ ਸਰਕਾਰ ਵੱਲੋਂ ਘਰਾਂ ਵਿਚ ਬਿਜਲੀ ਦੇ ਸਮਾਰਟ ਮੀਟਰ ਲਾਉਣ ਦੀ ਸ਼ੁਰੂਆਤ ਸਰਕਾਰੀ ਦਫਤਰਾਂ ਅਤੇ ਮੁਲਾਜ਼ਮਾਂ ਦੇ ਘਰਾਂ ਤੋਂ ਕੀਤੀ ਜਾ ਰਹੀ ਹੈ। ਬਠਿੰਡਾ ਜ਼ਿਲ੍ਹੇ ਅੰਦਰ 15 ਸਤੰਬਰ ਤਕ ਘਰਾਂ ਵਿਚ ਸਮਾਰਟ ਮੀਟਰ ਲਾਏ ਜਾਣ ਦੀ ਹਦਾਇਤ ਕੀਤੀ ਗਈ ਹੈ। ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੰਡ ਮੰਡਲ ਬਠਿੰਡਾ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਦੇ ਦਸਤਖ਼ਤਾਂ ਹੇਠ ਇਕ ਪੱਤਰ ਜਾਰੀ ਕੀਤਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈ ਕਿ 30 ਅਗਸਤ 2022 ਵਿਚ ਹੋਈ ਮੀਟਿੰਗ ਦੌਰਾਨ ਉਨ੍ਹਾਂ ਵੱਲੋਂ ਦਿੱਤੇ ਗਏ ਹੁਕਮਾਂ ਵੰਡ ਮੰਡਲ ਬਠਿੰਡਾ ਅਧੀਨ ਪੈਂਦੇ ਸਰਕਾਰੀ ਦਫ਼ਤਰਾਂ, ਕਾਰਪੋਰੇਸ਼ਨ ਦਫ਼ਤਰਾਂ, ਸਰਕਾਰੀ ਕੁਆਰਟਰਾਂ ਅਤੇ ਸਰਕਾਰੀ ਮੁਲਾਜ਼ਮਾਂ ਦੇ ਘਰਾਂ ਵਿਚ ਸਮਾਰਟ ਮੀਟਰ ਪਹਿਲ ਦੇ ਅਧਾਰ ’ਤੇ ਲਾਏ ਜਾਣ। ਹੁਕਮ ਵਿਚ ਕਿਹਾ ਗਿਆ ਹੈ ਕਿ 15 ਸਤੰਬਰ ਤਕ ਸਾਰੇ ਸਰਕਾਰੀ ਦਫ਼ਤਰਾਂ ਅਤੇ ਸਰਕਾਰੀ ਮੁਲਾਜ਼ਮਾਂ ਦੇ ਘਰਾਂ ‘ਚ ਸਮਾਰਟ ਮੀਟਰ ਲਗਾ ਕੇ ਪਾਵਰਕਾਮ ਦੇ ਇਸ ਦਫ਼ਤਰ ਨੂੰ ਸੂਚਿਤ ਕੀਤਾ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੀ ਕਾਫ਼ੀ ਸਮੇਂ ਤੋਂ ਘਰਾਂ ਵਿਚ ਸਮਾਰਟ ਮੀਟਰ ਲਾਏ ਜਾਣ ਦੀ ਯੋਜਨਾ ਹੈ ਪਰ ਲੋਕਾਂ ਦੇ ਵਿਰੋਧ ਨੂੰ ਦੇਖਦਿਆਂ ਪਾਵਰਕਾਮ ਅਜਿਹਾ ਨਹੀਂ ਕਰ ਸਕੀ। ਦੂਜੇ ਪਾਸੇ ਘਰਾਂ ਵਿਚ ਸਮਾਟਰ ਮੀਟਰ ਲਾਉਣ ਦਾ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ, ਜਿਸ ਕਾਰਨ ਹੁਣ ਪਾਵਰਕਾਮ ਨੇ ਹੁਣ ਸਮਾਰਟ ਮੀਟਰ ਪਿੰਡਾਂ ਦੀ ਬਜਾਏ ਸ਼ਹਿਰਾਂ ਵਿਚ ਲਾਉਣ ਦੀ ਯੋਜਨਾ ਬਣਾਈ ਹੈ। ਸਭ ਤੋਂ ਪਹਿਲਾਂ ਸਰਕਾਰੀ ਦਫ਼ਤਰਾਂ ਤੇ ਮੁਲਾਜ਼ਮਾਂ ਦੇ ਘਰਾਂ ਵਿਚ ਸਮਾਰਟ ਮੀਟਰ ਲਗਾਏ ਜਾਣਗੇ ਜਿਸ ਤੋਂ ਬਾਅਦ ਆਮ ਲੋਕਾਂ ਦੀ ਵਾਰੀ ਆਏਗੀ।
ਪਾਵਰਕਾਮ ਬਿਜਲੀ ਚੋਰੀ ਰੋਕਣ ਲਈ ਸਮਾਰਟ ਮੀਟਰ ਲਾ ਰਿਹਾ ਹੈ। ਪਹਿਲਾਂ ਲੱਗੇ ਮੀਟਰਾਂ ਵਿਚ ਲੋਕ ਛੇਡ਼ਛਾਡ਼ ਕਰਕੇ ਬਿਜਲੀ ਚੋਰੀ ਕਰਦੇ ਸਨ। ਇਸ ਨਵੇਂ ਸਮਾਰਟ ਮੀਟਰ ਦੇ ਕੰਮ ਕਰਨ ਦਾ ਢੰਗ ਵੱਖਰਾ ਹੈ। ਕੋਈ ਵੀ ਖਪਤਕਾਰ ਬਿਜਲੀ ਚੋਰੀ ਜਾਂ ਹੋਰ ਕਿਸੇ ਢੰਗ ਨਾਲ ਮੀਟਰ ਵਿਚ ਛੇਡ਼ਛਾਡ਼ ਕਰੇਂਗਾ ਤਾਂ ਮੀਟਰ ਵੱਲੋਂ ਇਕ ਮੈਸੇਜ ਡਾਟਾ ਸੈਂਟਰ ਵਿਚ ਜਾਵੇਗਾ। ਇਸ ਮੀਟਰ ਵਿਚ ਮੋਬਾਈਲ ਸਿਮ ਕਾਰਡ ਵਾਂਗ ਇਕ ਕਾਰਡ ਪਾਇਆ ਜਾਂਦਾ ਹੈ ਜਿਸ ਜ਼ਰੀਏ ਉਹ ਆਨਲਾਈਨ ਕੰਮ ਕਰਦਾ ਹੈ। ਜਦੋਂ ਸਮਾਰਟ ਮੀਟਰ ਵਿਚਲੇ ਪੈਸੇ ਖਤਮ ਹੋਣ ਦੇ ਤਾਂ ਲਗਪਗ 10 ਯੂਨਿਟ ਬਾਕੀ ਬਚਣ ਤੋਂ ਬਾਅਦ ਮੋਬਾਇਲ ’ਤੇ ਮੈਸੇਜ ਜਾਵੇਗਾ ਤੇ ਰੀਚਾਰਜ਼ ਖ਼ਤਮ ਹੋਣ ਤੋਂ ਬਾਅਦ ਬੀਪ ਬੱਝੇਗੀ, ਜਿਸ ਤੋਂ ਬਾਅਦ ਖਪਤਕਾਰ ਆਨਲਾਈਨ ਆਪਣਾ ਮੀਟਰ ਰੀਚਾਰਜ ਕਰ ਸਕੇਗਾ। ਪ੍ਰੀਪੇਡ ਮੀਟਰ ਨੂੰ ਲੋਡ਼ ਅਨੁਸਾਰ ਛੋਟੇ ਜਾਂ ਵੱਡੇ ਟੈਰਿਫ ਨਾਲ ਕਿਸੇ ਵੀ ਸਮੇਂ ਮੋਬਾਈਲ ਵਾਂਗ ਰੀਚਾਰਜ ਕੀਤਾ ਜਾ ਸਕਦਾ ਹੈ।
ਰੀਚਾਰਜ ਖਤਮ ਹੋਣ ਤੇ ਤੁਹਾਡੇ ਘਰ ਦੀ ਬਿਜਲੀ ਆਪਣੇ ਆਪ ਬੰਦ ਹੋ ਜਾਵੇਗੀ। ਜਦਕਿ ਪਹਿਲਾਂ ਮੈਨੂਅਲ ਤਰੀਕੇ ਰਾਹੀਂ ਖਪਤਕਾਰ ਪਹਿਲਾਂ ਬਿਜਲੀ ਵਰਤਦੇ ਹਨ ਅਤੇ ਬਾਅਦ ਵਿਚ ਮਹਿਕਮੇ ਵੱਲੋਂ ਭੇਜੇ ਬਿੱਲ ਅਨੁਸਾਰ ਪੇਮੇਂਟ ਕਰਦੇ ਹਨ। ਇਸ ਵਿਚ ਉਨ੍ਹਾਂ ਲੋਕਾਂ ਲਈ ਬਹੁਤ ਸਾਰੀ ਰਿਆਇਤ ਦੀ ਗੁੰਜਾਇਸ਼ ਰਹਿੰਦੀ ਹੈ, ਜੋ ਇਕ ਦਮ ਜਿਆਦਾ ਪੈਸੇ ਨਹੀ ਭਰ ਸਕਦੇ। ਡਿਫਾਲਟਰ ਹੁੰਦੇ ਹੁੰਦੇ ਦੋ ਤਿੰਨ ਮਹੀਨੇ ਗੁਜਰ ਜਾਂਦੇ ਹਨ, ਉਸ ਵਕਤ ਤਕ ਗਰੀਬ ਲੋਕ ਬਿੱਲ ਭਰਨ ਜੋਗੇ ਪੈਸਿਆਂ ਦਾ ਇੰਤਜਾਮ ਕਰ ਲੈਂਦੇ ਹਨ ਪਰ ਇੱਥੇ ਸਥਿਤੀ ਉਲਟ ਹੋ ਜਾਵੇਗੀ।

Total Views: 421 ,
Real Estate