ਮਾਲਵੇ ਦੇ ਪਿੰਡਾਂ ਦੀਆਂ ਟਿੱਬਿਆਂ ਵਾਲੀਆਂ ਜ਼ਮੀਨਾਂ ਸੋਨਾ ਉਗਲਣ ਲੱਗੀਆਂ


ਸ੍ਰੀ ਮੁਕਤਸਰ ਸਾਹਿਬ 15 ਅਗਸਤ (ਘੁਮਾਣ) ਮਾਲਵੇ ਦੇ ਪਿੰਡਾਂ ਦੀਆਂ ਉੱਚੀਆਂ ਅਤੇ ਟਿੱਬਿਆਂ ਵਾਲੀਆਂ ਜ਼ਮੀਨਾਂ , ਖਰੀਦਦਾਰਾਂ ਦੀ ਹੁਣ ਮੁੱਢਲੀ ਪਸੰਦ ਬਨਣ ਲੱਗੀਆਂ ਹਨ। ਹੁਣ ਜਦੋਂ ਬਰਸਾਤਾਂ ਨੇ ਪਿੰਡਾਂ ਦੇ ਪਿੰਡ ਡੋਬ ਦਿੱਤੇ ਹਨ ਅਤੇ ਟਿੱਬੇ ਮੁੱਲ ਵਿਕਣ ਲੱਗੇ ਹਨ ਤਾਂ ਲੋਕਾਂ ਦੀਆਂ ਨਜ਼ਰਾਂ ਇਨ੍ਹਾਂ ਜ਼ਮੀਨਾਂ ‘ਤੇ ਟਿਕ ਗਈਆਂ ਹਨ। ਜਿਸਦੇ ਕਈ ਕਾਰਣ ਹਨ ਜਿਵੇਂ ਪਹਿਲਾਂ ਇਨ੍ਹਾਂ ਜ਼ਮੀਨਾਂ ਨੂੰ ਵਹਿਕ ਕਰਨ ਵਾਸਤੇ ਮੋਟੀ ਰਕਮ ਖਰਚਣੀ ਪੈਂਦੀ ਸੀ ਜਦੋਂ ਕਿ ਹੁਣ ਟਿੱਬੇ ਮੁੱਲ ਵਿਕਣ ਲੱਗੇ ਹਨ,ਨੀਵੀਆਂ ਜ਼ਮੀਨਾਂ ਤੋਂ ਲੋਕ ਤੌਬਾ ਕਰਨ ਲੱਗੇ ਹਨ। ਸੂਝਵਾਨ ਕਿਸਾਨਾਂ ਦਾ ਮੰਨਣਾ ਹੈ ਕਿ ਹਰ ਸਾਲ ਦੀ ਤਰ੍ਹਾਂ, ਸਾਲ 2023 ਦੇ ਅਪ੍ਰੈਲ ਮਹੀਨੇ ਦੀਆਂ ਕਣਕਾਂ ਵੱਢਣ ਤੋਂ ਬਾਅਦ , ਨੀਵੀਆਂ ਜ਼ਮੀਨਾਂ ਵਿੱਚ ਮਿੱਟੀ ਪਾਉਂਣ ਦੀ ਰਫ਼ਤਾਰ ਤੇਜ਼ੀ ਫੜ ਲਵੇਗੀ। ਸੇਮ ਦੀ ਮਾਰ ਝੱਲ ਰਹੇ ਕੁਝ ਪਿੰਡਾਂ ਦੀਆਂ ਜ਼ਮੀਨਾਂ ਜਿਵੇਂ ਲੈਪੋ , ਗਹਿਰੀ , ਝੰਡੂਆਲਾ , ਸ਼ਰੀਂਹ ਵਾਲਾ , ਅਟਾਰੀ , ਅਤੇ ਕਾਹਨ ਸਿੰਘ ਆਦਿ ਅਤੇ ਇਸ ਵਾਰ ਮੀਂਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ । ਕਿਉਂਕਿ ਹਰ ਵਿਅਕਤੀ ਸਮਝਦਾ ਹੈ ਕਿ ਮਿੱਟੀ ਖਤਮ ਹੋ ਰਹੀ ਹੈ , ਮਿੱਟੀ ਲਗਾਤਾਰ ਮਹਿੰਗੀ ਹੁੰਦੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਨੇੜਲੇ ਪਹੁੰਚ ਵਾਲੇ ਪਿੰਡਾਂ ਵਿੱਚੋਂ ਅਗਰ ਮਿੱਟੀ ਖਤਮ ਹੋ ਗਈ ਤਾਂ ਮਿੱਟੀ ਮਹਿੰਗੀ ਤਾਂ ਕੀ , ਮਿਲਣੀ ਵੀ ਔਖੀ ਹੋ ਜਾਵੇਗੀ। ਪੱਕੀਆਂ ਜ਼ਮੀਨਾਂ ਵਿੱਚੋਂ ਦਹਾਕਿਆਂ ਤੋਂ ਧਰਤੀ ਹੇਠੋਂ ਪਾਣੀ ਕੱਢ ਰਹੀਆਂ ਮੋਟਰਾਂ ਧਰਤੀ ਦੀ ਪਹਿਲੀ ਸੱਤਹ ਦੇ ਪਾਣੀ ਦੇ ਖਾਤਮੇ ਵੱਲ ਵਧ ਰਹੀਆਂ ਹਨ ।
ਪੱਕੀਆਂ ਜ਼ਮੀਨਾਂ ਦੇ ਮਾਲਕ ਕਿਸਾਨ ਵਰ੍ਹਿਆਂ ਤੋਂ ਧਰਤੀ ਦੀ ਦੂਜੀ ਸੱਤਹ ਤੋਂ ਮੱਛੀ ਮੋਟਰਾਂ ਰਾਹੀਂ ਪਾਣੀ ਕੱਢ ਰਹੇ ਸਨ ਜਦੋਂ ਕਿ ਹਿਠਾੜ ਦੇ ਪਿੰਡਾਂ ਵਿੱਚ ਸਭ ਤੋਂ ਬਾਅਦ ਬਿਜਲੀ ਦੀਆਂ ਮੋਟਰਾਂ ਲੱਗਣ ਕਰਕੇ ਜ਼ਮੀਨ ਹੇਠਲਾ ਪਾਣੀ ਵੀ 40-45 ਫੁੱਟ ਤੋਂ ਚੁੱਕਿਆ ਜਾ ਰਿਹਾ ਹੈ। ਜਮੀਨਾਂ ਵੀ ਪੱਕੀਆਂ ਜ਼ਮੀਨਾਂ ਵਾਂਗ , ਨੀਵੀਆਂ ਨਹੀਂ ਕੀਤੀਆਂ ਜਿਸ ਕਰਕੇ ਭਾਰੀ ਬਰਸਾਤਾਂ ਵੀ ਕੁੱਕਰੀਆਂ,ਕ੍ਰਿਪਾਲਕੇ ਅਤੇ ਕਾਨਿਆਂ ਵਾਲੀ ਆਦਿ ਪਿੰਡਾਂ ਦਾ ਨੁਕਸਾਨ ਨਹੀਂ ਕਰ ਸਕੀਆਂ। ਪੱਕੀਆਂ ਜ਼ਮੀਨਾਂ ਦੇ ਮੁਕਾਬਲੇ ਇੱਥੇ ਕੀਮਤਾਂ ਵੀ ਉਨ੍ਹਾਂ ਨਾਲੋਂ ਘੱਟ ਹਨ। ਇੱਕ ਪੰਜਾਬੀਆਂ ਦੀ ਕਹਾਵਤ ਐ ” ਕਦੇ ਬਾਬੇ ਦੀਆਂ, ਕਦੇ ਪੋਤੇ ਦੀਆਂ “। ਠੀਕ ਓਸੇ ਤਰ੍ਹਾਂ ਹੁਣ ਉਪਰੋਕਤ ਪਿੰਡਾਂ ਦੇ ਟਿੱਬੇ ਵੀ ਵਿਕਣ ਲੱਗੇ ਹਨ। ਇਨ੍ਹਾਂ ਪਿੰਡਾਂ ਦੀ ਇੱਕ ਖਾਸ ਗੱਲ ਹੋਰ ਵੀ ਹੈ ਕਿ ਇੱਥੇ ਨਾਂ ਤਾਂ ਡੋਬਾ ਹੈ ਅਤੇ ਨਾਂ ਹੀ ਸੋਕਾ ਹੈ । ਕਿਉਂਕਿ ਇਨ੍ਹਾਂ ਪਿੰਡਾਂ ਦੇ ਨੇੜੇ ਲੰਗੇਆਣਾ ਡਰੇਨ ਅਤੇ ਗੋਲੇਵਾਲਾ ਡਰੇਨ ਸੇਮ ਨਾਲੇ ਲੰਘਦੇ ਹੋਣ ਕਰਕੇ ਜੇਕਰ ਬਰਸਾਤਾਂ ਵੱਧ ਹੋਣ ਤਾਂ ਪਾਣੀ ਸੇਮ ਨਾਲਿਆਂ ਵਿੱਚ ਚਲਾ ਜਾਂਦਾ ਅਤੇ ਜੇਕਰ ਬਰਸਾਤਾਂ ਨਾ ਹੋਣ ਤਾਂ ਲੋਕ ਇਨ੍ਹਾਂ ਸੇਮ ਨਾਲਿਆਂ ਵਿੱਚ ਵਗਦੇ ਨਹਿਰੀ ਪਾਣੀ ਨੂੰ ਲਾ ਕੇ ਆਪਣੀਆਂ ਫ਼ਸਲਾਂ ਦਾ ਚੰਗਾ ਝਾੜ ਪ੍ਰਾਪਤ ਕਰ ਲੈਂਦੇ ਹਨ।
ਜ਼ਮੀਨਾਂ ਵਿੱਚੋਂ ਟਿੱਬੇ ਚੁੱਕੇ ਜਾਣ ਤੋਂ ਬਾਅਦ , ਜ਼ਮੀਨਾਂ ਥੋੜੇ ਖਰਚੇ ਨਾਲ ਬਹੁਤਾ ਮੁਨਾਫ਼ਾ ਦੇਣ ਲੱਗੀਆਂ ਹਨ। ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਦੀ ਖਰੀਦੋ ਫਰੋਖਤ ਲਈ ਵਪਾਰੀ ਵਰਗ ਨੇ ਭਲਵਾਨੀ ਗੇੜੇ ਮਾਰਨੇ ਸੁਰੂ ਕਰ ਦਿੱਤੇ ਹਨ। ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਪ੍ਰਾਪਰਟੀ ਡੀਲਰਾਂ ਅਤੇ ਵਪਾਰੀਆਂ ਦੀ ਤੀਜੀ ਅੱਖ ਇਨ੍ਹਾਂ ਜ਼ਮੀਨਾਂ ‘ਤੇ ਆ ਟਿਕੀ ਹੈ । ਪਹਿਲਾਂ ਤਾਂ ਉਹ , ਉਨ੍ਹਾਂ ਆਰਥਿਕ ਪੱਖੋਂ ਕਮਜ਼ੋਰ ਕਿਸਾਨਾਂ ਦੀਆਂ ਜ਼ਮੀਨਾਂ ਦੀ ਖਰੀਦ ਕਰਨ ਨੂੰ ਤਰਜੀਹ ਦਿੰਦੇ ਸਨ ਜਿਹੜੇ ਆਪਣੀਆਂ ਉੱਚੀਆਂ ਨੀਵੀਆਂ ਜ਼ਮੀਨਾਂ ‘ਤੇ ਪੈਸਾ ਖਰਚ ਕਰਕੇ ਉਸਨੂੰ ਸੁਧਾਰ ਨਹੀਂ ਸੀ ਸਕਦੇ। ਵਪਾਰੀ ਵਰਗ ਉਨ੍ਹਾਂ ਜਮੀਨਾਂ ਨੂੰ ਖਰੀਦ ਕੇ , ਸੁਧਾਰ ਕਰ ਕੇ ਮੂੰਹ ਸਿਰ ਬਣਾ ਕੇ ਅੱਗੇ ਵੇਚ ਦਿੰਦੇ ਸਨ ਪਰ ਆਰਥਿਕ ਪੱਖੋਂ ਕਮਜ਼ੋਰ ਕਿਸਾਨਾਂ ਦੀ ਜ਼ਮੀਨ ਥੋੜੀ ਹੁੰਦੀ ਸੀ , ਵੱਡੇ ਟੱਕ ਨਹੀਂ ਸੀ ਹੁੰਦੇ ਪਰ ਹੁਣ ਹਿਠਾੜ ਦੇ ਕੁਝ ਪਿੰਡਾਂ ਵਿੱਚ ਵੱਡੇ ਟੱਕਾਂ ਦੀਆਂ ਉੱਚੀਆਂ ਜ਼ਮੀਨਾਂ ਅਤੇ ਰੇਤੇ ਦੇ ਟਿੱਬਿਆਂ ਦੇ ਮੁੱਲ ਵਿਕਣ ਕਰਕੇ , ਖਰੀਦਦਾਰਾਂ ਦੀ ਅੱਖ , ਇਨ੍ਹਾਂ ਜ਼ਮੀਨਾਂ ‘ਤੇ ਆ ਟਿਕੀ ਹੈ।

Total Views: 25 ,
Real Estate