ਗੱਲ ਤਾਂ ਤੇਰੀ ਸਹੀ ਪਰ ਸਾਡੇ ਨਹੀਂ ਪੱਚਦੀ

#ਸੁਖਨੈਬ_ਸਿੰਘ_ਸਿੱਧੂ
ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕੱਲ੍ਹ ਆਪਣੇ ਭਾਸ਼ਣ ‘ਚ ਕਿਹਾ ਕਿ ਪੰਜਾਬ ਦੇ ਕਿਸਾਨ ਜ਼ਹਿਰੀਲਾ ਆਨਾਜ਼ ਪੈਦਾ ਕਰਦੇ ਹਨ ਅਤੇ ਮੰਡੀਆਂ ‘ਚ ਵੇਚਦੇ ਹਨ, ਖੁਦ ਨਹੀਂ ਖਾਂਦੇ ।
ਇਹ ਬਿਆਨ ਪੜ੍ਹਕੇ ਕੇਰਾਂ ਤਾਂ ਅੱਗ ਲੱਗ ਗਈ , ਵਈ ਹੁਣ ਦੇਮਾਂ ਠੋਕ ਕੇ ਜਵਾਬ ਜਿਵੇਂ ਝਾੜੂ ਵਾਲੇ ਭਗਤ ਬਿਨਾ ਸੋਚੇ ਤੋਂ ਪ੍ਰਤੀਕਿਰਿਆ ਦਿੰਦੇ ਹੁੰਦੇ ਪਰ ਹੁਣ ਸ਼ਾਂਤ ਹੋ ਕੇ ਸੋਚਿਆ ਕਿ ਕਿਹਾ ਤਾਂ ਤੁਸੀਂ ਸੱਚ ਹੈ । ਖੇਤੀ ਮੰਤਰੀ ਜੀ ਅਸੀਂ ਇਹ ਜ਼ਹਿਰਾਂ ਨਾਲ ਆਪਣੀਆਂ ਅਗਲੀਆਂ ਪੀੜੀਆਂ ਨੂੰ ਤਬਾਹ ਕਰਨ ਲੱਗੇ ਹੋਏ ਹਾਂ, ਸਿੱਖਾਂ ਨੂੰ ਆਰਐਸਐਸ ਖ਼ਤਮ ਕਰੇਗੀ ਤਾਂ ਇਹ ਤਾਂ ਸੁਣੇ ਸੁਣਾਏ ਬਿਆਨ ਲੱਗਦੇ ਨੇ, ਅਸੀਂ ਤਾਂ ਆਪੇ ਕਹਾੜੀ ‘ਤੇ ਪੈਰ ਮਾਰਦੇ । ਕੁਦਰਤ ਨਾਲ ਅਸੀਂ ਖਿਲਵਾੜ ਕੀਤਾ, ਖੇਤ ‘ਚ ਦਰੱਖਤ ਤਾਂ ਕੀ ਅਸੀਂ ਤਾਂ ਕਣਕ ਤਾਂ ਟਾਂਗਰ ਮਿੰਟ ਨਹੀਂ ਰਹਿਣ ਦਿੰਦੇ, ਉਹ ਲਾਟ ਕਢਾ ਦਿੰਦੇ , ਮਿੱਤਰ ਕੀੜੇ ਕੀ ਸਾਡੇ ਸਾਲੇ ਲੱਗਦੇ ਅਸੀਂ ਤਾਂ ਬਾਬੇ ਨਾਨਕ ਦੀ ਨਹੀਂ ਮੰਨਦੇ। ਜਵਾਕਾਂ ਨੂੰ ਕੰਮ ਤੇ ਨਹੀਂ ਲਾਇਆ ਉਹਨੇ ਨੇ ਤਾਂ ਕੈਨੇਡਾ ਜਾਣਾ। ਨਵਾਂ ਬੰਦਾ ਕੋਈ ਖੇਤੀ ਨਹੀਂ ਕਰਦਾ, ਪੁਰਾਣੇ ਛੱਡੀ ਜਾਂਦੇ, ਤੁਸੀਂ ਦੇਖਿਓ ਸਾਡੇ ਖੇਤਾਂ ਦਾ ਅਗਲੇ 10 ਸਾਲਾਂ ਨੂੰ ਹਾਲ , ਹੁਣ ਤਾਂ ਵੱਧ ਵੱਧ ਕੇ ਠੇਕੇ ‘ਤੇ ਲੈਂਦੇ, ਫਿਰ ਥੋੜੇ ਲਿਹਾਜ਼ੀ ਅਡਾਨੀ -ਅੰਬਾਨੀ ਕੇ ਫਾਰਮ ਹੋਣਗੇ ਤੇ ਸਾਡੇ ਆਲ੍ਹੇ ਰੋਟੀ ਆਲ੍ਹਾ ਟਿਫਨ ਲੈ ਕੇ ਦਿਹਾੜੀ ਜਾਇਆ ਕਰਨਗੇ।
ਇੱਕ ਗੱਲ ਆਈਫੋਨ, ਬੁੱਲਟ ਮੋਟਰ ਸਾਈਕਲ, ਟਰੈਕਟਰਾਂ ‘ਤੇ ਮਹਿੰਗੇ ਡੈੱਕ ਲਾਉਣੇ ਸਾਡਾ ਸ਼ੌਕ ਹੈ , ਤੇ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਫੇਰ ਭਾਂਵੇ ਕਨਾਲ ਦੋ ਕਨਾਲ ਵੇਚ ਕੇ ਪੂਰੀਏ ਜਾਂ ਕੋਈ ਹੋਰ ਹੂਲਾ ਫੱਕੀਏ , ਵਾਰ-ਵਾਰ ਨਹੀਂ ਜੰਮਣਾ ਚਾਅ ਤਾਂ ਪੂਰੇ ਕਰਨੇ ਹੀ ਘੱਟ ਵਾਹ ਲਵਾਂਗੇ, ਕੋਈ ਸ਼ਰੀਕ ਸਾਡੇ ਨਾਲੋਂ ਵੱਧ ਲਿਮਿਟ ਕਿਵੇਂ ਚੁੱਕਜੇ ? ਵੱਡਾ ਫੋਨ ਬੱਚੇ -ਬੱਚੀ ਨੂੰ ਚਾਹੀਦਾ , ਜੇ ਘਰ ਦੇ ਮੁਖੀ ਕੋਲ ਨਾ ਹੋਵੇ ਤਾਂ ਕਿਵੇਂ ਚੱਲੂ ? ਸੈਕਲ ਤਾਂ ਲੱਲੀ ਛੱਲੀ ਲਈ ਫਿਰਦੀ , ਸਾਡਾ ਤਾਂ ਸੀਰੀ ਵੀ ਖੇਤ ਮੋਟਰ ਸੈਕਲ ‘ਤੇ ਜਾਂਦਾ , ਪਹਿਲਾਂ ਪਤਾ ਨਹੀਂ ਸਾਡੇ ਬੁੜੇ ਕਿਵੇਂ ਮਿੱਟੀ ਨਾਲ ਮਿੱਟੀ ਹੋਈ ਗਏ , ਸਾਡਾ ਨਹੀਂ ਸਰਦਾ । ਆ ਕੇ ਦੇਖੋ ਸਾਡੇ ਘਰਾਂ ‘ਚ ਗੋਹੇ ਕੂੜੇ ਆਲ੍ਹੀ ਅੱਡ, ਸਫਾਈ ਆਲੀ ਅੱਡ, ਸਾਡੀ ਸਰਦਾਰਨੀ ਤਾਂ ਡੁੰਨਵੱਟਾ ਬਣਕੇ ਬੈਠੀ ਰਹਿੰਦੀ , ਬੱਸ ਵੇਟ ਲੂਜ ਕਰਨ ਲਈ ਝਾੜੂ ਪੋਚਾ ਮਾਰਦੀ । ਸਬਾਤਾਂ -ਬੈਠਕਾਂ ਵਾਲੇ ਘਰਾਂ ‘ਚ ਹੁਣ ਡਰਾਇਗ ਰੂਮ , ਲੋਬੀਆਂ ਬਣ ਗਈਆਂ। ਅੱਗੇ ਡੋਲੂ ਚੁੱਕਣ ਦਾ ਮਿਹਣਾ ਹੁੰਦਾ ਸੀ , ਹੁਣ ਇਹੀ ਡੋਲੂ ਲੈ ਕੇ ਅਸੀਂ ਲੀਡਰਾਂ ਦੇ ਛਿੱਟੇ ਮਾਰੀ ਜਾਂਦੇ , ਸੱਥਾਂ ‘ਚ ਖਹਿਬੜੀ ਜਾਂਦੇ, ਆਥਣੇ ਉਹਦੇ ‘ਚ ਦੁੱਧ ਲੈਣ ਤੁਰੇ ਹੁੰਦੇ। ਸਟੇਟਸ ਬਣ ਗਿਆ ਪਸੂ ਨਾ ਰੱਖਣਾ, ਕੁੱਕੜ ਕੁੱਕੜੀਆਂ ਅਤੇ ਬੱਕਰੀਆਂ ਆਮ ਲੋਕਾਂ ਨੇ ਰੱਖਣੀਆਂ ਛੱਡ ਤੀਆਂ । ਅਸੀਂ ਦੁੱਧ ਵੀ ਯੂਰੀਆ ਆਲਾ ਪੀਂਦੇ ।
ਉਹ ਹੋਰ ਵੇਲਾ ਸੀ ਜਦੋਂ ਖੇਤ ਕੰਮ ਕਰਦਿਆਂ ਨੂੰ ਗਰਦ ਚੜ੍ਹਦੀ ਸੀ ਤਾਂ ਤੌੜੇ ਵਾਲੇ ਬੱਕਲਕੱਤੇ ਜੇ ਪਾਣੀ ਨਾਲ ਗੁੜ ਖਾ ਲੈਂਦੇ ਸੀ , ਹੁਣ ਤਾਂ ਰੂੜੀ ਮਾਰਕਾ ਨਾਲ ਗਰਦ ਉੱਤਰਦੀ , ਨਾਲੇ ਠੇਕੇ ਵਾਲੀ 270 ਦੀ ਮਿਲਦੀ , ਗੋਲੀ ਆਲ੍ਹੇ ਬੱਤੇ ਜਿੰਨ੍ਹਾ ਅਸਰ ਨਹੀਂ ਹੁੰਦਾ।
ਊਂ ਯੂਨੀਅਨਾਂ ਸਾਡੇ ਕੋਲ ਹੈਗੀਆਂ, ਉਹ ਕਿਸੇ ਕਿਸਾਨ ਦੇ ਸਹਾਇਕ ਧੰਦੇ ਨੂੰ ਉਤਸ਼ਾਹਿਤ ਨਹੀਂ ਕਰਦੀਆਂ, ਜਦੋਂ ਆੜਤੀਆਂ ਨਾਲ ਰੌਲਾ ਹੋਵੇ ਉਦੋਂ ਮੋਢੇ ਨਾਲ ਮੋਢਾ ਜੋੜ ਕੇ ਖੜ੍ਹ ਜਾਂਦੀਆਂ , ਜਾਂ ਕੋਈ ਹੋਰ ਨਜ਼ਾਇਜ਼ ਕੰਮ ਕਰਾਉਣਾ ਹੋਵੇ ਫੇਰ ਨਹੀਂ ਪਿੱਛੇ ਹੱਟਦੀਆਂ ।
ਅਸੀਂ ਕਣਕ , ਝੋਨਾ ਅਤੇ ਸਬਜ਼ੀਆਂ ‘ਤੇ ਅੰਨੇਵਾਹ ਸਪਰੇਅ ਛਿੜਕੀ ਜਾਂਦੇ ਅਤੇ ਰੇਹਾਂ ਪਾਈ ਜਾਂਦੇ ਉਹੀ ਕੁੱਝ ਆਪ ਖਾਈ ਜਾਂਦੇ, ਹੁਣ ਤਾਂ ਆਲੂਆਂ ਦੀ ਵੱਲ ਵੀ ਅਸੀਂ ਨਹੀਂ ਵੱਢਦੇ , ਕੱਖਾਂ ਵਾਲੀ ਦਵਾਈ ਦਾ ਫੁਹਾਰਾ ਮਾਰ ਦਿੰਨੇ ਆ ,ਵਾਅਲਾ ਸੌਖਾ ਕੰਮ ਆ ਮੱਲਾ , ਵੇਲ ਆਏਂ ਗੇੜਾ ਖਾ ਜਾਂਦੀ ਜਿਵੇਂ ਐਂਤਕੀ ਵੋਟਾਂ ‘ਚ ਅਕਾਲੀ ਗਲ ਪਰਨੇ ਡਿੱਗੇ। ਇੱਟਸਿਟ ਤੇ ਖੱਬਲ ਆਲੀ ਦਵਾਈ ਨੇ ਜਮਾਂ ਬਚਾਤੇ ਪਹਿਲਾਂ ਲੰਡੂ ਜਾ ਖੱਬਲ ਨਵਜੋਤ ਸਿੱਧੂ ਵਾਂਗੂੰ ਫੁਕਾਰੇ ਮਾਰਦਾ ਸੀ ਜਦੋਂ ਇੱਕ ਢੋਲੀ ਪਾ ਦਿੰਦੇ ਚੰਨੀ ਵਾਂਗੂੰ ਗਾਇਬ ਹੀ ਹੋ ਜਾਂਦਾ । ਸਾਡੀ ਫਿਕਰ- ਫੁਕਰ ਕਰਨ ਦੀ ਲੋੜ ਨਹੀਂ ਅਸੀਂ ਜੱਟ ਹੁੰਨੇ ਹਾਂ , ਜੇ ਸਾਡੇ ਖੇਤਾਂ ‘ਚ ਟਾਹਲੀ ਕਿੱਕਰ ਹੈਨੀ ਤਾਂ ਕੋਈ ਗੱਲ ਨਹੀਂ, ਫਾਹਾ ਲੈਣ ਦੇ ਹੋਰ ਜੁਗਾੜ ਹੈਗੇ, ਸਲਫਾਸ ਹੈਗੀ ਅਸੀਂ ਆਪਣੀ ਮੌਤ ਆਪ ਮਰਾਂਗੇ। #ਸੁਖਨੈਬ_ਸਿੰਘ_ਸਿੱਧੂ

Total Views: 375 ,
Real Estate